ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 611

ਸੋਰਠਿ ਮਹਲਾ ੫ ॥ ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥ ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥੧॥ ਮੇਰੇ ਮਨ ਸਾਧ ਸਰਣਿ ਛੁਟਕਾਰਾ ॥ ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥ ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥ ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥ ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥ ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥ ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥ ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥ {ਪੰਨਾ 611}

ਪਦਅਰਥ: ਸਮਗ੍ਰੀਰਚਨਾ, ਦੁਨੀਆ। ਮੋਹਿਮੋਹ ਵਿਚ। ਵਿਆਪੀਫਸੀ ਹੋਈ ਹੈ। ਕਬਕਦੇ। ਸੁਧੁਪਵਿੱਤ੍ਰ। ਕਾਹੂ ਜਤਨਾਕਿਸੇ ਭੀ ਜਤਨ ਨਾਲ। ਓੜਕਿਅਖ਼ੀਰ ਤਕ, ਸਿਰੇ ਤਕ, ਪ੍ਰਭੂ ਤਕ। ਕੋਕੋਈ ਭੀ।੧।

ਮਨਹੇ ਮਨ! ਛੁਟਕਾਰਾਮੋਹ ਤੋਂ ਖ਼ਲਾਸੀ। ਸਾਧਗੁਰੂ। ਨ ਰਹਈਨਹੀਂ ਮੁੱਕਦਾ। ਬਾਰੋ ਬਾਰਾਮੁੜ ਮੁੜ।ਰਹਾਉ।

ਭਰਮੁਭਟਕਣਾ। ਭੁਲਾਵਾਭੁਲੇਖਾ। ਤਿਨ ਮਹਿਉਹਨਾਂ (ਭਰਮ ਭੁਲਾਵਿਆਂ) ਵਿਚ। ਪੁਰਖਸਰਬਵਿਆਪਕ। ਥੋਕਪਦਾਰਥ। ਤੇਤੋਂ। ਨਿਆਰਾਵੱਖਰਾ।੨।

ਨਿੰਦਉਨਿੰਦਉਂ, ਮੈਂ ਨਿੰਦਦਾ। ਕਾਹੂ ਬਾਤੈਕਿਸੇ ਭੀ ਗੱਲੇ। ਏਹੁਇਹ (ਸੰਸਾਰ)ਪ੍ਰਭਿਪ੍ਰਭੂ ਨੇ। ਮਿਲਿਮਿਲ ਕੇ।੩।

ਨਹੀ ਤਰੀਐਪਾਰ ਨਹੀਂ ਲੰਘ ਸਕੀਦਾ। ਤਤੁਅਸਲੀਅਤ।੪।

ਅਰਥ: ਹੇ ਮੇਰੇ ਮਨ! ਗੁਰੂ ਦੀ ਸਰਨ ਪਿਆਂ ਹੀ (ਮੋਹ ਤੋਂ) ਖ਼ਲਾਸੀ ਹੋ ਸਕਦੀ ਹੈ। ਪੂਰੇ ਗੁਰੂ ਤੋਂ ਬਿਨਾ (ਜੀਵ ਦਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ, (ਜੀਵ) ਮੁੜ ਮੁੜ (ਜਗਤ ਵਿਚ) ਆਉਂਦਾ ਰਹਿੰਦਾ ਹੈ।ਰਹਾਉ।

ਹੇ ਭਾਈ! ਸਾਰੀ ਦੁਨੀਆ ਮੋਹ ਵਿਚ ਫਸੀ ਹੋਈ ਹੈ (ਇਸ ਦੇ ਕਾਰਨ) ਕਦੇ (ਜੀਵ) ਅਹੰਕਾਰ ਵਿਚ ਆ ਜਾਂਦੇ ਹਨ, ਕਦੇ ਘਬਰਾਹਟ ਵਿਚ ਪੈ ਜਾਂਦੇ ਹਨ। ਆਪਣੇ ਕਿਸੇ ਭੀ ਜਤਨ ਨਾਲ (ਮੋਹ ਦੀ ਮੈਲ ਤੋਂ) ਪਵਿਤ੍ਰ ਨਹੀਂ ਹੋ ਸਕੀਦਾ। ਕੋਈ ਭੀ ਮਨੁੱਖ (ਆਪਣੇ ਜਤਨ ਨਾਲ ਮੋਹ ਦੇ) ਪਾਰਲੇ ਬੰਨੇ ਨਹੀਂ ਪਹੁੰਚ ਸਕਦਾ।੧।

ਜਿਸ ਮਾਨਸਕ ਹਾਲਤ ਨੂੰ 'ਭਰਮ ਭੁਲਾਵਾ' ਆਖੀਦਾ ਹੈ, ਸਾਰਾ ਜਗਤ ਉਹਨਾਂ (ਭਰਮ ਭੁਲਾਵਿਆਂ ਵਿਚ) ਫਸਿਆ ਪਿਆ ਹੈ। ਪਰੰਤੂ ਸਰਬ-ਵਿਆਪਕ ਮਾਲਕ-ਪ੍ਰਭੂ ਦਾ ਪੂਰਨ ਭਗਤ (ਦੁਨੀਆ ਦੇ) ਸਾਰੇ ਪਦਾਰਥਾਂ (ਦੇ ਮੋਹ) ਤੋਂ ਵੱਖਰਾ ਰਹਿੰਦਾ ਹੈ।੨।

ਫਿਰ ਭੀ, ਹੇ ਭਾਈ! ਇਹ ਸਾਰਾ ਜਗਤ ਮਾਲਕ-ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਮੈਂ ਇਸ ਨੂੰ ਕਿਸੇ ਗੱਲੇ ਭੀ ਮਾੜਾ ਨਹੀਂ ਆਖ ਸਕਦਾ। ਹਾਂ, ਜਿਸ ਮਨੁੱਖ ਉਤੇ ਮੇਰੇ ਪ੍ਰਭੂ ਨੇ ਮੇਹਰ ਕਰ ਦਿੱਤੀ, ਉਹ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਤੇ, ਮੋਹ ਤੋਂ ਬਚ ਨਿਕਲਦਾ ਹੈ)੩।

ਹੇ ਨਾਨਕ! ਆਖ-ਅਸਾਂ ਇਹ ਪੂਰੀ ਅਸਲੀਅਤ ਵਿਚਾਰ ਲਈ ਹੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ। (ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ) ਪਰਮਾਤਮਾ ਦਾ ਰੂਪ ਗੁਰੂ ਉਹਨਾਂ ਸਭਨਾਂ ਦਾ ਪਾਰ-ਉਤਾਰਾ ਕਰ ਦੇਂਦਾ ਹੈ।੪।੮।

ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗਪਾਲਾ ॥੪॥੧੦॥ {ਪੰਨਾ 611}

ਪਦਅਰਥ: ਖੋਜਤਖੋਜਦਿਆਂ। ਖੋਜਿਖੋਜ ਕੇ। ਤਤੁਅਸਲੀਅਤ। ਸਾਰਾਸ੍ਰੇਸ਼ਟ। ਕਿਲਬਿਖਪਾਪ। ਨਿਮਖਅੱਖ ਝਮਕਣ ਜਿਤਨਾ ਸਮਾ। ਗੁਰਮੁਖਿਗੁਰੂ ਦੀ ਸ਼ਰਨ ਪੈ ਕੇ।੧।

ਪੁਰਖ ਗਿਆਨੀਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! ਸੁਣਿ ਸੁਣਿਮੁੜ ਮੁੜ ਸੁਣ ਕੇ। ਤ੍ਰਿਪਤਿਰਜੇਵਾਂ, ਸੰਤੋਖ। ਸਾਧੂਗੁਰੂ। ਅੰਮ੍ਰਿਤ ਬਾਨੀਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ।ਰਹਾਉ।

ਮੁਕਤਿ—(ਮਾਇਆ ਦੇ ਮੋਹ ਤੋਂ) ਖ਼ਲਾਸੀ। ਭੁਗਤਿ—(ਆਤਮਾ ਦੀ) ਖ਼ੁਰਾਕ। ਜੁਗਤਿਜੀਊਣ ਦਾ ਸੁਚੱਜਾ ਢੰਗ। ਸਚੁਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਕਉਨੂੰ। ਪੂਰਨਸਰਬਵਿਆਪਕ। ਬਿਧਾਤਾਕਰਤਾਰ।੨।

ਸ੍ਰਵਣੀਕੰਨਾਂ ਨਾਲ। ਰਸਨਾਜੀਭ (ਨਾਲ)ਸੋਈਉਹ (ਪ੍ਰਭੂ) ਹੀ। ਕਰਣ ਕਾਰਣਜਗਤ ਦਾ ਮੂਲ। ਜਾ ਤੇਜਿਸ ਤੋਂ, ਜਿਸ (ਦੇ ਦਰ) ਤੋਂ। ਬ੍ਰਿਥਾਖ਼ਾਲੀ।੩।

ਭਾਗਿਕਿਸਮਤ ਨਾਲ। ਕਿਰਪਾਲਾਹੇ ਕਿਰਪਾਲ! ਗਾਵੈਗਾਉਂਦਾ ਰਹੇ। ਪਾਲਾ—{ਅਸਲ ਲਫ਼ਜ਼ 'ਗੋਪਾਲਾ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ} ਹੇ ਗੁਪਾਲ!੪।

ਅਰਥ: ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ।ਰਹਾਉ।

ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।੧।

ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ।੨।

ਹੇ ਭਾਈ! ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪ੍ਰਭੂ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ, ਉਸ (ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ।੩।

ਹੇ ਗੋਪਾਲ! ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ।੪।੧੦।

ਸੋਰਠਿ ਮਹਲਾ ੫ ॥ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥ ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥ ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥ ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥ {ਪੰਨਾ 611}

ਪਦਅਰਥ: ਕਰਿਕਰ ਕੇ। ਸਿਮਰਿਸਿਮਰ ਕੇ। ਅਰੋਗਾਨਰੋਏ। ਕੋਟਿਕ੍ਰੋੜਾਂ। ਬਿਘਨ—(ਜ਼ਿੰਦਗੀ ਦੇ ਰਾਹ ਵਿਚ) ਰੁਕਾਵਟਾਂ। ਪ੍ਰਗਟੇਉੱਘੜ ਪੈਂਦੇ ਹਨ। ਭਲੇ ਸੰਜੋਗਾਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ।੧।

ਪ੍ਰਭ ਬਾਣੀਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸੁਭਾਖਿਆਸੋਹਣਾ ਉਚਾਰਿਆ ਹੋਇਆ। ਭਾਈਹੇ ਭਾਈ! ਤੂਤੈਨੂੰ। ਗੁਰ ਪੂਰੈਪੂਰੇ ਗੁਰੂ ਨੇ। ਰਾਖਿਆ—(ਜੀਵਨਵਿਘਨਾਂ ਤੋਂ) ਬਚਾ ਲਿਆ।ਰਹਾਉ।

ਸਾਚਾਸਦਾ ਕਾਇਮ ਰਹਿਣ ਵਾਲਾ। ਅਮਿਤਿ—{ਮਿਤਿਮਾਪ, ਹੱਦ} ਜਿਸ ਦੀ ਮਿਣਤੀ ਦੱਸੀ ਨਾਹ ਜਾ ਸਕੇ। ਵਛਲਪਿਆਰ ਕਰਨ ਵਾਲਾ। ਪੈਜਇੱਜ਼ਤ। ਆਦਿਸ਼ੁਰੂ ਤੋਂ। ਬਿਰਦੁਮੁੱਢਕਦੀਮਾਂ ਦਾ ਸੁਭਾਉ।੨।

ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਭੁੰਚਹੁਖਾਵੋ। ਮੁਖਿਮੂੰਹ ਵਿਚ। ਜਰਾ—(ਆਤਮਕ ਜੀਵਨ ਨੂੰ) ਬੁਢੇਪਾ। ਮਰਾਮੌਤ। ਤਾਪੁਦੁੱਖ ਕਲੇਸ਼।੩।

ਸੁਆਮੀ ਮੇਰੈਮੇਰੇ ਮਾਲਕ ਨੇ। ਸਰਬ ਕਲਾਸਾਰੀ ਤਾਕਤ, ('ਕੋਟਿ ਬਿਘਨ' ਦਾ ਟਾਕਰਾ ਕਰਨ ਲਈ) ਸਾਰੀ ਸ਼ਕਤੀ। ਬਣਿ ਆਈਪੈਦਾ ਹੋ ਜਾਂਦੀ ਹੈ। ਸਗਲੇ ਜੁਗ ਅੰਤਰਿਸਾਰੇ ਜੁਗਾਂ ਵਿਚ, ਸਦਾ ਹੀ। ਗੁਰ ਨਾਨਕ ਕੀਹੇ ਨਾਨਕ! ਗੁਰੂ ਦੀ।੪।

ਅਰਥ: ਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੈ। (ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ।ਰਹਾਉ।

(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ।੧।

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ, ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ।੨।

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ। ਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ।੩।

ਹੇ ਭਾਈ! (ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ।੪।੧੧।

TOP OF PAGE

Sri Guru Granth Darpan, by Professor Sahib Singh