ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 616

ਸੋਰਠਿ ਮਹਲਾ ੫ ॥ ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥ ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥ ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥ ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥ ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥ ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥ ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥ ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥ {ਪੰਨਾ 616}

ਪਦਅਰਥ: ਮਗਨੁਮਸਤ। ਅੰਧਿਆਰੈਹਨੇਰੇ ਵਿਚ। ਨ ਜਾਨੈਡੂੰਘੀ ਸਾਂਝ ਨਹੀਂ ਪਾਂਦਾ। ਜੀਉਜਿੰਦ। ਪਿੰਡੁਸਰੀਰ। ਸਾਜਿਬਣਾ ਕੇ। ਰਚਿਆਪੈਦਾ ਕੀਤਾ। ਮਾਨੈਮੰਨਦਾ ਹੈ।੧।

ਮਨਹੇ ਮਨ! ਮੂੜੇਹੇ ਮੂਰਖ! ਕਰਹਿਤੂੰ ਕਰਦਾ ਹੈਂ। ਕਛੂਐਕੋਈ ਕਰਤੂਤ। ਛਾਨੀਲੁਕੀ।ਰਹਾਉ।

ਮਦਿਨਸ਼ੇ ਵਿਚ। ਮਾਤੋਮਸਤ। ਉਪਜੇਪੈਦਾ ਹੋ ਗਏ। ਭਰਮਤਭਟਕਦਿਆਂ। ਬੰਧਨਜ਼ੰਜੀਰ।੨।

ਦੇਇਦੇ ਕੇ। ਦੇਇ ਕਿਵਾੜਦਰਵਾਜ਼ੇ ਬੰਦ ਕਰ ਕੇ। ਦਾਰਾਇਸਤ੍ਰੀ। ਸੰਗਿਨਾਲ। ਫਾਕੈਕੁਕਰਮ ਕਰਦਾ ਹੈ। ਚਿਤ੍ਰ ਗੁਪਤੁ—(ਧਰਮਰਾਜ ਦੇ ਮੁਨਸ਼ੀ)ਮਾਗਹਿਮੰਗਦੇ ਹਨ, ਮੰਗਣਗੇ।੩।

ਦੁਖ ਭੰਜਨਹੇ ਦੁੱਖਾਂ ਦੇ ਨਾਸ ਕਰਨ ਵਾਲੇ! ਓਟਆਸਰਾ। ਸਾਗਰਸਮੁੰਦਰ।੪।

ਅਰਥ: ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ। ਤੂੰ ਜੋ ਕੁਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ।ਰਹਾਉ।

ਹੇ ਭਾਈ! ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, ਉਸ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ। ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ।੧।

ਹੇ ਭਾਈ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ, ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ।੨।

(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ। (ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ।੩।

ਹੇ ਨਾਨਕ! (ਆਖ-) ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ। ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਸੰਸਾਰ-ਸਮੁੰਦਰ ਵਿਚ (ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ) ਕੱਢ ਲੈ।੪।੧੫।੨੬।

ਸੋਰਠਿ ਮਹਲਾ ੫ ॥ ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥ ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥ ਹਰਿ ਸਾਚਾ ਸਿਮਰਹੁ ਭਾਈ ॥ ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ ॥ ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥ ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਗੁਰ ਚਰਣੀ ਮਨੁ ਲਾਗਾ ॥ ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ ॥੩॥ ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥ ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥ {ਪੰਨਾ 616}

ਪਦਅਰਥ: ਸਹਾਈਮਦਦਗਾਰ। ਸੁਖਦਾਈਸੁਖ ਦੇਣ ਵਾਲਾ, ਆਤਮਕ ਆਨੰਦ ਦੇਣ ਵਾਲਾ। ਜਪਿਜਪ ਕੇ, ਪੜ੍ਹ ਕੇ। ਅਨਦੁ ਕਰਹੁਆਤਮਕ ਆਨੰਦ ਮਾਣੋ। ਪ੍ਰਾਣੀਹੇ ਪ੍ਰਾਣੀ!੧।

ਸਾਚਾਸਦਾ ਕਾਇਮ ਰਹਿਣ ਵਾਲਾ। ਭਾਈਹੇ ਭਾਈ! ਸਾਧ ਸੰਗਿਸਾਧ ਸੰਗਤਿ ਵਿਚ। ਬਿਸਰਿ ਨ ਜਾਈਭੁੱਲਦਾ ਨਹੀਂ।ਰਹਾਉ।

ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਜੀਵੈਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਕਰਮਿ—(ਤੇਰੀ) ਬਖ਼ਸ਼ਸ਼ ਨਾਲ। ਨਿਰਮਲੁਪਵਿੱਤਰ ਜੀਵਨ ਵਾਲਾ। ਥੀਵੈਹੋ ਜਾਂਦਾ ਹੈ।੨।

ਬਿਘਨਰੁਕਾਵਟਾਂ। ਸਭਿਸਾਰੇ। ਚਰਣੀਚਰਨਾਂ ਵਿਚ। ਅਚੁਤਅੱਚੁਤ, ਨਾਹ ਨਾਸ ਹੋਣ ਵਾਲਾ। ਅਨਦਿਨੁਹਰ ਰੋਜ਼, ਹਰ ਵੇਲੇ। ਜਾਗਾ—(ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।੩।

ਸੁਹੇਲੀਸੁਖ ਦੇਣ ਵਾਲੀ। ਆਦਿ ਅੰਤਿ ਮਧਿਸ਼ੁਰੂ ਵਿਚ, ਅਖ਼ੀਰ ਵਿਚ, ਵਿਚਕਾਰ, ਹਰ ਵੇਲੇ। ਬੇਲੀਮਦਦਗਾਰ।੪।

ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ, (ਸਿਮਰਨ ਦੀ ਬਰਕਤਿ ਨਾਲ) ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਮਾਣੀਦਾ ਹੈ, ਤੇ, ਪਰਮਾਤਮਾ ਕਦੇ ਭੁੱਲਦਾ ਨਹੀਂ।ਰਹਾਉ।

ਹੇ ਪ੍ਰਾਣੀ! ਪੂਰੇ ਗੁਰੂ ਦੀ (ਸਿਫ਼ਤਿ-ਸਾਲਾਹ ਦੀ) ਬਾਣੀ ਸਦਾ ਪੜ੍ਹਿਆ ਕਰ, ਤੇ, ਆਤਮਕ ਆਨੰਦ ਮਾਣਿਆ ਕਰ। (ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਪਿਆਰ ਬਣਾਂਦਾ ਹੈ) ਪਰਮਾਤਮਾ (ਉਸ ਦਾ) ਮਦਦਗਾਰ ਬਣ ਜਾਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਕਰਦੀ ਹੈ।੧।

ਹੇ ਸਭ ਤੋਂ ਉੱਚੇ ਮਾਲਕ! (ਪਰਮੇਸਰ!) ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਜਿਸ ਮਨੁੱਖ ਨੂੰ ਤੇਰੀ ਮੇਹਰ ਨਾਲ (ਹੇ ਪਰਮੇਸਰ!) ਤੇਰਾ ਨਾਮ ਹਾਸਲ ਹੁੰਦਾ ਹੈ, ਉਹ ਮਨੁੱਖ ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ।੨।

(ਹੇ ਭਾਈ! ਗੁਰੂ ਦੇ ਚਰਨ ਆਤਮਕ ਜੀਵਨ ਦੇ ਰਾਹ ਵਿਚੋਂ ਸਾਰੀਆਂ) ਰੁਕਾਵਟਾਂ ਨਾਸ ਕਰਨ ਵਾਲੇ ਹਨ, ਸਾਰੇ ਦੁੱਖ ਦੂਰ ਕਰਨ ਵਾਲੇ ਹਨ, ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਪਰਚਦਾ ਹੈ, ਉਹ ਮਨੁੱਖ ਹਰ ਵੇਲੇ ਅਬਿਨਾਸੀ ਤੇ ਅਟੱਲ ਪਰਮਾਤਮਾ ਦੇ ਗੁਣ ਗਾਂਦਾ ਗਾਂਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਲੀਨ ਹੋ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ।੩।

ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਆਨੰਦ ਦੇਣ ਵਾਲੀ ਹੈ (ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ। ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਪਰਮਾਤਮਾ ਨਾਨਕ ਵਾਸਤੇ ਸਦਾ ਦਾ ਮਦਦਗਾਰ ਬਣ ਗਿਆ ਹੈ।੪।੧੬।੨੭।

ਸੋਰਠਿ ਮਹਲਾ ੫ ਪੰਚਪਦਾ ॥ ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥ ਸੰਤਹੁ ਇਹਾ ਬਤਾਵਹੁ ਕਾਰੀ ॥ ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥ ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥ ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥ ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥ ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥ {ਪੰਨਾ 616}

ਨੋਟ: ਪੰਚਪਦਾ-ਪੰਜ 'ਬੰਦਾਂ' ਵਾਲਾ ਸ਼ਬਦ।

ਪਦਅਰਥ: ਬਿਨਸੈਮੁੱਕ ਜਾਏ। ਮੇਰਾ ਅਰੁ ਤੇਰਾਮੇਰਤੇਰ ਵਾਲਾ ਵਿਤਕਰਾ। ਅਪਨੀ ਧਾਰੀਅਪਣੱਤ, ਮਾਇਆ ਨਾਲ ਪਕੜ।੧।

ਇਹਾਇਹੋ ਜਿਹੀ। ਕਾਰੀਇਲਾਜ। ਜਿਤੁਜਿਸ ਨਾਲ। ਗਰਬੁਅਹੰਕਾਰ। ਨਿਵਾਰੀਨਿਵਾਰੀਂ, ਮੈਂ ਦੂਰ ਕਰ ਲਵਾਂ।ਰਹਾਉ।

ਭੂਤਜੀਵ। ਮਾਨਿਆਮੰਨਿਆ ਜਾ ਸਕੇ। ਰੇਨਾਰੀਚਰਨਧੂੜ।੨।

ਪੇਖਿਓਵੇਖਿਆ ਜਾ ਸਕੇ। ਚੂਕੈਮੁੱਕ ਜਾਏ। ਭੀਤਿਕੰਧ। ਭ੍ਰਮਾਰੀਭਟਕਣਾ ਦੀ।੩।

ਅਉਖਧੁਦਵਾਈ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ। ਦੁਆਰੀਦਰ ਤੇ।੪।

ਜਿਸੁ ਮਸਤਕਿਜਿਸ (ਮਨੁੱਖ) ਦੇ ਮੱਥੇ ਉਤੇ। ਤਿਸੁ ਰੋਗਉਸ ਦੇ ਰੋਗ। ਗੁਰ ਮਿਲਿਗੁਰੂ ਨੂੰ ਮਿਲ ਕੇ। ਬਿਦਾਰੀਦੂਰ ਕੀਤੇ ਜਾਂਦੇ ਹਨ।੫।

ਅਰਥ: ਹੇ ਸੰਤ ਜਨੋ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ, ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ,ਰਹਾਉ।;

(ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ-ਨਾਲ-ਪਕੜ ਖ਼ਤਮ ਹੋ ਜਾਏ।੧।;

(ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ।੨।;

(ਜਿਸ ਇਲਾਜ ਨਾਲ) ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ (ਜੋ ਪਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ)੩।

(ਹੇ ਭਾਈ!) ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ, ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਨਾਮ-ਜਲ ਹੀ ਹੈ। ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ।੪।

ਹੇ ਨਾਨਕ! ਆਖ-ਜਿਸ ਮਨੁੱਖ ਦੇ ਮੱਥੇ ਉੱਤੇ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੋਵੇ, (ਉਸ ਨੂੰ ਗੁਰੂ ਪਾਸੋਂ ਮਿਲਦਾ ਹੈ), ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ।੫।੧੭।੨੮।

TOP OF PAGE

Sri Guru Granth Darpan, by Professor Sahib Singh