ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 584

ਵਡਹੰਸੁ ਮਃ ੩ ॥ ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥ ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥ ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥ ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥ ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥ ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥ {ਪੰਨਾ 584}

ਪਦਅਰਥ: ਰੋਵਹਿਦੁਖੀ ਹੁੰਦੀਆਂ ਹਨ। ਪਿਰਹਿਪਿਰ ਤੋਂ, ਪ੍ਰਭੂਪਤੀ ਤੋਂ। ਮੈ ਪਿਰੁਮੇਰਾ ਪ੍ਰਭੂਪਤੀ। ਸਚੜਾਸਦਾ ਜੀਉਂਦਾਜਾਗਦਾ। ਚਲਣੁਕੂਚ, ਮੌਤ। ਸੇਵਹਿਸੇਂਵਦੀਆਂ ਹਨ। ਸਮਾਲੇਸਮਾਲਿ, ਹਿਰਦੇ ਵਿਚ ਵਸਾ ਕੇ। ਸਬਦੇਸਬਦਿ, ਸ਼ਬਦ ਦੀ ਰਾਹੀਂ। ਕਾਲੁਮੌਤ, ਮੌਤ ਦਾ ਡਰ, ਆਤਮਕ ਮੌਤ। ਮਾਰਿਮਾਰ ਕੇ, ਮੁਕਾ ਕੇ। ਉਰਿਹਿਰਦੇ ਵਿਚ। ਧਾਰਿਰੱਖ ਕੇ। ਸਦਾਸਦਾ ਕਾਇਮ ਰਹਿਣ ਵਾਲਾ। ਸਚੀਸਦਾ ਕਾਇਮ ਰਹਿਣ ਵਾਲੀ। ਨਾਈ—{ਸ੍ਨਾ ਤੋਂ 'ਅਸਨਾਈ' ਅਤੇ 'ਨਾਈ' ਦੋ ਰੂਪ ਹਨ} ਵਡਿਆਈ। ਨਦਰਿਮੇਹਰ ਦੀ ਨਿਗਾਹ ਨਾਲ। ਨਿਹਾਲੇਵੇਖਦਾ ਹੈ।੧।

ਅਰਥ: ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ (ਉਹ ਨਹੀਂ ਜਾਣਦੀਆਂ ਕਿ) ਮੇਰਾ ਪ੍ਰਭੂ-ਪਤੀ ਸਦਾ ਜੀਊਂਦਾ-ਜਾਗਦਾ ਹੈ, ਤੇ, ਸਦਾ (ਸਾਡੇ) ਨਾਲ ਵੱਸਦਾ ਹੈ। ਹੇ ਭਾਈ! ਜਿਨ੍ਹਾਂ ਜੀਵਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਠੀਕ ਮੰਨ ਲਿਆ ਹੈ, ਉਹ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ ਸੁਖ ਮਾਣਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੌਤ ਦੇ ਡਰ ਨੂੰ ਦੂਰ ਕਰ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਉਹ ਮੇਹਰ ਦੀ ਨਿਗਾਹ ਕਰ ਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ। (ਪਰ) ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ (ਉਹ ਨਹੀਂ ਜਾਣਦੀਆਂ ਕਿ) ਮੇਰਾ ਪ੍ਰਭੂ-ਪਤੀ ਸਦਾ ਜੀਊਂਦਾ-ਜਾਗਦਾ ਹੈ, ਤੇ, ਸਦਾ ਸਾਡੇ ਨਾਲ ਵੱਸਦਾ ਹੈ।੧।

ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ॥ ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥ ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥ ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥ ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ ॥ ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ॥੨॥ {ਪੰਨਾ 584}

ਪਦਅਰਥ: ਸਾਹਿਬੁਮਾਲਕ। ਸਭਦੂਸਭਨਾਂ ਤੋਂ। ਕਿਵਕਿਸ ਤਰ੍ਹਾਂ? ਸਤਿਗੁਰਿਸਤਿਗੁਰੂ ਨੇ। ਸਹਜਿਆਤਮਕ ਅਡੋਲਤਾ ਵਿਚ (ਟਿਕ ਕੇ)ਉਰਹਿਰਦਾ। ਤੇਤੋਂ, ਦੀ ਰਾਹੀਂ। ਦਿਸੈਦਿੱਸਦਾ ਹੈ, ਦਰਸਨ ਹੁੰਦਾ ਹੈ। ਕਚਾ ਚੋਲਾਕੱਚੇ ਰੰਗ ਵਾਲਾ ਚੋਲਾ। ਤਿਤੁਉਸ ਦੀ ਰਾਹੀਂ। ਤਿਤੁ ਪੈਧੈਉਸ ਦੇ ਪਹਿਨਣ ਨਾਲ। ਪਗੁਪੈਰ। ਖਿਸੈਖਿਸਕਦਾ ਹੈ, ਤਿਲਕਦਾ ਹੈ, ਡੋਲਦਾ ਹੈ। ਰੰਗਿਰੰਗ ਵਿਚ। ਰਾਤਾਰੰਗਿਆ ਹੋਇਆ। ਸਚਾ ਚੋਲਾਪੱਕੇ ਰੰਗ ਵਾਲਾ ਚੋਲਾ। ਤਿਖਾਮਾਇਆ ਦੀ ਤ੍ਰਿਸ਼ਨਾ। ਨਿਵਾਰੇਦੂਰ ਕਰ ਦੇਂਦਾ ਹੈ।੨।

ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ (ਪਰ ਮੈਂ ਜੀਵ-ਇਸਤ੍ਰੀ ਬੜੇ ਨੀਵੇਂ ਜੀਵਨ ਵਾਲੀ ਹਾਂ) ਮੈਂ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ? ਜਦੋਂ ਗੁਰੂ ਨੇ (ਕਿਸੇ ਜੀਵ-ਇਸਤ੍ਰੀ ਨੂੰ ਉਸ ਪ੍ਰਭੂ ਵਿਚ) ਮਿਲਾਇਆ, ਤਾਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਨਾਲ ਮਿਲ ਗਈ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ। ਉਹ ਜੀਵ-ਇਸਤ੍ਰੀ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਪਿਆਰੇ ਪ੍ਰਭੂ ਨਾਲ ਪਿਆਰ ਬਣਾਈ ਰੱਖਦੀ ਹੈ। ਹੇ ਭਾਈ! ਗੁਰੂ ਦੀ ਰਾਹੀਂ ਹੀ ਪ੍ਰਭੂ-ਪਤੀ ਦਾ ਦਰਸਨ ਹੁੰਦਾ ਹੈ। ਮਾਇਆ ਦਾ ਮੋਹ, ਮਾਨੋ ਕੱਚੇ ਰੰਗ ਵਾਲਾ ਚੋਲਾ ਹੈ, ਜੇ ਇਹ ਚੋਲਾ ਪਹਿਨੀ ਰੱਖੀਏ, (ਆਤਮਕ ਜੀਵਨ ਦੇ ਪੈਂਡੇ ਵਿਚ ਮਨੁੱਖ ਦਾ) ਪੈਰ ਡੋਲਦਾ ਹੀ ਰਹਿੰਦਾ ਹੈ। ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਚੋਲਾ ਪੱਕੇ ਰੰਗ ਵਾਲਾ ਹੈ, ਜੇ ਇਹ ਚੋਲਾ ਪਹਿਨ ਲਈਏ, ਤਾਂ (ਪ੍ਰਭੂ ਦਾ ਪਿਆਰ ਮਨੁੱਖ ਦੇ ਹਿਰਦੇ ਵਿਚੋਂ ਮਾਇਆ ਦੀ) ਤ੍ਰਿਸ਼ਨਾ ਦੂਰ ਕਰ ਦੇਂਦਾ ਹੈ।

ਹੇ ਭਾਈ! ਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ (ਪਰ ਮੈਂ ਜੀਵ-ਇਸਤ੍ਰੀ ਬੜੇ ਨੀਵੇਂ ਜੀਵਨ ਵਾਲੀ ਹਾਂ) ਮੈਂ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ?੨।

ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥ ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥ ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥ ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥ ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥ ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥ {ਪੰਨਾ 584}

ਪਦਅਰਥ: ਸਚੁਸਦਾ ਕਾਇਮ ਰਹਿਣ ਵਾਲਾ। ਪਛਾਣਿਆਸਾਂਝ ਪਾਈ। ਅਵਗਣਿਆਰੇਔਗੁਣਾਂ ਨਾਲ ਭਰੀ ਹੋਈ। ਰਾਵੇਆਤਮਕ ਆਨੰਦ ਬਖ਼ਸ਼ਦਾ ਹੈ, ਚਰਨਾਂ ਨਾਲ ਜੋੜੀ ਰੱਖਦਾ ਹੈ। ਸਬਦਿਸ਼ਬਦ ਦੀ ਰਾਹੀਂ। ਵੀਚਾਰੇਵੀਚਾਰਿ, ਵਿਚਾਰ ਕਰ ਕੇ। ਰੰਗਿਪ੍ਰੇਮਰੰਗ ਵਿਚ। ਨਾਰੇਨਾਰਿ, ਜੀਵਇਸਤ੍ਰੀ। ਮਿਲਿ ਸਤਿਗੁਰਗੁਰੂ ਨੂੰ ਮਿਲ ਕੇ। ਸਹਜੇਆਤਮਕ ਅਡੋਲਤਾ ਵਿਚ। ਮਾਤੀਮਸਤ। ਸਬਾਇਆਸਾਰਾ। ਕੰਉਨੂੰ। ਦੀਜੈਦੇ ਦੇਣਾ ਚਾਹੀਦਾ ਹੈ। ਭੀਜੈਭਿੱਜ ਜਾਂਦਾ ਹੈ, ਰਸ ਜਾਂਦਾ ਹੈ।੩।

ਅਰਥ: (ਗੁਰੂ ਨੇ ਮੇਰੇ ਉਤੇ ਮੇਹਰ ਕੀਤੀ, ਤਾਂ) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ। ਜਿਸ ਨੂੰ ਗੁਰੂ ਦਾ ਮਿਲਾਪ ਨਸੀਬ ਨਾਹ ਹੋਇਆ ਉਹ ਔਗੁਣਾਂ ਵਿਚ ਫਸੀ ਰਹੀ ਤੇ ਪ੍ਰਭੂ-ਚਰਨਾਂ ਤੋਂ ਖੁੰਝੀ ਰਹੀ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਕਰਕੇ ਮੇਰਾ ਪ੍ਰਭੂ-ਪਤੀ ਮੈਨੂੰ ਸਦਾ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਆਪਣੇ ਮਨ ਵਿਚ ਵਸਾਂਦੀ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਗੁਰੂ ਨੂੰ ਮਿਲ ਕੇ ਉਹ ਪ੍ਰੀਤਮ-ਪ੍ਰਭੂ ਨੂੰ (ਆਪਣੇ ਅੰਦਰ ਹੀ) ਲੱਭ ਲੈਂਦੀ ਹੈ, ਉਹ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, (ਵਿਕਾਰ ਆਦਿਕ ਉਸ ਦਾ) ਹਰੇਕ ਵੈਰੀ ਤੇ ਦੁੱਖ ਦੂਰ ਹੋ ਜਾਂਦਾ ਹੈ।

ਹੇ ਭਾਈ! ਇਹ ਸਰੀਰ ਤੇ ਇਹ ਮਨ ਆਪਣੇ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ (ਜਦੋਂ ਤਨ ਮਨ ਗੁਰੂ ਨੂੰ ਦੇ ਦੇਈਏ) ਤਦੋਂ ਮਨ (ਹਰਿ-ਨਾਮ-ਰਸ ਨਾਲ) ਰਸ ਜਾਂਦਾ ਹੈ (ਗੁਰੂ ਮਨੁੱਖ ਦੇ) ਤ੍ਰਿਸ਼ਨਾ ਆਦਿਕ ਦੁੱਖ ਦੂਰ ਕਰ ਦੇਂਦਾ ਹੈ। (ਗੁਰੂ ਨੇ ਮੇਰੇ ਉਤੇ ਮੇਹਰ ਕੀਤੀ, ਤਾਂ) ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸਾਂਝ ਪਾ ਲਈ। ਜਿਸ ਨੂੰ ਗੁਰੂ ਦਾ ਮਿਲਾਪ ਨਸੀਬ ਨਾਹ ਹੋਇਆ ਉਹ ਔਗੁਣਾਂ ਵਿਚ ਫਸੀ ਰਹੀ ਤੇ ਪ੍ਰਭੂ-ਚਰਨਾਂ ਤੋਂ ਖੁੰਝੀ ਰਹੀ।੩।

ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥ ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥ ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥ ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥ ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥ ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥੪॥੩॥ {ਪੰਨਾ 584}

ਪਦਅਰਥ: ਸਚੜੈਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੇ। ਘੋਰ ਅੰਧਾਰੋਘੋਰ ਅੰਧਾਰੁ, ਘੁੱਪ ਹਨੇਰਾ। ਆਪੇਆਪ ਹੀ। ਦੇਇਦੇਂਦਾ ਹੈ। ਸਹਜਿਆਤਮਕ ਅਡੋਲਤਾ ਵਿਚ। ਵਾਪਾਰੋਵਾਪਾਰੁ, ਨਾਮ ਦਾ ਵਣਜ। ਗੁਰਮੁਖਿਗੁਰੂ ਦੀ ਰਾਹੀਂ। ਧਨੁਸਫਲ, ਧੰਨ। ਆਪੁਆਪਾਭਾਵ। ਦਰਿਦਰਿ ਤੇ। ਸਚਿਆਰੋਸੁਰਖ਼ਰੂ। ਗਿਆਨਿਗਿਆਨ ਦੀ ਰਾਹੀਂ, ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਰਤਨਿਰਤਨ ਦੀ ਰਾਹੀਂ। ਘਟਿਹਿਰਦੇ ਵਿਚ। ਨਾਮ ਪਿਆਰੋਨਾਮ ਦਾ ਪਿਆਰ।੪।

ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਜੀਵ ਨੂੰ (ਇਸ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਰਹਿੰਦਾ) ਹੈ। (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, ਆਪ (ਹੀ ਜੀਵ ਨੂੰ) ਮਿਲਦਾ ਹੈ, ਆਪ ਹੀ (ਆਪਣੇ ਚਰਨਾਂ ਦਾ) ਪਿਆਰ ਬਖ਼ਸ਼ਦਾ ਹੈ। ਪ੍ਰਭੂ ਆਪ ਹੀ (ਆਪਣਾ) ਪਿਆਰ ਦੇਂਦਾ ਹੈ, (ਜੀਵ ਨੂੰ) ਆਤਮਕ ਅਡੋਲਤਾ ਵਿਚ ਟਿਕਾ ਕੇ (ਆਪਣੇ ਨਾਮ ਦਾ) ਵਪਾਰ ਕਰਾਂਦਾ ਹੈ, ਤੇ ਗੁਰੂ ਦੀ ਸਰਨ ਪਾ ਕੇ (ਜੀਵ ਦਾ) ਜਨਮ ਸੰਵਾਰਦਾ ਹੈ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦਾ ਹੈ। ਹੇ ਨਾਨਕ! (ਗੁਰੂ ਤੋਂ ਮਿਲੇ) ਗਿਆਨ-ਰਤਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਆਪ ਇਹ ਜਗਤ ਪੈਦਾ ਕੀਤਾ ਹੈ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵ ਨੂੰ ਇਸ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ ਬਣਿਆ ਰਹਿੰਦਾ ਹੈ।੪।੩।

ਵਡਹੰਸੁ ਮਹਲਾ ੩ ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥ ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥ {ਪੰਨਾ 584}

ਪਦਅਰਥ: ਜਜਰੀਪੁੱਗਾ, ਨਾਸ ਹੋ ਜਾਣ ਵਾਲਾ। ਇਸ ਨੋ—{ਲਫ਼ਜ਼ 'ਇਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਜਰੁਬੁਢੇਪਾ। ਪਹੁਚੈ ਆਏਪਹੁਚੈ ਆਇ, ਆ ਅੱਪੜਦਾ ਹੈ। ਗੁਰਿਗੁਰੂ ਨੇ। ਸੇਉਹ ਮਨੁੱਖ {ਬਹੁ-ਵਚਨ}ਉਬਰੇਬਚ ਜਾਂਦੇ ਹਨ। ਹੋਰੁਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ। ਆਵੈਜੰਮਦਾ ਹੈ। ਜਾਏਮਰਦਾ ਹੈ। ਹੋਰਿ—{ਲਫ਼ਜ਼ 'ਹੋਰੁ' ਦਾ ਬਹੁ-ਵਚਨ} ਉਹ ਬੰਦੇ ਜੋ ਗੁਰੂ ਦੀ ਸਰਨ ਨਹੀਂ ਆਉਂਦੇ। ਜੰਮਹਿਜੰਮਦੇ ਹਨ। ਆਵਹਿਜੰਮਦੇ ਹਨ। ਜਾਵਹਿਮਰ ਜਾਂਦੇ ਹਨ। ਅੰਤਿਆਖ਼ਰ ਨੂੰ। ਗਏਜਾਂਦੇ ਹੋਏ। ਐਥੈਇਸ ਜਗਤ ਵਿਚ। ਕਮਾਵੈ—(ਮਨੁੱਖ ਜੇਹੜੀ) ਕਰਣੀ ਕਰਦਾ ਹੈ। ਮਨਮੁਖਿਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਤਿਇੱਜ਼ਤ। ਜਮ ਪੁਰਿਜਮ ਰਾਜ ਦੀ ਪੁਰੀ ਵਿਚ। ਘੋਰ ਅੰਧਾਰੁਘੁੱਪ ਹਨੇਰਾ। ਮਹਾ ਗੁਬਾਰੁਬਹੁਤ ਹਨੇਰਾ। ਤਿਥੈਉਸ ਥਾਂ।੧।

ਅਰਥ: ਹੇ ਭਾਈ! ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਦਬਾਂਦਾ ਹੈ (ਪਰ ਮਨੁੱਖ ਇਸ ਸਰੀਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ) ਜਿਨ੍ਹਾਂ ਮਨੁੱਖਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ। ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦਾ, ਉਹ (ਇਸ ਸਰੀਰ ਦੇ ਮੋਹ ਵਿਚ ਫਸ ਕੇ) ਮਰਦਾ ਹੈ ਜੰਮਦਾ ਹੈ, ਜੰਮਦਾ ਹੈ ਮਰਦਾ ਹੈ। ਗੁਰੂ ਦੀ ਸਰਨ ਨਾਹ ਪੈਣ ਵਾਲੇ ਮਨੁੱਖ (ਸਰੀਰਕ ਮੋਹ ਵਿਚ ਫਸ ਕੇ) ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਅੰਤ ਵੇਲੇ ਜਾਂਦੇ ਹੋਏ ਹੱਥ ਮਲਦੇ ਹੀ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਉਹਨਾਂ ਨੂੰ (ਕਦੇ) ਸੁਖ ਨਸੀਬ ਨਹੀਂ ਹੁੰਦਾ।

ਹੇ ਭਾਈ! ਇਸ ਲੋਕ ਵਿਚ ਮਨੁੱਖ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਸ ਲੋਕ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ। ਜਮ ਰਾਜ ਦੀ ਪੁਰੀ ਵਿਚ ਭੀ (ਪਰਲੋਕ ਵਿਚ ਭੀ ਉਸ ਦੇ ਆਤਮਕ ਜੀਵਨ ਵਾਸਤੇ) ਘੁੱਪ ਹਨੇਰਾ ਬਹੁਤ ਹਨੇਰਾ ਹੀ ਟਿਕਿਆ ਰਹਿੰਦਾ ਹੈ, (ਇਸ ਦੁਨੀਆ ਵਾਲਾ ਕੋਈ) ਭੈਣ ਭਰਾ ਉਸ ਲੋਕ ਵਿਚ ਸਹਾਇਤਾ ਨਹੀਂ ਕਰ ਸਕਦਾ।

ਹੇ ਭਾਈ! ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਜਾਂਦਾ ਹੈ (ਪਰ ਮਨੁੱਖ ਇਸ ਸਰੀਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ)੧।

TOP OF PAGE

Sri Guru Granth Darpan, by Professor Sahib Singh