ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 605

ਸੋਰਠਿ ਮਹਲਾ ੪ ਚਉਥਾ ॥ ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥ ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥ ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥੧॥ ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥ ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥ ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥ ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥ ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥੨॥ ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥ ਆਪੇ ਕੀਮਤਿ ਪਾਇਦਾ ਪਿਆਰਾ ਆਪੇ ਕਰੇ ਸੁ ਹੋਇ ॥ ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥੩॥ ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥ ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥ ਨਾਨਕ ਗੁਪਤੁ ਵਰਤਦਾ ਪਿਆਰਾ ਗੁਰਮੁਖਿ ਪਰਗਟੁ ਹੋਇ ॥੪॥੨॥ {ਪੰਨਾ 604-605}

ਨੋਟ: ਅੰਕ ੪ ਨੂੰ 'ਚਉਥਾ' ਪੜ੍ਹਨਾ ਹੈ। ਇਹ ਹਦਾਇਤ ਵੰਨਗੀ ਵਜੋਂ ਹੈ। ਲਫ਼ਜ਼ 'ਮਹਲਾ' ਦੇ ਨਾਲ ਅੰਕ ੧, , , ੪ ਆਦਿਕ ਨੂੰ ਹਰ ਥਾਂ ਪਹਿਲਾ, ਦੂਜਾ, ਤੀਜਾ, ਚੌਥਾ ਆਦਿਕ ਪੜ੍ਹਨਾ ਹੈ। ਇਸ ਦਾ ਭਾਵ ਹੈ-ਗੁਰੂ ਨਾਨਕ ਪਹਿਲਾ ਸਰੀਰ, ਦੂਜਾ ਸਰੀਰ, ਤੀਜਾ ਸਰੀਰ, ਚੌਥਾ ਸਰੀਰ ਆਦਿਕ।

ਪਦਅਰਥ: ਆਪੇਆਪ ਹੀ। ਅੰਡਜਆਂਡੇ ਤੋਂ ਪੈਦਾ ਹੋਣ ਵਾਲੀ ਸ਼੍ਰੇਣੀ। ਜੇਰਜਜਿਉਰ ਤੋਂ ਪੈਦਾ ਹੋਣ ਵਾਲੀ। ਸੇਤਜਸ੍ਵੇਤ (ਮੁੜ੍ਹਕੇ) ਤੋਂ ਪੈਦਾ ਹੋਣ ਵਾਲੀ। ਉਤਭੁਜਉੱਗਣ ਵਾਲੀ (ਬਨਸਪਤੀ)ਖੰਡਧਰਤੀ ਦੇ ਹਿੱਸੇ। ਲੋਇਲੋਕ, ਭਵਨ। ਸੂਤੁਧਾਗਾ। ਮਣੀਆਮਣਕੇ (ਜੀਵ)ਕਰਿਕਰ ਕੇ। ਸਕਤੀਤਾਕਤ। ਪਰੋਇਪ੍ਰੋਂਦਾ ਹੈ। ਸੂਤਧਾਰੁਧਾਗੇ ਨੂੰ ਆਪਣੇ ਹੱਥ ਵਿਚ ਫੜੀ ਰੱਖਣ ਵਾਲਾ। ਖਿੰਚੇਖਿੱਚਦਾ ਹੈ। ਢਹਿਢਹਿ ਕੇ।੧।

ਨਿਧਾਨੁਖ਼ਜ਼ਾਨਾ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਜਲ। ਮੁਖਿਮੂੰਹ ਵਿਚ। ਚੋਇਚੋਂਦਾ ਹੈ।ਰਹਾਉ।

ਜਲ ਥਲਿਜਲ ਵਿਚ ਥਲ ਵਿਚ। ਸਭਤੁਹਰ ਥਾਂ। ਸਮਾਹਦਾਅਪੜਾਂਦਾ ਹੈ।੨।

ਗੰਭੀਰੁਡੂੰਘੇ ਜਿਗਰੇ ਵਾਲਾ। ਤਿਸੁ ਜੇਵਡੁਉਸ ਜਿਤਨਾ ਵੱਡਾ। ਸਭਿਸਾਰੇ। ਗੁਰਮੁਖਿਗੁਰੂ ਦੀ ਰਾਹੀਂ।੪।

ਅਰਥ: ਹੇ ਮੇਰੇ ਮਨ! ਮੈਨੂੰ ਪਰਮਾਤਮਾ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ। ਉਸ ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਵਿਚ ਮੌਜੂਦ ਹੈ। ਗੁਰੂ ਮੇਹਰ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੱਖ ਦੇ) ਮੂੰਹ ਵਿਚ ਚੋਂਦਾ ਹੈ।ਰਹਾਉ।

ਹੇ ਭਾਈ! ਪ੍ਰਭੂ ਆਪ ਹੀ (ਚਾਰੇ ਖਾਣੀਆਂ) ਅੰਡਜ ਜੇਰਜ ਸੇਤਜ ਉਤਭੁਜ ਹੈ, ਪ੍ਰਭੂ ਆਪ ਹੀ (ਧਰਤੀ ਦੇ ਨੌ) ਖੰਡ ਹੈ, ਪ੍ਰਭੂ ਆਪ ਹੀ (ਸ੍ਰਿਸ਼ਟੀ ਦੇ) ਸਾਰੇ ਭਵਨ ਹੈ। ਪ੍ਰਭੂ ਆਪ ਹੀ (ਸੱਤਿਆ-ਰੂਪ) ਧਾਗਾ ਹੈ, ਪ੍ਰਭੂ ਆਪ (ਬੇਅੰਤ ਜੀਵ ਰੂਪ) ਅਨੇਕਾਂ ਮਣਕੇ ਹੈ, ਪ੍ਰਭੂ ਆਪ ਹੀ ਆਪਣੀ ਤਾਕਤ ਬਣਾ ਕੇ ਜਗਤ ਨੂੰ (ਧਾਗੇ ਵਿਚ) ਪ੍ਰੋਂਦਾ ਹੈ। ਪ੍ਰਭੂ ਆਪ ਹੀ ਧਾਗੇ ਨੂੰ ਆਪਣੇ ਹੱਥ ਵਿਚ ਫੜ ਰੱਖਣ ਵਾਲਾ ਹੈ। ਜਦੋਂ ਉਹ (ਜਗਤ ਵਿਚੋਂ) ਧਾਗੇ ਨੂੰ ਖਿੱਚ ਲੈਂਦਾ ਹੈ, ਤਦੋਂ (ਜਗਤ) ਢਹਿ ਕੇ ਢੇਰੀ ਹੋ ਜਾਂਦਾ ਹੈ (ਜਗਤ-ਰਚਨਾ ਮੁੱਕ ਜਾਂਦੀ ਹੈ)੧।

ਹੇ ਭਾਈ! ਪ੍ਰਭੂ ਆਪ ਹੀ ਪਾਣੀ ਵਿਚ ਧਰਤੀ ਵਿਚ ਹਰ ਥਾਂ ਮੌਜੂਦ ਹੈ। ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ ਉਹ (ਜਗਤ ਵਿਚ) ਵਾਪਰਦਾ ਹੈ। ਪ੍ਰਭੂ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ (ਰਿਜ਼ਕ ਅਪੜਾਣ ਵਾਲਾ) ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ। ਪ੍ਰਭੂ ਆਪ ਹੀ (ਜਗਤ ਦੇ ਸਾਰੇ) ਖੇਡ ਖਿਡਾ ਰਿਹਾ ਹੈ, ਉਹ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ।੨।

ਹੇ ਭਾਈ! ਪਵਿਤ੍ਰ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ, ਉਹ ਆਪ ਹੀ ਪਵਿਤ੍ਰ ਸੋਭਾ ਦਾ ਮਾਲਕ ਹੈ। ਪ੍ਰਭੂ ਆਪ ਹੀ ਆਪਣਾ ਮੁੱਲ ਪਾ ਸਕਣ ਵਾਲਾ ਹੈ, ਜੋ ਕੁਝ ਉਹ ਆਪ ਹੀ ਕਰਦਾ ਹੈ ਉਹੀ ਹੁੰਦਾ ਹੈ। ਪ੍ਰਭੂ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਅਦ੍ਰਿਸ਼ਟ ਹੈ। ਆਪਣੇ ਸਰੂਪ ਦੀ ਸਮਝ ਉਹ ਆਪ ਹੀ ਦੇਣ ਵਾਲਾ ਹੈ।੩।

ਹੇ ਭਾਈ! ਪ੍ਰਭੂ ਹੀ (ਮਾਨੋ, ਇਕ) ਬੇਅੰਤ ਡੂੰਘਾ (ਸਮੁੰਦਰ) ਹੈ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਸਾਰੇ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਾਰੇ ਭੋਗ ਭੋਗਦਾ ਹੈ, ਹਰੇਕ ਇਸਤ੍ਰੀ ਪੁਰਖ ਵਿਚ ਹਰ ਥਾਂ ਉਹ ਆਪ ਹੀ ਆਪ ਹੈ। ਹੇ ਨਾਨਕ! ਉਹ ਪ੍ਰਭੂ ਸਾਰੇ ਜਗਤ ਵਿਚ ਲੁਕਿਆ ਹੋਇਆ ਮੌਜੂਦ ਹੈ। ਗੁਰੂ ਦੀ ਸਰਨ ਪਿਆਂ ਉਸ ਦੀ ਸਰਬ-ਵਿਆਪਕਤਾ ਦਾ ਪਰਕਾਸ਼ ਹੁੰਦਾ ਹੈ।੪।੨।

ਸੋਰਠਿ ਮਹਲਾ ੪ ॥ ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥ ਆਪੇ ਵੇਖਿ ਵਿਗਸਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥ ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥੧॥ ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥ ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥ ਰਹਾਉ ॥ ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥ ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥ ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥੨॥ ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥ ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥ ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੈ ॥੩॥ ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥ ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥ ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥੪॥੩॥ {ਪੰਨਾ 605}

ਪਦਅਰਥ: ਸਭੁਹਰ ਥਾਂ। ਥਾਪਿਪੈਦਾ ਕਰ ਕੇ। ਉਥਾਪੈਨਾਸ ਕਰਦਾ ਹੈ। ਵੇਖਿਵੇਖ ਕੇ। ਵਿਗਸਦਾਖ਼ੁਸ਼ ਹੁੰਦਾ ਹੈ। ਕਰਿਕਰ ਕੇ। ਚੋਜਤਮਾਸ਼ੇ। ਆਪੈਆਪਣੇ ਆਪ ਨੂੰ। ਵਣਿਵਣ ਵਿਚ। ਤਿਣਿਤ੍ਰਿਣ ਵਿਚ। ਸਭਤੁਹਰ ਥਾਂ। ਗੁਰਮੁਖਿਗੁਰੂ ਦੀ ਰਾਹੀਂ। ਜਾਪੈਦਿੱਸਦਾ ਹੈ।੧।

ਰਸਿਰਸ ਨਾਲ। ਧ੍ਰਾਪੈਰੱਜ ਜਾਂਦਾ ਹੈ। ਚਖਿਚੱਖ ਕੇ। ਜਾਪੈਮਲੂਮ ਹੁੰਦਾ ਹੈ।ਰਹਾਉ।

ਆਪੇਆਪ ਹੀ। ਤੀਰਥੁਦਰਿਆ ਦਾ ਕੰਢਾ। ਤੁਲਹੜਾਦਰਿਆ ਤੋਂ ਪਾਰ ਲੰਘਣ ਲਈ ਲੱਕੜਬੰਨ੍ਹ ਕੇ ਬਣਾਇਆ ਹੋਇਆ ਗੱਠਾ। ਵਤਾਇਦਾਖਿਲਾਰਦਾ ਹੈ।੨।

ਨਾਦੁ—(ਸਿੰਙੀ ਦੀ) ਆਵਾਜ਼। ਧੁਨਿਸੁਰ। ਤਾਪੈਤਪਦਾ ਹੈ।੩।

ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਰਸੁਸੁਆਦ। ਰਸਿਰਸ ਨਾਲ। ਧ੍ਰਾਪੈਰੱਜਦਾ ਹੈ।੪।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ (ਦੇ ਨਾਮ) ਨੂੰ ਜਪਿਆ ਕਰ, (ਜੇਹੜਾ ਮਨੁੱਖ ਜਪਦਾ ਹੈ ਉਹ) ਨਾਮ ਦੇ ਰਸ ਨਾਲ (ਮਾਇਆ ਵਲੋਂ) ਰੱਜ ਜਾਂਦਾ ਹੈ। ਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਬਹੁਤ ਸੁਆਦਲਾ ਹੈ, ਬਹੁਤ ਮਿੱਠਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਚੱਖ ਕੇ ਹੀ ਪਤਾ ਲੱਗਦਾ ਹੈ।ਰਹਾਉ।

ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, ਆਪ ਹੀ (ਜਗਤ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰ ਦੇਂਦਾ ਹੈ। ਪ੍ਰਭੂ ਆਪ ਹੀ (ਜਗਤ-ਰਚਨਾ ਨੂੰ) ਵੇਖ ਕੇ ਖ਼ੁਸ਼ ਹੁੰਦਾ ਹੈ, ਕੌਤਕ-ਤਮਾਸ਼ੇ ਰਚ ਕੇ ਆਪ ਹੀ ਵੇਖਦਾ ਹੈ, ਆਪਣੇ ਆਪ ਨੂੰ ਹੀ ਵੇਖਦਾ ਹੈ। ਪ੍ਰਭੂ ਆਪ ਹੀ (ਹਰੇਕ) ਵਣ ਵਿਚ (ਹਰੇਕ) ਤੀਲੇ ਵਿਚ ਹਰ ਥਾਂ ਮੌਜੂਦ ਹੈ। ਗੁਰੂ ਦੀ ਸ਼ਰਨ ਪਿਆਂ ਉਹ ਪ੍ਰਭੂ ਦਿੱਸ ਪੈਦਾ ਹੈ।੧।

ਹੇ ਭਾਈ! ਪ੍ਰਭੂ ਆਪ ਹੀ ਦਰਿਆ ਦਾ ਕੰਢਾ ਹੈ, ਆਪ ਹੀ (ਦਰਿਆ ਤੋਂ ਲੰਘਣ ਲਈ) ਤੁਲਹਾ ਹੈ, ਆਪ ਹੀ (ਦਰਿਆ ਤੋਂ) ਪਾਰ ਲੰਘਦਾ ਹੈ, ਆਪਣੇ ਆਪ ਨੂੰ ਹੀ ਲੰਘਾਂਦਾ ਹੈ। ਪ੍ਰਭੂ ਆਪ ਹੀ (ਮਾਇਆ ਦਾ) ਜਾਲ ਵਿਛਾਂਦਾ ਹੈ (ਉਹ ਜਾਲ ਵਿਚ ਫਸਣ ਵਾਲਾ) ਸਾਰਾ ਜਗਤ-ਮਛਲੀ ਆਪਣੇ ਆਪ ਨੂੰ ਹੀ ਬਣਾਂਦਾ ਹੈ। (ਫਿਰ ਭੀ ਉਹ) ਆਪ ਭੁੱਲਣ ਵਾਲਾ ਨਹੀਂ ਹੈ, ਉਹ ਕਦੇ (ਮਾਇਆ-ਜਾਲ ਵਿਚ ਫਸਣ ਵਾਲੀ) ਭੁੱਲ ਨਹੀਂ ਕਰਦਾ। ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।੨।

ਹੇ ਭਾਈ! ਪ੍ਰਭੂ ਆਪ ਹੀ (ਜੋਗੀ ਦੀ ਵਜਾਣ ਵਾਲੀ) ਸਿੰਙੀ ਹੈ, ਆਪ ਹੀ (ਉਸ ਵੱਜਦੀ ਸਿੰਙੀ ਦੀ) ਆਵਾਜ਼ ਹੈ, ਆਪ ਹੀ (ਸਿੰਙੀ ਦੀ) ਸੁਰ ਵਜਾਂਦਾ ਹੈ, ਆਪਣੇ ਆਪ ਨੂੰ ਹੀ ਵਜਾਂਦਾ ਹੈ। ਉਹ ਸਰਬ-ਵਿਆਪਕ ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ (ਧੂਣੀਆਂ ਆਦਿਕ ਨਾਲ) ਤਪ ਤਪਦਾ ਹੈ। ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਆਪਣੇ ਆਪ ਨੂੰ ਉਪਦੇਸ਼ ਕਰਦਾ ਹੈ।੩।

ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਆਪਣਾ ਨਾਮ ਜਪਦਾ ਹੈ। ਆਪ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਆਪ ਹੀ ਉਸ ਨਾਮ-ਰਸ ਨੂੰ ਪੀਂਦਾ ਹੈ, ਆਪਣੇ ਆਪ ਨੂੰ ਪੀਂਦਾ ਹੈ। ਹੇ ਦਾਸ ਨਾਨਕ! ਪ੍ਰਭੂ ਆਪ ਹੀ ਆਪਣੀ ਸਿਫ਼ਤਿ-ਸਾਲਾਹ ਕਰਦਾ ਹੈ, ਆਪ ਹੀ ਆਪਣੇ ਨਾਮ-ਰਸ ਨਾਲ ਰੱਜਦਾ ਹੈ।੪।੩।

ਸੋਰਠਿ ਮਹਲਾ ੪ ॥ ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥ ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥ ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥ ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥ {ਪੰਨਾ 605-606}

ਪਦਅਰਥ: ਕੰਡਾਤਰਾਜ਼ੂ ਦੀ ਉਪਰਲੀ ਵਿਚਕਾਰਲੀ ਸੂਈ। ਤਰਾਜੀਤਰਾਜ਼ੂ, ਤੱਕੜੀ। ਪ੍ਰਭਿਪ੍ਰਭੂ ਨੇ। ਤੋਲਿਤੋਲ ਨਾਲ, ਵੱਟੇ ਨਾਲ। ਸਾਹੁਸ਼ਾਹ, ਸਾਹੂਕਾਰ। ਸਾਜੀਅਨੁਉਸ (ਪ੍ਰਭੂ) ਨੇ ਸਾਜੀ ਹੈ। ਪਿਆਰੈਪਿਆਰੇ (ਪ੍ਰਭੂ) ਨੇ। ਪਿਛੈਤਕੜੀ ਦੇ ਪਿਛਲੇ ਛਾਬੇ ਵਿਚ। ਟੰਕੁਚਾਰ ਮਾਸੇ ਦਾ ਵੱਟਾ।੧।

ਮਨਹੇ ਮਨ! ਨਿਧਾਨੁਖ਼ਜ਼ਾਨਾ। ਗੁਰਿ ਪੂਰੈਪੂਰੇ ਗੁਰੂ ਨੇ।ਰਹਾਉ।

ਆਪੇਆਪ ਹੀ। ਹੁਕਮਿਹੁਕਮ ਦੀ ਰਾਹੀਂ। ਵਰਤਦਾਮੌਜੂਦ ਹੈ। ਬੰਧਿਬੰਨ੍ਹ ਕੇ। ਭਉਡਰ। ਬੰਨਿਬੰਨ੍ਹ ਕੇ। ਸੀਹੁਸ਼ੇਰ (ਨੂੰ)ਹਢਾਇਆਫਿਰਾ ਰਿਹਾ ਹੈ।੨।

ਕਾਸਟਕਾਠ, ਲੱਕੜ। ਭੈਡਰ ਦੇ ਕਾਰਨ। ਅਗਨਿਅੱਗ। ਮਾਰਿਮਾਰ ਕੇ। ਸਭਿਸਾਰੇ।੪।

ਤਾਣੁਤਾਕਤ। ਦੀਬਾਣੁਦਰਬਾਰ ਲਾਣ ਵਾਲਾ, ਹਾਕਮ। ਕਾਰੈਕਾਰ ਵਿਚ। ਚਲੀਐਚੱਲ ਸਕੀਦਾ ਹੈ। ਪਿਆਰੇਹੇ ਪਿਆਰੇ (ਭਾਈ)! ਪ੍ਰਭ ਭਾਇਆਪ੍ਰਭੂ ਨੂੰ ਚੰਗਾ ਲੱਗਦਾ ਹੈ। ਜੰਤੀਵਾਜਾ ਵਜਾਣ ਵਾਲਾ। ਜੰਤੁਵਾਜਾ। ਵਜਹਿਵੱਜਦੇ ਹਨ।੪।

ਅਰਥ: ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ।ਰਹਾਉ।

ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ)ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ)ਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ।੧।

ਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ। ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ, ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ।੨।

ਹੇ ਭਾਈ! ਪ੍ਰਭੂ ਆਪ ਹੀ ਲੱਕੜੀ (ਪੈਦਾ ਕਰਨ ਵਾਲਾ) ਹੈ, (ਆਪ ਹੀ ਅੱਗ ਬਣਾਣ ਵਾਲਾ ਹੈ) ਲੱਕੜੀ ਵਿਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ। ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ (ਉਸ ਦੇ ਹੁਕਮ ਵਿਚ) ਅੱਗ (ਲੱਕੜ ਨੂੰ) ਸਾੜ ਨਹੀਂ ਸਕਦੀ। ਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ। ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ।੩।

ਹੇ ਭਾਈ! ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ (ਤਾਕਤ ਵਰਤਣ ਵਾਲਾ) ਹਾਕਮ ਹੈ, (ਸਾਰੇ ਜਗਤ ਨੂੰ ਉਸ ਨੇ) ਆਪ ਹੀ ਕਾਰ ਵਿਚ ਲਾਇਆ ਹੋਇਆ ਹੈ। ਹੇ ਪਿਆਰੇ ਸੱਜਣ! ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ, ਜਿਵੇਂ ਮੇਰੇ ਹਰੀ-ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਹੀ ਚੱਲ ਸਕੀਦਾ ਹੈ। ਹੇ ਦਾਸ ਨਾਨਕ! ਪ੍ਰਭੂ ਆਪ ਹੀ (ਜੀਵ-) ਵਾਜਾ (ਬਣਾਣ ਵਾਲਾ) ਹੈ, ਆਪ ਵਾਜਾ ਵਜਾਣ ਵਾਲਾ ਹੈ, ਸਾਰੇ ਜੀਵ-ਵਾਜੇ ਉਸੇ ਦੇ ਵਜਾਏ ਵੱਜ ਰਹੇ ਹਨ।੪।੪।

TOP OF PAGE

Sri Guru Granth Darpan, by Professor Sahib Singh