ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 583

ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥ ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥ ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥ ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥ ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥ ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥ {ਪੰਨਾ 583}

ਪਦਅਰਥ: ਜਿਨੀਜਿਨ੍ਹਾਂ ਨੇ। ਕੰਤੁਖਮਸਪ੍ਰਭੂ। ਹਉਮੈਂ। ਪੂਛਉਪੂਛਉਂ, ਮੈਂ ਪੁੱਛਦਾ ਹਾਂ। ਜਾਏਜਾਇ, ਜਾ ਕੇ। ਆਪੁਆਪਾਭਾਵ। ਕਰੀਕਰੀਂ, ਮੈਂ ਕਰਦਾ ਹਾਂ। ਸਚੜਾਸਦਾ ਕਾਇਮ ਰਹਿਣ ਵਾਲਾ। ਸਹਜਿਆਤਮਕ ਅਡੋਲਤਾ ਦੀ ਰਾਹੀਂ। ਸੁਭਾਏਸੁਭਾਇ, ਪਿਆਰ ਨਾਲ। ਆਏਆਇ, ਆ ਕੇ। ਸਾਚੁਸਦਾ-ਥਿਰ ਹਰਿਨਾਮ। ਸਾਚਿਸਦਾ-ਥਿਰ ਹਰਿਨਾਮ ਵਿਚ। ਸਬਦਿਸ਼ਬਦ ਵਿਚ। ਧਨਜੀਵਇਸਤ੍ਰੀ। ਭਰਪੂਰੇਹਰ ਥਾਂ ਵਿਆਪਕ। ਹਦੂਰੇਅੰਗਸੰਗ। ਮਾਣੇਮਾਣਿ।੩।

ਅਰਥ: ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ। ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਹੇ ਸਖੀ! ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ। ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ। ਉਹ ਜੀਵ-ਇਸਤ੍ਰੀ ਸਦਾ ਸੁਹਾਗ-ਵਾਲੀ ਰਹਿੰਦੀ ਹੈ, ਉਹ ਕਦੇ ਨਿ-ਖਸਮੀ ਨਹੀਂ ਹੁੰਦੀ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ।

ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ, ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰੇਮ ਵਿਚ ਜੁੜ ਕੇ ਉਸ ਦੇ ਮਿਲਾਪ ਦਾ ਆਨੰਦ ਮਾਣ।

ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਉਸ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ)੩।

ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥ ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥ ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥ ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥ ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥ ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥ {ਪੰਨਾ 583}

ਪਦਅਰਥ: ਪਿਰਹੁਪਿਰ ਤੋਂ, ਪ੍ਰਭੂਪਤੀ ਤੋਂ। ਭੀਮੁੜ ਭੀ। ਮਿਲਹਅਸੀ ਮਿਲ ਸਕਦੀਆਂ ਹਾਂ। ਜੇ ਲਾਗਹਜੇ ਅਸੀ ਲੱਗੀਏ। ਸਾਚੇ ਸਤਿਗੁਰ ਪਾਏਸੱਚੇ ਗੁਰੂ ਦੀ ਚਰਨੀਂ। ਸਬਦਿਸ਼ਬਦ ਵਿਚ (ਜੋੜ ਕੇ)ਦੂਜਾ ਭਾਉਮਾਇਆ ਦਾ ਪਿਆਰ। ਸਚੇ ਹੀ ਸਚਿਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਹੀ। ਰਾਤੀਮਸਤ। ਭਰਾਤੀਭਟਕਣਾ। ਨਿਰਮਾਇਲੁਪਵਿਤ੍ਰ।੪।

ਅਰਥ: ਹੇ ਸਖੀ! ਅਸੀ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ। ਹੇ ਸਖੀ! ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ। (ਹੇ ਸਖੀ! ਗੁਰੂ ਸਰਨ ਪਿਆਂ ਦੇ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ। (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ। ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ, ਉਸ ਦੀ ਹਉਮੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ।

ਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ।

ਹੇ ਸਖੀ! ਅਸੀ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ।੪।੧।

ਵਡਹੰਸੁ ਮਹਲਾ ੩ ॥ ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥ ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥ ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥ ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥ ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥ ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥ {ਪੰਨਾ 583}

ਪਦਅਰਥ: ਮਹੇਲੀ—{महिला, ਮਹਿਲਾ} ਇਸਤ੍ਰੀ। ਕੰਤ ਮਹੇਲੀਹੋਹੇ ਪ੍ਰਭੂਪਤੀ ਦੀ ਜੀਵਇਸਤ੍ਰੀਓ। ਸਬਦਿਸ਼ਬਦ ਦੀ ਰਾਹੀਂ। ਜਾਣਈਜਾਣਏ, ਜਾਣੈ, ਜਾਣਦੀ। ਮੁਠੀਠੱਗੀ ਹੋਈ, ਜਿਸ ਨੇ ਆਤਮਕ ਜੀਵਨ ਲੁਟਾ ਲਿਆ ਹੈ। ਰੋਵੈਦੁਖੀ ਹੁੰਦੀ ਹੈ। ਸੰਮਾਲਿਸੰਭਾਲ ਕੇ, ਹਿਰਦੇ ਵਿਚ ਵਸਾ ਕੇ। ਸਾਰਿਸੰਭਾਲ ਕੇ। ਗੁਰਮੁਖਿਗੁਰੂ ਦੇ ਸਨਮੁਖ ਰਹਿਣ ਵਾਲੀ ਜੀਵਇਸਤ੍ਰੀ। ਪ੍ਰੇਮਿਪ੍ਰੇਮ ਵਿਚ। ਜਿਨਿਜਿਸ ਨੇ। ਕਰਮ ਬਿਧਾਤਾਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਕੂੜਿਕੂੜ ਵਿਚ, ਮਾਇਆ ਦੇ ਪਸਾਰੇ ਵਿਚ।

ਅਰਥ: ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣ ਲੈਣੀ (ਉਹ ਇਹ ਹੈ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ। ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ, ਉਹ ਔਗੁਣਾਂ ਨਾਲ ਭਰੀ ਰਹਿੰਦੀ ਹੈ, ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ, ਤੇ, ਦੁਖੀ ਹੁੰਦੀ ਹੈ। ਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ (ਪ੍ਰਭੂ ਦੇ ਦਰ ਤੇ ਸਦਾ) ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ (-ਪ੍ਰਭੂ) ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ।

ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਬਣਾਂਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ। ਜਿਸ ਜੀਵ-ਇਸਤ੍ਰੀ ਨੇ ਆਪਣੇ ਉਸ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ (ਇਸ ਵਾਸਤੇ) ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਬੇਨਤੀ) ਸੁਣ ਲੈਣੀ-ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰ ਕੇ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰੋ।੧।

ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥ ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥ ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥ ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥ ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥ ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥੨॥ {ਪੰਨਾ 583}

ਪਦਅਰਥ: ਉਪਾਇਓਨੁਉਸ ਨੇ ਪੈਦਾ ਕੀਤਾ ਹੈ। ਆਵਣ ਜਾਣੁਜੰਮਣ ਮਰਨ। ਖੁਆਇਅਨੁਉਸ ਕੁਰਾਹੇ ਪਾ ਦਿੱਤੇ ਹਨ। ਵਾਰੋ ਵਾਰਾਮੁੜ ਮੁੜ। ਮਰਿ ਜੰਮੈਮਰ ਕੇ ਜੰਮਣਾ ਹੈ। ਵਧਹਿਵਧਦੇ ਹਨ। ਵਿਹੂਣੀਸੱਖਣੀ। ਗਿਆਨਆਤਮਕ ਜੀਵਨ ਦੀ ਸੂਝ। ਮੂਠੀਲੁੱਟੀ ਜਾਂਦੀ ਹੈ। ਰੋਵੈਦੁਖੀ ਹੁੰਦੀ ਹੈ। ਅਵਗੁਣਿਆਰੀਔਗੁਣਾਂ ਨਾਲ ਭਰੀ ਹੋਈ। ਝੂਠੀਝੂਠੇ ਮੋਹ ਵਿਚ ਫਸੀ ਹੋਈ। ਜਗ ਜੀਵਨੁਜਗਤ ਦਾ ਜੀਵਨ। ਕਿਸ ਨੋ ਰੋਈਐਕਿਸੇ ਦੇ ਮਰਨ ਤੇ ਰੋਣ ਦੀ ਲੋੜ ਨਹੀਂ ਹੁੰਦੀ। ਵਿਸਾਰੇਵਿਸਾਰਿ, ਵਿਸਾਰ ਕੇ।੨।

ਅਰਥ: ਹੇ ਭਾਈ! ਸਾਰਾ ਜਗਤ, ਤੇ, ਜਗਤ ਦਾ ਜਨਮ ਮਰਨ ਪਰਮਾਤਮਾ ਨੇ ਆਪ ਬਣਾਇਆ ਹੈ। ਮਾਇਆ ਦਾ ਮੋਹ (ਪੈਦਾ ਕਰ ਕੇ ਇਸ ਮੋਹ ਵਿਚ ਜਗਤ ਨੂੰ ਪਰਮਾਤਮਾ ਨੇ) ਆਪ ਹੀ ਭੁਲਾਇਆ ਹੋਇਆ ਹੈ (ਤਾਂਹੀਏਂ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ। (ਮਾਇਆ ਦੇ ਮੋਹ ਵਿਚ ਫਸ ਕੇ ਜੀਵ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ, (ਇਸ ਵਿਚ) ਵਿਕਾਰ ਵਧਦੇ ਰਹਿੰਦੇ ਹਨ। ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਬੈਠਦੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ। ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ; ਔਗੁਣਾਂ ਨਾਲ ਭਰੀ ਹੋਈ, ਤੇ, ਝੂਠੇ ਮੋਹ ਵਿਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ।

ਪਰ, ਹੇ ਭਾਈ! ਪ੍ਰਭੂ ਆਪ ਹੀ ਜਗਤ ਦਾ ਜੀਵਨ (-ਅਧਾਰ) ਹੈ, ਕਿਸੇ ਦੇ ਆਤਮਕ ਮੌਤ ਮਰਨ ਤੇ ਰੋਣਾ ਭੀ ਕੀਹ ਹੋਇਆ? (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਭੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ। ਹੇ ਭਾਈ! ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ, ਜਗਤ ਦਾ ਜਨਮ ਮਰਨ (ਭੀ) ਪ੍ਰਭੂ ਨੇ ਆਪ ਹੀ ਬਣਾਇਆ ਹੈ।੨।

ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥ ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥ ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥ ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ ॥ ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥ ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥੩॥ {ਪੰਨਾ 583}

ਪਦਅਰਥ: ਸਚਾਸਦਾ ਜੀਊਂਦਾ। ਸਦ ਹੀਸਦਾ ਹੀ। ਨ ਜਾਏਨਾਹ ਜੰਮਦਾ ਹੈ। ਭੂਲੀ ਫਿਰੈਖੁੰਝੀ ਫਿਰਦੀ ਹੈ। ਧਨਜੀਵਇਸਤ੍ਰੀ। ਰੰਡਨਿਖਸਮੀ, ਵਿਛੁੜੀ ਹੋਈ। ਦੂਜੈ ਭਾਏਮਾਇਆ ਦੇ ਪਿਆਰ ਵਿਚ। ਆਵਉਮਰ। ਤਨੁਸਰੀਰ। ਛੀਜੈਕਮਜ਼ੋਰ ਹੁੰਦਾ ਜਾਂਦਾ ਹੈ। ਜਾਸੀਨਾਸ ਹੋ ਜਾਇਗਾ। ਲੂਝੈਝਗੜਦਾ ਹੈ। ਲਬਿਲੱਬ ਵਿਚ।੩।

ਅਰਥ: ਹੇ ਭਾਈ! ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ। ਅੰਞਾਣ ਜੀਵ-ਇਸਤ੍ਰੀ ਉਸ ਤੋਂ ਖੁੰਝੀ ਫਿਰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ। ਹੋਰ ਹੋਰ ਪਿਆਰ ਦੇ ਕਾਰਨ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਦੁੱਖ ਸਹਿੰਦੀ ਹੈ, (ਇਸ ਮੋਹ ਵਿਚ ਇਸ ਦੀ) ਉਮਰ ਗੁਜ਼ਰਦੀ ਜਾਂਦੀ ਹੈ, ਤੇ, ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। (ਜਗਤ ਦਾ ਨਿਯਮ ਤਾਂ ਹੈ ਹੀ ਇਹ ਕਿ) ਜੋ ਕੁਝ ਇਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ, ਪਰ ਮਾਇਆ ਦੇ ਮੋਹ ਦੇ ਕਾਰਨ (ਇਹ ਅਟੱਲ ਨਿਯਮ ਭੁਲਾ ਕੇ ਜੀਵ ਨੂੰ ਕਿਸੇ ਦੇ ਮਰਨ ਤੇ) ਦੁੱਖ ਵਾਪਰਦਾ ਹੈ। ਜਗਤ (ਸਦਾ) ਮਾਇਆ ਦੀ ਖ਼ਾਤਰ ਲੜਦਾ-ਝਗੜਦਾ ਹੈ, ਇਸ ਨੂੰ (ਸਿਰ ਉਤੇ) ਮੌਤ ਨਹੀਂ ਸੁੱਝਦੀ, ਲੱਬ ਵਿਚ ਲੋਭ ਵਿਚ ਚਿੱਤ ਲਾਈ ਰੱਖਦਾ ਹੈ।

ਹੇ ਭਾਈ! ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ।੩।

ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥ ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥ ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ ॥ ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥ ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥ ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥ {ਪੰਨਾ 583}

ਪਦਅਰਥ: ਇਕਿ—{ਲਫ਼ਜ਼ 'ਇਕ' ਤੋਂ ਬਹੁ-ਵਚਨ}ਰੋਵਹਿਦੁਖੀ ਹੁੰਦੀਆਂ ਹਨ। ਪਿਰਹਿਪਿਰ ਤੋਂ, ਪ੍ਰਭੂਪਤੀ ਤੋਂ। ਅੰਧੀਮਾਇਆ ਦੇ ਮੋਹ ਵਿਚ ਅੰਨ੍ਹੀ ਹੋ ਚੁਕੀ ਜੀਵਇਸਤ੍ਰੀ। ਪਰਸਾਦੀਪਰਸਾਦਿ, ਕਿਰਪਾ ਨਾਲ। ਅੰਤਰਿਹਿਰਦੇ ਵਿਚ। ਮਨਮੁਖਿਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵਇਸਤ੍ਰੀ। ਜਾਤਾਸਮਝਦੀ ਹੈ। ਕਾਮਿਕਿਸੇ ਕੰਮ ਵਿਚ। ਜਿਨਿਜਿਸ (ਜੀਵਇਸਤ੍ਰੀ) ਨੇ। ਹਦੂਰੇਅੰਗਸੰਗ ਵੱਸਦਾ। ਸਾ ਧਨਜੀਵਇਸਤ੍ਰੀ।੪।

ਅਰਥ: ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖੀ ਰਹਿੰਦੀਆਂ ਹਨ। ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ। ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਦੀ ਰੱਖਦੀ ਹੈ, ਉਸ ਨੂੰ ਸਦਾ ਜੀਊਂਦਾ-ਜਾਗਦਾ ਪ੍ਰਭੂ ਮਿਲ ਪੈਂਦਾ ਹੈ, ਉਹ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਸ ਨੂੰ ਉਹ ਸਦਾ ਅੰਗ-ਸੰਗ ਦਿੱਸਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਪ੍ਰਭੂ ਨੂੰ ਦੂਰ ਵੱਸਦਾ ਸਮਝਦੀ ਹੈ। ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਨੂੰ ਅੰਗ-ਸੰਗ ਵੱਸਦਾ ਨਾਹ ਸਮਝਿਆ, ਉਸ ਦਾ ਇਹ ਸਰੀਰ (ਵਿਕਾਰਾਂ ਵਿਚ) ਰੁਲਾਇਆ ਰੁਲਦਾ ਹੈ, ਤੇ, ਕਿਸੇ ਕੰਮ ਨਹੀਂ ਆਉਂਦਾ। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਗੁਰੂ ਦੀ ਕਿਰਪਾ ਨਾਲ) ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ, ਉਹ (ਗੁਰੂ ਦੀ) ਮਿਲਾਈ ਹੋਈ ਪ੍ਰਭੂ ਨੂੰ ਮਿਲ ਪੈਂਦੀ ਹੈ।

ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖ ਪਾਂਦੀਆਂ ਹਨ। ਮਾਇਆ ਦੇ ਮੋਹ ਵਿਚ ਅੰਨ੍ਹੀ ਹੋ ਚੁਕੀ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ।੪।੨।

TOP OF PAGE

Sri Guru Granth Darpan, by Professor Sahib Singh