ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 588

ਪਉੜੀ ॥ ਤਿਸੁ ਗੁਰ ਕਉ ਹਉ ਵਾਰਿਆ ਜਿਨਿ ਹਰਿ ਕੀ ਹਰਿ ਕਥਾ ਸੁਣਾਈ ॥ ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥ ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥ ਤਿਸੁ ਗੁਰ ਕਉ ਸਾਬਾਸਿ ਹੈ ਜਿਨਿ ਹਰਿ ਸੋਝੀ ਪਾਈ ॥ ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥੫॥ {ਪੰਨਾ 588}

ਪਦਅਰਥ: ਬਣਤਰੀਤ, ਮਰਯਾਦਾ। ਜਿਥੈ ਕਿਥੈਹਰ ਥਾਂ।

ਅਰਥ: ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਗੱਲ ਸੁਣਾਈ ਹੈ, ਤੇ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ। ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ; ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।

ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ।੫।

ਸਲੋਕ ਮਃ ੩ ॥ ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥ ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥ ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵੀਚਾਰੁ ॥੧॥ {ਪੰਨਾ 588}

ਪਦਅਰਥ: ਦਾਧੀਸਾੜੀ ਹੋਈ। ਸੀਤਲੁਠੰਡ ਪਾਉਣ ਵਾਲਾ।

ਅਰਥ: ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ; ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ; (ਕਿਉਂਕਿ) ਹੇ ਨਾਨਕ! ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ਤਦ ਤਕ (ਨਾਮ ਨਹੀਂ ਮਿਲਦਾ, ਤੇ) ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ (ਇਹ ਡਰ ਤੇ ਸਹਿਮ ਹੀ ਮੁੜ ਮੁੜ ਤ੍ਰਿਸ਼ਨਾ ਦੇ ਅਧੀਨ ਕਰਦਾ ਹੈ)੧।

ਮਃ ੩ ॥ ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥ ਵਰਮੀ ਮਾਰੀ ਸਾਪੁ ਨਾ ਮਰੈ ਤਿਉ ਨਿਗੁਰੇ ਕਰਮ ਕਮਾਹਿ ॥ ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥ ਮਨੁ ਤਨੁ ਸੀਤਲੁ ਸਾਂਤਿ ਹੋਇ ਤ੍ਰਿਸਨਾ ਅਗਨਿ ਬੁਝਾਇ ॥ ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥ ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥ ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥ ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥੨॥ {ਪੰਨਾ 588}

ਪਦਅਰਥ: ਆਪੁਆਪਾਭਾਵ, ਅਪਣੱਤ, ਸੁਆਰਥ। ਆਘਾਇ ਰਜਾਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ। ਪਚਹਿਸੜਦੇ ਹਨ।

ਅਰਥ: ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ; ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ, ਤਿਵੇਂ ਹੀ ਉਹ ਮਨੁੱਖ ਕਰਮ ਕਰਦੇ ਹਨ ਜੋ ਗੁਰੂ ਦੀ ਸ਼ਰਨ ਨਹੀਂ ਆਉਂਦੇ (ਗੁਰੂ ਦੀ ਸ਼ਰਨ ਪੈ ਕੇ ਆਪਾ-ਭਾਵ ਮਿਟਾਉਣ ਤੋਂ ਬਿਨਾ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ)ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਤੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ; (ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ, ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ।

ਪਉੜੀ ॥ ਜਿਨੀ ਹਰਿ ਹਰਿ ਨਾਮੁ ਧਿਆਇਆ ਤਿਨੀ ਪਾਇਅੜੇ ਸਰਬ ਸੁਖਾ ॥ ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥ ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥ ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥ ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥੬॥ {ਪੰਨਾ 588}

ਪਦਅਰਥ: ਚਿੰਤਆਸ। ਚੁਖਾਰਤਾ ਭੀ।

ਅਰਥ: ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ, ਉਹਨਾਂ ਦਾ ਸਾਰਾ ਮਨੁੱਖਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, 'ਨਾਮ' ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ।

ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ; ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ)੬।

ਸਲੋਕ ਮਃ ੩ ॥ ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥ ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥ ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥ ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥ ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥ {ਪੰਨਾ 588}

ਪਦਅਰਥ: ਕਲਿਦੁਬਿਧਾ ਵਾਲਾ ਸੁਭਾਉ, ਪ੍ਰਭੂ ਤੋਂ ਵਿਛੋੜੇ ਵਾਲੀ ਹਾਲਤ {"ਇਕ ਘੜੀ ਨ ਮਿਲਤੇ ਤ ਕਲਿਜੁਗੁ ਹੋਤਾ"}ਜੰਦਾਰੁਗਵਾਰ, ਅਵੈੜਾ (ਫਾ:)ਫਰੂਰਾਖਾ।

ਅਰਥ: ਦੁਬਿਧਾ ਵਾਲੀ ਹਾਲਤ ਵਿਚ (ਮਨੁੱਖ ਦੇ ਸਿਰ ਉਤੇ) ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ; (ਪਰ ਉਹ ਜਮ ਭੀ) ਪ੍ਰਭੂ ਦੇ ਹੁਕਮ ਵਿਚ ਹੀ ਕਾਰ ਕਰਦਾ ਹੈ, ਜਿਨ੍ਹਾਂ ਨੂੰ ਗੁਰੂ ਨੇ ('ਕਲਿ' ਤੋਂ) ਬਚਾ ਲਿਆ ਉਹ (ਜਮ ਦੇ ਸਹਿਮ ਤੋਂ) ਬਚ ਜਾਂਦੇ ਹਨ, ਮਨ ਦੇ ਪਿਛੇ ਤੁਰਨ ਵਾਲੇ ਬੰਦਿਆਂ ਨੂੰ (ਸਹਿਮ ਦੀ) ਸਜ਼ਾ ਦੇਂਦਾ ਹੈ।

ਜਗਤ (ਭਾਵ, ਪ੍ਰਭੂ ਤੋਂ ਵਿਛੁੜਿਆ ਜੀਵ) ਜਮਕਾਲ ਦੇ ਵੱਸ ਵਿਚ ਬੱਧਾ ਪਿਆ ਹੈ, ਉਸ ਦਾ ਕੋਈ ਰਾਖਾ ਨਹੀਂ ਬਣਦਾ; ਜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੀਏ ਜਿਸ ਨੇ ਜਮ ਪੈਦਾ ਕੀਤਾ ਹੈ (ਤਾਂ ਫਿਰ ਜਮ ਦਾ) ਦੁਖ ਨਹੀਂ ਪੋਂਹਦਾ, (ਸਗੋਂ) ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਸੱਚਾ ਪ੍ਰਭੂ ਵੱਸਦਾ ਹੈ ਉਹਨਾਂ ਦੀ ਜਮ ਭੀ ਸੇਵਾ ਕਰਦਾ ਹੈ।੧।

ਮਃ ੩ ॥ ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥ ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥ ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥ {ਪੰਨਾ 588}

ਪਦਅਰਥ: ਕਾਇਆਸਰੀਰ। ਰੋਗਿਰੋਗ ਨਾਲ। ਮੰਨਿਮਨ ਵਿਚ।

ਅਰਥ: ਇਹ ਸਰੀਰ (ਹਉਮੈ ਦੇ) ਰੋਗ ਨਾਲ ਭਰਿਆ ਹੋਇਆ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਹਉਮੈ ਰੋਗ-ਰੂਪ ਦੁੱਖ ਦੂਰ ਨਹੀਂ ਹੁੰਦਾ; ਜੇ ਗੁਰੂ ਮਿਲ ਪਏ ਤਾਂ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਗੁਰੂ ਮਿਲਿਆਂ ਮਨੁੱਖ) ਪਰਮਾਤਮਾ ਦਾ ਨਾਮ ਮਨ ਵਿਚ ਵਸਾਂਦਾ ਹੈ। ਹੇ ਨਾਨਕ! ਜਿਨ੍ਹਾਂ ਨੇ ਸੁਖਦਾਈ ਹਰਿ-ਨਾਮ ਸਿਮਰਿਆ ਹੈ, ਉਹਨਾਂ ਦਾ ਹਉਮੈ-ਦੁੱਖ ਸਹਿਜ ਸੁਭਾਇ ਦੂਰ ਹੋ ਜਾਂਦਾ ਹੈ।੨।

ਪਉੜੀ ॥ ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥ ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ ॥ ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥ ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ ॥ ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥ {ਪੰਨਾ 588}

ਪਦਅਰਥ: {ਦਿਸ਼ਹੱਥ ਨਾਲ ਇਸ਼ਾਰਾ ਕਰ ਕੇ ਵਿਖਾਉਣਾ। ਉਪਨੇੜੇ। ਉਪਦਿਸ਼ਨੇੜੇ ਵਿਖਾਉਣਾ।} ਜਿਨਿ ਉਪਦੇਸਿਆਜਿਸ ਗੁਰੂ ਨੇ ਰੱਬ ਨੇੜੇ ਵਿਖਾ ਦਿੱਤਾ ਹੈ। ਗੁਣੀਗੁਣਾਂ ਦਾ ਖ਼ਜ਼ਾਨਾ।

ਅਰਥ: ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਜਗਤ-ਦਾ-ਸਹਾਰਾ-ਪ੍ਰਭੂ ਨੇੜੇ ਵਿਖਾ ਦਿੱਤਾ ਹੈ, ਜਿਸ ਨੇ ਅਹੰਕਾਰ-ਦੈਂਤ ਨੂੰ ਮਾਰਨ ਵਾਲੇ ਪ੍ਰਭੂ ਦਾ ਨਾਮ ਸੁਣਾਇਆ ਹੈ (ਭਾਵ, ਨਾਮ ਸਿਮਰਨ ਦੀ ਸਿੱਖਿਆ ਦਿੱਤੀ ਹੈ), ਜਿਸ ਨੇ ਹਉਮੈ ਰੂਪ ਜ਼ਹਿਰ ਤੇ ਹੋਰ ਸਾਰਾ (ਵਿਕਾਰਾਂ ਦਾ) ਰੋਗ ਦੂਰ ਕੀਤਾ ਹੈ।

ਜਿਸ ਗੁਰੂ ਨੇ (ਜੀਵ ਦੇ) ਪਾਪ ਕੱਟ ਕੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸੋਝੀ ਪਾਈ ਹੈ, ਉਸ ਦਾ (ਜੀਵਾਂ ਉੱਤੇ) ਇਹ ਬਹੁਤ ਭਾਰਾ ਉਪਕਾਰ ਹੈ। ਐਸਾ ਗੁਰੂ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਦੇ ਮੱਥੇ ਉੱਤੇ ਮੂੰਹ ਉੱਤੇ (ਪਿਛਲੇ ਕੀਤੇ ਚੰਗੇ ਕਰਮਾਂ ਦੇ ਸੰਸਕਾਰਾਂ ਦਾ) ਭਾਗ ਲਿਖਿਆ ਪਿਆ ਹੈ।੭।

TOP OF PAGE

Sri Guru Granth Darpan, by Professor Sahib Singh