ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 615

ਸੋਰਠਿ ਮਹਲਾ ੫ ॥ ਰਤਨੁ ਛਾਡਿ ਕਉਡੀ ਸੰਗਿ ਲਾਗੇ ਜਾ ਤੇ ਕਛੂ ਨ ਪਾਈਐ ॥ ਪੂਰਨ ਪਾਰਬ੍ਰਹਮ ਪਰਮੇਸੁਰ ਮੇਰੇ ਮਨ ਸਦਾ ਧਿਆਈਐ ॥੧॥ ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥ ਬਿਨਸੈ ਕਾਚੀ ਦੇਹ ਅਗਿਆਨੀ ॥ ਰਹਾਉ ॥ ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਨ ਵਡਾਈ ॥ ਰਾਮ ਭਜਨ ਬਿਨੁ ਕਾਮਿ ਨ ਆਵਸਿ ਸੰਗਿ ਨ ਕਾਹੂ ਜਾਈ ॥੨॥ ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ ॥ ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮ ਨਾਮੁ ਨਹੀ ਚੀਨਾ ॥੩॥ ਸਾਦ ਬਿਕਾਰ ਬਿਖੈ ਰਸ ਮਾਤੋ ਅਸੰਖ ਖਤੇ ਕਰਿ ਫੇਰੇ ॥ ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਾਟਹੁ ਅਵਗੁਣ ਮੇਰੇ ॥੪॥੧੧॥੨੨॥ {ਪੰਨਾ 615}

ਪਦਅਰਥ: ਰਤਨੁਹੀਰੇ ਵਰਗਾ ਕੀਮਤੀ ਪ੍ਰਭੂਨਾਮ। ਕਉਡੀਕਉਡੀ ਵਰਗੀ ਤੁੱਛ ਮਾਇਆ। ਸੰਗਿਨਾਲ। ਜਾ ਤੇਜਿਸ (ਮਾਇਆ) ਪਾਸੋਂ। ਮਨਹੇ ਮਨ!੧।

ਪਰਾਨੀਹੇ ਬੰਦੇ! ਕਾਚੀਸਦਾ ਕਾਇਮ ਨਾਹ ਰਹਿਣ ਵਾਲੀ। ਦੇਹਸਰੀਰ। ਅਗਿਆਨੀਹੇ ਮੂਰਖ!ਰਹਾਉ।

ਮ੍ਰਿਗ ਤ੍ਰਿਸਨਾਠਗ ਨੀਰਾ, ਉਹ ਰੇਤਥਲਾ ਜੋ ਤਿਹਾਏ ਹਰਨ ਨੂੰ ਪਾਣੀ ਜਾਪਦਾ ਹੈ। ਸੁਪਨ ਮਨੋਰਥਸੁਪਨੇ ਵਿਚ ਮਿਲੇ ਪਦਾਰਥ। ਤਾ ਕੀਇਸ (ਮਾਇਆ) ਦੀ। ਕਾਮਿਕੰਮ ਵਿਚ। ਨ ਆਵਸਿਨਹੀਂ ਆਵੇਗੀ। ਕਾਹੂ ਸੰਗਿਕਿਸੇ ਦੇ ਭੀ ਨਾਲ।੨।

ਹਉ ਹਉ ਕਰਤਮੈਂ ਮੈਂ ਕਰਦਿਆਂ, ਸਦਾ ਮਾਣ ਕਰਦਿਆਂ। ਬਿਹਾਇਗੁਜ਼ਰ ਜਾਂਦੀ ਹੈ। ਅਵਰਦਾਉਮਰ। ਜੀਅ ਕੋਜਿੰਦ ਦਾ, ਜਿੰਦ ਦੇ ਲਾਭ ਵਾਸਤੇ। ਧਾਵਤ ਧਾਵਤਦੌੜਦਾ ਭਟਕਦਾ। ਤ੍ਰਿਪਤਾਸਿਆਰੱਜਦਾ। ਚੀਨਾਪਛਾਣਿਆ, ਸਾਂਝ ਪਾਈ।੩।

ਸਾਦਚਸਕੇ। ਬਿਖੈ ਰਸਪਦਾਰਥਾਂ ਦੇ ਸੁਆਦ। ਮਾਤੋਮਸਤ। ਖਤੇਪਾਪ। ਕਰਿਕਰ ਕੇ। ਫੇਰੇਜਨਮ ਮਰਨ ਦੇ ਗੇੜਾਂ ਵਿਚ। ਪਾਹਿਪਾਸਿ, ਪਾਸ।੪।

ਅਰਥ: ਹੇ ਬੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ। ਹੇ ਗਿਆਨਹੀਨ! ਇਹ ਸਰੀਰ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਇਹ ਜ਼ਰੂਰ ਨਾਸ ਹੋ ਜਾਂਦਾ ਹੈ।ਰਹਾਉ।

(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ) ਕੀਮਤੀ ਪ੍ਰਭੂ-ਨਾਮ ਛੱਡ ਕੇ ਕਉਡੀ (ਦੇ ਮੁੱਲ ਦੀ ਮਾਇਆ) ਨਾਲ ਚੰਬੜੇ ਰਹਿੰਦੇ ਹਨ, ਜਿਸ ਪਾਸੋਂ (ਅੰਤ) ਕੁਝ ਭੀ ਪ੍ਰਾਪਤ ਨਹੀਂ ਹੁੰਦਾ। ਹੇ ਮੇਰੇ ਮਨ! ਸਰਬ-ਵਿਆਪਕ ਪਾਰਬ੍ਰਹਮ ਪਰਮੇਸਰ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ।੧।

(ਹੇ ਭਾਈ! ਇਹ ਮਾਇਆ) ਠਗ-ਨੀਰਾ ਹੈ (ਜੋ ਤਿਹਾਏ ਹਰਨ ਨੂੰ ਤੜਫਾ ਤੜਫਾ ਕੇ ਮਾਰ ਮੁਕਾਂਦਾ ਹੈ) ਸੁਪਨਿਆਂ ਵਿਚ ਮਿਲੇ ਪਦਾਰਥ ਹੈ, (ਆਤਮਕ ਜੀਵਨ ਵਾਲੇ ਦੇਸ਼ ਵਿਚ) ਇਸ ਮਾਇਆ ਨੂੰ ਕੁਝ ਭੀ ਇੱਜ਼ਤ ਨਹੀਂ ਮਿਲਦੀ। ਪਰਮਾਤਮਾ ਦੇ ਭਜਨ ਤੋਂ ਬਿਨਾ (ਹੋਰ ਕੋਈ ਚੀਜ਼) ਕੰਮ ਨਹੀਂ ਆਉਂਦੀ, ਇਹ ਮਾਇਆ (ਅੰਤ) ਕਿਸੇ ਦੇ ਭੀ ਨਾਲ ਨਹੀਂ ਜਾਂਦੀ।੨।

(ਹੇ ਭਾਈ! ਮਾਇਆ-ਵੇੜ੍ਹੇ ਮਨੁੱਖ ਦੀ) ਉਮਰ (ਮਾਇਆ ਦਾ) ਮਾਣ ਕਰਦਿਆਂ ਹੀ ਬੀਤ ਜਾਂਦੀ ਹੈ, ਉਹ ਕੋਈ ਐਸਾ ਕੰਮ ਨਹੀਂ ਕਰਦਾ ਜੋ ਜਿੰਦ ਦੇ ਲਾਭ ਵਾਸਤੇ ਹੋਵੇ। (ਸਾਰੀ ਉਮਰ ਮਾਇਆ ਦੀ ਖ਼ਾਤਰ) ਦੌੜਦਾ ਭਟਕਦਾ ਰਹਿੰਦਾ ਹੈ, ਰੱਜਦਾ ਨਹੀਂ, ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ।੩।

ਹੇ ਭਾਈ! ਮਾਇਆ-ਵੇੜ੍ਹਿਆ ਮਨੁੱਖ ਚਸਕਿਆਂ ਵਿਚ ਵਿਕਾਰਾਂ ਵਿਚ ਪਦਾਰਥਾਂ ਦੇ ਸੁਆਦਾਂ ਵਿਚ ਮਸਤ ਰਹਿੰਦਾ ਹੈ, ਬੇਅੰਤ ਪਾਪ ਕਰ ਕਰ ਕੇ ਜਨਮ ਮਰਨ ਦੇ ਗੇੜਾਂ ਵਿਚ ਪਿਆ ਰਹਿੰਦਾ ਹੈ। ਹੇ ਭਾਈ! ਨਾਨਕ ਦੀ ਅਰਜ਼ੋਈ ਤਾਂ ਪ੍ਰਭੂ ਪਾਸ ਹੀ ਹੈ (ਨਾਨਕ ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ!) ਮੇਰੇ ਔਗੁਣ ਕੱਟ ਦੇਹ।੪।੧੧।੨੨।

ਸੋਰਠਿ ਮਹਲਾ ੫ ॥ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ ॥ ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗਪਾਲਾ ॥ ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥ ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥ ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥ {ਪੰਨਾ 615}

ਪਦਅਰਥ: ਬਿਖੁਜ਼ਹਰ। ਜਾਰੇਸਾੜ ਦੇਂਦਾ ਹੈ। ਬਿਖਮੁਔਖਾ। ਕੋਦਾ। ਅਗਨਿ ਕੋ ਸਾਗਰੁਅੱਗ ਦਾ ਸਮੁੰਦਰ। ਸੰਗਿਸੰਗਤਿ ਵਿਚ। ਉਧਾਰੇਪਾਰ ਲੰਘਾ ਦੇਂਦਾ ਹੈ।੧।

ਗੁਰਿਗੁਰੂ ਨੇ। ਭਰਮੁਭਟਕਣ। ਅੰਧੇਰਾ—(ਮਾਇਆ ਦੇ ਮੋਹ ਦਾ) ਹਨੇਰਾ। ਭਜੁਸਿਮਰ। ਨੇਰਾਨੇੜੇ, ਅੰਗਸੰਗ।ਰਹਾਉ।

ਨਿਧਾਨਖ਼ਜ਼ਾਨੇ। ਰਹੇ ਅਘਾਈਰੱਜ ਗਏ, ਤ੍ਰਿਪਤ ਹੋ ਗਏ। ਜਤ ਕਤਜਿੱਥੇ ਕਿੱਥੇ, ਹਰ ਥਾਂ।੨।

ਬੇਤਾਜਾਣਨ ਵਾਲਾ। ਤਤ ਬੇਤਾਅਸਲੀਅਤ ਦਾ ਜਾਣਨ ਵਾਲਾ। ਜਿਸੁ ਮਨਿਜਿਸ ਦੇ ਮਨ ਵਿਚ। ਗਪਾਲਾ—{ਅੱਖਰ '' ਦੇ ਨਾਲ ਦੋ ਲਗਾਂ ਹਨ, ਅਤੇ ੁ। ਅਸਲ ਲਫ਼ਜ਼ 'ਗੋਪਾਲਾ' ਹੈ, ਇਥੇ ਇਸ ਨੂੰ 'ਗੁਪਾਲਾ' ਪੜ੍ਹਨਾ ਹੈ}ਜਿਨਿਜਿਸ ਮਨੁੱਖ ਨੇ। ਗੁਰਮੁਖਿਗੁਰੂ ਦੀ ਸਰਨ ਪੈ ਕੇ। ਘਾਲਾਮੇਹਨਤ।੩।

ਕਲਿਝਗੜੇ। ਸਗਲੇਸਾਰੇ। ਫਾਸਾਫਾਹੀ। ਪ੍ਰਭਿਪ੍ਰਭੂ ਨੇ। ਬਿਗਾਸਾਪ੍ਰਸੰਨ।੪।

ਅਰਥ: (ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ। ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ) ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ। (ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ)ਰਹਾਉ।

(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕ੍ਰੋਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ। (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ। ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ। ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ।੨।

ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ। (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ।੩।

ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ। ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ।੪।੧੨।੨੩।

ਸੋਰਠਿ ਮਹਲਾ ੫ ॥ ਕਰਣ ਕਰਾਵਣਹਾਰ ਪ੍ਰਭੁ ਦਾਤਾ ਪਾਰਬ੍ਰਹਮ ਪ੍ਰਭੁ ਸੁਆਮੀ ॥ ਸਗਲੇ ਜੀਅ ਕੀਏ ਦਇਆਲਾ ਸੋ ਪ੍ਰਭੁ ਅੰਤਰਜਾਮੀ ॥੧॥ ਮੇਰਾ ਗੁਰੁ ਹੋਆ ਆਪਿ ਸਹਾਈ ॥ ਸੂਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ॥ ਰਹਾਉ ॥ ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ ਮਾਨੇ ॥ ਗੁਣ ਗਾਵਤ ਆਰਾਧਿ ਨਾਮੁ ਹਰਿ ਆਏ ਅਪੁਨੈ ਥਾਨੇ ॥੨॥ ਜੈ ਜੈ ਕਾਰੁ ਕਰੈ ਸਭ ਉਸਤਤਿ ਸੰਗਤਿ ਸਾਧ ਪਿਆਰੀ ॥ ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ ਪੈਜ ਸਵਾਰੀ ॥੩॥ ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁ ਪਾਇਆ ॥ ਭਇਓ ਕ੍ਰਿਪਾਲੁ ਨਾਨਕ ਪ੍ਰਭੁ ਅਪੁਨਾ ਅਨਦ ਸੇਤੀ ਘਰਿ ਆਇਆ ॥੪॥੧੩॥੨੪॥ {ਪੰਨਾ 615}

ਪਦਅਰਥ: ਕਰਣਹਾਰਸਭ ਕੁਝ ਕਰ ਸਕਣ ਵਾਲਾ। ਕਰਾਵਣਹਾਰ—(ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ। ਦਾਤਾਦਾਤਾਂ ਦੇਣ ਵਾਲਾ। ਸੁਆਮੀਮਾਲਕ। ਜੀਅ—(ਲਫ਼ਜ਼ 'ਜੀਵ' ਤੋਂ ਬਹੁ-ਵਚਨ)ਕੀਏਪੈਦਾ ਕੀਤੇ। ਅੰਤਰਜਾਮੀਹਰੇਕ ਦੇ ਦਿਲ ਦੀ ਜਾਣਨ ਵਾਲਾ।੧।

ਸਹਾਈਮਦਦਗਾਰ। ਸਹਜਆਤਮਕ ਅਡੋਲਤਾ। ਮੰਗਲਖ਼ੁਸ਼ੀਆਂ। ਰਸਸੁਆਦ। ਅਚਰਜਹੈਰਾਨ ਕਰ ਦੇਣ ਵਾਲੀ। ਬਡਾਈਇੱਜ਼ਤ।ਰਹਾਉ।

ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਸਾਚੀਸਦਾ ਕਾਇਮ ਰਹਿਣ ਵਾਲੀ। ਮਾਨੇਆਦਰ ਪਾਂਦੇ ਹਨ। ਆਰਾਧਿਸਿਮਰ ਕੇ। ਅਪੁਨੈ ਥਾਨੇਉਸ ਥਾਂ ਤੇ ਜਿਥੋਂ ਕੋਈ ਵਿਕਾਰ ਭਟਕਣਾ ਵਿਚ ਨਹੀਂ ਪਾ ਸਕਦਾ।੨।

ਜੈ ਜੈਕਾਰੁਵਡਿਆਈ, ਆਦਰਮਾਣ। ਸਭਸਾਰੀ ਲੁਕਾਈ। ਉਸਤਤਿਸੋਭਾ। ਸਾਧਗੁਰੂ। ਸਦਸਦਾ। ਬਲਿਹਾਰਿ ਜਾਉਮੈਂ ਸਦਕੇ ਜਾਂਦਾ ਹਾਂ (ਜਾਉਂ)! ਜਿਨਿਜਿਸ (ਪ੍ਰਭੂ) ਨੇ। ਪੈਜਇੱਜ਼ਤ।੩।

ਗੋਸਟਿਮਿਲਾਪ। ਗਿਆਨੁਆਤਮਕ ਜੀਵਨ ਦੀ ਸੂਝ। ਸੁਣਿਸੁਣ ਕੇ। ਉਧਾਰੇਵਿਕਾਰਾਂ ਤੋਂ ਬਚ ਜਾਂਦੇ ਹਨ। ਜਿਨਿ ਜਿਨਿਜਿਸ ਮਨੁੱਖ ਨੇ। ਸੇਤੀਨਾਲ। ਘਰਿਘਰ ਵਿਚ, ਹਿਰਦੇਘਰ ਵਿਚ।੪।

ਅਰਥ: ਹੇ ਭਾਈ! ਮੇਰਾ ਗੁਰੂ (ਜਿਸ ਮਨੁੱਖ ਦਾ) ਮਦਦਗਾਰ ਆਪ ਬਣਦਾ ਹੈ, ਉਸ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਤੇ ਸੁਆਦ ਉੱਘੜ ਪੈਂਦੇ ਹਨ। ਉਸ ਮਨੁੱਖ ਨੂੰ (ਲੋਕ ਪਰਲੋਕ ਵਿਚ) ਐਸੀ ਇੱਜ਼ਤ ਮਿਲਦੀ ਹੈ ਕਿ ਹੈਰਾਨ ਹੋ ਜਾਈਦਾ ਹੈ।ਰਹਾਉ।

(ਹੇ ਭਾਈ! ਜਿਸ ਮਨੁੱਖ ਦਾ ਸਹਾਈ ਗੁਰੂ ਬਣ ਜਾਂਦਾ ਹੈ, ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ (ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਸਭ ਦਾ ਮਾਲਕ ਹੈ, ਸਾਰੇ ਜੀਵ ਉਸੇ ਦਇਆ-ਦੇ-ਘਰ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਉਹ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ।੧।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਆ ਪੈਂਦੇ ਹਨ, ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਕੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਆਪਣੇ (ਉਸ ਹਿਰਦੇ-) ਥਾਂ ਵਿਚ ਆ ਟਿਕਦੇ ਹਨ (ਜਿਥੋਂ ਕੋਈ ਵਿਕਾਰ ਉਹਨਾਂ ਨੂੰ ਕੱਢ ਕੇ ਭਟਕਣਾ ਵਿਚ ਨਹੀਂ ਪਾ ਸਕਦਾ)੨।

ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਪਿਆਰੀ ਲੱਗਣ ਲੱਗ ਪੈਂਦੀ ਹੈ, ਸਾਰੀ ਲੁਕਾਈ ਉਸ ਦੀ ਵਡਿਆਈ ਕਰਦੀ ਹੈ, ਸੋਭਾ ਕਰਦੀ ਹੈ। ਹੇ ਭਾਈ! ਮੈਂ (ਭੀ) ਆਪਣੇ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਮੈਨੂੰ ਗੁਰੂ ਦੀ ਸਰਨ ਪਾ ਕੇ) ਮੇਰੀ ਇੱਜ਼ਤ ਪੂਰੇ ਤੌਰ ਤੇ ਰੱਖ ਲਈ ਹੈ।੩।

ਹੇ ਭਾਈ! ਜਿਸ ਜਿਸ ਮਨੁੱਖ ਨੇ (ਗੁਰੂ ਦਾ) ਦਰਸਨ ਕੀਤਾ ਹੈ, ਉਹਨਾਂ ਨੂੰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਗਿਆ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ, ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਮਨੁੱਖ (ਵਿਕਾਰਾਂ ਦੇ ਹੱਲਿਆਂ ਤੋਂ) ਬਚ ਗਏ। ਹੇ ਨਾਨਕ! ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਦਇਆਵਾਨ ਹੋਇਆ ਉਹ ਮਨੁੱਖ ਆਤਮਕ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ।੪।੧੩।੨੪।

ਸੋਰਠਿ ਮਹਲਾ ੫ ॥ ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥ ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥੧॥ ਪ੍ਰਭ ਜੀਉ ਤੂ ਮੇਰੋ ਸਾਹਿਬੁ ਦਾਤਾ ॥ ਕਰਿ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥ ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥ ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥ ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥ ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥ ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥ ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥ {ਪੰਨਾ 615-616}

ਪਦਅਰਥ: ਭੈ—{ਲਫ਼ਜ਼ 'ਭਉ' ਤੋਂ ਬਹੁ-ਵਚਨ}ਪੂਰਾਸਾਰੇ ਗੁਣਾਂ ਦਾ ਮਾਲਕ।੧।

ਪ੍ਰਭਹੇ ਪ੍ਰਭੂ! ਸਾਹਿਬੁਮਾਲਕ। ਗਾਵਉਗਾਵਉਂ, ਮੈਂ ਗਾਵਾਂ। ਰੰਗਿਪ੍ਰੇਮਰੰਗ ਵਿਚ। ਰਾਤਾਰੰਗਿਆ ਹੋਇਆ।ਰਹਾਉ।

ਸਤਿਗੁਰਿਗੁਰੂ ਨੇ। ਨਿਧਾਨੁਖ਼ਜ਼ਾਨਾ। ਦ੍ਰਿੜਾਇਆਹਿਰਦੇ ਵਿਚ ਪੱਕਾ ਕਰ ਦਿੱਤਾ। ਕਰਿ ਲੀਨਾਬਣਾ ਲਿਆ। ਮਨਿਮਨ ਵਿਚ।੨।

ਕਉਨੂੰ। ਬਿਘਨੁਰੁਕਾਵਟ। ਰਿਦਹਿਰਦਾ। ਅੰਮ੍ਰਿਤਆਤਮਕ ਜੀਵਨ ਦੇਣ ਵਾਲਾ।੩।

ਸੇਵਕਸੇਵਕਾਂ ਵਾਂਗ। ਜਿਨਿਜਿਸ (ਪ੍ਰਭੂ) ਨੇ। ਇਛਕਾਮਨਾ। ਪੁਜਾਈਪੂਰੀ ਕਰ ਦਿੱਤੀ। ਤਾ ਕੈਉਸ ਤੋਂ। ਪੈਜਇੱਜ਼ਤ। ਪੂਰਨਪੂਰੇ ਤੌਰ ਤੇ।੪।

ਅਰਥ: ਹੇ ਪ੍ਰਭੂ ਜੀ! ਤੂੰ ਮੇਰਾ ਮਾਲਕ ਹੈਂ, ਤੂੰ ਮੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਪ੍ਰੇਮ-ਰੰਗ ਵਿਚ ਰੰਗੀਜ ਕੇ ਤੇਰੇ ਗੁਣ ਗਾਂਦਾ ਰਹਾਂ।ਰਹਾਉ।

ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਕ ਪਰਮਾਤਮਾ ਦਇਆਵਾਨ ਹੁੰਦਾ ਹੈ (ਤੇ, ਉਹ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ) ਪਰਮਾਤਮਾ ਦੀ ਸਰਨ ਪਿਆਂ ਉਸ ਦੇ ਸਾਰੇ ਡਰ ਲਹਿ ਜਾਂਦੇ ਹਨ, ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਉਹ (ਸਦਾ) ਆਤਮਕ ਆਨੰਦ ਮਾਣਦਾ ਹੈ।੧।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ-ਨਾਮ ਪੱਕਾ ਕਰ ਦਿੱਤਾ, ਉਸ ਦੀ ਸਾਰੀ ਚਿੰਤਾ ਦੂਰ ਹੋ ਗਈ। ਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ।੨।

ਹੇ ਭਾਈ! ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ। ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ।੩।

ਹੇ ਭਾਈ! ਜਿਸ ਪਰਮਾਤਮਾ ਨੇ (ਹਰ ਵੇਲੇ) ਤੇਰੇ ਮਨ ਦੀ (ਹਰੇਕ) ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰਦਾ ਰਹੁ। ਹੇ ਦਾਸ ਨਾਨਕ! (ਆਖ-) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਵਿਘਨਾਂ ਦੇ ਟਾਕਰੇ ਤੇ ਹਰ ਵੇਲੇ) ਪੂਰੇ ਤੌਰ ਤੇ ਇੱਜ਼ਤ ਰੱਖੀ ਹੈ।੪।੧੪।੨੫।

TOP OF PAGE

Sri Guru Granth Darpan, by Professor Sahib Singh