ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 617

ਸੋਰਠਿ ਮਹਲਾ ੫ ਘਰੁ ੨ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ {ਪੰਨਾ 617}

ਨੋਟ: ਦੁਪਦੇ-ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ।

ਪਦਅਰਥ: ਸਗਲ ਬਨਸਪਤਿਸਾਰੀ ਬਨਸਪਤੀ, ਸਾਰੇ ਬੂਟੇ। ਬੈਸੰਤਰੁਅੱਗ। ਘੀਆਘਿਓ। ਸਮਾਣੀਸਮਾਈ ਹੋਈ ਹੈ। ਘਟਿ ਘਟਿਹਰੇਕ ਸਰੀਰ ਵਿਚ। ਮਾਧਉਮਾਧਵ, ਮਾਇਆ ਦਾ ਪਤੀ; ਪਰਮਾਤਮਾ। ਜੀਆਸਭ ਜੀਵਾਂ ਵਿਚ।੧।

ਰਹਿਆ ਸਮਾਹਿਓਸਮਾ ਰਿਹਾ ਹੈ। ਪੂਰਨਪੂਰੇ ਤੌਰ ਤੇ। ਜਲਿਪਾਣੀ ਵਿਚ। ਆਹਿਓਹੈ।੧।ਰਹਾਉ।

ਗੁਣ ਨਿਧਾਨ ਜਸੁਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਜਸ। ਸਤਿਗੁਰਿਗੁਰੂ ਨੇ। ਭਰਮੁਭੁਲੇਖਾ। ਚੁਕਾਇਓਦੂਰ ਕਰ ਦਿੱਤਾ ਹੈ। ਅਲੇਪਾਨਿਰਲੇਪ।੨।

ਅਰਥ: ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ।

ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧।

ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ।੨।੧।੨੯।

ਸੋਰਠਿ ਮਹਲਾ ੫ ॥ ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥ ਜਾ ਕੋ ਨਾਮੁ ਲੈਤ ਤੂ ਸੁਖੀ ॥ ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥ ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥ {ਪੰਨਾ 617}

ਪਦਅਰਥ: ਜਾ ਕੈ ਸਿਮਰਣਿਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਭੈ {ਲਫ਼ਜ਼ 'ਭਉ' ਤੋਂ ਬਹੁ-ਵਚਨ}ਦੁਖੀਦੁੱਖ ਭੀ। ਨਵਨਿਧਿ—(ਧਰਤੀ ਦੇ ਸਾਰੇ) ਨੌ ਖ਼ਜ਼ਾਨੇ। ਪਾਵਹਿਤੂੰ ਪ੍ਰਾਪਤ ਕਰ ਸਕਦਾ ਹੈਂ। ਬਹੁਰਿਮੁੜ। ਤ੍ਰਿਸਨਾਤ੍ਰੇਹ। ਭੁਖੀਭੁੱਖ।੧।

ਕੋਦਾ। ਸਾਸਿ ਸਾਸਿਹਰੇਕ ਸਾਹ ਦੇ ਨਾਲ। ਕਉਨੂੰ। ਜੀਅ ਰੇਹੇ ਜੀਵ! ਮੁਖੀਮੁਖਿ, ਮੂੰਹ ਨਾਲ।੧।ਰਹਾਉ।

ਹੋਵਹਿਤੂੰ ਹੋ ਜਾਏਂਗਾ। ਅੰਤਰਿ—(ਤੇਰੇ) ਅੰਦਰ। ਧੁਖੀਧੁਖਦੀ। ਗੁਰਗੁਰੂ ਨੇ। ਜਲਿਜਲ ਵਿਚ। ਥਲਿਧਰਤੀ ਵਿਚ। ਤ੍ਰਿਭਵਣਿਸਾਰੇ ਸੰਸਾਰ ਵਿਚ, ਤਿੰਨਾਂ ਭਵਨਾਂ ਵਾਲੇ ਜਗਤ ਵਿਚ। ਰੁਖੀਰੁੱਖਾਂ ਵਿਚ।੨।

ਅਰਥ: ਹੇ ਜੀਵ! ਜਿਸ ਪਰਮਾਤਮਾ ਦਾ ਨਾਮ ਸਿਮਰਿਆਂ ਤੂੰ ਸੁਖੀ ਹੋ ਸਕਦਾ ਹੈਂ, ਉਸ ਪਾਲਣਹਾਰ ਪ੍ਰਭੂ ਨੂੰ ਤੂੰ ਆਪਣੇ ਮਨੋ ਤਨੋ ਮੂੰਹ ਨਾਲ ਹਰੇਕ ਸਾਹ ਦੇ ਨਾਲ ਸਿਮਰਿਆ ਕਰ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਖ਼ੁਸ਼ੀ-ਭਰਿਆ ਜੀਵਨ ਜੀਊ ਸਕਦਾ ਹੈਂ ਤੇਰੇ ਜਨਮ ਮਰਨ ਦੇ ਸਾਰੇ ਡਰ ਤੇ ਦੁੱਖ ਦੂਰ ਹੋ ਸਕਦੇ ਹਨ, ਤੂੰ (ਧਰਮ ਅਰਥ ਕਾਮ ਮੋਖ) ਚਾਰੇ ਪਦਾਰਥ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਸਕਦਾ ਹੈਂ, (ਜਿਸ ਦੇ ਸਿਮਰਨ ਨਾਲ) ਤੈਨੂੰ ਮਾਇਆ ਦੀ ਤ੍ਰੇਹ ਭੁੱਖ ਫਿਰ ਨਹੀਂ ਵਿਆਪੇਗੀ (ਉਸ ਦਾ ਸਿਮਰਨ ਹਰੇਕ ਸਾਹ ਦੇ ਨਾਲ ਕਰਦਾ ਰਹੁ)੧।

(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਤੂੰ ਸ਼ਾਂਤੀ ਹਾਸਲ ਕਰ ਲਏਂਗਾ, ਤੂੰ ਅੰਤਰ-ਆਤਮੇ ਠੰਢਾ-ਠਾਰ ਹੋ ਜਾਏਂਗਾ, ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਧੁਖੇਗੀ। ਹੇ ਭਾਈ! ਗੁਰੂ ਨੇ (ਮੈਨੂੰ) ਨਾਨਕ ਨੂੰ ਉਹ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਰੁੱਖਾਂ ਵਿਚ ਸਾਰੇ ਸੰਸਾਰ ਵਿਚ (ਵੱਸਦਾ) ਵਿਖਾ ਦਿੱਤਾ ਹੈ।੨।੨।੩੦।

ਸੋਰਠਿ ਮਹਲਾ ੫ ॥ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥ ਅਪੁਨੀ ਬਿਧਿ ਆਪਿ ਜਨਾਵਹੁ ॥ ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥ ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥ ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥ {ਪੰਨਾ 617}

ਪਦਅਰਥ: ਇਨ ਤੇਇਹਨਾਂ ਪਾਸੋਂ। ਇਹ ਭੀਤਰ ਤੇਇਸ ਮਨ ਦੇ ਭੀਤਰ ਤੋਂ, ਇਸ ਮਨ ਵਿਚੋਂ। ਡਾਰਹੁਕੱਢ ਦੇ। ਨਿਕਟਿਨੇੜੇ।੧।

ਬਿਧਿਜੁਗਤਿ। ਅਪੁਨੀ ਬਿਧਿਆਪਣੀ ਭਗਤੀ ਦੀ ਜਾਚ। ਜਨਾਵਹੁਸਿਖਾ ਦੇ। ਗਾਵਹੁਗਵਾਵਹੁ, ਪ੍ਰੇਰਨਾ ਦੇਹ ਕਿ ਮੈਂ ਗਾ ਸਕਾਂ।੧।ਰਹਾਉ।

ਕਬਹੂਕਦੇ ਭੀ। ਹੀਏ ਤੇਹਿਰਦੇ ਵਿਚੋਂ। ਬਿਧਿਜਾਚ। ਪਾਵਹੁਪਾ ਦੇ। ਧਾਵਹੁਦੌੜ।੨।

ਅਰਥ: ਹੇ ਪ੍ਰਭੂ! ਆਪਣੀ ਭਗਤੀ ਦੀ ਜਾਚ ਤੂੰ ਮੈਨੂੰ ਆਪ ਸਿਖਾ। ਮੈਨੂੰ ਪ੍ਰੇਰਨਾ ਦੇਹ ਕਿ ਮੈਂ ਤੇਰੇ ਸੰਤ ਜਨਾਂ ਨਾਲ ਮਿਲ ਕੇ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰਾਂ।੧।ਰਹਾਉ।

ਹੇ ਪ੍ਰਭੂ! ਕਾਮ ਕ੍ਰੋਧ ਲੋਭ ਝੂਠ ਨਿੰਦਾ (ਆਦਿਕ) ਇਹਨਾਂ (ਸਾਰੇ ਵਿਕਾਰਾਂ) ਤੋਂ ਤੂੰ ਮੈਨੂੰ ਆਪ ਛੁਡਾ ਲੈ। ਮੇਰੇ ਇਸ ਮਨ ਵਿਚੋਂ ਇਹਨਾਂ (ਵਿਕਾਰਾਂ) ਨੂੰ ਕੱਢ ਦੇ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ।੧।

ਹੇ ਪ੍ਰਭੂ! ਮੇਰੇ ਮਨ ਵਿਚ ਤੂੰ ਇਹੋ ਜਿਹੀ ਸਿੱਖਿਆ ਪਾ ਦੇਹ ਕਿ ਮੇਰੇ ਹਿਰਦੇ ਤੋਂ ਤੂੰ ਕਦੇ ਭੀ ਨਾਹ ਵਿਸਰੇਂ। ਹੇ ਦਾਸ ਨਾਨਕ! ਤੈਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪਿਆ ਹੈ, ਹੁਣ ਤੂੰ ਹੋਰ ਕਿਸੇ ਪਾਸੇ ਨਾਹ ਦੌੜਦਾ ਫਿਰ।੨।੩।੩੧।

ਸੋਰਠਿ ਮਹਲਾ ੫ ॥ ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ {ਪੰਨਾ 617}

ਪਦਅਰਥ: ਜਾ ਕੈ ਸਿਮਰਣਿਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਸਭ ਕਛੁਹਰੇਕ ਚੀਜ਼। ਬਿਰਥੀਵਿਅਰਥ, ਖ਼ਾਲੀ। ਘਾਲਮੇਹਨਤ। ਤਿਆਗਿਭੁਲਾ ਕੇ। ਅਵਰ ਕਤਹੋਰ ਕਿਸ ਪਾਸੇ। ਰਾਚਹੁਤੂੰ ਮਸਤ ਹੋ ਰਿਹਾ ਹੈਂ।੧।

ਸੰਤਹੇ ਸੰਤ ਜਨੋ! ਗੋਪਾਲਾਸ੍ਰਿਸ਼ਟੀ ਦਾ ਪਾਲਣ ਵਾਲਾ। ਪੂਰਨਸਫਲ।੧।ਰਹਾਉ।

ਸਾਰਿਸਾਰ ਲੈ ਕੇ। ਸਮਾਲੈਸੰਭਾਲ ਕਰਦਾ ਹੈ। ਸਹਿਤਨਾਲ। ਗਲਿਗਲ ਨਾਲ। ਪ੍ਰਭਹੇ ਪ੍ਰਭੂ! ਜਗਤ ਜੀਵਨੁਜਗਤ ਦਾ ਜੀਵਨ, ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ।੨।

ਅਰਥ: ਹੇ ਸੰਤ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ। ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ, (ਸਿਮਰਨ ਦੀ) ਮੇਹਨਤ ਜ਼ਰੂਰ ਸਫਲ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਦੀ ਬਰਕਤਿ ਨਾਲ ਹਰੇਕ ਪਦਾਰਥ ਮਿਲ ਸਕਦਾ ਹੈ, (ਸਿਮਰਨ ਦੀ) ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ, ਜੇਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ਉਸ ਨੂੰ ਛੱਡ ਕੇ ਹੋਰ ਕੇਹੜੇ ਪਾਸੇ ਮਸਤ ਹੋ ਰਹੇ ਹੋ?੧।

ਹੇ ਭਾਈ! ਉਹ ਪਰਮਾਤਮਾ (ਸਭ ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਸਦਾ ਪਾਲਣਾ ਕਰਦਾ ਹੈ (ਸਿਮਰਨ ਕਰਨ ਵਾਲਿਆਂ ਨੂੰ) ਪ੍ਰੇਮ ਨਾਲ ਆਪਣੇ ਗਲੇ ਲਾਂਦਾ ਹੈ।

ਹੇ ਨਾਨਕ! ਆਖ-ਹੇ ਪ੍ਰਭੂ! ਤੈਨੂੰ ਵਿਸਾਰ ਕੇ ਜੀਵ ਤੈਨੂੰ ਕਿਵੇਂ ਮਿਲ ਸਕਦਾ ਹੈ? ਤੇ, ਤੂੰ ਹੀ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ।੨।੪।੩੨।

ਸੋਰਠਿ ਮਹਲਾ ੫ ॥ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ {ਪੰਨਾ 617}

ਪਦਅਰਥ: ਜੀਅਨ ਕੋਸਭ ਜੀਵਾਂ ਦਾ। ਸਭ ਮਲੁਸਾਰੀ ਮੈਲ {ਲਫ਼ਜ਼ 'ਮਲੁ' ਸ਼ਕਲੋਂ ਪੁਲਿੰਗ ਦਿੱਸਦਾ ਹੈ, ਪਰ ਹੈ ਇਹ ਇਸਤ੍ਰੀ-ਲਿੰਗ। ਵੇਖੋ 'ਗੁਰਬਾਣੀ ਵਿਆਕਰਣ'}ਨਿਧਾਨਖ਼ਜ਼ਾਨਾ। ਕਉਵਾਸਤੇ। ਬਰਤਨਿਹਰ ਵੇਲੇ ਕੰਮ ਆਉਣ ਵਾਲੀ ਚੀਜ਼।੧।

ਬਾਹੁੜਿਫਿਰ, ਮੁੜ।੧।ਰਹਾਉ।

ਸਾਧ ਸੰਗੁਭਲੇ ਮਨੁੱਖਾਂ ਦੀ ਸੰਗਤਿ। ਤਿਨ ਭੇਟਤਉਹਨਾਂ ਨੂੰ ਮਿਲਿਆਂ। ਦੁਰਮਤਿਖੋਟੀ ਮਤਿ। ਬਾਂਛੈਮੰਗਦਾ ਹੈ, ਚਾਹੁੰਦਾ ਹੈ। ਜਿਨਜਿਨ੍ਹਾਂ ਨੇ। ਰਿਦੈਹਿਰਦੈ ਵਿਚ।੨।

ਅਰਥ: ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ।੧।ਰਹਾਉ।

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ।੧।

ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ। ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ।੨।੫।੩੩।

TOP OF PAGE

Sri Guru Granth Darpan, by Professor Sahib Singh