ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 595

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਸੋਰਠਿ ਮਹਲਾ ੧ ਘਰੁ ੧ ਚਉਪਦੇ ॥

ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥ ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥ ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥੧॥ ਭੀ ਸਾਲਾਹਿਹੁ ਸਾਚਾ ਸੋਇ ॥ ਜਾ ਕੀ ਨਦਰਿ ਸਦਾ ਸੁਖੁ ਹੋਇ ॥ ਰਹਾਉ ॥ ਵਡਾ ਕਰਿ ਸਾਲਾਹਣਾ ਹੈ ਭੀ ਹੋਸੀ ਸੋਇ ॥ ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥ ਜੋ ਤਿਸੁ ਭਾਵੈ ਸੋ ਥੀਐ ਰੰਨ ਕਿ ਰੁੰਨੈ ਹੋਇ ॥੨॥ ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥ ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥ ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥੩॥ ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥ ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ ॥ ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥੪॥੧॥ {ਪੰਨਾ 595}

ਪਦਅਰਥ: ਆਇਆਆਇਆ, ਜੋ ਜੰਮਦੇ ਹਨ। ਮਰਣਾਮੌਤ। ਮਰਣਾ ਆਇਆਜੰਮਦੇ ਹਨ ਤੇ ਮਰਦੇ ਹਨ, ਜੰਮਦੇ ਹਨ ਤੇ ਮਰਦੇ ਹਨ, ਜੋ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਵੇਛੋੜਾਪ੍ਰਭੂ ਚਰਨਾਂ ਤੋਂ ਵਿਛੋੜਾ। ਆਗੈਪ੍ਰਭੂ ਦੀ ਹਜ਼ੂਰੀ ਵਿਚ। ਕਿਨਾਹਕੇਹੜੇ ਬੰਦਿਆਂ ਨੂੰ? ਵੇਦਨਪੀੜ, ਮਾਨਸਕ ਦੁੱਖ।੧।

ਭੀਮੁੜ ਮੁੜ। ਸਾਚਾਸਦਾ-ਥਿਰ ਰਹਿਣ ਵਾਲਾ। ਜਾ ਕੀਜਿਸ ਪ੍ਰਭੂ ਦੀ।ਰਾਹਉ।

ਵਡਾ ਕਰਿਵੱਡਾ ਕਰ ਕੇ, ਇਹ ਆਖ ਕੇ ਕਿ ਉਹ ਸਭ ਤੋਂ ਵੱਡਾ ਹੈ। ਕਿ ਹੋਇਕੀਹ ਲਾਭ ਹੋ ਸਕਦਾ ਹੈ? ਕੋਈ ਲਾਭ ਨਹੀਂ ਹੋ ਸਕਦਾ। ਰੁੰਨੈਰੋਇਆਂ।੨।

ਕੋਟਕਿਲ੍ਹੇ। ਗੜਕਿਲ੍ਹੇ। ਕੇਤੀਬਥੇਰੀ ਲੁਕਾਈ। ਵਜਾਇ—(ਨੋਬਤ) ਵਜਾ ਕੇ। ਅਸਮਾਨਿਆਕਾਸ਼ ਤਕ। ਨ ਮਾਵਨੀਨ ਮਾਵਨਿ, ਨਹੀਂ ਮਿਓਂਦੇ। ਤਿਨ ਨਕਿਉਹਨਾਂ ਦੇ ਨੱਕ ਵਿਚ। ਨਥਾ ਪਾਇਨੱਥਾਂ ਪਾਂਦਾ ਹੈ, ਆਕੜ ਭੰਨਦਾ ਹੈ। ਮਨਹੇ ਮਨ! ਸੂਲੀਆਦੁੱਖ ਕਲੇਸ਼। ਕਾਹੇਕਿਉਂ? ਮਿਠਾ ਖਾਹਿਤੂੰ ਮਿੱਠਾ ਖਾਂਦਾ ਹੈਂ, ਤੂੰ ਦੁਨੀਆ ਦੇ ਮਿੱਠੇ ਭੋਗ ਭੋਗਦਾ ਹੈਂ।੩।

ਅਉਗੁਣਵਿਕਾਰ, ਪਾਪ। ਤੇਰੇਇਹ ਸਾਰੇ। ਗਲੀਗਲਾਂ ਵਿਚ। ਜੰਜੀਰਫਾਹੀਆਂ। ਕਟੀਅਨਿਕੱਟੇ ਜਾਂਦੇ ਹਨ। ਸੇਇਹੀ। ਅਗੈ ਗਏਸਾਡੇ ਨਾਲ ਗਏ ਹੋਏ। ਮੰਨੀਅਨਿਮੰਨੇ ਜਾਂਦੇ ਹਨ, ਆਦਰ ਪਾਂਦੇ ਹਨ। ਵੇਪੀਰਬੇਮੁਰਸ਼ਿਦੇ, ਵੱਸ ਵਿਚ ਨਾਹ ਆਉਣ ਵਾਲੇ।੪।

ਅਰਥ: (ਹੇ ਭਾਈ!) ਮੁੜ ਮੁੜ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹੋ। ਉਸੇ ਦੀ ਮੇਹਰ ਦੀ ਨਜ਼ਰ ਨਾਲ ਸਦਾ-ਥਿਰ ਰਹਿਣ ਵਾਲਾ ਸੁਖ ਮਿਲਦਾ ਹੈ।੧।

(ਜੋ ਜੀਵ ਦੁਨੀਆ ਦੇ ਹੋਛੇ ਸੁਖਾਂ ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦੇਂਦੇ ਹਨ) ਉਹਨਾਂ ਸਭਨਾਂ ਨੂੰ ਪ੍ਰਭੂ-ਚਰਨਾਂ ਤੋਂ ਵਿਛੋੜਾ ਰਹਿੰਦਾ ਹੈ ਉਹ ਸਾਰੇ ਜੰਮਦੇ ਮਰਦੇ ਹੀ ਰਹਿੰਦੇ ਹਨ। (ਹੇ ਭਾਈ!) ਜਾ ਕੇ ਗੁਰਮੁਖਾਂ ਪਾਸੋਂ ਪਤਾ ਲਵੋ ਕਿ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਕਿਨ੍ਹਾਂ ਨੂੰ ਹੁੰਦਾ ਹੈ (ਕਿਉਂਕਿ ਸੁਖੀ ਉਹੀ ਹਨ ਜੋ ਪ੍ਰਭੂ-ਚਰਨਾਂ ਵਿਚ ਜੁੜਦੇ ਹਨ)(ਇਹ ਗੱਲ ਤਾਂ ਪ੍ਰਤੱਖ ਹੈ ਕਿ) ਜਿਨ੍ਹਾਂ ਬੰਦਿਆਂ ਨੂੰ ਪਿਆਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ ਉਹਨਾਂ ਨੂੰ ਬੜਾ ਆਤਮਕ ਕਲੇਸ਼ ਬਣਿਆ ਰਹਿੰਦਾ ਹੈ।੧।

(ਹੇ ਭਾਈ!) ਉਹ ਪਰਮਾਤਮਾ (ਸਦਾ-ਥਿਰ ਹੈ) ਹੁਣ ਭੀ ਮੌਜੂਦ ਹੈ ਅਗਾਂਹ ਨੂੰ ਭੀ ਕਾਇਮ ਰਹੇਗਾ, ਉਸ ਦੀ ਸਿਫ਼ਤਿ-ਸਾਲਾਹ ਕਰੋ (ਤੇ ਆਖੋ) ਕਿ ਉਹ ਸਭ ਤੋਂ ਵੱਡਾ ਦਾਤਾ ਹੈ। (ਹੇ ਭਾਈ! ਆਖੋ-ਹੇ ਪ੍ਰਭੂ!) ਤੂੰ ਸਭ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈਂ ਮਨੁੱਖ (ਵਿਚਾਰੇ ਕੀਹ ਹਨ ਕਿ ਉਹਨਾਂ) ਤੋਂ ਕੋਈ ਦਾਤਾਂ ਹੋ ਸਕਣ? (ਹੇ ਭਾਈ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ (ਉਸ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨੋ, ਕੋਈ ਦੁੱਖ ਕਲੇਸ਼ ਆਉਣ ਤੇ) ਰੰਨਾਂ ਵਾਂਗ ਰੋਣ ਤੋਂ ਕੋਈ ਲਾਭ ਨਹੀਂ ਹੋ ਸਕਦਾ।੨।

ਇਸ ਧਰਤੀ ਉਤੇ ਅਨੇਕਾਂ ਆਏ ਜੋ ਕਿਲ੍ਹੇ ਆਦਿਕ ਬਣਾ ਕੇ (ਆਪਣੀ ਤਾਕਤ ਦਾ) ਢੋਲ ਵਜਾ ਕੇ (ਆਖ਼ਰ) ਚਲੇ ਗਏ। ਜੇਹੜੇ ਆਪਣੀ ਤਾਕਤ ਦੇ ਮਾਣ ਵਿਚ ਇਤਨੀ ਧੌਣ ਅਕੜਾਂਦੇ ਹਨ ਕਿ (ਮਾਨੋ) ਅਸਮਾਨ ਦੇ ਹੇਠ ਭੀ ਨਹੀਂ ਮਿਓਂਦੇ, ਉਹ ਪਰਮਾਤਮਾ ਉਹਨਾਂ ਦੀ ਆਕੜ ਭੀ ਭੰਨ ਦੇਂਦਾ ਹੈ। ਸੋ, ਹੇ ਮਨ! ਜੇ ਤੂੰ ਇਹ ਸਮਝ ਲਏਂ ਕਿ ਦੁਨੀਆ ਦੇ ਮੌਜ ਮੇਲਿਆਂ ਦਾ ਨਤੀਜਾ ਦੁੱਖ-ਕਲੇਸ਼ ਹੀ ਹੈ ਤਾਂ ਤੂੰ ਦੁਨੀਆ ਦੇ ਭੋਗਾਂ ਵਿਚ ਹੀ ਕਿਉਂ ਮਸਤ ਰਹੇਂ?੩।

ਹੇ ਨਾਨਕ! (ਦੁਨੀਆ ਦੇ ਸੁਖ ਮਾਣਨ ਦੀ ਖ਼ਾਤਰ) ਜਿਤਨੇ ਭੀ ਪਾਪ-ਵਿਕਾਰ ਅਸੀ ਕਰਦੇ ਹਾਂ, ਇਹ ਸਾਰੇ ਪਾਪ-ਵਿਕਾਰ ਸਾਡੇ ਗਲਾਂ ਵਿਚ ਫਾਹੀਆਂ ਬਣ ਜਾਂਦੇ ਹਨ (ਇਹ ਹੋਰ ਹੋਰ ਪਾਪਾਂ ਵਲ ਧ੍ਰੂਹ ਕੇ ਲੈ ਜਾਂਦੇ ਹਨ), ਇਹ ਪਾਪ-ਫਾਹੀਆਂ ਤਦੋਂ ਹੀ ਕੱਟੀਆਂ ਜਾ ਸਕਦੀਆਂ ਹਨ ਜੇ ਸਾਡੇ ਪੱਲੇ ਗੁਣ ਹੋਣ। ਗੁਣ ਹੀ ਅਸਲ ਭਾਈ ਮਿਤ੍ਰ ਹਨ। (ਇਥੋਂ) ਸਾਡੇ ਨਾਲ ਗਏ ਹੋਏ ਪਾਪ-ਵਿਕਾਰ (ਅਗਾਂਹ) ਆਦਰ ਨਹੀਂ ਪਾਂਦੇ। ਇਹਨਾਂ ਬੇ-ਮੁਰਸ਼ਿਦਾਂ ਨੂੰ (ਹੁਣੇ ਹੀ) ਮਾਰ ਕੇ ਆਪਣੇ ਅੰਦਰੋਂ ਕੱਢ ਦਿਉ।੪।੧।

ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥ ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥ {ਪੰਨਾ 595}

ਪਦਅਰਥ: ਹਾਲੀਹਲ ਵਾਹੁਣ ਵਾਲਾ। ਕਿਰਸਾਣੀਵਾਹੀ ਦਾ ਕੰਮ। ਕਰਣੀਉੱਚਾ ਆਚਰਨ। ਸਰਮੁ—{श्रम} ਮੇਹਨਤ, ਉੱਦਮ। ਰਖੁਰਾਖਾ। ਗਰੀਬੀ ਵੇਸੁਸਾਦਾ ਲਿਬਾਸ, ਸਾਦਗੀ, ਸਾਦਾ ਜੀਵਨ। ਭਾਉਪ੍ਰੇਮ। ਕਰਮਬਖ਼ਸ਼ਸ਼। ਕਰਮ ਕਰਿ—(ਪਰਮਾਤਮਾ ਦੀ) ਮੇਹਰ ਨਾਲ। ਜੰਮਸੀਉੱਗੇਗਾ, ਪੈਦਾ ਹੋਵੇਗਾ। ਭਾਗਠਭਾਗਾਂ ਵਾਲੇ, ਧਨਾਢ।੧।

ਬਾਬਾਹੇ ਭਾਈ! ਇਨਿਇਸ ਨੇ।ਰਹਾਉ।

ਹਾਣੁਬੀਤਣਾ, ਗੁਜ਼ਰਨਾ। ਆਰਜਾਉਮਰ। ਆਰਜਾ ਹਾਣੁਉਮਰ ਦਾ ਬੀਤਣਾ, ਸੁਆਸਾਂ ਦਾ ਚਲਣਾ, ਹਰੇਕ ਸੁਆਸ ਦੇ ਨਾਲ ਨਾਮ ਨੂੰ ਪ੍ਰੋਣਾ। ਹਟੁਦੁਕਾਨ। ਵਥੁਸੌਦਾ। ਸੋਚਵਿਚਾਰ। ਭਾਂਡਸਾਲਭਾਂਡਿਆਂ ਦੀ ਕਤਾਰ। ਤਿਸੁ ਵਿਚਉਸ ਭਾਂਡਸਾਲ ਵਿਚ। ਤਿਸ ਨੋਉਸ ਨਾਮਵਥ ਨੂੰ {ਨੋਟ: 'ਜਿਸੁ, ਕਿਸੁ, ਤਿਸੁ, ਉਸੁ' ਦਾ ਅੰਤਲਾ ੁ ਹੇਠਲਿਖੇ ਸੰਬੰਧਕਾਂ ਦੇ ਨਾਲ ਉੱਡ ਜਾਂਦਾ ਹੈਕਾ, ਕੇ, ਕੀ, ਦਾ, ਦੇ, ਦੀ, ਨੈ, ਨੋ, ਤੇ}ਵਣਜਾਰੇਸਤਸੰਗੀ। ਮਨ ਹਸੁਮਨ ਦਾ ਹਾਸਾ, ਮਨ ਦਾ ਖਿੜਾਉ।੨।

ਸਾਸਤਧਰਮਪੁਸਤਕ। ਸਤੁਉੱਚਾ ਆਚਰਨ। ਮਨਹੇ ਮਨ! ਮਤੁ ਜਾਣਹਿ ਕਲੁਮਤਾਂ ਕੱਲ ਜਾਣੇ, ਕੱਲ ਤੇ ਨਾਹ ਪਾਈਂ। ਦੇਸਿਦੇਸ ਵਿਚ। ਸੁਖਿਸੁਖ ਵਿਚ, ਆਤਮਕ ਆਨੰਦ ਵਿਚ। ਮਹਲੁਟਿਕਾਣਾ।੩।

ਚਾਕਰੀਨੌਕਰੀ। ਕੰਮੁਨੌਕਰੀ ਦਾ ਕੰਮ। ਬੰਨੁਰੋਕ ਰੱਖ। ਧਾਵਣੀਨੌਕਰੀ ਦੀ ਦੌੜਭੱਜ। ਤਾਤਦੋਂ ਹੀ। ਧੰਨੁਸ਼ਾਬਾਸ਼ੇ। ਚਵਗਣਚੌਗੁਣਾ। ਵੰਨੁਰੰਗ।੪।

ਨੋਟ: ਧਨ ਕਮਾਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ-ਵਾਹੀ, ਦੁਕਾਨ, ਵਪਾਰ, ਤੇ ਨੌਕਰੀ। ਇਸ ਸ਼ਬਦ ਵਿਚ ਫ਼ੁਰਮਾਂਦੇ ਹਨ ਕਿ ਦੁਨੀਆ ਦਾ ਧਨ ਤਾਂ ਇਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਨਾਲ ਨਿਭਣ ਵਾਲਾ ਨਾਮ-ਧਨ ਹੈ, ਉਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮੇਹਨਤ ਕਰਨੀ ਹੈ ਜਿਵੇਂ ਕਿਸਾਨ ਵਾਹੀ ਦੀ ਮੇਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿਚ, ਜਿਵੇਂ ਵਪਾਰੀ ਵਪਾਰ ਵਿਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿਚ।

ਅਰਥ: ਹੇ ਭਾਈ! (ਇਥੋਂ ਤੁਰਨ ਵੇਲੇ) ਮਾਇਆ ਜੀਵ ਦੇ ਨਾਲ ਨਹੀਂ ਜਾਂਦੀ (ਇਹ ਹਰੇਕ ਨੂੰ ਪਤਾ ਹੈ ਫਿਰ ਭੀ) ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਸਮਝਦਾ ਹੈ (ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ)੧।ਰਹਾਉ।

(ਹੇ ਭਾਈ! ਸਦਾ ਨਾਲ ਨਿਭਣ ਵਾਲਾ ਧਨ ਕਮਾਣ ਲਈ) ਮਨ ਨੂੰ ਹਾਲੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ (ਨਾਮ ਫ਼ਸਲ ਵਾਸਤੇ) ਪਾਣੀ ਹੈ, (ਇਹ ਆਪਣਾ) ਸਰੀਰ (ਹੀ) ਪੈਲੀ ਹੈ। (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, (ਬੀ ਬੀਜ ਕੇ ਉਸ ਨੂੰ ਪੰਛੀਆ ਤੋਂ ਬਚਾਣ ਲਈ ਸੁਹਾਗਾ ਫੇਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਜੇ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ ਤ੍ਰਿਸ਼ਨਾ ਨਾਮ-ਬੀਜ ਨੂੰ ਮੁਕਾ ਦੇਵੇਗੀ) ਸੰਤੋਖ (ਨਾਮ-ਬੀਜ ਨੂੰ ਤ੍ਰਿਸ਼ਨਾ-ਪੰਛੀਆਂ ਤੋਂ ਬਚਾਣ ਲਈ) ਸੁਹਾਗਾ ਹੈ, ਸਾਦਾ ਜੀਵਨ (ਨਾਮ-ਫ਼ਸਲ ਦੀ ਰਾਖੀ ਕਰਨ ਲਈ) ਰਾਖਾ ਹੈ। (ਹੇ ਭਾਈ! ਇਹ ਵਾਹੀ ਕੀਤਿਆਂ ਸਰੀਰ-ਪੈਲੀ ਵਿਚ) ਪਰਮਾਤਮਾ ਦੀ ਮੇਹਰ ਨਾਲ ਪ੍ਰੇਮ ਪੈਦਾ ਹੋਵੇਗਾ। ਵੇਖ, (ਜਿਨ੍ਹਾਂ ਇਹ ਵਾਹੀ ਕੀਤੀ) ਉਹ ਹਿਰਦੇ (ਨਾਮ-ਧਨ ਨਾਲ) ਧਨਾਢ ਹੋ ਗਏ।੧।

(ਹੇ ਭਾਈ!) ਉਮਰ ਦੇ ਹਰੇਕ ਸੁਆਸ ਨੂੰ ਖੱਟੀ ਬਣਾ, ਇਸ ਹੱਟੀ ਵਿਚ ਸਦਾ-ਥਿਰ ਰਹਿਣ ਵਾਲਾ ਹਰੀ ਨਾਮ ਸੌਦਾ ਬਣਾ। ਆਪਣੀ ਸੁਰਤਿ ਤੇ ਵਿਚਾਰ-ਮੰਡਲ ਨੂੰ ਭਾਂਡਿਆਂ ਦੀ ਕਤਾਰ ਬਣਾ, ਇਸ ਭਾਂਡਸਾਲ ਵਿਚ ਇਸ ਹਰੀ-ਨਾਮ ਸੌਦੇ ਨੂੰ ਪਾ। ਇਹ ਨਾਮ-ਵਣਜ ਕਰਨ ਵਾਲੇ ਸਤਸੰਗੀਆਂ ਨਾਲ ਮਿਲ ਕੇ ਤੂੰ ਭੀ ਹਰੀ-ਨਾਮ ਦਾ ਵਣਜ ਕਰ। ਇਸ ਵਣਜ ਵਿਚੋਂ ਖੱਟੀ ਮਿਲੇਗੀ ਮਨ ਦਾ ਖਿੜਾਓ।੨।

(ਹੇ ਭਾਈ! ਸੌਦਾਗਰਾਂ ਵਾਂਗ ਹਰੀ-ਨਾਮ ਦਾ ਸੌਦਾਗਰ ਬਣ) ਧਰਮ-ਪੁਸਤਕਾਂ (ਦਾ ਉਪਦੇਸ਼) ਸੁਣਿਆ ਕਰ, ਇਹ ਹਰੀ-ਨਾਮ ਦੀ ਸੌਦਾਗਰੀ ਹੈ, (ਸੌਦਾਗਰੀ ਦਾ ਮਾਲ ਲੱਦਣ ਵਾਸਤੇ) ਉੱਚੇ ਆਚਰਨ ਨੂੰ ਘੋੜੇ ਬਣਾ ਕੇ ਲੈ ਤੁਰ, (ਜ਼ਿੰਦਗੀ ਦੇ ਸਫ਼ਰ ਵਿਚ ਭੀ ਖ਼ਰਚ ਦੀ ਲੋੜ ਹੈ) ਚੰਗੇ ਗੁਣਾਂ ਨੂੰ ਜੀਵਨ-ਸਫ਼ਰ ਦਾ ਖ਼ਰਚ ਬਣਾ। ਹੇ ਮਨ! (ਇਸ ਵਪਾਰ ਦੇ ਉੱਦਮ ਨੂੰ) ਕੱਲ ਤੇ ਨਾਹ ਪਾਈਂ। ਇਸ ਵਪਾਰ ਨਾਲ ਜੇ ਤੂੰ ਪਰਮਾਤਮਾ ਦੇ ਦੇਸ ਵਿਚ (ਪਰਮਾਤਮਾ ਦੇ ਚਰਨਾਂ ਵਿਚ) ਟਿਕ ਜਾਏਂ, ਤਾਂ ਆਤਮਕ ਸੁਖ ਵਿਚ ਥਾਂ ਲੱਭ ਲਏਂਗਾ।੩।

(ਹੇ ਭਾਈ! ਨੌਕਰ ਰੋਜ਼ੀ ਕਮਾਣ ਲਈ ਮੇਹਨਤ ਨਾਲ ਮਾਲਕ ਦੀ ਸੇਵਾ ਕਰਦਾ ਹੈ, ਤੂੰ ਭੀ) ਪੂਰੇ ਧਿਆਨ ਨਾਲ (ਪ੍ਰਭੂ-ਮਾਲਕ ਦੀ) ਨੌਕਰੀ ਕਰ (ਜਿਵੇਂ ਨੌਕਰ ਆਪਣੇ ਮਾਲਕ ਦੇ ਹੁਕਮ ਨੂੰ ਭੁਲਾਂਦਾ ਨਹੀਂ ਤੂੰ ਭੀ) ਪਰਮਾਤਮਾ-ਮਾਲਕ ਦੇ ਨਾਮ ਨੂੰ ਮਨ ਵਿਚ ਪੱਕਾ ਕਰ ਰੱਖ, ਇਹੀ ਹੈ ਉਸ ਦੀ ਸੇਵਾ। ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, ਇਹ ਹੈ ਪਰਮਾਤਮਾ ਦੀ ਨੌਕਰੀ ਵਾਸਤੇ ਦੌੜ-ਭੱਜ। (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ। ਹੇ ਨਾਨਕ! ਇਹ ਨੌਕਰੀ ਕੀਤਿਆਂ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ, ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ।੪।੨।

TOP OF PAGE

Sri Guru Granth Darpan, by Professor Sahib Singh