ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 596

ਸੋਰਠਿ ਮਃ ੧ ਚਉਤੁਕੇ ॥ ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥ ਮਨੁ ਮਾਨਿਆ ਨਾਮੁ ਸਖਾਈ ॥ ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥ ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥ ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥ ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥ ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥ ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥ ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥ ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥ ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥ ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥ ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥ ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥ {ਪੰਨਾ 596}

ਪਦਅਰਥ: ਨੀਕਾਚੰਗਾ, ਪਿਆਰਾ। ਸਸੁਰੈਸਹੁਰੇ ਦਾ। ਚਤੁਰੁਸਿਆਣਾ। ਕੌਨੂੰ, ਵਾਸਤੇ। ਕੋਦਾ। ਬਾਹਰੁ ਘਰੁਘਰ ਬਾਹਰ, ਘਰ ਘਾਟ। ਦਾਨੁਸੇਵਾ (ਦੂਜਿਆਂ ਦੀ)ਇਸਨਾਨੁਪਵਿਤ੍ਰਤਾ, ਪਵਿਤ੍ਰ ਆਚਰਨ। ਤਿਤੁਉਸ ਵਿਚ, ਉਸ ਦੀ ਰਾਹੀਂ। ਤਨਿਸਰੀਰ ਦੀ ਰਾਹੀਂ। ਤਿਤੁ ਤਨਿਉਸ ਸਰੀਰ ਦੀ ਰਾਹੀਂ। ਧੂੜਿ ਧੁਮਾਈਖੇਹ ਹੀ ਉਡਾਈ।੧।

ਸਖਾਈਮਿਤ੍ਰ। ਪਰਉਮੈਂ ਪੈਂਦਾ ਹਾਂ। ਜਿਨਿਜਿਸ (ਗੁਰੂ) ਨੇ।ਰਹਾਉ।

ਬੇਧਿਆਵਿੰਨਿ੍ਹਆ। ਜਨਪ੍ਰਭੂ ਦੇ ਦਾਸ, ਸੰਤ ਜਨ। ਵਾਦੁਝਗੜਾ। ਮਗਨੁਮਸਤ। ਅਹਿਦਿਨ। ਨਿਸਿਰਾਤ। ਮਗੁਰਸਤਾ। ਜੋਹੈਤੱਕਦਾ ਹੈ। ਮਰੈਆਤਮਕ ਮੌਤ ਮਰਦਾ ਹੈ। ਬਿਖੁਜ਼ਹਿਰ। ਗੰਧਣ ਵੈਣਿਗੰਦੇ ਬੋਲ ਵਿਚ। ਰਤਾਮਸਤ। ਹਿਤਕਾਰੀਪਿਆਰ ਕਰਨ ਵਾਲਾ। ਰੰਗਿ—(ਪ੍ਰਭੂ ਦੇ) ਰੰਗ ਵਿਚ। ਰਸਿਰਸ ਵਿਚ। ਮਨਮੁਖਿਜਿਸ ਮਨੁੱਖ ਦਾ ਮੂੰਹ ਆਪਣੇ ਹੀ ਮਨ ਵਲ ਹੈ, ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਪਤਿਇੱਜ਼ਤ।੨।

ਸਾਧ ਸਭਾਸਤ ਸੰਗ। ਸਹਜੁਅਡੋਲਤਾ ਦਾ ਆਨੰਦ, ਸ਼ਾਂਤੀ ਦਾ ਰਸ। ਰਾਈਰਤਾ ਭੀ। ਦਰਪਰਮਾਤਮਾ ਦਾ ਦਰਵਾਜ਼ਾ। ਮੀਟਿਮੀਟ ਕੇ। ਅਖੀ ਮੀਟਿ ਚਲਿਆਅੱਖਾਂ ਬੰਦ ਕਰ ਕੇ ਹੀ ਤੁਰਦਾ ਰਿਹਾ। ਅੰਧਿਆਰਾਅੰਨ੍ਹਾ। ਘਰੁ ਦਰੁਪ੍ਰਭੂ ਦਾ ਘਰ, ਪ੍ਰਭ ਦਾ ਦਰ। ਦਰਿਦਰ ਤੇ।੩।

ਅਖੀ ਵੇਖਾਮੈਂ ਅੱਖਾਂ ਨਾਲ ਵੇਖ ਸਕਦਾ ਹਾਂ। ਕੰਨੀਕੰਨਾਂ ਨਾਲ। ਸਲਾਹੀਮੈਂ ਸਿਫ਼ਤਿ-ਸਾਲਾਹ ਕਰ ਸਕਦਾ ਹਾਂ। ਅੰਮ੍ਰਿਤੁਅਟੱਲ ਆਤਮਕਜੀਵਨ ਦੇਣ ਵਾਲਾ ਨਾਮ। ਵਸਾਈਮੈਂ ਵਸਾ ਸਕਦਾ ਹਾਂ। ਸਮਾਈਵਿਆਪਕ। ਸਤਿਸੱਚ ਵਿਚ। ਨਾਮਿਨਾਮ ਵਿਚ (ਜੁੜਿਆਂ)੪।

ਨੋਟ: ਇਸ ਸ਼ਬਦ ਦੇ ਸਾਰੇ ਬੰਦ ਚਉਤੁਕੇ ਹਨ, ਹਰੇਕ-ਬੰਦ ਵਿਚ ਚਾਰ ਚਾਰ ਤੁਕਾਂ ਹਨ। ਪਹਿਲੇ ਦੋ ਸ਼ਬਦਾਂ ਦੇ ਹਰੇਕ ਬੰਦ ਵਿਚ ਤਿੰਨ ਤਿੰਨ ਤੁਕਾਂ ਹਨ।

ਅਰਥ: ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ, ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ, ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ। ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ। ਇਸ ਮਨੁੱਖਾ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ।੧।

ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ। ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮਤਿ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ)੧।

ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ। ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤਿ ਨਹੀਂ ਲੱਗਦੀ। ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ। ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ।੨।

ਸਾਧ ਸੰਗਤਿ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ। ਮਨਮੁਖ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ। ਮਨਮੁਖ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਹੇ ਭਾਈ! ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ। ਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ।੩।

(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। (ਉਸ ਦੀ ਮੇਹਰ ਹੋਵੇ ਤਾਂ ਹੀ) ਕੰਨਾਂ ਨਾਲ ਉਸ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ।

ਹੇ ਨਾਨਕ! ਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ, ਉਸ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈ, ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ (ਤੇ ਭਟਕਣਾ ਦੂਰ ਹੋਣ ਤੋਂ ਬਿਨਾ ਨਾਮ ਵਿਚ ਜੁੜ ਨਹੀਂ ਸਕੀਦਾ)੪।੩।

ਸੋਰਠਿ ਮਹਲਾ ੧ ਦੁਤੁਕੇ ॥ ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥ ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥ ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥ ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥ ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥ ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥ ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥ {ਪੰਨਾ 596}

ਪਦਅਰਥ: ਦੁਤੁਕੇਦੋ ਦੋ ਤੁਕਾਂ ਵਾਲੇ ਸਾਰੇ 'ਬੰਦ'

ਪੁੜੁ—(ਚੱਕੀ ਦਾ) ਪੁੜ। ਪਾਣੀਬੱਦਲ, ਆਕਾਸ਼। ਕੁੰਟਕੂਟ, ਪਾਸਾ। ਆਸਣੁਨਿਵਾਸਥਾਂ। ਭਵਣਸ੍ਰਿਸ਼ਟੀ। ਮੂਰਤਿਮੂਰਤੀਆਂ, ਜੀਅਜੰਤ। ਮੁਖਿਮੁਖੀ, ਸ੍ਰੇਸ਼ਟ। ਤੇਰੈ ਮੁਖਿ ਟਕਸਾਲਾਤੇਰੇ ਸ੍ਰੇਸ਼ਟ ਟਕਸਾਲ ਵਿਚੋਂ ਘੜੇ ਗਏ ਹਨ।੧।

ਚੋਜਕੌਤਕ, ਤਮਾਸ਼ੇ। ਮਹੀਅਲਿਮਹੀ ਤਲਿ, ਧਰਤੀ ਦੇ ਤਲ ਉੱਤੇ, ਆਕਾਸ਼ ਵਿਚ। ਭਰਿਪੁਰਿਭਰਪੂਰ, ਨਕਾ ਨਕ।ਰਹਾਉ।

ਕਿਨੇਹਾਕਿਹੋ ਜਿਹਾ? ਬਿਆਨ ਤੋਂ ਪਰੇ। ਇਕਤੁ ਰੂਪਿਇਕੋ ਰੂਪ ਵਿਚ (ਹੁੰਦਿਆਂ), ਇਕ ਆਪ ਹੀ ਆਪ ਹੁੰਦਿਆਂ। ਪਰਛੰਨਾਲੁਕਿਆ ਹੋਇਆ।੨।

ਅੰਡਜਅੰਡੇ ਤੋਂ ਜਨਮੇ ਹੋਏ। ਜੇਰਜਜਿਓਰ ਤੋਂ ਜੰਮੇ ਹੋਏ। ਉਤਭੁਜਪਾਣੀ ਦੀ ਰਾਹੀਂ ਧਰਤੀ ਤੋਂ ਜੰਮੇ ਹੋਏ। ਸੇਤਜਸ੍ਵੇਤ (ਮੁੜ੍ਹਕੇ) ਤੋਂ ਪੈਦਾ ਹੋਏ। ਪੁਰਬੁਵਡਿਆਈ, ਅਚਰਜ ਖੇਡ। ਰਵੰਤਾਰਮਿਆ ਹੋਇਆ, ਵਿਆਪਕ।੩।

ਕਿਛੁਕੋਈ ਚੰਗੀ ਅਕਲ। ਲੀਜੈਕੱਢ ਲੈ।੪।

ਅਰਥ: ਹੇ ਮੇਰੇ ਮਾਲਿਕ! ਤੇਰੇ ਅਚਰਜ ਕੌਤਕ ਹਨ। ਤੂੰ ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਪਰ (ਸਾਰੇ ਪੁਲਾੜ ਵਿਚ) ਭਰਪੂਰ ਵਿਆਪਕ ਹੈਂ। ਤੂੰ ਆਪ ਹੀ ਸਭ ਥਾਂ ਮੌਜੂਦ ਹੈਂ।ਰਹਾਉ।

ਹੇ ਪ੍ਰਭੂ! ਇਹ ਸਾਰੀ ਸ੍ਰਿਸ਼ਟੀ ਤੇਰਾ ਚੁਬਾਰਾ ਹੈ, ਚਾਰੇ ਪਾਸੇ ਉਸ ਚੁਬਾਰੇ ਦੀਆਂ ਚਾਰ ਕੰਧਾਂ ਹਨ, ਧਰਤੀ ਉਸ ਚੁਬਾਰੇ ਦਾ (ਹੇਠਲਾ) ਪੁੜ ਹੈ (ਫ਼ਰਸ਼ ਹੈ), ਆਕਾਸ਼ ਉਸ ਚੁਬਾਰੇ ਦਾ (ਉਪਰਲਾ) ਪੁੜ ਹੈ (ਛੱਤ ਹੈ)ਇਸ ਚੁਬਾਰੇ ਵਿਚ ਤੇਰਾ ਨਿਵਾਸ ਹੈ। ਸਾਰੀ ਸ੍ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਮੂਰਤੀਆਂ ਤੇਰੀ ਹੀ ਸ੍ਰੇਸ਼ਟ ਟਕਸਾਲ ਵਿਚ ਘੜੀਆਂ ਗਈਆਂ ਹਨ।੧।

ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ)ਤੂੰ ਆਪ ਹੀ ਆਪ ਹੁੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿਚ ਲੁਕ ਕੇ ਫਿਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ।੨।

ਅੰਡੇ ਵਿਚੋਂ ਜਿਓਰ ਵਿਚੋਂ ਧਰਤੀ ਵਿਚੋਂ ਮੁੜ੍ਹਕੇ ਵਿਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ (ਇਹ ਸਾਰੇ ਅਨੇਕਾਂ ਰੰਗਾਂ ਤੇ ਕਿਸਮਾਂ ਦੇ ਹਨ), ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਹਨਾਂ ਸਭਨਾਂ ਜੀਵਾਂ ਵਿਚ ਮੌਜੂਦ ਹੈਂ।੩।

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ। ਹੇ ਮੇਰੇ ਮਾਲਕ! ਸੁਣ! ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ, ਮੈਂ ਵਿਕਾਰਾਂ ਵਿਚ ਡੁੱਬ ਰਿਹਾ ਹਾਂ ਜਿਵੇਂ ਪੱਥਰ ਪਾਣੀ ਵਿਚ ਡੁੱਬ ਜਾਂਦਾ ਹੈ। ਮੈਨੂੰ ਕੱਢ ਲੈ।੪।੪।

ਸੋਰਠਿ ਮਹਲਾ ੧ ॥ ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥ ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥ ਕਰਤਾ ਤੂ ਮੈ ਮਾਣੁ ਨਿਮਾਣੇ ॥ ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥ ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥ ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ ॥੨॥ ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ ॥ ਅਹਿਨਿਸਿ ਨਾਮਿ ਰਤੇ ਸੇ ਸੂਚੇ ਮਰਿ ਜਨਮੇ ਸੇ ਕਾਚੇ ॥੩॥ ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ ॥੪॥੫॥ {ਪੰਨਾ 596-597}

ਪਦਅਰਥ: ਹਉਮੈਂ। ਪਤਿਤੁਡਿੱਗਾ ਹੋਇਆ, ਵਿਕਾਰਾਂ ਵਿਚ ਪਿਆ ਹੋਇਆ। ਅੰਮ੍ਰਿਤੁਅਟੱਲ ਜੀਵਨ ਦੇਣ ਵਾਲਾ ਨਾਮਰਸ। ਰਸਿਰਸ ਵਿਚ। ਠਾਕੁਰਹੇ ਠਾਕੁਰ!੧।

ਕਰਤਾਹੇ ਕਰਤਾਰ! ਮਹਤੁਮਹੱਤਤਾ, ਵਡਿਆਈ।ਰਹਾਉ।

ਊਰੇਊਣੇ। ਹੋਛੇਥੋੜ੍ਹਵਿਤੇ। ਗਉਰਾਗੰਭੀਰ, ਭਾਰਾ। ਹਉਰੇਹੌਲੇ। ਮਨਜਿਨ੍ਹਾਂ ਦੇ ਮਨ। ਰਸਨਾਜੀਭ। ਮਨ ਰੇਹੇ ਮੇਰੇ ਮਨ!

ਸਾਚੇਸਦਾ-ਥਿਰ ਰਹਿਣ ਵਾਲੇ। ਭੇਦਿਵਿੱਝ ਕੇ। ਫੁਨਿਮੁੜ, ਭੀ। ਅਹਿਦਿਨ। ਨਿਸਿਰਾਤ। ਨਾਮਿਨਾਮ ਵਿਚ। ਕਾਚੇਕੱਚੀ ਘਾੜਤ ਵਾਲੇ, ਕੋਝੀ ਘਾੜਤ ਵਾਲੇ।੩।

ਸਾਲਾਹੀਮੈਂ ਸਿਫ਼ਤਿ ਕਰਾਂ। ਸਰੀਕੁਬਰਾਬਰ ਦਾ।੪।

ਅਰਥ: ਹੇ ਮੇਰੇ ਕਰਤਾਰ! (ਦੁਨੀਆ ਵਿਚ ਕਿਸੇ ਨੂੰ ਧਨ ਦਾ ਮਾਣ, ਕਿਸੇ ਨੂੰ ਗੁਣਾਂ ਦਾ ਫ਼ਖ਼ਰ। ਮੇਰੇ ਪੱਲੇ ਗੁਣ ਨਹੀਂ ਹਨ) ਮੈਂ ਨਿਮਾਣੇ ਵਾਸਤੇ ਤੂੰ ਹੀ ਮਾਣ ਹੈਂ (ਮੈਨੂੰ ਤੇਰਾ ਹੀ ਮਾਣ ਹੈ, ਆਸਰਾ ਹੈ)ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ-ਧਨ ਹੈ, ਜੋ ਗੁਰ-ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੇ ਹਨ ਉਹਨਾਂ ਨੂੰ ਹੀ ਮਾਣ ਮਿਲਦਾ ਹੈ ਉਹਨਾਂ ਨੂੰ ਹੀ ਵਡਿਆਈ ਮਿਲਦੀ ਹੈ।ਰਹਾਉ।

ਹੇ ਮੇਰੇ ਠਾਕੁਰ! ਮੈਂ ਵਿਕਾਰੀ ਹਾਂ, (ਸਦਾ ਵਿਕਾਰਾਂ ਵਿਚ ਹੀ) ਡਿਗਿਆ ਰਹਿੰਦਾ ਹਾਂ, ਬੜਾ ਹੀ ਪਖੰਡੀ ਹਾਂ, ਤੂੰ ਪਵਿਤ੍ਰ ਨਿਰੰਕਾਰ ਹੈਂ। (ਇਤਨੀ ਭਾਰੀ ਵਿੱਥ ਹੁੰਦਿਆਂ ਮੈਂ ਤੇਰੇ ਚਰਨਾਂ ਵਿਚ ਕਿਵੇਂ ਪਹੁੰਚਾਂ?)(ਪਰ ਤੂੰ ਸਰਨ ਪਏ ਦੀ ਲਾਜ ਰੱਖਣ ਵਾਲਾ ਹੈਂ) ਜੇਹੜੇ ਬੰਦੇ ਤੇਰੀ ਸਰਨ ਪੈਂਦੇ ਹਨ; ਉਹ ਅਟੱਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਰਸ ਚੱਖ ਕੇ ਉਸ ਸਭ ਤੋਂ ਉੱਚੇ ਰਸ ਵਿਚ ਮਸਤ ਰਹਿੰਦੇ ਹਨ।੧।

ਹੇ ਪ੍ਰਭੂ! ਤੂੰ ਗੁਣਾਂ ਨਾਲ ਭਰਪੂਰ ਹੈਂ, ਅਸੀ ਜੀਵ ਊਣੇ ਹਾਂ ਤੇ ਥੋੜ੍ਹ-ਵਿਤੇ ਹਾਂ। ਤੂੰ ਗੰਭੀਰ ਹੈਂ ਅਸੀ ਹੌਲੇ ਹਾਂ (ਹੇ ਪ੍ਰਭੂ!) ਜਿਨ੍ਹਾਂ ਦੇ ਮਨ ਦਿਨ ਰਾਤ ਹਰ ਵੇਲੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ (ਉਹਨਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜ ਕੇ ਪੂਰਾ ਤੇ ਗੰਭੀਰ ਬਣਾ ਲੈਂਦਾ ਹੈਂ)ਹੇ ਮੇਰੇ ਮਨ! ਤੂੰ ਭੀ ਜੀਭ ਨਾਲ ਪਰਮਾਤਮਾ ਦਾ ਨਾਮ ਜਪ (ਤੇਰੇ ਅੰਦਰ ਭੀ ਉਸ ਦੀ ਮੇਹਰ ਨਾਲ ਗੁਣ ਪੈਦਾ ਹੋ ਜਾਣਗੇ)੨।

ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੇ ਅਸੀ ਜੀਵ ਤੇਰੀ ਯਾਦ ਵਿਚ ਹੀ ਟਿਕੇ ਰਹੀਏ, ਜੇ ਅਸੀ ਤੇਰੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਵਿਝੇ ਰਹੀਏ, ਤਾਂ ਅਸੀ ਭੀ (ਤੇਰੀ ਮੇਹਰ ਨਾਲ) ਅਡੋਲ-ਚਿੱਤ ਹੋ ਸਕਦੇ ਹਾਂ। ਜੇਹੜੇ ਮਨੁੱਖ ਦਿਨ ਰਾਤ ਤੇਰੇ ਨਾਮ ਵਿਚ ਰੰਗੇ ਰਹਿੰਦੇ ਹਨ ਉਹ ਪਵਿਤ੍ਰ-ਆਤਮਾ ਹਨ, (ਪਰ ਨਾਮ ਵਿਸਾਰ ਕੇ) ਜੋ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹਨਾਂ ਦੇ ਮਨ ਦੀ ਘਾੜਤ ਅਜੇ ਕੋਝੀ ਹੈ।੩।

ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਕੋਈ ਹੋਰ ਮੈਨੂੰ ਉਸ ਵਰਗਾ ਨਹੀਂ ਦਿੱਸਦਾ ਜਿਸ ਦੀ ਮੈਂ ਸਿਫ਼ਤਿ-ਸਾਲਾਹ ਕਰ ਸਕਾਂ। ਨਾਨਕ ਬੇਨਤੀ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਉਸ (ਲਾ-ਸ਼ਰੀਕ) ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ।੪।੫।

TOP OF PAGE

Sri Guru Granth Darpan, by Professor Sahib Singh