ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 612

ਸੋਰਠਿ ਮਹਲਾ ੫ ਘਰੁ ੨ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ਇਹੁ ਮਨੁ ਤੇਰਾ ਭਾਈ ॥ ਰਹਾਉ ॥ ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ {ਪੰਨਾ 612}

ਨੋਟ: ਇਥੋਂ 'ਘਰੁ ੨' ਦੇ ਸ਼ਬਦ ਸ਼ੁਰੂ ਹੁੰਦੇ ਹਨ। ਪਹਿਲੇ ਸ਼ਬਦਾਂ ਦਾ ਸੰਗ੍ਰਹ ੧੧ ਹੈ।

ਪਦਅਰਥ: ਗੁਰ ਹਾਈਗੁਰਭਾਈ। ਮੀਤਾਹੇ ਮਿੱਤਰ! ਜੀਉਜਿੰਦ। ਬਲਿ ਜਾਸੀਸਦਕੇ ਜਾਵੇਗੀ।੧।

ਕਉਤੋਂ। ਬਲਿ ਜਾਈਜਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਭਾਈਹੇ ਭਾਈ!ਰਹਾਉ।

ਪਾਵ—{ਲਫ਼ਜ਼ 'ਪਾਉ' ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਾਮਲੋਵਾਂ, ਮੈਂ ਮਲਾਂਗਾ। ਮਲਿਮਲ ਕੇ। ਧੋਵਾਧੋਵਾਂ, ਮੈਂ ਧੋਵਾਂਗਾ। ਤੈ ਕੂਤੈਨੂੰ। ਦੇਸਾਦੇਸਾਂ, ਮੈਂ ਦਿਆਂਗਾ। ਹਉਮੈਂ। ਪ੍ਰਭ ਮਿਲਉਮੈਂ ਪ੍ਰਭੂ ਨੂੰ ਮਿਲ ਪਵਾਂ, ਮਿਲਉਂ।੨।

ਮਾਨੁਅਹੰਕਾਰ। ਕੀਜੈਕਰਨਾ ਚਾਹੀਦਾ। ਪਰੀਜੈਪੈਣਾ ਚਾਹੀਦਾ ਹੈ। ਪਿੰਡੁਸਰੀਰ। ਅਰਪੀਜੈਭੇਟ ਕਰ ਦੇਣਾ ਚਾਹੀਦਾ ਹੈ। ਇਉਇਉਂ, ਇਸ ਤਰ੍ਹਾਂ।੩।

ਅਨੁਗ੍ਰਹੁਮੇਹਰ, ਕਿਰਪਾ। ਪ੍ਰਸਾਦਿਕਿਰਪਾ ਨਾਲ। ਗੁਰਿਗੁਰੂ ਨੇ। ਅਕੁਲਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨੁ—{ਨਿਰਅੰਜਨੁ। ਅੰਜਨੁਸੁਰਮਾ, ਮਾਇਆ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਰਹਿਤ।੪।

ਜ਼ਰੂਰੀ ਨੋਟ: ਇਸ ਸ਼ਬਦ ਵਿਚ ਇਕ ਜਿਗਿਆਸੂ ਪਾਸੋਂ ਸਵਾਲ ਕਰਾ ਕੇ, ਤੇ, ਕਿਸੇ ਗੁਰਮੁਖਿ ਪਾਸੋਂ ਉੱਤਰ ਦਿਵਾ ਕੇ ਪਰਮਾਤਮਾ ਦੇ ਮਿਲਾਪ ਦੀ ਜੁਗਤੀ ਦੱਸੀ ਗਈ ਹੈ।

ਅਰਥ: ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ (ਤੇਰੇ ਚਰਨਾਂ ਦੀ) ਧੂੜ ਤੋਂ ਕੁਰਬਾਨ ਜਾਂਦਾ ਹਾਂ। ਹੇ ਭਰਾ! (ਮੈਂ ਆਪਣਾ) ਇਹ ਮਨ ਤੇਰਾ (ਆਗਿਆਕਾਰ ਬਣਾਣ ਨੂੰ ਤਿਆਰ ਹਾਂ)ਰਹਾਉ।

ਹੇ ਮਿੱਤਰ! (ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਫਿਰ,) ਤੂੰ ਮੇਰਾ ਗੁਰਭਾਈ (ਭੀ) ਹੈਂ। ਮੈਨੂੰ ਪਰਮਾਤਮਾ ਦਾ ਦਰਸਨ ਕਰਾ ਦੇਹ। ਮੇਰੀ ਜਿੰਦ ਤੈਥੋਂ ਮੁੜ ਮੁੜ ਸਦਕੇ ਜਾਇਆ ਕਰੇਗੀ।੧।

ਹੇ ਮਿੱਤਰ! ਮੈਂ (ਤੇਰੇ ਦੋਵੇਂ) ਪੈਰ ਮਲਾਂਗਾ, (ਇਹਨਾਂ ਨੂੰ) ਮਲ ਮਲ ਕੇ ਧੋਵਾਂਗਾ, ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰ ਦਿਆਂਗਾ। ਹੇ ਮਿੱਤਰ! (ਮੇਰੀ ਬੇਨਤੀ) ਸੁਣ। ਮੈਂ ਤੇਰੀ ਸ਼ਰਨ ਆਇਆ ਹਾਂ। ਮੈਨੂੰ (ਅਜੇਹਾ) ਉਪਦੇਸ਼ ਦੇਹ (ਕਿ) ਮੈਂ ਪ੍ਰਭੂ ਨੂੰ ਮਿਲ ਸਕਾਂ।੨।

{ਨੋਟ: ਗੁਰਮੁਖਿ ਪ੍ਰਭੂ-ਮਿਲਾਪ ਦੀ ਜੁਗਤਿ ਦੱਸਦਾ ਹੈ}

ਹੇ ਮਿੱਤਰ! ਸੁਣ। (ਕਿਸੇ ਕਿਸਮ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ, ਪ੍ਰਭੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ। ਜੋ ਕੁਝ ਪਰਮਾਤਮਾ ਕਰ ਰਿਹਾ ਹੈ, ਉਸ ਨੂੰ ਭਲਾ ਕਰ ਕੇ ਮੰਨਣਾ ਚਾਹੀਦਾ ਹੈ। ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਦੀ ਭੇਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਲੱਭ ਲਈਦਾ ਹੈ।੩।

ਹੇ ਮਿੱਤਰ! ਸੰਤ ਜਨਾਂ ਦੀ ਕਿਰਪਾ ਨਾਲ (ਜਿਸ ਮਨੁੱਖ ਉਤੇ ਪ੍ਰਭੂ ਦੀ) ਮੇਹਰ ਹੋਵੇ ਉਸ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। (ਹੇ ਮਿੱਤਰ!) ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਤਾਂ (ਨਾਨਕ ਨੂੰ) ਹਰ ਥਾਂ ਉਹ ਪ੍ਰਭੂ ਦਿੱਸਣ ਲੱਗ ਪਿਆ, ਜਿਸ ਦੀ ਕੋਈ ਖ਼ਾਸ ਕੁਲ ਨਹੀਂ, ਤੇ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।੪।੧।੧੨।

ਸੋਰਠਿ ਮਹਲਾ ੫ ॥ ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥ ਹਰਿ ਆਰਾਧਿ ਨ ਜਾਨਾ ਰੇ ॥ ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥ ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥ ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ {ਪੰਨਾ 612}

ਪਦਅਰਥ: ਬ੍ਰਹਮੰਡਸ੍ਰਿਸ਼ਟੀ। ਕੋਦਾ। ਠਾਕੁਰੁਪਾਲਣਹਾਰ। ਰੇਹੇ ਭਾਈ! ਸਾਰਿਸਾਰ ਲੈ ਕੇ। ਸਮਾਲੈਸੰਭਾਲ ਕਰਦਾ ਹੈ। ਮੂਰਖਿਮੂਰਖ ਨੇ।੧।

ਆਰਾਧਿ ਨ ਜਾਨਾ—(ਮੈਂ) ਆਰਾਧਨਾ ਕਰਨੀ ਨਹੀਂ ਸਮਝੀ। ਕਰਤਾਕਰਦਾ ਹਾਂ। ਰੇਹੇ ਭਾਈ! ਹਰਿ ਜੀਉਹੇ ਪ੍ਰਭੂ ਜੀ! ਪਰਿਓਪੈ ਗਿਆ ਹੈ। ਰਾਮ ਦਾਸੁਰਾਮ ਦਾ ਦਾਸ।ਰਹਾਉ।

ਸੁਖ ਸਾਗਰਸੁਖਾਂ ਦਾ ਸਮੁੰਦਰ। ਭਰਪੂਰੀਵਿਆਪਕ। ਸਰਬ ਘਟਾਸਾਰੇ ਸਰੀਰਾਂ ਵਿਚ। ਸੰਗੇਨਾਲ ਹੀ।੨।

ਹਉਮੈਂ। ਮਿਤਿਹੱਦਬੰਦੀ। ਕਰਿਕਰ ਕੇ। ਵਰਨਉਵਰਨਉਂ, ਮੈਂ ਬਿਆਨ ਕਰਦਾ ਹਾਂ। ਕਿਆ ਜਾਨਾਮੈਂ ਕੀਹ ਜਾਣਦਾ ਹਾਂ? ਕਰਉਕਰਉਂ। ਮੈ ਮੂਰਖਮੈਨੂੰ ਮੂਰਖ ਨੂੰ।੩।

ਕੇਤਕ ਬਾਤ ਹੈਕੋਈ ਵੱਡੀ ਗੱਲ ਨਹੀਂ। ਕੋਟਿਕ੍ਰੋੜਾਂ। ਜਿਨਜਿਨ੍ਹਾਂ ਨੇ। ਗਰਭਾਸਿਗਰਭਆਸ਼ੈ ਵਿਚ, ਗਰਭਜੋਨਿ ਵਿਚ।੪।

ਅਰਥ: ਹੇ ਭਾਈ! ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ। ਮੈਂ (ਤਾਂ ਜ਼ਬਾਨੀ ਜ਼ਬਾਨੀ ਹੀ) 'ਹਰੀ ਹਰੀ', 'ਗੁਰੂ ਗੁਰੂ' ਕਰਦਾ ਰਹਿੰਦਾ ਹਾਂ। ਹੇ ਪ੍ਰਭੂ ਜੀ! ਮੇਰਾ ਨਾਮ "ਰਾਮ ਦਾ ਦਾਸ" ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖ, ਤੇ, ਭਗਤੀ ਦੀ ਦਾਤਿ ਦੇਹ)ਰਹਾਉ।

ਹੇ ਭਾਈ! ਮੈਂ ਮੂਰਖ ਨੇ ਉਸ ਪਰਮਾਤਮਾ ਦਾ ਇੱਕ ਭੀ ਉਪਕਾਰ ਨਹੀਂ ਸਮਝਿਆ, ਜੇਹੜਾ ਕ੍ਰੋੜਾਂ ਬ੍ਰਹਮੰਡਾਂ ਦਾ ਪਾਲਣਹਾਰ ਮਾਲਕ ਹੈ, ਜੇਹੜਾ ਸਾਰੇ ਜੀਵਾਂ ਨੂੰ (ਰਿਜ਼ਕ ਆਦਿਕ) ਦਾਤਾਂ ਦੇਣ ਵਾਲਾ ਹੈ, ਜੇਹੜਾ (ਸਭ ਜੀਵਾਂ ਨੂੰ) ਪਾਲਦਾ ਹੈ, ਸਦਾ (ਸਭ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ।੧।

ਹੇ ਭਾਈ! ਮੈਂ ਮੂਰਖ ਉਸ ਪਰਮਾਤਮਾ ਨੂੰ ਕਿਤੇ ਦੂਰ-ਵੱਸਦਾ ਸਮਝ ਰਿਹਾ ਹਾਂ ਜੇਹੜਾ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਦਇਆ ਦਾ ਘਰ ਹੈ, ਜੇਹੜਾ ਸੁਖਾਂ ਦਾ ਸਮੁੰਦਰ ਹੈ, ਜੇਹੜਾ ਸਾਰੇ ਸਰੀਰਾਂ ਵਿਚ ਹਰ ਥਾਂ ਮੌਜੂਦ ਹੈ, ਜੇਹੜਾ ਸਭ ਜੀਵਾਂ ਦੇ ਅੰਗ-ਸੰਗ ਰਹਿ ਕੇ ਸਭਨਾਂ ਦੇ ਕਰਮ ਵੇਖਦਾ ਹੈ ਤੇ (ਸਭ ਦੀਆਂ ਅਰਜ਼ੋਈਆਂ) ਸੁਣਦਾ ਰਹਿੰਦਾ ਹੈ।੨।

ਹੇ ਭਾਈ! ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਰ ਮੈਂ ਉਸ ਦੇ ਗੁਣਾਂ ਨੂੰ ਹੱਦ-ਬੰਦੀ ਵਿਚ ਲਿਆ ਕੇ ਬਿਆਨ ਕਰਦਾ ਹਾਂ। ਮੈਂ ਕੀਹ ਜਾਣ ਸਕਦਾ ਹਾਂ ਕਿ ਉਹ ਪਰਮਾਤਮਾ ਕਿਹੋ ਜਿਹਾ ਹੈ? ਹੇ ਭਾਈ! ਮੈਂ ਆਪਣੇ ਗੁਰੂ ਦੇ ਪਾਸ ਬੇਨਤੀ ਕਰਦਾ ਹਾਂ ਕਿ ਮੈਨੂੰ ਮੂਰਖ ਨੂੰ ਸਿੱਖਿਆ ਦੇਵੇ।੩।

ਹੇ ਭਾਈ! ਮੈਨੂੰ ਮੂਰਖ ਨੂੰ ਪਾਰ ਲੰਘਾਣਾ (ਗੁਰੂ ਵਾਸਤੇ) ਕੋਈ ਵੱਡੀ ਗੱਲ ਨਹੀਂ (ਉਸ ਦੇ ਦਰ ਤੇ ਆ ਕੇ ਤਾਂ) ਕ੍ਰੋੜਾਂ ਪਾਪੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਰਹੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨਾਨਕ (ਦੇ ਉਪਦੇਸ਼) ਨੂੰ ਸੁਣਿਆ ਹੈ ਗੁਰੂ ਨਾਨਕ ਦਾ ਦਰਸ਼ਨ ਕੀਤਾ ਹੈ, ਉਹ ਮੁੜ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ।੪।੨।੧੩।

ਸੋਰਠਿ ਮਹਲਾ ੫ ॥ ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥ ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥ ਦੇਖਹੁ ਅਚਰਜੁ ਭਇਆ ॥ ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥ ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥ ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥ ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥ {ਪੰਨਾ 612}

ਪਦਅਰਥ: ਕੋਦਾ। ਜਿਨਾ ਬਾਤ ਕੋਜਿਨ੍ਹਾਂ ਗੱਲਾਂ ਦਾ। ਅੰਦੇਸਰੋਚਿੰਤਾਫ਼ਿਕਰ। ਤੇ ਸਭਿਉਹ ਸਾਰੀਆਂ ਗੱਲਾਂ। ਸਹਜਆਤਮਕ ਅਡੋਲਤਾ। ਸੈਨਲੀਨਤਾ। ਸਹਜ ਸੈਨਆਤਮਕ ਅਡੋਲਤਾ ਵਿਚ ਲੀਨਤਾ। ਸੁਖਮਨਮਨ ਨੂੰ ਸੁਖ ਦੇਣ ਵਾਲੀਆਂ। ਨਾਰੀਨਾਰੀਆਂ, ਇੰਦ੍ਰੀਆਂ। ਊਧਉਲਟਾ। ਬਿਗਸਇਆਖਿੜ ਪਿਆ ਹੈ।੧।

ਅਚਰਜੁਅਨੋਖਾ ਤਮਾਸ਼ਾ। ਜਿਹ ਕਉਜਿਸ ਨੂੰ। ਅਗਾਧਿਅਥਾਹ, ਬਹੁਤ ਹੀ ਡੂੰਘਾ। ਬੋਧਿਅਕਲ ਦੀ ਰਾਹੀਂ। ਅਗਾਧਿ ਬੋਧਿਸਮਝ ਲਈ ਅਥਾਹ। ਰਿਦੈਹਿਰਦੇ ਵਿਚ। ਗੁਰਿਗੁਰੂ ਨੇ।ਰਹਾਉ।

ਜੋਇ ਦੂਤਜੇਹੜੇ ਵੈਰੀ। ਮੋਹਿਮੈਨੂੰ। ਤੇ—{ਬਹੁ-ਵਚਨ} ਉਹ। ਭਇਆਨਕਭੈਭੀਤ। ਕਰਹਿਕਰਦੇ ਹਨ। ਤੇਤੋਂ। ਰਾਖੁਬਚਾ ਲੈ।੨।

ਜਹਜਿੱਥੇ, ਜਿਸ ਅਵਸਥਾ ਵਿਚ। ਭੰਡਾਰੁਖ਼ਜ਼ਾਨਾ। ਜਿਹਜਿਸ ਨੂੰ। ਤਿਹਉਸ ਨੇ।੩।

ਗੁਰਿਗੁਰੂ ਨੇ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਅਟਲੁਅਡੋਲ। ਅਮਰੁਆਤਮਕ ਮੌਤ ਤੋਂ ਬਚਿਆ ਹੋਇਆ। ਨ ਮੁਆਨਹੀਂ ਮਰਦਾ, ਆਤਮਕ ਮੌਤ ਨੇੜੇ ਨਹੀਂ ਢੁਕਦੀ। ਭੰਡਾਰਖ਼ਜ਼ਾਨੇ। ਕਉਨੂੰ। ਲੇਖਾਕਰਮਾਂ ਦਾ ਹਿਸਾਬ। ਮੂਲਿ ਨਬਿਲਕੁਲ ਨਹੀਂ।੪।

ਅਰਥ: ਹੇ ਭਾਈ! ਵੇਖੋ (ਮੇਰੇ ਅੰਦਰ) ਇਕ ਅਨੋਖਾ ਕੌਤਕ ਵਰਤਿਆ ਹੈ। ਗੁਰੂ ਨੇ (ਮੈਨੂੰ ਮੇਰੇ) ਹਿਰਦੇ ਵਿਚ ਉਹ ਪਰਮਾਤਮਾ (ਵਿਖਾ) ਦਿੱਤਾ ਹੈ ਜਿਸ ਦੀ ਬਾਬਤ ਸੁਣਦੇ ਸਾਂ ਕਿ ਉਹ ਮਨੁੱਖਾ ਸਮਝ ਤੋਂ ਬਹੁਤ ਪਰੇ ਹੈ।ਰਹਾਉ।

ਹੇ ਭਾਈ! ਜਿਨ੍ਹਾਂ ਗੱਲਾਂ ਦਾ ਮੈਨੂੰ ਬਹੁਤ ਚਿੰਤਾ-ਫ਼ਿਕਰ ਲੱਗਾ ਰਹਿੰਦਾ ਸੀ (ਗੁਰੂ ਦੀ ਕਿਰਪਾ ਨਾਲ) ਉਹ ਸਾਰੇ ਚਿੰਤਾ-ਫ਼ਿਕਰ ਮਿਟ ਗਏ ਹਨ। ਮੇਰਾ ਪੁੱਠਾ ਪਿਆ ਹੋਇਆ ਹਿਰਦਾ-ਕੌਲ ਫੁੱਲ ਖਿੜ ਪਿਆ ਹੈ, ਆਤਮਕ ਅਡੋਲਤਾ ਵਿਚ ਮੇਰੀ ਲੀਨਤਾ ਹੋਈ ਰਹਿੰਦੀ ਹੈ, ਅਤੇ, ਮੇਰੀਆਂ ਸਾਰੀਆਂ ਇੰਦ੍ਰੀਆਂ ਹੁਣ ਮੇਰੇ ਮਨ ਨੂੰ ਆਤਮਕ ਸੁਖ ਦੇਣ ਵਾਲੀਆਂ ਹੋ ਗਈਆਂ ਹਨ।੧।

ਹੇ ਭਾਈ! ਜੇਹੜੇ (ਕਾਮਾਦਿਕ) ਵੈਰੀ ਮੈਨੂੰ ਬਹੁਤ ਸਤਾਇਆ ਕਰਦੇ ਸਨ, ਉਹ ਹੁਣ (ਮੇਰੇ ਨੇੜੇ ਢੁਕਣੋਂ) ਡਰਦੇ ਹਨ, ਉਹ ਸਗੋਂ ਤਰਲੇ ਕਰਦੇ ਹਨ ਕਿ ਅਸੀ ਹੁਣ ਤੇਰੇ ਅਧੀਨ ਹੋ ਕੇ ਰਹਾਂਗੇ, ਸਾਨੂੰ ਮਾਲਕ-ਪ੍ਰਭੂ (ਦੀ ਕ੍ਰੋੋਪੀ) ਤੋਂ ਬਚਾ ਲੈ।੨।

ਹੇ ਭਾਈ! (ਮੇਰੇ ਅੰਦਰ ਉਹ ਕੌਤਕ ਅਜੇਹਾ ਵਰਤਿਆ ਹੈ) ਕਿ ਉਸ ਅਵਸਥਾ ਵਿਚ ਪਰਮਾਤਮਾ (ਦੀ ਭਗਤੀ) ਦਾ ਖ਼ਜ਼ਾਨਾ (ਮੇਰੇ ਅੰਦਰ) ਖੁਲ੍ਹ ਪਿਆ ਹੈ। ਪਰ (ਹੇ ਭਾਈ! ਇਹ ਖ਼ਜ਼ਾਨਾ) ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ। ਹੇ ਭਾਈ! ਗੁਰੂ ਨੇ ਮੈਨੂੰ (ਪਰਮਾਤਮਾ ਦਾ ਨਾਮ) ਇਕ ਐਸਾ ਰਤਨ ਦੇ ਦਿੱਤਾ ਹੈ ਕਿ (ਉਸ ਦੀ ਬਰਕਤਿ ਨਾਲ) ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ, ਮੇਰਾ ਸਰੀਰ ਸ਼ਾਂਤ ਹੋ ਗਿਆ ਹੈ।੩।

ਹੇ ਭਾਈ! ਗੁਰੂ ਨੇ ਮੈਨੂੰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਇਕ ਬੂੰਦ ਦਿੱਤੀ ਹੈ, ਹੁਣ ਮੇਰਾ ਆਤਮਾ (ਵਿਕਾਰਾਂ ਵਲੋਂ) ਅਡੋਲ ਹੋ ਗਿਆ ਹੈ, ਆਤਮਕ ਮੌਤ ਤੋਂ ਮੈਂ ਬਚ ਗਿਆ ਹਾਂ, ਆਤਮਕ ਮੌਤ ਮੇਰੇ ਨੇੜੇ ਨਹੀਂ ਢੁਕਦੀ। ਹੇ ਭਾਈ! (ਜਦੋਂ ਤੋਂ) ਗੁਰੂ ਨੇ ਨਾਨਕ ਨੂੰ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਬਖ਼ਸ਼ ਦਿੱਤੇ ਹਨ, ਉਸ ਤੋਂ ਪਿੱਛੋਂ ਕੀਤੇ ਕਰਮਾਂ ਦਾ ਹਿਸਾਬ ਉੱਕਾ ਹੀ ਨਹੀਂ ਮੰਗਿਆ।੪।੩।੧੪।

TOP OF PAGE

Sri Guru Granth Darpan, by Professor Sahib Singh