ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 619

ਸੋਰਠਿ ਮਹਲਾ ੫ ॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥ ਉਬਰੇ ਸਤਿਗੁਰ ਕੀ ਸਰਣਾਈ ॥ ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥ ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥ {ਪੰਨਾ 619}

ਪਦਅਰਥ: ਮੰਗਲਖ਼ੁਸ਼ੀਆਂ। ਕਲਿਆਣਸੁਖ। ਸਹਜ ਧੁਨਿਆਤਮਕ ਅਡੋਲਤਾ ਦੀ ਰੌ। ਨਿਹਾਰਿਆਵੇਖੇ। ਰਾਖਨਹਾਰੈਰੱਖਿਆ ਕਰਨ ਦੀ ਸਮਰਥਾ ਵਾਲੇ ਨੇ। ਸਤਿਗੁਰਿਸਤਿਗੁਰੂ ਨੇ।੧।

ਉਬਰੇਬਚ ਗਏ। ਜਾ ਕੀਜਿਸ (ਗੁਰੂ) ਦੀ। ਬਿਰਥੀਖ਼ਾਲੀ।ਰਹਾਉ।

ਘਰ ਮਹਿਹਿਰਦੇ ਵਿਚ। ਫੁਨਿਭੀ। ਬਿਘਨੁਰੁਕਾਵਟ।੨।

ਅਰਥ: ਹੇ ਭਾਈ! ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ, ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ।ਰਹਾਉ।

(ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ)(ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ।੧।

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ। ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ।੨।੧੨।੪੦।

ਸੋਰਠਿ ਮਹਲਾ ੫ ॥ ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥ ਮਿਟਿ ਗਈ ਚਿੰਤਾ ਸਿਮਰਿ ਅਨੰਤਾ ਸਾਗਰੁ ਤਰਿਆ ਭਾਈ ॥੧॥ ਹਿਰਦੈ ਹਰਿ ਕੇ ਚਰਣ ਵਸਾਈ ॥ ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ ਰਹਾਉ ॥ ਕਿਆ ਗੁਣ ਤੇਰੇ ਆਖਿ ਵਖਾਣਾ ਕੀਮਤਿ ਕਹਣੁ ਨ ਜਾਈ ॥ ਨਾਨਕ ਭਗਤ ਭਏ ਅਬਿਨਾਸੀ ਅਪੁਨਾ ਪ੍ਰਭੁ ਭਇਆ ਸਹਾਈ ॥੨॥੧੩॥੪੧॥ {ਪੰਨਾ 619}

ਪਦਅਰਥ: ਸਾਧੂ ਸੰਗਿਗੁਰੂ ਦੀ ਸੰਗਤਿ ਵਿਚ। ਮਨਿਮਨ ਵਿਚ। ਜਸੁਸਿਫ਼ਤਿ-ਸਾਲਾਹ ਦਾ ਗੀਤ। ਗਾਈਗਾਏ, ਗਾਉਣ ਲੱਗ ਪੈਂਦਾ ਹੈ। ਸਿਮਰਿਸਿਮਰ ਕੇ। ਅਨੰਤਾਬੇਅੰਤ ਪ੍ਰਭੂ। ਸਾਗਰੁਸਮੁੰਦਰ। ਭਾਈਹੇ ਭਾਈ!੧।

ਹਿਰਦੈਹਿਰਦੇ ਵਿਚ। ਵਸਾਈਵਸਾਇ, ਟਿਕਾ ਰੱਖ। ਸਹਜ ਧੁਨਿਆਤਮਕ ਅਡੋਲਤਾ ਦੀ ਰੌ। ਘਾਣਿਘਾਣੀ, ਢੇਰ।ਰਹਾਉ।

ਆਖਿਆਖ ਕੇ। ਵਖਾਣਾਵਖਾਣਾਂ, ਮੈਂ ਦੱਸਾਂ। ਅਬਿਨਾਸੀਨਾਸਰਹਿਤ, ਆਤਮਕ ਮੌਤ ਤੋਂ ਰਹਿਤ।

ਅਰਥ: ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਟਿਕਾਈ ਰੱਖ (ਨਿਮ੍ਰਤਾ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਿਆ ਕਰ)(ਜਿਸ ਨੇ ਭੀ ਇਹ ਉੱਦਮ ਕੀਤਾ ਹੈ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਗਈ, (ਉਸ ਨੇ ਆਪਣੇ ਅੰਦਰੋਂ) ਰੋਗਾਂ ਦੇ ਢੇਰ ਮਿਟਾ ਲਏ।ਰਹਾਉ।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਮਨ ਵਿਚ ਉੱਦਮ ਪੈਦਾ ਹੁੰਦਾ ਹੈ, (ਮਨੁੱਖ) ਸ੍ਰੇਸ਼ਟ ਨਾਮ ਜਪਣ ਲੱਗ ਪੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ। ਬੇਅੰਤ ਪ੍ਰਭੂ ਦਾ ਸਿਮਰਨ ਕਰ ਕੇ ਮਨੁੱਖ ਦੀ ਚਿੰਤਾ ਮਿਟ ਜਾਂਦੀ ਹੈ, ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੧।

ਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰ ਕੇ ਦੱਸਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ)ਹੇ ਨਾਨਕ! ਪਿਆਰਾ ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਮਦਦਗਾਰ ਬਣਦਾ ਹੈ, ਉਹ ਭਗਤ-ਜਨ ਆਤਮਕ ਮੌਤ ਤੋਂ ਰਹਿਤ ਹੋ ਜਾਂਦੇ ਹਨ।੨।੧੩।੪੧।

ਸੋਰਠਿ ਮਃ ੫ ॥ ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥ ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥੧॥ ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥ ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥ ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥ ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥ {ਪੰਨਾ 619}

ਪਦਅਰਥ: ਕਲੇਸਮਾਨਸਕ ਦੁੱਖ। ਸਭਿਸਾਰੇ। ਪ੍ਰਭਿਪ੍ਰਭੂ ਨੇ। ਆਠ ਪਹਰਸਦਾ, ਹਰ ਵੇਲੇ, ਸਾਰਾ ਦਿਨ। ਘਾਲਮੇਹਨਤ। ਹਮਾਰੀਸਾਡੀ, ਅਸਾਂ ਜੀਵਾਂ ਦੀ।੧।

ਸੰਪਤਿਧਨ। ਰਾਸਿਸਰਮਾਇਆ। ਭਾਈਹੇ ਭਾਈ! ਹੇ ਪ੍ਰਭੂ! ਮੇਰੇ ਕਉਮੈਨੂੰ।ਰਹਾਉ।

ਮਾਗਉਮਾਗਉਂ, ਮੈਂ ਮੰਗਦਾ ਹਾਂ। ਪਾਵਉਪਾਵਉਂ, ਪ੍ਰਾਪਤ ਕਰ ਲੈਂਦਾ ਹਾਂ। ਭਰੋਸਾਸਹਾਰਾ।੨।

ਅਰਥ: ਹੇ ਪ੍ਰਭੂ ਜੀ! ਤੂੰ ਹੀ ਮੈਨੂੰ ਆਤਮਕ ਆਨੰਦ ਦਾ ਧਨ-ਸਰਮਾਇਆ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਨੂੰ (ਕਲੇਸ਼ਾਂ ਅੰਦੇਸਿਆਂ ਤੋਂ) ਬਚਾ ਲੈ। ਹੇ ਪ੍ਰਭੂ! ਮੇਰੀ ਤੇਰੇ ਅੱਗੇ ਹੀ ਅਰਜ਼ੋਈ ਹੈ।ਰਹਾਉ।

ਹੇ ਭਾਈ! ਜਿਸ ਭੀ ਮਨੁੱਖ ਉੱਤੇ ਪਿਆਰੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਸਾਰੇ ਕਲੇਸ਼ ਤੇ ਰੋਗ ਦੂਰ ਹੋ ਗਏ। (ਹੇ ਭਾਈ!) ਮਾਲਕ-ਪ੍ਰਭੂ ਨੂੰ ਅੱਠੇ ਪਹਿਰ ਯਾਦ ਕਰਦੇ ਰਿਹਾ ਕਰੋ, ਅਸਾਂ ਜੀਵਾਂ ਦੀ (ਇਹ) ਮੇਹਨਤ (ਜ਼ਰੂਰ) ਸਫਲ ਹੁੰਦੀ ਹੈ।੧।

ਹੇ ਭਾਈ! ਮੈਂ ਤਾਂ ਜੋ ਕੁਝ (ਪ੍ਰਭੂ ਪਾਸੋਂ) ਮੰਗਦਾ ਹਾਂ, ਉਹੀ ਕੁਝ ਪ੍ਰਾਪਤ ਕਰ ਲੈਂਦਾ ਹਾਂ। ਮੈਨੂੰ ਆਪਣੇ ਮਾਲਕ-ਪ੍ਰਭੂ ਉਤੇ (ਪੂਰਾ) ਇਤਬਾਰ (ਬਣ ਚੁਕਾ) ਹੈ। ਹੇ ਨਾਨਕ! ਆਖ-ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਂਦੇ ਹਨ।੨।੧੪।੪੨।

ਸੋਰਠਿ ਮਹਲਾ ੫ ॥ ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥ ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥੧॥ ਮੇਰਾ ਗੁਰੁ ਪੂਰਾ ਸੁਖਦਾਤਾ ॥ ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥ ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥ {ਪੰਨਾ 619}

ਪਦਅਰਥ: ਸਿਮਰਿ ਸਿਮਰਿਮੁੜ ਮੁੜ ਯਾਦ ਕਰ ਕੇ। ਸਗਲਾਸਾਰਾ। ਗੁਰ ਬਚਨੀਗੁਰੂ ਦੇ ਬਚਨਾਂ ਉੱਤੇ ਤੁਰ ਕੇ।੧।

ਕਰਣ ਕਾਰਣਜਗਤ ਦਾ ਮੂਲ। ਸਮਰਥਸਾਰੀਆਂ ਤਾਕਤਾਂ ਦਾ ਮਾਲਕ। ਬਿਧਾਤਾਸਿਰਜਣਹਾਰ।ਰਹਾਉ।

ਬਿਨੋਦਕੌਤਕ, ਤਮਾਸ਼ੇ, ਖ਼ੁਸ਼ੀਆਂ। ਜੈ ਜੈ ਕਾਰਸੋਭਾ। ਭੀਤਰਿਵਿਚ।੨।

ਅਰਥ: ਹੇ ਭਾਈ! ਮੇਰਾ ਗੁਰੂ ਸਭ ਗੁਣਾਂ ਨਾਲ ਭਰਪੂਰ ਹੈ, ਸਾਰੇ ਸੁਖ ਬਖ਼ਸ਼ਣ ਵਾਲਾ ਹੈ। ਗੁਰੂ ਉਸ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੈ ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ।ਰਹਾਉ।

(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮੁੜ ਮੁੜ ਗੁਰੂ ਸਤਿਗੁਰੂ (ਦੀ ਬਾਣੀ) ਨੂੰ ਚੇਤੇ ਕਰ ਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ। ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਦੇ ਸਾਰੇ ਕਲੇਸ਼ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਹ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ।੧।

ਹੇ ਨਾਨਕ! (ਆਖ-ਹੇ ਭਾਈ! ਜੇ ਤੇਰੇ ਉੱਤੇ) ਸਤਿਗੁਰੂ ਜੀ ਦਇਆਵਾਨ ਹੋਏ ਹਨ, ਤਾਂ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਿਹਾ ਕਰ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੇਰੇ ਅੰਦਰ) ਆਨੰਦ ਖ਼ੁਸ਼ੀਆਂ ਸੁਖ ਬਣੇ ਰਹਿਣਗੇ। (ਸਿਫ਼ਤਿ-ਸਾਲਾਹ ਦਾ ਸਦਕਾ) ਜਗਤ ਵਿਚ ਸੋਭਾ ਮਿਲਦੀ ਹੈ। (ਇਹ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ (ਸਦਾ ਸਿਰ ਉੱਤੇ) ਰਾਖਾ ਹੈ।੨।੧੫।੪੩।

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ {ਪੰਨਾ 619}

ਪਦਅਰਥ: ਹਮਰੀਅਸਾਂ ਜੀਵਾਂ ਦੀ। ਗਣਤਕੀਤੇ ਕਰਮਾਂ ਦਾ ਹਿਸਾਬ। ਨ ਗਣੀਆਨਹੀਂ ਗਿਣਦਾ। ਕਾਈ ਗਣਤਕੋਈ ਭੀ ਲੇਖਾ। ਬਿਰਦੁਮੁੱਢਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਛਾਣਿਪਛਾਣੈ, ਚੇਤੇ ਰੱਖਦਾ ਹੈ। ਦੇਇਦੇ ਕੇ। ਰਾਖੇ—(ਕੁਕਰਮਾਂ ਤੋਂ) ਬਚਾਈ ਰੱਖਦਾ ਹੈ। ਮਾਣਿਮਾਣੈ, ਮਾਣਦਾ ਹੈ।੧।

ਸਾਚਾਸਦਾ ਕਾਇਮ ਰਹਿਣ ਵਾਲਾ। ਸਦਸਦਾ। ਬੰਧੁਰੋਕ, ਬੰਨ੍ਹ (ਕੁਕਰਮਾਂ ਦੇ ਰਾਹ ਵਿਚ) ਰੁਕਾਵਟ। ਸਤਿਗੁਰਿਗੁਰੂ ਨੇ। ਕਲਿਆਣ—(ਆਤਮਕ) ਸੁਖ।ਰਹਾਉ।

ਜੀਉਜਿੰਦ। ਪਾਇਪਾ ਕੇ। ਪਿੰਡੁਸਰੀਰ। ਜਿਨਜਿਸ (ਪ੍ਰਭੂ) ਨੇ। ਸਜਾਇਆਪੈਦਾ ਕੀਤਾ। ਪੈਜਇੱਜ਼ਤ। ਸਦਸਦਾ।੨।

ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ।ਰਹਾਉ।

ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ।੧।

ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ।੨।੧੬।੪੪।

TOP OF PAGE

Sri Guru Granth Darpan, by Professor Sahib Singh