ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 585

ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥ ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥ ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ ॥ ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ ॥ ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ ॥੨॥ {ਪੰਨਾ 585}

ਪਦਅਰਥ: ਕਾਇਆਸਰੀਰ। ਕੰਚਨੁਸੋਨਾ, ਸੋਨੇ ਵਾਂਗ ਪਵਿਤ੍ਰ। ਤਾਂਤਦੋਂ। ਲਏ ਮਿਲਾਏਲਏ ਮਿਲਾਇ। ਭ੍ਰਮੁਭਟਕਣਾ। ਨਾਮਿਨਾਮ ਵਿਚ। ਸਮਾਏਲੀਨ ਹੋ ਜਾਂਦਾ ਹੈ। ਮਿਲਿ ਪ੍ਰੀਤਮਪ੍ਰੀਤਮ ਨੂੰ ਮਿਲ ਕੇ। ਅਨੰਦਿਅਨੰਦ ਵਿਚ। ਪੁਰਖੀਪੁਰਖਾਂ ਨੇ। ਹੰਉਮੈਂ। ਤਿਨ ਕੈ ਪਾਏਉਹਨਾਂ ਦੀ ਚਰਨੀਂ। ਲਾਗਉਲਾਗਉਂ, ਮੈਂ ਲੱਗਦਾ ਹਾਂ।੨।

ਅਰਥ: ਹੇ ਭਾਈ! (ਮਨੁੱਖ ਦਾ) ਇਹ ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੁੰਦਾ ਹੈ, ਜਦੋਂ ਗੁਰੂ (ਮਨੁੱਖ ਨੂੰ) ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ। (ਤਦੋਂ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਤੇ, ਇਸ ਦੇ ਅੰਦਰੋਂ ਮਾਇਆ ਦੀ ਖ਼ਾਤਰ ਭਟਕਣਾ ਦੂਰ ਹੋ ਜਾਂਦੀ ਹੈ। ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਆਨੰਦ ਮਾਣਦਾ ਹੈ। ਇਸ ਆਨੰਦ ਵਿਚ ਦਿਨ ਰਾਤ ਸਦਾ ਟਿਕਿਆ ਰਹਿੰਦਾ ਹੈ, ਤੇ, ਇਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ ਹੋਇਆ ਹੈ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ। (ਮਨੁੱਖ ਦਾ ਇਹ) ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੋ ਜਾਂਦਾ ਹੈ, ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ।੨।

ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥ ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥ ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥ ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ ॥ ਤਿਸੁ ਜੇਵਡੁ ਅਵਰੁ ਨ ਸੂਝਈ ਕਿਸੁ ਆਗੈ ਕਹੀਐ ਜਾਏ ॥ ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥੩॥ {ਪੰਨਾ 585}

ਪਦਅਰਥ: ਸਚਾ ਸਚੁਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਲਾਹੀਐਸਲਾਹਿਆ ਜਾ ਸਕਦਾ ਹੈ। ਦੇਇ ਬੁਝਾਏਦੇਇ ਬੁਝਾਇ, ਸਮਝਾ ਦੇਵੇ, ਸਿਫ਼ਤਿ-ਸਾਲਾਹ ਕਰਨ ਦੀ ਸਮਝ ਬਖ਼ਸ਼ ਦੇਵੇ। ਭਰਮਿ—(ਮਾਇਆ ਦੀ) ਭਟਕਣਾ ਵਿਚ। ਭੁਲਾਣੀਆਕੁਰਾਹੇ ਪੈ ਜਾਂਦੀਆਂ ਹਨ। ਦੇਸਨਿਦੇਣਗੀਆਂ। ਆਗੈਪਰਲੋਕ ਵਿਚ। ਜਾਏਜਾਇ, ਜਾ ਕੇ। ਦੇਨਿਦੇਂਦੀਆਂ ਹਨ। ਅਵਗੁਣਿਔਗੁਣ ਦੇ ਕਾਰਨ। ਪਛੁਤਾਏ—(ਜੀਵਇਸਤ੍ਰੀ) ਪਛੁਤਾਂਦੀ ਹੈ। ਕਮਾਏਸਹੇੜਦੀ ਹੈ। ਨਾਮਿਨਾਮ ਵਿਚ। ਰੰਗਿਰੰਗ ਵਿਚ। ਚਲੂਲਾਗੂੜ੍ਹਾ। ਅੰਕਿਗੋਦ ਵਿਚ, ਗਲਵੱਕੜੀ ਵਿਚ। ਸਮਾਏਸਮਾਇ, ਲੀਨ ਹੋ ਕੇ। ਤਿਸੁ ਜੇਵਡੁਉਸ ਪਰਮਾਤਮਾ ਦੇ ਬਰਾਬਰ ਦਾ। ਜਾਏਜਾਇ, ਜਾ ਕੇ।੩।

ਅਰਥ: ਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜੇ ਗੁਰੂ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਦੇ ਦੇਵੇ। ਗੁਰੂ ਦੀ ਸਰਨ ਤੋਂ ਬਿਨਾ (ਜੀਵ-ਇਸਤ੍ਰੀਆਂ ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀਆਂ ਹਨ, ਤੇ, ਪਰਲੋਕ ਵਿਚ ਜਾ ਕੇ ਸ਼ਰਮ-ਸਾਰ ਹੁੰਦੀਆਂ ਹਨ। ਪਰਲੋਕ ਵਿਚ ਜਾ ਕੇ ਉਹ ਮੂੰਹ ਨਹੀਂ ਵਿਖਾ ਸਕਦੀਆਂ।

ਹੇ ਭਾਈ! ਜੇਹੜੀ ਜੀਵ-ਇਸਤ੍ਰੀ ਔਗੁਣ ਵਿਚ ਫਸ ਜਾਂਦੀ ਹੈ, ਉਹ ਆਖ਼ਰ ਪਛੁਤਾਂਦੀ ਹੈ, ਉਹ ਸਦਾ ਦੁੱਖ ਹੀ ਦੁੱਖ ਸਹੇੜਦੀ ਹੈ। ਪਰਮਾਤਮਾ ਦੇ ਨਾਮ ਵਿਚ ਰੰਗੀਆਂ ਹੋਈਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਕੇ ਗੂੜ੍ਹੇ ਪ੍ਰੇਮ-ਰੰਗ ਵਿਚ (ਮਸਤ ਰਹਿੰਦੀਆਂ ਹਨ)

ਹੇ ਭਾਈ! ਉਸ ਪਰਮਾਤਮਾ ਦੇ ਬਰਾਬਰ ਦਾ (ਜਗਤ ਵਿਚ) ਹੋਰ ਕੋਈ ਨਹੀਂ ਦਿੱਸਦਾ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਅੱਗੇ (ਕੋਈ ਦੁਖ ਸੁਖ) ਦੱਸਿਆ ਨਹੀਂ ਜਾ ਸਕਦਾ। (ਪਰ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜੇ ਗੁਰੂ (ਸਿਫ਼ਤਿ-ਸਾਲਾਹ ਕਰਨ ਦੀ) ਸਮਝ ਬਖ਼ਸ਼ ਦੇਵੇ।੩।

ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥ ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ ॥ ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥ ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥ ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥ ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥੪॥੪॥ {ਪੰਨਾ 585}

ਪਦਅਰਥ: ਸਚੇਸਦਾ-ਥਿਰ, ਅਡੋਲਚਿੱਤ। ਸਰਿਸਰੋਵਰ ਵਿਚ। ਨਾਏਨ੍ਹਾਏ, ਇਸ਼ਨਾਨ ਕਰ ਲੈਂਦਾ ਹੈ। ਸਹਜਿਆਤਮਕ ਅਡੋਲਤਾ ਵਿਚ। ਸੁਭਾਏਸੁਭਾਇ, ਪ੍ਰੇਮ ਵਿਚ। ਸਤਿਗੁਰਿਗੁਰੂ ਨੇ। ਅਨਦਿਨੁਹਰ ਰੋਜ਼। ਸਚਿਸਦਾ-ਥਿਰ ਹਰੀ ਵਿਚ। ਸਮਾਏਸਮਾਇ, ਲੀਨ ਰਹਿ ਕੇ।੪।

ਅਰਥ: ਜਿਨ੍ਹਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ। ਉਹ ਮਨੁੱਖ ਅਡੋਲ-ਚਿੱਤ ਹੋ ਜਾਂਦੇ ਹਨ, ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਦਾ ਦਰਸ਼ਨ ਕੀਤਿਆਂ (ਵਿਕਾਰਾਂ ਦੀ) ਸਾਰੀ ਮੈਲ ਦੂਰ ਹੋ ਜਾਂਦੀ ਹੈ। ਉਹਨਾਂ ਦਾ ਦੀਦਾਰ ਕਰਨ ਨਾਲ (ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ। (ਜੇਹੜਾ ਮਨੁੱਖ ਉਹਨਾਂ ਦਾ ਦਰਸ਼ਨ ਕਰਦਾ ਹੈ, ਉਹ ਮਨੁੱਖ) ਸਦਾ-ਥਿਰ ਪ੍ਰਭੂ ਦੇ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਉਹ ਸਦਾ-ਥਿਰ ਹਰੀ ਵਿਚ ਲੀਨ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ (ਕਰਨ ਵਾਲਾ) ਹੈ, ਪਰ ਪ੍ਰਭੂ (ਸਿਆਣਪ ਚਤੁਰਾਈ ਦੀ ਰਾਹੀਂ) ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਭੀ ਉਸ ਤਕ ਪਹੁੰਚ ਨਹੀਂ। ਜਿਨ੍ਹਾਂ ਨੂੰ ਗੁਰੂ ਨੇ (ਪ੍ਰਭੂ ਦੀ) ਸੂਝ ਦਿੱਤੀ, ਉਹ, ਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਨਾਮ-ਰੰਗ ਵਿਚ ਰੰਗੇ ਹੋਏ ਪ੍ਰਭੂ ਦੀ ਭਗਤੀ ਕਰਦੇ ਰਹਿੰਦੇ ਹਨ। ਹੇ ਭਾਈ! ਜਿਨ੍ਹਾਂ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਉੱਦਮ ਫੜ ਲਿਆ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।੪।੪।

ਵਡਹੰਸ ਕੀ ਵਾਰ ਮਹਲਾ ੪

ਵਾਰ ਦਾ ਭਾਵ

ਪਉੜੀ ਵਾਰ-

() ਜਿਸ ਪਰਮਾਤਮਾ ਨੇ ਅਦ੍ਰਿਸ਼ਟ ਰੂਪ ਤੋਂ ਸਰੂਪ ਵਾਲਾ ਹੋ ਕੇ ਇਹ ਜਗਤ ਰਚਿਆ ਹੈ, ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਜੋ ਸਭ ਜੀਵਾਂ ਨੂੰ ਅਣਮੰਗਿਆ ਦਾਨ ਦੇਂਦਾ ਹੈ ਉਸ ਦੀ ਬੰਦਗੀ ਦਾ ਖ਼ੈਰ ਸਤਿਗੁਰੂ ਪਾਸੋਂ ਹੀ ਮਿਲਦਾ ਹੈ।

() ਸਤਿਗੁਰੂ ਦੇ ਅੰਦਰ ਪਰਮਾਤਮਾ ਪ੍ਰਤੱਖ ਪਰਗਟ ਹੈ, ਕਿਉਂਕਿ ਗੁਰੂ ਅਪਣੱਤ ਮਿਟਾ ਕੇ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ। ਗੁਰੂ ਹੋਰ ਲੋਕਾਂ ਨੂੰ ਭੀ ਪਰਮਾਤਮਾ ਨੇੜੇ ਅੰਗ-ਸੰਗ ਵਿਖਾ ਕੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੇ ਸੋਹਣੇ ਰਸਤੇ ਪਾ ਦੇਂਦਾ ਹੈ।

() ਸਤਿਗੁਰੂ ਹੀ ਮਨੁੱਖ ਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸਦਾ ਹੈ, ਮਨੁੱਖ ਦੇ ਮਨ ਵਿਚੋਂ ਮੋਹ ਦਾ ਹਨੇਰਾ ਦੂਰ ਕਰ ਕੇ ਉਸ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ।

() ਸਤਿਗੁਰੂ ਸਿੱਖ ਨੂੰ ਸਤਸੰਗ ਵਿਚ ਸਾਂਝੀਵਾਲ ਬਣਾਂਦਾ ਹੈ, ਕਿਉਂਕਿ ਸਤਸੰਗ ਵਿਚ ਜਾ ਕੇ ਸਹਜ ਸੁਭਾਇ ਹੀ ਮਨੁੱਖ ਸਿਮਰਨ ਵਿਚ ਲੱਗ ਪੈਂਦਾ ਹੈ, ਓਥੇ ਹੁੰਦੀ ਹੀ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ।

() ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾ ਕੇ ਗੁਰੂ ਮਨੁੱਖ ਨੂੰ ਪਰਮਾਤਮਾ ਦੀ ਹੋਂਦ ਦੀ ਸੂਝ ਪਾ ਦੇਂਦਾ ਹੈ, ਬੰਦਗੀ ਵਿਚ ਜੋੜ ਕੇ ਤ੍ਰਿਸ਼ਨਾ ਆਦਿਕ ਤੋਂ ਬਚਾਂਦਾ ਹੈ ਤੇ ਸੰਤੋਖ ਵਾਲਾ ਜੀਵਨ ਜੀਊਣ ਦੀ ਜਾਚ ਸਿਖਾਂਦਾ ਹੈ।

() ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਪਰਾਈ ਆਸ ਤਿਆਗਦਾ ਹੈ; ਗੁਰੂ ਦੀ ਬਾਣੀ ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਕਿਉਂਕਿ ਇਸ ਦੇ ਅੰਦਰ ਇਕ ਪਰਮਾਤਮਾ ਦੀ ਯਾਦ ਦੀ ਤਾਂਘ ਵਧ ਜਾਂਦੀ ਹੈ।

() ਸਤਿਗੁਰੂ ਦੀ ਅਗਵਾਈ ਵਿਚ ਜਿਉਂ ਜਿਉਂ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਇਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ, ਅਉਗਣ ਮਿਟਦੇ ਹਨ ਤੇ ਜੀਵਨ ਦਾ ਆਸਰਾ ਪਰਮਾਤਮਾ ਨੇੜੇ ਅੰਗ-ਸੰਗ ਦਿੱਸਣ ਲੱਗ ਪੈਂਦਾ ਹੈ।

() ਪਰਮਾਤਮਾ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ; ਪਰ ਸਤਿਗੁਰੂ ਮਨੁੱਖ ਨੂੰ ਉਸ ਦੇ ਗੁਣ ਸੁਣਾ ਸੁਣਾ ਕੇ ਇਹ ਦ੍ਰਿੜ੍ਹ ਕਰਾ ਦੇਂਦਾ ਹੈ ਕਿ ਉਹ ਸਭ ਜੀਵਾਂ ਦਾ ਮਾਲਕ ਹਰੇਕ ਦੇ ਦਿਲ ਦੀ ਜਾਣਦਾ ਹੈ ਤੇ ਸਭ ਕੁਝ ਕਰਨ ਦੇ ਸਮਰੱਥ ਹੈ; ਇਸ ਤਰ੍ਹਾਂ ਗੁਰੂ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਅੰਗ-ਸੰਗ ਹੋਣ ਦਾ ਵਿਸ਼ਵਾਸ ਪੈਦਾ ਕਰ ਦੇਂਦਾ ਹੈ।

() ਸਤਿਗੁਰੂ ਦਾ ਮਨ ਪਵਿਤ੍ਰ ਹੁੰਦਾ ਹੈ, ਗੁਰੂ ਸ਼ਾਹਾਂ ਦਾ ਸ਼ਾਹ ਹੈ ਜਿਸ ਪਾਸ ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਹੈ; ਗੁਰੂ ਦੇ ਅੰਦਰ ਬਿਬੇਕ ਵਾਲੀ ਮਤਿ ਹੋਣ ਕਰਕੇ, ਉਸ ਨੂੰ ਹਰ ਥਾਂ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ।

(੧੦) ਲੋੜਾਂ ਦਾ ਮਾਰਿਆ ਹੋਇਆ ਮਨੁੱਖ ਬੰਦਿਆਂ ਦੇ ਦਰ ਤੇ ਜਾ ਕੇ ਹੌਲਾ ਪੈਂਦਾ ਹੈ; ਪਰ, ਸਭ ਜੀਵਾਂ ਦਾ ਇੱਕ ਪਰਮਾਤਮਾ ਹੀ ਹੈ; ਜੋ ਮਨੁੱਖ ਉਸ ਦੇ ਦਰ ਤੇ ਸਵਾਲੀ ਹੁੰਦਾ ਹੈ, ਉਸ ਦੀ ਮੁਰਾਦ ਭੀ ਪੂਰੀ ਹੁੰਦੀ ਹੈ ਤੇ ਪ੍ਰਭੂ ਦਾ ਨਾਮ ਸਿਮਰਨ ਦੀ ਬਰਕਤਿ ਨਾਲ ਉਸ ਦੀ ਮਾਇਆ ਵਾਲੀ ਭੁੱਖ ਹੀ ਮਿਟ ਜਾਂਦੀ ਹੈ।

(੧੧) ਇਹ 'ਨਾਮ' ਸਤਿਗੁਰੂ ਪਾਸੋਂ ਹੀ ਮਿਲਦਾ ਹੈ; ਗੁਰੂ ਨਾਮ ਦਾ, ਮਾਨੋ, ਖ਼ਜ਼ਾਨਾ ਹੈ, ਭਾਗਾਂ ਵਾਲੇ ਮਨੁੱਖ ਗੁਰੂ ਨਾਲ ਇਸ ਪਦਾਰਥ ਦੀ ਭਿਆਲੀ ਪਾਂਦੇ ਹਨ, 'ਨਾਮ' ਦਾ ਵਪਾਰ ਕਰਦੇ ਹਨ ਤੇ ਜੱਗ ਤੋਂ ਅਸਲ ਲਾਭ ਖੱਟ ਕੇ ਜਾਂਦੇ ਹਨ।

(੧੨) ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ 'ਨਾਮ' ਦ੍ਰਿੜ੍ਹ ਕਰਦਾ ਹੈ, ਉਸ ਦੇ ਅੰਦਰੋਂ ਹਉਮੈ ਤੇ ਦੁਬਿਧਾ ਨਿਕਲ ਜਾਂਦੀ ਹੈ ਉਸ ਦਾ ਮਨ ਪ੍ਰੇਮ ਦੀ ਰੰਗਣ ਨਾਲ ਰੰਗਿਆ ਜਾਂਦਾ ਹੈ। ਉਸ ਨੂੰ ਯਕੀਨ ਆ ਜਾਂਦਾ ਹੈ ਕਿ ਜਗਤ ਵਿਚ ਅਸਲ ਸੰਗੀ ਪ੍ਰਭੂ ਦਾ ਨਾਮ ਹੀ ਹੈ।

(੧੩) ਪਿਛਲੇ ਸਮਿਆਂ ਦੇ ਮਹਾਂਪੁਰਖ ਵੱਲ ਹੀ ਵੇਖ ਲਓ; ਪ੍ਰਹਿਲਾਦ, ਜਨਕ, ਵਸ਼ਿਸ਼ਟ ਆਦਿਕ ਸਭ ਨੂੰ ਗੁਰੂ ਦੀ ਸ਼ਰਨ ਪਿਆਂ ਹੀ ਨਾਮ ਸਿਮਰਨ ਦੀ ਦਾਤਿ ਮਿਲੀ; ਗੁਰੂ ਤੋਂ ਬਿਨਾ ਕਿਸੇ ਨੂੰ ਨਹੀਂ ਮਿਲੀ।

(੧੪) ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪਏ, ਸਾਰਾ ਜਗਤ ਉਸ ਦੇ ਅੱਗੇ ਨਿਊਂਦਾ ਹੈ; ਉਸ ਮਨੁੱਖ ਨੂੰ ਜਗਤ ਵਿਚ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ; ਪਰ ਇਹ ਬਰਕਤਿ ਪ੍ਰਭੂ ਦੀ ਮੇਹਰ ਨਾਲ ਉਸ ਨੂੰ ਹੀ ਨਸੀਬ ਹੁੰਦੀ ਹੈ ਜੋ ਗੁਰੂ ਦੀ ਸ਼ਰਨ ਪਏ।

(੧੫) ਬੰਦਗੀ ਕਰਨ ਨਾਲ ਮਨੁੱਖ ਇਸ ਸਰਧਾ ਤੇ ਆ ਟਿਕਦਾ ਹੈ ਕਿ ਅਸਲ ਅੰਗ ਸਾਕ ਪਰਮਾਤਮਾ ਹੀ ਹੈ, ਦੁਖ ਸੁਖ ਵੇਲੇ ਅਸਲ ਸਲਾਹਕਾਰ ਤੇ ਸਾਥੀ ਉਸ ਦਾ ਨਾਮ ਹੀ ਹੈ। ਸਿੱਟਾ ਇਹ ਨਿਕਲਦਾ ਹੈ ਕਿ ਜਿਤਨਾ ਚਿਰ ਏਥੇ ਜੀਊਂਦਾ ਹੈ ਮਨੁੱਖ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ, ਤੇ ਏਥੋਂ ਤੁਰਨ ਲੱਗਿਆਂ ਭੀ ਵਿਕਾਰਾਂ ਦੀ ਕੋਈ ਪੰਡ ਲੈ ਕੇ ਨਹੀਂ ਤੁਰਦਾ।

(੧੬) ਬੰਦਗੀ ਵਾਲੇ ਨੂੰ ਪ੍ਰਭੂ ਦਾ ਨਾਮ ਹੀ ਹਰ ਥਾਂ ਰਾਖਾ ਦਿੱਸਦਾ ਹੈ, ਜਗਤ ਤੋਂ ਤੁਰਨ ਲੱਗਿਆਂ ਭੀ 'ਨਾਮ' ਹੀ ਉਸ ਨੂੰ ਮਾਇਆ ਦੀ ਜੇਵੜੀ ਤੋਂ ਛਡਾਂਦਾ ਹੈ; ਪਰ ਇਸ ਹਰੀ-ਨਾਮ ਦੀ ਸਮਝ ਸਤਿਗੁਰੂ ਪਰਉਪਕਾਰੀ ਤੋਂ ਹੀ ਪੈਂਦੀ ਹੈ।

(੧੭) ਜਗਤ ਵਿਚ ਕੋਈ ਤਾਂ ਸੋਹਣੇ ਸੁਆਦਲੇ ਖਾਣੇ ਖਾਣ ਵਿਚ ਮਸਤ ਹੈ, ਕੋਈ ਸੋਹਣੇ ਕੱਪੜੇ ਪਹਿਨਣ ਵਿਚ ਮਗਨ ਹੈ, ਕੋਈ ਨਿਰਾ ਵਣਜ ਵਪਾਰ ਵਿਚ ਰੁੱਝਾ ਪਿਆ ਹੈ; ਪਰ, ਬੰਦਗੀ ਵਾਲੇ ਨੂੰ ਜੋ ਰਸ 'ਨਾਮ' ਵਿਚ ਹੈ, ਉਹ ਇਹਨਾਂ ਚੀਜ਼ਾਂ ਵਿਚ ਨਹੀਂ ਮਿਲਦਾ। ਹਾਂ, ਇਸ ਲਗਨ ਵਾਲਾ ਹੁੰਦਾ ਕੋਈ ਵਿਰਲਾ ਹੈ ਜਿਸ ਤੇ ਮੇਹਰ ਹੋਵੇ ਤੇ ਜੋ ਗੁਰੂ ਦੀ ਸ਼ਰਨ ਆਵੇ।

(੧੮) ਉਹ ਮਨੁੱਖ ਭਾਗਾਂ ਵਾਲਾ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਰਜ਼ਾ ਵਿਚ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਸਿਮਰਨ ਦੀ ਬਰਕਤ ਨਾਲ ਉਸ ਦੇ ਮਨ ਵਿਚ ਖ਼ੁਸ਼ੀ ਤੇ ਖਿੜਾਉ ਪੈਦਾ ਹੁੰਦਾ ਹੈ।

(੧੯) ਸਤਿਗੁਰੂ ਦੀ ਸ਼ਰਨ ਪਿਆਂ ਮਨ ਵਿਚ ਸ਼ਾਂਤੀ ਪੈਦਾ ਹੁੰਦੀ ਹੈ, ਪਰਮਾਤਮਾ ਦੇ ਨਾਮ ਵਿਚ ਸੁਰਤਿ ਜੁੜਦੀ ਹੈ, ਤੇ ਵੈਰੀ ਨਾਲ ਭੀ ਮਿਤ੍ਰ-ਭਾਵਨਾ ਬਣ ਜਾਂਦੀ ਹੈ।

(੨੦) ਜੋ ਮਨੁੱਖ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ, ਉਸ ਦੀਆਂ ਹੋਰ ਸਾਰੀਆਂ ਲਾਲਸਾ ਮਿਟ ਜਾਂਦੀਆਂ ਹਨ, ਉਸ ਨੂੰ ਹਰੇਕ ਜੀਵ ਵਿਚ ਪ੍ਰਭੂ ਹੀ ਵੱਸਦਾ ਦਿੱਸਦਾ ਹੈ।

(੨੧) ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦਾ ਹੈ ਉਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਹਰੇਕ ਵਿਚ ਮੌਜੂਦ ਹੈ, ਮਾਰਨ ਵਾਲਾ ਭੀ ਉਹ ਆਪ ਹੈ ਤੇ ਰੱਖਣ ਵਾਲਾ ਭੀ ਉਹ ਆਪ। ਇਸ ਸਰਧਾ ਨਾਲ ਜਿਉਂ ਜਿਉਂ ਉਹ ਸਿਮਰਨ ਕਰਦਾ ਹੈ, ਤਿਉਂ ਤਿਉਂ ਕੋਈ ਚਿੰਤਾ ਫ਼ਿਕਰ ਉਸ ਨੂੰ ਪੋਹ ਨਹੀਂ ਸਕਦਾ।

ਸਮੁੱਚਾ ਭਾਵ-

() (ਪਉੜੀ ਨੰ: , ): ਪ੍ਰਭੂ ਹਰੇਕ ਜੀਵ ਵਿਚ ਮੌਜੂਦ ਹੈ, ਪਰ ਇਹ ਪ੍ਰਤੱਖ ਯਕੀਨ ਕੇਵਲ ਗੁਰੂ ਨੂੰ ਹੁੰਦਾ ਹੈ, ਇਸ ਵਾਸਤੇ ਪ੍ਰਭੂ ਦੀ ਬੰਦਗੀ ਦਾ ਖ਼ੈਰ ਗੁਰੂ ਪਾਸੋਂ ਹੀ ਮਿਲ ਸਕਦਾ ਹੈ।

() (ਪਉੜੀ ਨੰ ੩ ਤੋਂ ੧੩): ਗੁਰੂ ਦੀ ਸੰਗਤਿ ਵਿਚ ਰਹਿ ਕੇ ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ ਤਿਉਂ ਤਿਉਂ ਇਸ ਦੇ ਅੰਦਰੋਂ ਮੋਹ ਦਾ ਹਨੇਰਾ, ਮਾਇਆ ਦੀ ਤ੍ਰਿਸ਼ਨਾ ਤੇ ਹਉਮੈ ਮਿਟ ਜਾਂਦੀ ਹੈ, ਪ੍ਰਭੂ ਅੰਗ-ਸੰਗ ਦਿੱਸਣ ਲੱਗ ਪੈਂਦਾ ਹੈ, ਇਹ ਯਕੀਨ ਬਣਦਾ ਜਾਂਦਾ ਹੈ ਕਿ ਜਗਤ ਵਿਚ ਅਸਲ ਸੰਗੀ ਹਰਿ-ਨਾਮ ਹੀ ਹੈ। ਪਿਛਲੇ ਮਹਾਂ ਪੁਰਖ ਪ੍ਰਹਿਲਾਦ, ਜਨਕ, ਵਸ਼ਿਸ਼ਟ ਆਦਿਕ ਵਲ ਭੀ ਵੇਖ ਲਉ, ਗੁਰੂ ਤੋਂ ਬਿਨਾ ਕਿਸੇ ਨੂੰ ਪ੍ਰਾਪਤੀ ਨਹੀਂ ਹੋਈ।

() (ਪਉੜੀ ਨੰ: ੧੪ ਤੋਂ ੨੧): ਗੁਰੂ-ਸਰਨ ਆ ਕੇ ਨਾਮ ਜਪਿਆਂ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ, ਅਸਲ ਅੰਗ-ਸਾਕ ਪ੍ਰਭੂ ਹੀ ਜਾਪਦਾ ਹੈ, ਉਹੀ ਹਰ ਥਾਂ ਰਾਖਾ ਦਿੱਸਦਾ ਹੈ, ਨਾਮ-ਰਸ ਜਗਤ ਦੇ ਰਸਾਂ ਨਾਲੋਂ ਮਿੱਠਾ ਲੱਗਦਾ ਹੈ ਹਰ ਵੇਲੇ ਮਨ ਖਿੜਿਆ ਰਹਿੰਦਾ ਹੈ, ਮਿਤ੍ਰ ਵੈਰੀ ਇਕ-ਸਮਾਨ ਜਾਪਦੇ ਹਨ, ਹਰੇਕ ਜੀਵ ਵਿਚ ਰੱਬ ਹੀ ਦਿੱਸਦਾ ਹੈ, ਮਾਰਨ ਵਾਲਾ ਭੀ ਉਹੀ ਤੇ ਜਿਵਾਲਣ ਵਾਲਾ ਭੀ ਉਹੀ ਨਜ਼ਰੀਂ ਆਉਂਦਾ ਹੈ, ਇਸ ਵਾਸਤੇ ਜਗਤ ਦਾ ਕੋਈ ਡਰ ਪੋਹ ਨਹੀਂ ਸਕਦਾ।

ਮੁੱਖ ਭਾਵ-

ਕੇਵਲ ਗੁਰੂ ਦੀ ਸ਼ਰਨ ਪਿਆਂ ਹੀ ਮਨੁੱਖ ਸਰਬ-ਵਿਆਪਕ ਪ੍ਰਭੂ ਦੀ ਬੰਦਗੀ ਕਰ ਸਕਦਾ ਹੈ, ਗੁਰੂ ਤੋਂ ਬਿਨਾ ਪ੍ਰਾਪਤੀ ਨਹੀਂ ਹੋ ਸਕਦੀ।

ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ 

ਲਲਾਂ ਤੇ ਬਹਲੀਮਾ ਦੋ ਛੋਟੇ ਛੋਟੇ ਰਾਜਪੂਤ ਰਾਜੇ ਸਨ, ਕਾਂਗੜੇ ਦੇ ਇਲਾਕੇ ਵਿਚ। ਇਕ ਵਾਰੀ ਲਲਾਂ ਦੇ ਇਲਾਕੇ ਵਿਚ ਔੜ ਲੱਗ ਗਈ, ਉਸ ਨੇ ਆਪਣੀ ਪੈਦਾਵਾਰ ਦਾ ਛੇਵਾਂ ਹਿੱਸਾ ਦੇਣ ਦਾ ਇਕਰਾਰ ਕਰ ਕੇ ਬਹਲੀਮਾ ਦੀ ਨਹਿਰ ਤੋਂ ਪਾਣੀ ਲਿਆ। ਫ਼ਸਲ ਦਾ ਵੇਲਾ ਆਇਆ ਤਾਂ ਇਸ ਨੇ ਇਕਰਾਰ ਪੂਰਾ ਨਾ ਕੀਤਾ। ਦੋਹਾਂ ਵਿਚ ਲੜਾਈ ਹੋ ਪਈ ਪਰ ਬਹਲੀਮਾ ਜਿੱਤ ਗਿਆ। ਇਸ ਲੜਾਈ ਦਾ ਹਾਲ ਕਿਸੇ ਢਾਢੀ ਨੇ 'ਵਾਰ' ਵਿਚ ਗਾਂਵਿਆਂ, ਜਿਸ ਦਾ ਨਮੂਨਾ ਇਉਂ ਹੈ:

ਕਾਲ ਲਲਾਂ ਦੇ ਦੇਸ਼ ਦਾ ਖੋਇਆ ਬਹਿਲੀਮਾ ॥

ਹਿੱਸਾ ਛਟਾ ਮਨਾਇ ਕੈ ਜਲੁ ਨਹਰੋਂ ਦੀਨਾ ॥

ਫਿਰਾਊਨ ਹੋਇ ਲਲਾਂ ਨੇ ਰਣ ਮੰਡਿਆ ਧੀਮਾ ॥

ਭੇੜ ਦੁਹੂ ਦਿਸ ਮੱਚਿਆ ਸੱਟ ਪਈ ਅਜੀਮਾ ॥

ਸਿਰ ਧੜ ਡਿੱਗੇ ਖੇਤ ਵਿਚ ਜਿਉ ਵਾਹਣ ਢੀਮਾ ॥

ਦੇਖਿ ਮਾਰੇ ਲਲਾਂ ਬਹਲੀਮ ਨੇ ਰਣ ਮਹਿ ਬਰਛੀਮਾ ॥

ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਕਿ ਇਸ ਵਾਰ ਦੀ ਸੁਰ ਤੇ ਗੁਰੂ ਰਾਮਦਾਸ ਜੀ ਦੀ ਇਹ ਵਡਹੰਸ ਦੀ ਵਾਰ ਗਾਉਣੀ ਹੈ।

ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ    ੴ ਸਤਿਗੁਰ ਪ੍ਰਸਾਦਿ ॥ ਸਲੋਕ ਮਃ ੩ ॥ ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥ ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥ ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥ ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥ {ਪੰਨਾ 585}

ਪਦਅਰਥ: ਵਡਹੰਸਵੱਡੇ ਹੰਸ, ਵੱਡੇ ਬਿਬੇਕੀ। ਉਰਿਹਿਰਦੇ ਵਿਚ। ਸੰਗ੍ਰਹਹਿਇਕੱਠਾ ਕਰਦੇ ਹਨ। ਸਚਿਸੱਚ ਵਿਚ। ਪਿਆਰਿਪਿਆਰ ਦੇ ਕਾਰਨ। ਕਰਤਾਰਿਕਰਤਾਰ ਨੇ। ਮੁਰਾਰਿਪਰਮਾਤਮਾ।

ਅਰਥ: ਜੋ ਮਨੁੱਖ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਵੱਡੇ ਬਿਬੇਕੀ (ਸੰਤ) ਹਨ; ਉਹ ਸੱਚਾ ਨਾਮ (ਰੂਪ ਧਨ) ਇਕੱਠਾ ਕਰਦੇ ਹਨ, ਤੇ ਸੱਚੇ ਨਾਮ ਵਿਚ ਪਿਆਰ ਦੇ ਕਾਰਨ ਸੱਚ ਵਿਚ ਹੀ ਲੀਨ ਰਹਿੰਦੇ ਹਨ; ਕਰਤਾਰ ਨੇ ਉਹਨਾਂ ਉਤੇ ਮੇਹਰ ਦੀ ਨਜ਼ਰ ਕੀਤੀ ਹੋਈ ਹੈ; (ਇਸ ਕਰਕੇ) ਉਹ ਸਦਾ ਪਵਿਤ੍ਰ ਹਨ ਉਹਨਾਂ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ। ਹੇ ਨਾਨਕ! (ਆਖ-) ਜੋ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ।੧।

ਮਃ ੩ ॥ ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥ {ਪੰਨਾ 585}

ਪਦਅਰਥ: ਬਗੁਬਗੁਲਾ, ਪਖੰਡੀ ਮਨੁੱਖ। ਜਨਮਿਜਨਮ ਤੋਂ ਹੀ, ਮੁੱਢ ਤੋਂ ਹੀ। ਅੰਗੁ ਨ ਦੇਦੀਪਾਸ ਨਾ ਬੈਠਦੀ।

ਅਰਥ: ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ; ਜੇ ਮੈਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ।੨।

ਮਃ ੩ ॥ ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥ {ਪੰਨਾ 585}

ਪਦਅਰਥ: ਤਲਿਹੇਠਾਂ। ਸਿਰੁ ਤਲਿ, ਉਪਰਿ ਪਾਉਸਿਰ ਹੇਠਾਂ ਤੇ ਪੈਰ ਉਤਾਂਹ ਨੂੰ, ਸਿਰਪਰਨੇ ਹੋ ਕੇ।

ਅਰਥ: ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ, ਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ।੩।

ਪਉੜੀ ॥ ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥ ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥ ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥ ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥ ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥ {ਪੰਨਾ 585}

ਪਦਅਰਥ: ਕਾਰਣੁਮੁੱਢ। ਨਿਰੰਕਾਰੁਨਿਰਗੁਣ ਰੂਪ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਬੀਆਦੂਜਾ। ਵਾਹੁ ਵਾਹੁਧੰਨ।

ਅਰਥ: ਹੇ ਪ੍ਰਭੂ! ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, (ਕਿਉਂਕਿ ਇਸ ਤੋਂ ਪਹਿਲਾਂ ਦਾ ਭੀ) ਤੂੰ ਆਪ ਹੀ ਹੈਂ, ਤੂੰ ਆਪ ਹੀ ਹੈਂ; ਤੇਰਾ ਕੋਈ ਖ਼ਾਸ ਸਰੂਪ ਨਹੀਂ ਹੈ (ਜੋ ਮੈਂ ਬਿਆਨ ਕਰ ਸਕਾਂ), ਤੇਰੇ ਵਰਗਾ ਕੋਈ ਦੂਜਾ ਨਹੀਂ ਹੈ। ਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ; ਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ।

(ਹੇ ਭਾਈ!) ਸਾਰੇ ਆਖਹੁ-ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤਿ (ਅਸਾਡੇ) ਮੂੰਹ ਵਿਚ ਪਾਈ ਹੈ (ਭਾਵ, ਅਸਾਨੂੰ ਨਾਮ ਦੀ ਦਾਤਿ ਬਖ਼ਸ਼ੀ ਹੈ)੧।

TOP OF PAGE

Sri Guru Granth Darpan, by Professor Sahib Singh