ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 621

ਸੋਰਠਿ ਮਹਲਾ ੫ ॥ ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥ ਅਪੁਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥੧॥ ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥ ਗੁਰਿ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ॥੧॥ ਰਹਾਉ ॥ ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥ ਅਪੁਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥ {ਪੰਨਾ 621}

ਪਦਅਰਥ: ਸਭਿਸਾਰੇ। ਤਿਸ ਕੇ—{ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}ਸੋਈਉਹ (ਪ੍ਰਭੂ) ਹੀ। ਸਹਾਈਮਦਦਗਾਰ। ਆਪੋਆਪ ਹੀ। ਬਡਾਈਇੱਜ਼ਤ।੧।

ਗੁਰਿ ਪੂਰੇਪੂਰੇ ਗੁਰੂ ਨੇ। ਸਰਬਸਾਰਿਆਂ ਉੱਤੇ।ਰਹਾਉ।

ਅਨਦਿਨੁਹਰ ਰੋਜ਼ {अनुदिनां}, ਹਰ ਵੇਲੇ। ਨਾਨਕੁ ਧਿਆਏਨਾਨਕ ਧਿਆਉਂਦਾ ਹੈ। ਜੀਅ ਕਾ ਦਾਤਾਜਿੰਦ ਦਾ ਦੇਣ ਵਾਲਾ। ਕਉਨੂੰ। ਕੰਠਿਗਲ ਨਾਲ। ਲਾਇਲਾ ਕੇ। ਪਿਤਪਿਤਾ।੨।

ਅਰਥ: ਹੇ ਭਾਈ! ਪੂਰਨ ਪਰਮਾਤਮਾ (ਸਦਾ) ਮੇਰੇ ਅੰਗ-ਸੰਗ (ਸਹਾਈ) ਹੈ। ਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ (ਇੱਜ਼ਤ) ਰੱਖ ਲਈ ਹੈ। ਗੁਰੂ ਸਾਰੇ ਜੀਵਾਂ ਉੱਤੇ ਹੀ ਦਇਆਵਾਨ ਰਹਿੰਦਾ ਹੈ।੧।ਰਹਾਉ।

ਹੇ ਭਾਈ! ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ; ਉਹ ਪਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਰਹਿੰਦਾ ਹੈ। ਆਪਣੇ ਸੇਵਕ ਦੀ (ਇੱਜ਼ਤ) ਪਰਮਾਤਮਾ ਆਪ ਹੀ ਰੱਖਦਾ ਹੈ (ਉਸ ਦੀ ਕਿਰਪਾ ਨਾਲ ਹੀ ਸੇਵਕ ਦੀ) ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ।੧।

ਹੇ ਭਾਈ! ਨਾਨਕ (ਤਾਂ ਉਸ ਪਰਮਾਤਮਾ ਦਾ) ਨਾਮ ਹਰ ਵੇਲੇ ਸਿਮਰਦਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸੁਆਸ ਦੇਣ ਵਾਲਾ ਹੈ। ਹੇ ਭਾਈ! ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਕੇ ਰੱਖਦਾ ਹੈ।੨।੨੨।੫੦।

ਸੋਰਠਿ ਮਹਲਾ ੫ ਘਰੁ ੩ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ ਕਤਹੁ ਨ ਜਾਈ ॥ ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥ ਆਇਆ ਪ੍ਰਭ ਦਰਬਾਰਾ ॥ ਤਾ ਸਗਲੀ ਮਿਟੀ ਪੂਕਾਰਾ ॥ ਲਬਧਿ ਆਪਣੀ ਪਾਈ ॥ ਤਾ ਕਤ ਆਵੈ ਕਤ ਜਾਈ ॥੨॥ ਤਹ ਸਾਚ ਨਿਆਇ ਨਿਬੇਰਾ ॥ ਊਹਾ ਸਮ ਠਾਕੁਰੁ ਸਮ ਚੇਰਾ ॥ ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥੩॥ ਸਰਬ ਥਾਨ ਕੋ ਰਾਜਾ ॥ ਤਹ ਅਨਹਦ ਸਬਦ ਅਗਾਜਾ ॥ ਤਿਸੁ ਪਹਿ ਕਿਆ ਚਤੁਰਾਈ ॥ ਮਿਲੁ ਨਾਨਕ ਆਪੁ ਗਵਾਈ ॥੪॥੧॥੫੧॥ {ਪੰਨਾ 621}

ਪਦਅਰਥ: ਮਿਲਿਮਿਲ ਕੇ {ਲਫ਼ਜ਼ 'ਮਿਲਿ' ਅਤੇ ਅਖ਼ੀਰਲੀ ਤੁਕ ਦੇ ਲਫ਼ਜ਼ 'ਮਿਲੁ' ਦਾ ਫ਼ਰਕ ਧਿਆਨ ਨਾਲ ਵੇਖੋ}ਮਿਲਿ ਪੰਚਹੁ—(ਨਗਰ ਦੇ) ਪੈਂਚਾਂ ਨੂੰ ਮਿਲ ਕੇ। ਸਹਸਾ—(ਕਾਮਾਦਿਕ ਵੈਰੀਆਂ ਵਲੋਂ ਪੈ ਰਿਹਾ) ਸਹਿਮ। ਚੁਕਾਇਆਮੁਕਾਇਆ। ਸਿਕਦਾਰਹੁਸਰਦਾਰਾਂ ਤੋਂ। ਪਤੀਆਇਆਪਤੀਜ ਸਕਿਆ। ਉਮਰਾਵਹੁ ਆਗੈਸਰਕਾਰੀ ਹਾਕਮਾਂ ਦੇ ਸਾਹਮਣੇ। ਝੇਰਾਝਗੜਾ। ਰਾਜਨ ਰਾਮਪ੍ਰਭੂ ਪਾਤਿਸ਼ਾਹ। ਨਿਬੇਰਾਨਿਬੇੜਾ, ਫ਼ੈਸਲਾ।੧।

ਕਤਹੁਕਿਤੇ ਭੀ। ਭੇਟੇਮਿਲ ਪਏ। ਗੋਸਾਈਧਰਤੀ ਦਾ ਮਾਲਕ।ਰਹਾਉ।

ਪੂਕਾਰਾ—(ਕਾਮਾਦਿਕ ਵੈਰੀਆਂ ਦੇ ਵਿਰੁੱਧ) ਸ਼ਿਕੈਤ। ਲਬਧਿਜਿਸ ਚੀਜ਼ ਦੇ ਪ੍ਰਾਪਤ ਕਰਨ ਦੀ ਲੋੜ ਸੀ। ਕਤਕਿੱਥੇ? ਤਾਤਦੋਂ।੨।

ਤਹਉੱਥੇ, ਪ੍ਰਭੂ ਦੇ ਦਰਬਾਰ ਵਿਚ। ਸਾਚ ਨਿਆਇਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ। ਸਮਬਰਾਬਰ। ਠਾਕੁਰੁਮਾਲਕ। ਚੇਰਾਨੌਕਰ। ਅੰਤਰਜਾਮੀਹਰੇਕ ਦੇ ਦਿਲ ਦੀ ਜਾਣਨ ਵਾਲਾ।੩।

ਕੋਦਾ। ਤਹਉੱਥੇ, 'ਸਰਬ ਥਾਨ ਕੋ ਰਾਜਾ' ਨਾਲ ਮੇਲਅਵਸਥਾ ਵਿਚ। ਅਨਹਦਇਕ-ਰਸ, ਬਿਨਾ ਵਜਾਏ, ਲਗਾਤਾਰ। ਸਬਦਸਿਫ਼ਤਿ-ਸਾਲਾਹ ਦੀ ਬਾਣੀ। ਅਗਾਜਾਗੱਜ ਪਈ, ਪੂਰਾ ਪ੍ਰਭਾਵ ਪਾਂਦੀ ਹੈ। ਪਹਿਪਾਸ। ਆਪੁਆਪਾਭਾਵ। ਗਵਾਈਗਵਾ ਕੇ।੪।

ਅਰਥ: ਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ, ਤਦੋਂ ਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ।ਰਹਾਉ।

ਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ। ਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ) ਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ) ਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ)੧।

ਹੇ ਭਾਈ! ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ), ਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ। ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ, ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ।੨।

ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ। ਉਸ ਦਰਗਾਹ ਵਿਚ (ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ) ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਹਜ਼ੂਰੀ ਵਿਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ) ਜਾਣਦਾ ਹੈ, (ਉਸ ਦੇ) ਬੋਲਣ ਤੋਂ ਬਿਨਾ ਉਹ ਪ੍ਰਭੂ ਆਪ (ਉਸ ਦੇ ਦਿਲ ਦੀ ਪੀੜਾ ਨੂੰ) ਸਮਝ ਲੈਂਦਾ ਹੈ।੩।

ਹੇ ਭਾਈ! ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ, ਉਸ ਨਾਲ ਮਿਲਾਪ-ਅਵਸਥਾ ਵਿਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਇਕ-ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ (ਤੇ, ਮਨੁੱਖ ਉੱਤੇ ਕਾਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ)(ਪਰ, ਹੇ ਭਾਈ! ਉਸ ਨੂੰ ਮਿਲਣ ਵਾਸਤੇ) ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ। ਹੇ ਨਾਨਕ! (ਆਖ-ਹੇ ਭਾਈ! ਜੇ ਉਸ ਨੂੰ ਮਿਲਣਾ ਹੈ, ਤਾਂ) ਆਪਾ-ਭਾਵ ਗਵਾ ਕੇ (ਉਸ ਨੂੰ) ਮਿਲ।੪।੧।੫੧।

ਨੋਟ: ਇਥੋਂ 'ਘਰੁ ੩' ਦੇ ਸ਼ਬਦ ਸ਼ੁਰੂ ਹੋਏ ਹਨ। ਅਖ਼ੀਰ ਤੇ ਅੰਕ ੧ ਇਹੀ ਦੱਸਦਾ ਹੈ।

ਸੋਰਠਿ ਮਹਲਾ ੫ ॥ ਹਿਰਦੈ ਨਾਮੁ ਵਸਾਇਹੁ ॥ ਘਰਿ ਬੈਠੇ ਗੁਰੂ ਧਿਆਇਹੁ ॥ ਗੁਰਿ ਪੂਰੈ ਸਚੁ ਕਹਿਆ ॥ ਸੋ ਸੁਖੁ ਸਾਚਾ ਲਹਿਆ ॥੧॥ ਅਪੁਨਾ ਹੋਇਓ ਗੁਰੁ ਮਿਹਰਵਾਨਾ ॥ ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥ ਰਹਾਉ ॥ ਸਾਚੀ ਗੁਰ ਵਡਿਆਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਸਿਰਿ ਸਾਹਾ ਪਾਤਿਸਾਹਾ ॥ ਗੁਰ ਭੇਟਤ ਮਨਿ ਓਮਾਹਾ ॥੨॥ ਸਗਲ ਪਰਾਛਤ ਲਾਥੇ ॥ ਮਿਲਿ ਸਾਧਸੰਗਤਿ ਕੈ ਸਾਥੇ ॥ ਗੁਣ ਨਿਧਾਨ ਹਰਿ ਨਾਮਾ ॥ ਜਪਿ ਪੂਰਨ ਹੋਏ ਕਾਮਾ ॥੩॥ ਗੁਰਿ ਕੀਨੋ ਮੁਕਤਿ ਦੁਆਰਾ ॥ ਸਭ ਸ੍ਰਿਸਟਿ ਕਰੈ ਜੈਕਾਰਾ ॥ ਨਾਨਕ ਪ੍ਰਭੁ ਮੇਰੈ ਸਾਥੇ ॥ ਜਨਮ ਮਰਣ ਭੈ ਲਾਥੇ ॥੪॥੨॥੫੨॥ {ਪੰਨਾ 621}

ਪਦਅਰਥ: ਹਿਰਦੈਹਿਰਦੇ ਵਿਚ। ਘਰਿਘਰ ਵਿਚ ਹਿਰਦੇ ਵਿਚ, ਅੰਤਰਆਤਮੇ। ਬੈਠੇਟਿਕ ਕੇ। ਗੁਰਿਗੁਰੂ ਨੇ। ਸਚੁਸਦਾ-ਥਿਰ ਹਰਿਨਾਮ (ਦਾ ਸਿਮਰਨ)ਲਹਿਆਲੱਭਾ। ਸਾਚਾਸਦਾ ਕਾਇਮ ਰਹਿਣ ਵਾਲਾ।੧।

ਕਲਿਆਣਖ਼ੈਰੀਅਤ। ਸਿਉਨਾਲ। ਘਰਿਘਰ ਵਿਚ, ਹਿਰਦੇ ਵਿਚ, ਅੰਤਰਆਤਮੇ। ਕਰਿ ਇਸਨਾਨਇਸ਼ਨਾਨ ਕਰ ਕੇ, ਆਤਮਕ ਜੀਵਨ ਦੇਣ ਵਾਲੇ ਨਾਮਜਲ ਵਿਚ ਚੁੱਭੀ ਲਾ ਕੇ, ਨਾਮਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ।ਰਹਾਉ।

ਵਡਿਆਈਆਤਮਕ ਉੱਚਤਾ। ਸਾਚੀਸਦਾ-ਥਿਰ ਰਹਿਣ ਵਾਲੀ। ਸਿਰਿਸਿਰ ਉਤੇ। ਗੁਰ ਭੇਟਤਗੁਰੂ ਨੂੰ ਮਿਲਦਿਆਂ। ਮਨਿਮਨ ਵਿਚ। ਓਮਾਹਾਉਤਸ਼ਾਹ।੨।

ਸਗਲਸਾਰੇ। ਪਰਾਛਤਪਾਪ। ਮਿਲਿਮਿਲ ਕੇ। ਸਾਥੇਸਾਥ ਵਿਚ, ਨਾਲ। ਨਿਧਾਨਖ਼ਜ਼ਾਨੇ।੩।

ਗੁਰਿਗੁਰੂ ਨੇ। ਕੀਨੋਬਣਾ ਦਿੱਤਾ। ਮੁਕਤਿ ਦੁਆਰਾਪਾਪਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਦਰਵਾਜ਼ਾ। ਜੈਕਾਰਾਸੋਭਾ। ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}੪।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ, ਉਹ ਮਨੁੱਖ ਨਾਮ-ਜਲ ਨਾਲ ਮਨ ਨੂੰ ਪਵਿਤ੍ਰ ਕਰ ਕੇ ਆਤਮਕ ਆਨੰਦ ਸੁਖ ਖ਼ੁਸ਼ੀਆਂ ਨਾਲ ਭਰਪੂਰ ਹੋ ਕੇ ਅੰਤਰ-ਆਤਮੇ ਟਿਕ ਜਾਂਦੇ ਹਨ (ਵਿਕਾਰਾਂ ਆਦਿਕਾਂ ਵਲ ਭਟਕਣੋਂ ਹਟ ਜਾਂਦੇ ਹਨ)ਰਹਾਉ।

ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖੋ। ਅੰਤਰ-ਆਤਮੇ ਟਿਕ ਕੇ ਗੁਰੂ ਦਾ ਧਿਆਨ ਧਰਿਆ ਕਰੋ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ-ਥਿਰ ਹਰਿ-ਨਾਮ (ਦੇ ਸਿਮਰਨ) ਦਾ ਉਪਦੇਸ਼ ਦਿੱਤਾ, ਉਸ ਨੇ ਉਹ ਆਤਮਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ।੧।

ਹੇ ਭਾਈ! ਗੁਰੂ ਦੀ ਆਤਮਕ ਉੱਚਤਾ ਸਦਾ-ਥਿਰ ਰਹਿਣ ਵਾਲੀ ਹੈ, ਉਸ ਦੀ ਕਦਰ-ਕੀਮਤ ਨਹੀਂ ਦੱਸੀ ਜਾ ਸਕਦੀ। ਗੁਰੂ (ਦੁਨੀਆ ਦੇ) ਸ਼ਾਹ ਦੇ ਸਿਰ ਉੱਤੇ ਪਾਤਿਸ਼ਾਹ ਹੈ। ਗੁਰੂ ਨੂੰ ਮਿਲਿਆਂ ਮਨ ਵਿਚ (ਹਰੀ-ਨਾਮ ਸਿਮਰਨ ਦਾ) ਚਾਉ ਪੈਦਾ ਹੋ ਜਾਂਦਾ ਹੈ।੨।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਸਾਰੇ ਪਾਪ ਲਹਿ ਜਾਂਦੇ ਹਨ, (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਜਪ ਕੇ (ਜ਼ਿੰਦਗੀ ਦੇ) ਸਾਰੇ ਮਨੋਰਥ ਸਫਲ ਹੋ ਜਾਂਦੇ ਹਨ।੩।

ਹੇ ਭਾਈ! ਗੁਰੂ ਨੇ (ਹਰਿ-ਨਾਮ ਸਿਮਰਨ ਦਾ ਇਕ ਐਸਾ) ਦਰਵਾਜ਼ਾ ਤਿਆਰ ਕਰ ਦਿੱਤਾ ਹੈ (ਜੋ ਵਿਕਾਰਾਂ ਤੋਂ ਖ਼ਲਾਸੀ (ਕਰਾ ਦੇਂਦਾ ਹੈ)(ਗੁਰੂ ਦੀ ਇਸ ਦਾਤਿ ਦੇ ਕਾਰਨ) ਸਾਰੀ ਸ੍ਰਿਸ਼ਟੀ (ਗੁਰੂ ਦੀ) ਸੋਭਾ ਕਰਦੀ ਹੈ। ਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਹਿਰਦੇ ਵਿਚ ਵਸਾਇਆਂ) ਪਰਮਾਤਮਾ ਮੇਰੇ ਅੰਗ-ਸੰਗ (ਵੱਸਦਾ ਪ੍ਰਤੀਤ ਹੋ ਰਿਹਾ ਹੈ) ਮੇਰੇ ਜਨਮ ਮਰਨ ਦੇ ਸਾਰੇ ਡਰ ਲਹਿ ਗਏ ਹਨ।੪।੨।੫੨।

TOP OF PAGE

Sri Guru Granth Darpan, by Professor Sahib Singh