ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 606

ਸੋਰਠਿ ਮਹਲਾ ੪ ॥ ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥ ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥ ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥ ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥ ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥ ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥ ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥ ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥ ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥ ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥ ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥ ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥ ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥ {ਪੰਨਾ 606}

ਪਦਅਰਥ: ਕਰਿਕਰ ਕੇ, ਬਣਾ ਕੇ। ਚਾਨਾਣੁਚਨਾਣ। ਤਾਣੁਸਹਾਰਾ, ਆਸਰਾ। ਸੁਘੜੁਸੁਚੱਜੀ ਆਤਮਕ ਘਾੜਤ ਵਾਲਾ। ਸੁਜਾਣੁਸਿਆਣਾ, ਸਭ ਦੇ ਦਿਲ ਦੀ ਜਾਣਨ ਵਾਲਾ।੧।

ਨੀਸਾਣੁਜੀਵਨਸਫ਼ਰ ਵਿਚ ਰਾਹਦਾਰੀ।ਰਹਾਉ।

ਵਰਤਦਾਵੰਡਦਾ। ਪਰਵਾਣੁਕਬੂਲ (ਕਰਦਾ ਹੈ)ਬਖਸਬਖ਼ਸ਼ਸ਼। ਸਚੁਸਦਾ ਕਾਇਮ ਰਹਿਣ ਵਾਲਾ। ਨੀਸਾਣੁਨਿਸ਼ਾਨ, ਝੰਡਾ, ਚਾਨਣਮੁਨਾਰਾ। ਹੁਕਮਿਹੁਕਮ ਅਨੁਸਾਰ। ਫੁਰਮਾਣੁਹੁਕਮ।੨।

ਭੰਡਾਰਖ਼ਜ਼ਾਨੇ। ਦਾਣੁਦਾਨ, ਬਖ਼ਸ਼ੀਸ਼। ਮਾਣੁਆਦਰ। ਤਾੜੀਸਮਾਧੀ। ਗੁਣੀ ਨਿਧਾਨੁਗੁਣਾਂ ਦਾ ਖ਼ਜ਼ਾਨਾ।੩।

ਪਰਧਾਣੁਮੰਨਿਆਪ੍ਰਮੰਨਿਆ। ਤੁਲੁਤਰਾਜ਼ੂ। ਪਰਵਾਣੁਵੱਟਾ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ, (ਧਿਆਨ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ।ਰਹਾਉ।

ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਤੇ (ਸ੍ਰਿਸ਼ਟੀ ਨੂੰ) ਸੂਰਜ ਚੰਦ ਚਾਨਣ ਕਰਨ ਲਈ ਬਣਾਂਦਾ ਹੈ। ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ, ਜਿਨ੍ਹਾਂ ਨੂੰ ਕੋਈ ਆਦਰ-ਮਾਣ ਨਹੀਂ ਦੇਂਦਾ ਉਹਨਾਂ ਨੂੰ ਆਦਰ-ਮਾਣ ਦੇਣ ਵਾਲਾ ਹੈ। ਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘਾੜਤ ਵਾਲਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਮੇਹਰ ਕਰ ਕੇ ਆਪ ਸਭ ਦੀ ਰਖਿਆ ਕਰਦਾ ਹੈ।੧।

ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿਚ ਕਬੂਲ ਕਰਦਾ ਹੈ। ਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ। ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਹੁਕਮ ਵਿਚ ਤੋਰਦਾ ਹੈ, ਆਪ ਹੀ ਹਰ ਥਾਂ ਹੁਕਮ ਚਲਾਂਦਾ ਹੈ।੨।

ਹੇ ਭਾਈ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖ਼ਜ਼ਾਨਿਆਂ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤਿ ਦੇਂਦਾ ਹੈ। ਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ-ਭਗਤੀ ਕਰਾਂਦਾ ਹੈ, ਤੇ ਆਪ ਹੀ (ਸੇਵਾ-ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜ਼ਤ ਦਿਵਾਂਦਾ ਹੈ। ਉਹ ਪ੍ਰਭੂ ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ, ਤੇ ਆਪ ਹੀ (ਆਪਣੇ ਗੁਣਾਂ ਵਿਚ) ਸਮਾਧੀ ਲਾਂਦਾ ਹੈ।੩।

ਹੇ ਭਾਈ! ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ-ਪ੍ਰਮੰਨਿਆ ਹੋਇਆ ਹੈ। ਉਹ ਆਪ ਹੀ (ਆਪਣਾ) ਤੇਲ ਤੇ ਪੈਮਾਨਾ ਵਰਤ ਕੇ (ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ) ਮੁੱਲ ਪਾਂਦਾ ਹੈ। ਉਹ ਪ੍ਰਭੂ ਆਪ ਅਤੁੱਲ ਹੈ (ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ) ਉਹ (ਜੀਵਾਂ ਦੇ ਜੀਵਨ ਸਦਾ) ਤੋਲਦਾ ਹੈ। ਹੇ ਦਾਸ ਨਾਨਕ! (ਆਖ-) ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ।੪।੫।

ਸੋਰਠਿ ਮਹਲਾ ੪ ॥ ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥ ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥ ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥ ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥ ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥ ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥ ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥ ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥ ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥ ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥ ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥ ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥ {ਪੰਨਾ 606}

ਪਦਅਰਥ: ਉਮਾਹਾਉਤਸ਼ਾਹਾ। ਸਬਦਿਸ਼ਬਦ ਵਿਚ। ਸਮਾਹਾਲੀਨਤਾ ਪੈਦਾ ਕਰਦਾ ਹੈ। ਲੇਖਣਿਕਲਮ।੧।

ਓਮਾਹਾਉਤਸ਼ਾਹ (ਨਾਲ)ਅਨਦਿਨੁਹਰ ਰੋਜ਼, ਹਰ ਵੇਲੇ। ਗੁਰਿ ਪੂਰੈਪੂਰੇ ਗੁਰੂ ਦੀ ਰਾਹੀਂ।ਰਹਾਉ।

ਗੋਪੀਗਵਾਲਿਆਂ ਦੀਆਂ ਇਸਤ੍ਰੀਆਂ। ਕਾਨੁਕ੍ਰਿਸ਼ਨ। ਬਨਿਜੰਗਲ ਵਿਚ, ਬਿੰਦ੍ਰਾਬਨ ਵਿਚ। ਸਾਵਲ ਸੁੰਦਰਾਸਾਵਲੇ ਰੰਗ ਵਾਲਾ ਸੋਹਣਾ (ਕ੍ਰਿਸ਼ਨ)ਵੰਸੁਬੰਸਰੀ। ਕੁਵਲੀਆਪੀੜੁਕੰਸ ਦਾ ਭੇਜਿਆ ਹੋਇਆ ਹਾਥੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ। ਰੂਪਿਰੂਪ ਵਿਚ। ਪਚਾਹਾਨਾਸ।੨।

ਅਖਾੜਾ—(ਜਗਤ-) ਪਿੜ। ਚੋਜਾਹਾਤਮਾਸ਼ੇ, ਖੇਡਾਂ। ਚੰਡੂਰੁਕੰਸ ਦੇ ਪਹਿਲਵਾਨ ਦਾ ਨਾਮ। ਕੰਸੁਕੇਸੀ। ਮੁਗਧਾਹਾਮੂਰਖਾਂ ਦਾ।੩।

ਸਭੁਸਾਰਾ। ਵਸਿਵੱਸ ਵਿਚ। ਗਲਿਗਲ ਵਿਚ। ਜੇਵੜੀਰੱਸੀ। ਖਿੰਚੈਖਿੱਚਦਾ ਹੈ। ਗਰਬੈਅਹੰਕਾਰ ਕਰਦਾ ਹੈ ਪਚਸੀ ਨਾਸ ਹੋ ਜਾਇਗਾ।੪।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਤਸ਼ਾਹ ਨਾਲ ਜਪਿਆ ਕਰ। ਪੂਰੇ ਗੁਰੂ ਦੀ ਰਾਹੀਂ ਹਰਿ-ਨਾਮ ਦਾ ਲਾਭ ਖੱਟ ਲੈ। (ਜੇਹੜਾ) ਵਡ-ਭਾਗੀ ਮਨੁੱਖ (ਨਾਮ ਜਪਦਾ ਹੈ, ਉਸ) ਨੂੰ ਹਰ ਵੇਲੇ ਆਤਮਕ ਸੁਖ ਮਿਲਿਆ ਰਹਿੰਦਾ ਹੈ।ਰਹਾਉ।

ਹੇ ਭਾਈ! ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜਦਾ ਹੈ, ਆਪ ਹੀ ਭਗਤੀ ਕਰਨ ਦਾ ਉਤਸ਼ਾਹ ਦੇਂਦਾ ਹੈ। ਪ੍ਰਭੂ ਆਪ ਹੀ (ਜੀਵਾਂ ਨੂੰ) ਗੁਣ ਗਾਵਣ ਲਈ ਪ੍ਰੇਰਨਾ ਕਰਦਾ ਹੈ, ਆਪ ਹੀ (ਜੀਵਾਂ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ। ਪ੍ਰਭੂ ਆਪ ਹੀ ਕਲਮ ਹੈ, ਆਪ ਹੀ ਕਲਮ ਚਲਾਣ ਵਾਲਾ ਹੈ, ਤੇ, ਆਪ ਹੀ (ਜੀਵਾਂ ਦੇ ਮੱਥੇ ਉੱਤੇ ਭਗਤੀ ਦਾ) ਲੇਖ ਲਿਖਦਾ ਹੈ।੧।

ਹੇ ਭਾਈ! ਪ੍ਰਭੂ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ, ਆਪ ਹੀ (ਬਿੰਦ੍ਰਾਬਨ) ਜੰਗਲ ਵਿਚ ਗਾਈਆਂ ਚਾਰਨ ਵਾਲਾ ਹੈ। ਪ੍ਰਭੂ ਆਪ ਹੀ ਸਾਂਵਲੇ ਰੰਗ ਵਾਲਾ ਸੋਹਣਾ ਕ੍ਰਿਸ਼ਨ ਹੈ, ਆਪ ਹੀ ਬੰਸਰੀ ਵਜਾਣ ਵਾਲਾ ਹੈ। ਪ੍ਰਭੂ ਆਪ ਹੀ ਬਾਲਕ-ਰੂਪ (ਕ੍ਰਿਸ਼ਨ-ਰੂਪ) ਵਿਚ (ਕੰਸ ਦੇ ਭੇਜੇ ਹੋਏ ਹਾਥੀ) ਕੁਵਲੀਆਪੀੜ ਨੂੰ ਨਾਸ ਕਰਨ ਵਾਲਾ ਹੈ।੨।

ਹੇ ਭਾਈ! ਪ੍ਰਭੂ ਆਪ ਹੀ (ਇਹ ਜਗਤ ਦਾ) ਅਖਾੜਾ ਬਣਾਣ ਵਾਲਾ ਹੈ, (ਇਸ ਜਗਤ-ਅਖਾੜੇ ਵਿਚ) ਆਪ ਹੀ ਕੌਤਕ-ਤਮਾਸ਼ੇ ਰਚ ਕੇ ਵੇਖ ਰਿਹਾ ਹੈ। ਪ੍ਰਭੂ ਆਪ ਹੀ ਬਾਲਕ-ਰੂਪ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਤੇ, ਆਪ ਹੀ ਉਸ ਪਾਸੋਂ ਚੰਡੂਰ, ਕੇਸੀ ਅਤੇ ਕੰਸ ਨੂੰ ਮਰਵਾਣ ਵਾਲਾ ਹੈ। ਆਪ ਹੀ ਤਾਕਤ (ਦੇਣ ਵਾਲਾ) ਹੈ, ਤੇ, ਆਪ ਹੀ ਮੂਰਖਾਂ ਦੀ ਤਾਕਤ ਭੰਨ ਦੇਂਦਾ ਹੈ।੩।

ਹੇ ਭਾਈ! ਪਿਆਰਾ ਪ੍ਰਭੂ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, (ਜਗਤ ਨੂੰ ਆਪ ਹੀ ਆਪਣੇ) ਵੱਸ ਵਿਚ ਰੱਖਦਾ ਹੈ (ਜੀਵਾਂ ਦੀ ਜੀਵਨ-) ਜੁਗਤਿ ਆਪਣੇ ਹੱਥ ਵਿਚ ਰੱਖਦਾ ਹੈ। ਪ੍ਰਭੂ ਆਪ ਹੀ (ਸਭ ਜੀਵਾਂ ਦੇ) ਗਲ ਵਿਚ ਰੱਸੀ ਪਾਈ ਰੱਖਦਾ ਹੈ, ਜਿਵੇਂ ਪ੍ਰਭੂ (ਉਸ ਰੱਸੀ ਨੂੰ) ਖਿੱਚਦਾ ਹੈ ਤਿਵੇਂ ਹੀ ਜੀਵ (ਜੀਵਨ-ਰਾਹ ਤੇ) ਤੁਰਦੇ ਹਨ। ਹੇ ਨਾਨਕ! (ਆਖ-) ਹੇ ਪਿਆਰੇ ਸੱਜਣ! ਜੇਹੜਾ ਮਨੁੱਖ (ਆਪਣੇ ਕਿਸੇ ਬਲ ਆਦਿਕ ਦਾ) ਅਹੰਕਾਰ ਕਰਦਾ ਹੈ ਉਹ ਤਬਾਹ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)ਹੇ ਭਾਈ! ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਦੀ ਭਗਤੀ ਵਿਚ ਲੀਨ ਰਿਹਾ ਕਰ।੪।੬।

TOP OF PAGE

Sri Guru Granth Darpan, by Professor Sahib Singh