ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 582

ਵਡਹੰਸੁ ਮਹਲਾ ੧ ॥ ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥ ਸਚਾ ਘਰੁ ਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ ॥ ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ ॥ ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ ॥ ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥ ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥੧॥ ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥ ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥ ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥ ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ ॥ ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥ ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥੨॥ ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥੩॥ ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥ ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ ॥ ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥ ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥ ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ ॥ ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥੪॥੫॥ ਵਡਹੰਸੁ ਮਹਲਾ ੩ ਮਹਲਾ ਤੀਜਾ    {ਪੰਨਾ 581-582}

ਪਦਅਰਥ: ਬਾਬਾਹੇ ਭਾਈ! ਝੂਠੁਨਾਸਵੰਤ। ਪਸਾਰੋਪਸਾਰੁ, ਖਿਲਾਰਾ। ਸਚਾਸਦਾ-ਥਿਰ ਰਹਿਣ ਵਾਲਾ। ਸਚੜੈਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ। ਸਚੁਸਦਾ-ਥਿਰ ਪ੍ਰਭੂ। ਖਰਾਖ਼ਾਲਸ, ਨਿਰੋਲ। ਸਚਿਆਰੋਸਚਿਆਰੁ, {ਸਚਆਲਯ} ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ। ਕੂੜਿਮਾਇਆ ਦੇ ਮੋਹ ਵਿਚ। ਲਬਿਲੱਬ ਵਿਚ। ਥਾਇ ਨ ਪਾਸੀਪਰਵਾਨ ਨਹੀਂ ਹੁੰਦਾ। ਥਾਇਥਾਂ ਵਿਚ। ਠਾਓਥਾਂ। ਕਾਓਕਾਂ। ਵਡਾ ਵੇਛੋੜਾਪਰਮਾਤਮਾ ਨਾਲੋਂ ਲੰਮਾ ਵਿਛੋੜਾ। ਬਿਨਸੈਆਤਮਕ ਮੌਤੇ ਮਰਦਾ ਹੈ। ਸਬਾਏਸਾਰੇ ਜੀਵ। ਰੂਆਏਰੁਆਉਂਦਾ ਹੈ।੧।

ਭਾਈਹੋਹੇ ਭਾਈਹੋ! ਗਲਿ ਮਿਲਹਆਓ ਇਕ ਦੂਜੇ ਦੇ ਗਲ ਨਾਲ ਮਿਲੀਏ, ਆਓ ਪਿਆਰ ਨਾਲ ਰਲ ਬੈਠੀਏ। ਦੇਹਆਓ ਅਸੀ ਦੇਵੀਏ। ਸਚੜਾਸਦਾ ਟਿਕੇ ਰਹਿਣ ਵਾਲਾ। ਦੇਵਹੋਹੇ ਭਾਈ! ਦੇਵਹੁ। ਕਰੇਵਹੋਕਰੋ। ਇਕਿਅਨੇਕਾਂ ਜੀਵ {ਲਫ਼ਜ਼ 'ਇਕ' ਤੋਂ ਬਹੁ-ਵਚਨ}ਨਾਵਹੁਨਾਮ ਤੋਂ। ਖੇਲੋਖੇਲੁ, ਖੇਡ, ਜੀਵਨਖੇਡ। ਮਾਰਗਿਰਸਤੇ ਤੇ। ਸਬਦਿਗੁਰੂ ਦੇ ਸ਼ਬਦ ਵਿਚ। ਸਾਚੈ ਵੇਸੇਉਸ ਪ੍ਰਭੂ ਵਿਚ ਜਿਸ ਦਾ ਸਰੂਪ ਸਦਾ-ਥਿਰ ਰਹਿਣ ਵਾਲਾ ਹੈ। ਸਾਜਨ ਸੈਣਹੇ ਸੱਜਣ ਮਿੱਤਰੋ! ਸੰਜੋਗੀਸਤਸੰਗ ਵਿਚ।੨।

ਲੇਖੁਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ ਉਹ ਹੁਕਮ ਜੋ ਅਗਾਂਹ ਜਗਤ ਵਿਚ ਭੋਗਣਾ ਹੈ। ਸਾਹਾਉਹ ਸਮਾ ਜੋ ਜੀਵ ਦੀ ਮੌਤ ਵਾਸਤੇ ਨਿਯਤ ਹੋ ਚੁਕਾ ਹੈ। {ਨੋਟ: ਹਿੰਦੂ ਕੌਮ ਵਿਚ ਲੜਕੀ ਲੜਕੇ ਦੇ ਵਿਆਹ ਦਾ ਸਮਾ ਪੰਡਿਤ ਸ਼ਾਸਤ੍ਰਾਂ ਤੋਂ ਵਿਚਾਰ ਕੇ ਮੁਕਰਰ ਕਰਦਾ ਹੈ। ਉਹ ਮੁਕਰਰ ਕੀਤਾ 'ਸਾਹਾ' ਅਗਾਂਹ ਪਿਛਾਂਹ ਨਹੀਂ ਕੀਤਾ ਜਾ ਸਕਦਾ। ਜਿਵੇਂ ਵਿਆਹ ਦੀ ਰਾਹੀਂ ਲੜਕੀ ਨੂੰ ਮਾਪਿਆਂ ਦੇ ਘਰ ਤੋਂ ਸੋਧੇ ਹੋਏ 'ਸਾਹੇ' ਅਨੁਸਾਰ ਸਹੁਰੇ ਘਰ ਤੋਰ ਦੇਈਦਾ ਹੈ, ਤਿਵੇਂ ਜੀਵਇਸਤ੍ਰੀ ਜਗਤਰੂਪ ਮਾਪੇਘਰ ਤੋਂ ਤੁਰ ਪੈਂਦੀ ਹੈ}ਪੁਰਬਿਪੂਰਬਲੇ ਸਮੇ ਵਿਚ। ਬਹਿਬੈਠ ਕੇ, ਵਿਚਾਰ ਕੇ। ਸਾਚੈਸਦਾ-ਥਿਰ ਪ੍ਰਭੂ ਨੇ। ਅੰਮ੍ਰਿਤੁਨਾਮਅੰਮ੍ਰਿਤ। ਬਿਖਿਆਮਾਇਆਜ਼ਹਿਰ। ਜਿਤੁਜਿਸ ਪਾਸੇ ਵਲ। ਕਾਮਣਿਆਰੀਜਾਦੂ ਟੂਣੇ ਕਰਨ ਵਾਲੀ (ਮਾਇਆ)ਕਾਮਣਟੂਣੇ, ਜਾਦੂ। ਗਲਿਗਲ ਵਿਚ। ਹੋਛੀਥੋੜ੍ਹਵਿਤੀ। ਸਾਜਿਵੇਂ। ਨਾਮਰਜਾਦੁ—{ਨਾਮਰਜਾਦੁ} ਮਰਜਾਦਾਰਹਿਤ, ਨੰਗਾ। ਕਲਿਜਗਤ। ਬੰਧਿਬੰਨ੍ਹ ਕੇ।੩।

ਰੋਵਹੁਰੋ ਪਿੱਟ ਲਵੋ। ਜਾਨੀਅੜਾਪਿਆਰਾ ਸੰਬੰਧੀ। ਪਠਾਇਆ ਹੈਇੱਥੋਂ ਤੋਰ ਦਿੱਤਾ ਗਿਆ ਹੈ। ਦਰਿ—(ਪ੍ਰਭੂ ਦੇ) ਦਰ ਤੋਂ। ਹਾਕਾਰੜਾਸੱਦਾ। ਜਾਜਦੋਂ। ਤਿਸੁਉਸ ਪ੍ਰਭੂ ਨੂੰ। ਰੋਵਣਹਾਰੇਰੋਣ ਵਾਲੇ। ਭੈ—(ਆਪਣੀ ਕਿਸੇ ਮੁਸੀਬਤ ਦੇ) ਡਰ ਦੇ ਕਾਰਨ। ਸਾਰਿਚੇਤੇ ਕਰ ਕੇ। ਕੋਕੋਈ ਜੀਵ। ਜੁਗਿ ਜੁਗਿਹਰੇਕ ਜੁੱਗ ਵਿਚ, ਸਦਾ ਹੀ। ਸਿਸੇ, ਉਹ ਬੰਦੇ। ਜਾਣ ਜਾਣਾਸਿਆਣਿਆਂ ਤੋਂ ਸਿਆਣੇ। ਰੋਵਹਿਵੈਰਾਗ ਵਿਚ ਆਉਂਦੇ ਹਨ, ਪ੍ਰਭੂ ਨਾਲੋਂ ਵਿਛੋੜਾ ਅਨੁਭਵ ਕਰਦੇ ਹਨ। ਸਚੁਸਦਾ-ਥਿਰ ਪ੍ਰਭੂ। ਸਮਾਲੇਸਮਾਲਿ, ਚੇਤੇ ਕਰ ਕੇ।੪।

ਅਰਥ: ਹੇ ਭਾਈ! (ਜਗਤ ਵਿਚ ਜੇਹੜਾ ਭੀ ਜੀਵ ਜਨਮ ਲੈ ਕੇ) ਆਇਆ ਹੈ ਉਸ ਨੇ (ਆਖ਼ਰ ਇਥੋਂ) ਕੂਚ ਕਰ ਜਾਣਾ ਹੈ (ਕਿਸੇ ਨੇ ਇਥੇ ਸਦਾ ਨਹੀਂ ਬੈਠ ਰਹਿਣਾ) ਇਹ ਜਗਤ ਹੈ ਹੀ ਨਾਸਵੰਤ ਖਿਲਾਰਾ। ਜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰੀਏ ਤਾਂ ਸਦਾ-ਥਿਰ ਰਹਿਣ ਵਾਲਾ ਟਿਕਾਣਾ ਮਿਲ ਜਾਂਦਾ ਹੈ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਪ੍ਰਕਾਸ਼ ਲਈ ਯੋਗ ਬਣ ਜਾਂਦਾ ਹੈ।

ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਜਾਂ ਮਾਇਆ ਦੇ ਲਾਲਚ ਵਿਚ ਫਸਿਆ ਰਹਿੰਦਾ ਹੈ ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਨਹੀਂ ਹੁੰਦਾ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਨਹੀਂ ਮਿਲਦੀ। ਜਿਵੇਂ ਸੁੰਞੇ ਘਰ ਵਿਚ ਗਏ ਕਾਂ ਨੂੰ (ਕਿਸੇ ਨੇ ਰੋਟੀ ਦੀ ਗਰਾਹੀ ਆਦਿਕ ਨਹੀਂ ਪਾਣੀ) (ਤਿਵੇਂ ਮਾਇਆ ਦੇ ਮੋਹ ਵਿਚ ਫਸੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿਚ) ਕਿਸੇ ਨੇ ਇਹ ਨਹੀਂ ਆਖਣਾ-ਆਓ ਜੀ, ਅੰਦਰ ਲੰਘ ਆਵੋ ਤੇ ਬੈਠ ਜਾਵੋ। ਉਸ ਮਨੁੱਖ ਨੂੰ ਜਨਮ ਮਰਨ ਦਾ ਗੇੜ ਭੁਗਤਣਾ ਪੈ ਜਾਂਦਾ ਹੈ, ਉਸ ਨੂੰ (ਇਸ ਗੇੜ ਦੇ ਕਾਰਨ ਪ੍ਰਭੂ-ਚਰਨਾਂ ਨਾਲੋਂ) ਲੰਮਾ ਵਿਛੋੜਾ ਹੋ ਜਾਂਦਾ ਹੈ। (ਮਾਇਆ ਦੇ ਮੋਹ ਵਿਚ ਫਸ ਕੇ) ਜਗਤ ਆਤਮਕ ਮੌਤ ਸਹੇੜ ਰਿਹਾ ਹੈ (ਜੇਹੜੇ ਭੀ ਮੋਹ ਵਿਚ ਫਸਦੇ ਹਨ ਉਹ) ਸਾਰੇ (ਆਤਮਕ ਮੌਤ ਮਰਦੇ ਹਨ)ਲਾਲਚ ਦੇ ਕਾਰਨ ਮਾਇਆ ਦੇ ਹੀ ਆਹਰ ਵਿਚ ਪਿਆ ਹੋਇਆ ਜਗਤ ਸਹੀ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ। ਇਸ ਦੇ ਸਿਰ ਉਤੇ ਖਲੋਤਾ ਕਾਲ ਇਸ ਨੂੰ ਦੁੱਖੀ ਕਰਦਾ ਰਹਿੰਦਾ ਹੈ।੧।

ਹੇ ਭਾਈ! ਹੇ ਭਰਾਵੋ! ਆਓ, ਅਸੀ ਪਿਆਰ ਨਾਲ ਰਲ ਕੇ ਬੈਠੀਏ, ਤੇ ਮਿਲ ਕੇ (ਆਪਣੇ ਵਿਛੁੜੇ ਸਾਥੀ ਨੂੰ) ਅਸੀਸਾਂ ਦੇਵੀਏ (ਉਸ ਦੇ ਵਾਸਤੇ ਪ੍ਰਭੂ-ਦਰ ਤੇ ਅਰਦਾਸਾਂ ਕਰੀਏ) ਪ੍ਰੀਤਮ-ਪ੍ਰਭੂ ਨਾਲ ਮਿਲਣ ਦੀਆਂ ਅਸੀਸਾਂ ਦੇਈਏ (ਅਰਦਾਸਾਂ ਕਰੀਏ। ਸਦਾ-ਥਿਰ ਮੇਲ ਸਿਰਫ਼ ਪਰਮਾਤਮਾ ਨਾਲ ਹੀ ਹੁੰਦਾ ਹੈ ਤੇ ਅਰਦਾਸ ਦੀ ਬਰਕਤਿ ਨਾਲ ਉਹ) ਸਦਾ-ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ।

(ਹੇ ਸਤਸੰਗੀ ਭਰਾਵੋ! ਰਲ ਕੇ ਵਿਛੁੜੇ ਸਾਥੀ ਲਈ) ਅਰਦਾਸਾਂ ਕਰੋ (ਅਤੇ ਆਪ ਭੀ) ਪਰਮਾਤਮਾ ਦੀ ਭਗਤੀ ਕਰੋ (ਭਗਤੀ ਦੀ ਬਰਕਤਿ ਨਾਲ ਪਰਮਾਤਮਾ ਦੇ ਚਰਨਾਂ ਵਿਚ ਮਿਲਾਪ ਹੋ ਜਾਂਦਾ ਹੈ) ਜੇਹੜੇ ਇਕ ਵਾਰੀ ਪ੍ਰਭੂ-ਚਰਨਾਂ ਨਾਲ ਮਿਲ ਜਾਂਦੇ ਹਨ ਉਹਨਾਂ ਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ।

ਪਰ ਕਈ ਐਸੇ ਹਨ ਜੋ ਪਰਮਾਤਮਾ ਦੇ ਨਾਮ ਤੋਂ ਖੁੰਝੇ ਫਿਰਦੇ ਹਨ ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਸਹੀ ਜੀਵਨ-ਖੇਡ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਖੇਡੀ ਜਾ ਸਕਦੀ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਉਹ ਜਮ ਦੇ ਰਸਤੇ ਤੇ ਨਹੀਂ ਜਾਂਦੇ, ਉਹ ਸਦਾ ਲਈ ਹੀ ਉਸ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ਜਿਸ ਦਾ ਸਰੂਪ (ਵੇਸ) ਸਦਾ ਲਈ ਅਟੱਲ ਹੈ।

ਹੇ ਸੱਜਣ ਮਿੱਤ੍ਰ ਸਤਸੰਗੀਓ! ਸਤਸੰਗ ਵਿਚ ਰਲ ਬੈਠੋ। ਜੇਹੜੇ ਬੰਦੇ ਸਤਸੰਗ ਵਿਚ ਆਏ ਹਨ ਉਹਨਾਂ ਨੇ ਗੁਰੂ ਨੂੰ ਮਿਲ ਕੇ ਮਾਇਆ ਦੇ ਮੋਹ ਦੇ ਫਾਹੇ ਵੱਢ ਲਏ ਹਨ।੨।

ਹੇ ਭਾਈ! (ਜੀਵ ਆਪਣੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਨਵੇਂ ਜੀਵਨ ਵਿਚ ਭੋਗਣ ਵਾਸਤੇ) ਦੁੱਖ ਅਤੇ ਸੁਖ-ਰੂਪ ਲੇਖ (ਪਰਮਾਤਮਾ ਦੀ ਦਰਗਾਹ ਵਿਚੋਂ ਆਪਣੇ ਮੱਥੇ ਤੇ) ਲਿਖਾ ਕੇ ਜਗਤ ਵਿਚ ਨੰਗਾ ਹੀ ਆਉਂਦਾ ਹੈ (ਜਨਮ ਸਮੇ ਹੀ ਉਹ ਸਮਾ ਭੀ ਨਿਯਤ ਕੀਤਾ ਜਾਂਦਾ ਹੈ ਜਦੋਂ ਜੀਵ ਨੇ ਜਗਤ ਤੋਂ ਵਾਪਸ ਤੁਰ ਪੈਣਾ ਹੁੰਦਾ ਹੈ) ਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ। (ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ। (ਪਿਛਲੇ ਕੀਤੇ ਅਨੁਸਾਰ ਹੀ ਪ੍ਰਭੂ ਦੀ ਰਜ਼ਾ ਵਿਚ) ਜਿਧਰ ਜੀਵ ਨੂੰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ। (ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ)(ਇਸ ਮੋਹਣੀ ਮਾਇਆ ਦੇ ਪ੍ਰਭਾਵ ਹੇਠ ਹੀ) ਜੀਵ ਦੀ ਮਤਿ ਥੋੜ੍ਹ-ਵਿਤੀ ਹੋ ਜਾਂਦੀ ਹੈ, ਜੀਵ ਦਾ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ (ਭਾਵ, ਇਸ ਵਿਚ ਵਿਤਕਰਾ ਤੇ ਮੇਰ-ਤੇਰ ਆ ਜਾਂਦੇ ਹਨ, ਆਪਣੇ ਨਿੱਕੇ ਜਿਹੇ ਸੁਅਰਥ ਤੋਂ ਬਾਹਰ ਵੇਖ ਸੋਚ ਨਹੀਂ ਸਕਦਾ), ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਜੀਵ ਮਾਇਆ ਨਾਲ ਚੰਬੜ ਕੇ ਆਤਮਕ ਮੌਤੇ ਮਰ ਜਾਂਦਾ ਹੈ)ਜੀਵ ਜਗਤ ਵਿਚ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ।੩।

ਹੇ ਭਾਈ! (ਜਿਸ ਜੀਵ ਦੇ ਇਥੋਂ ਚਲਾਣੇ ਦਾ ਸੱਦਾ ਆ ਜਾਂਦਾ ਹੈ, ਰੋ ਰੋ ਕੇ ਉਸ ਸੱਦੇ ਨੂੰ ਟਾਲ ਨਹੀਂ ਸਕੀਦਾ, ਇਹ ਅਟੱਲ ਨਿਯਮ ਹੈ, ਪਰ ਫਿਰ ਭੀ) ਜੇ ਕਿਸੇ ਨੇ (ਇਸ ਸੱਦੇ ਨੂੰ ਟਾਲਣ ਲਈ) ਰੋਣਾ ਹੀ ਹੈ ਤਾਂ ਰੋ ਕੇ ਵੇਖ ਲਵੋ। ਪਿਆਰਾ ਸੰਬੰਧੀ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ। (ਉਸ ਦੇ ਇਥੋਂ ਕੂਚ ਵਾਸਤੇ ਪਰਮਾਤਮਾ ਦੀ ਦਰਗਾਹ ਦਾ) ਲਿਖਿਆ ਹੁਕਮ ਮਿਟਾ ਨਹੀਂ ਸਕੀਦਾ, ਪ੍ਰਭੂ ਦੇ ਦਰ ਤੋਂ ਸੱਦਾ ਆ ਜਾਂਦਾ ਹੈ (ਉਹ ਸੱਦਾ ਅਮਿੱਟ ਹੈ)

ਜਦੋਂ ਪਰਮਾਤਮਾ ਨੂੰ (ਆਪਣੀ ਰਜ਼ਾ ਵਿਚ) ਚੰਗਾ ਲੱਗਦਾ ਹੈ, ਤਾਂ (ਜੀਵ ਵਾਸਤੇ ਕੂਚ ਦਾ) ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ। ਪੁੱਤਰ, ਭਰਾ, ਭਤੀਜੇ, ਬੜੇ ਪਿਆਰੇ ਸੰਬੰਧੀ (ਸਭੇ ਹੀ) ਰੋਂਦੇ ਹਨ।

ਜੀਵ (ਕੂਚ ਕਰ ਜਾਣ ਵਾਲੇ ਆਪਣੇ ਸੰਬੰਧੀ ਦੇ ਪਿੱਛੇ ਦੁਨੀਆ ਵਿਚ ਵਾਪਰਨ ਵਾਲੇ ਦੁੱਖਾਂ ਦੇ) ਸਹਮ ਵਿਚ ਰੋਂਦਾ ਹੈ, ਤੇ ਉਸ ਦੇ ਗੁਣਾਂ (ਸੁਖਾਂ) ਨੂੰ ਮੁੜ ਮੁੜ ਚੇਤੇ ਕਰਦਾ ਹੈ, ਪਰ ਕਦੇ ਭੀ ਕੋਈ ਜੀਵ ਮੁਏ ਪ੍ਰਾਣੀਆਂ ਦੇ ਨਾਲ ਮਰਦਾ ਨਹੀਂ ਹੈ (ਜੀਊਣਾ ਹਰੇਕ ਨੂੰ ਪਿਆਰਾ ਲੱਗਦਾ ਹੈ, ਆਈ ਤੋਂ ਬਿਨਾ ਕੋਈ ਮਰ ਭੀ ਨਹੀਂ ਸਕਦਾ)

ਹੇ ਨਾਨਕ! (ਇਹ ਮਰਨ ਤੇ ਜੰਮਣ ਦਾ ਸਿਲਸਿਲਾ ਤਾਂ ਜਾਰੀ ਹੀ ਰਹਿਣਾ ਹੈ) ਉਹ ਬੰਦੇ ਸਦਾ ਹੀ ਮਹਾ ਸਿਆਣੇ ਹਨ ਜੋ ਸਦਾ-ਥਿਰ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾ ਕੇ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦੇ ਹਨ।੪।੫।

ੴ ਸਤਿਗੁਰ ਪ੍ਰਸਾਦਿ ॥ ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ ॥ ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ ॥ ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾ ਧਨ ਮਹਲਿ ਸਮਾਣੀ ॥ ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ ॥ ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ ॥ ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥੧॥ {ਪੰਨਾ 582}

ਨੋਟ: ਸਿਰਲੇਖ ਦੇ ਅੰਕ ੩ ਨੂੰ 'ਤੀਜਾ' ਪੜ੍ਹਨਾ ਹੈ। ਇਹ ਇਸ਼ਾਰੇ-ਮਾਤ੍ਰ ਹਿਦਾਇਤ ਹੈ। ਹਰ ਥਾਂ ਮਹਲਾ ਦੇ ਅੰਕ ੧, , , ਆਦਿਕ ਨੂੰ ਪਹਿਲਾ, ਦੂਜਾ, ਤੀਜਾ ਪੜ੍ਹਨਾ ਹੈ।

ਨੋਟ: ਇਸ ਬਾਣੀ ਦਾ ਕੋਈ ਨਾਮ ਨਹੀਂ ਦਿੱਤਾ ਗਿਆ। ਪਰ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ "ਅਲਾਹਣੀਆਂ" ਨਾਮ ਦੀ ਹੈ। ਮਹਲਾ ੩ ਦੀ ਇਹ ਬਾਣੀ ਭੀ ਉਸੇ ਤਰ੍ਹਾਂ "ਅਲਾਹਣੀਆਂ" ਹੀ ਹੈ।

ਪਦਅਰਥ: ਸਚੜਾਸਦਾ ਕਾਇਮ ਰਹਿਣ ਵਾਲਾ। ਸਾਲਾਹੀਐਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਕਰਣੈ ਜੋਗਕਰਨ ਦੀ ਸਮਰੱਥਾ ਰੱਖਣ ਵਾਲਾ। ਸਾ ਧਨਜੀਵਇਸਤ੍ਰੀ। ਨ ਬੈਸਈਨ ਬੈਸੈ, ਨਹੀਂ ਬੈਠਦੀ। ਸੋਗੁਗ਼ਮ। ਅਨਦਿਨੁਹਰ ਰੋਜ਼, ਹਰ ਵੇਲੇ। ਮਹਲਿਪਰਮਾਤਮਾ ਦੀ ਹਜ਼ੂਰੀ ਵਿਚ। ਜਿਨਿਜਿਸ (ਜੀਵਇਸਤ੍ਰੀ) ਨੇ। ਪ੍ਰਿਉ ਜਾਤਾਪ੍ਰੀਤਮਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ। ਕਰਮ ਬਿਧਾਤਾਜੀਵਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਅੰਮ੍ਰਿਤਆਤਮਕ ਜੀਵਨ ਦੇਣ ਵਾਲੀ। ਸਾਰਹਿਸੰਭਾਲਦੀਆਂ ਹਨ। ਸਮਾਲਹਿਹਿਰਦੇ ਵਿਚ ਵਸਾਂਦੀਆਂ ਹਨ। ਵਿਜੋਗੋਵਿਛੋੜਾ।੧।

ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਹਰਿ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰਥਾ ਰੱਖਣ ਵਾਲਾ ਹੈ।

ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜੇਹੜੀ ਜੀਵ ਇਸਤ੍ਰੀ ਉਸ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ, ਉਹ ਜੀਵ-ਇਸਤ੍ਰੀ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ, ਉਸ ਨੂੰ ਕਦੇ ਕੋਈ ਗ਼ਮ ਨਹੀਂ ਵਿਆਪਦਾ, ਉਹ ਹਰ ਵੇਲੇ ਪਰਮਾਤਮਾ ਦਾ ਨਾਮ-ਰਸ ਮਾਣਦੀ ਹੈ, ਤੇ ਸਦਾ ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿੰਦੀ ਹੈ।

ਹੇ ਭਾਈ! ਗੁਣਾਂ ਵਾਲੀਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ, ਪ੍ਰਭੂ-ਖਸਮ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ। ਹੇ ਭਾਈ! ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।੧।

ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥ ਸਾ ਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ ॥ ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥ ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥ ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ ॥ ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥੨॥ {ਪੰਨਾ 582}

ਪਦਅਰਥ: ਸਬਦਿ—(ਗੁਰੂ ਦੇ) ਸ਼ਬਦ ਵਿਚ (ਜੁੜਿਆਂ)ਆਪੇਆਪ ਹੀ। ਸਾ ਧਨਜੀਵਇਸਤ੍ਰੀ। ਪ੍ਰਿਅ ਕੈ ਰੰਗਿਪਿਆਰੇ ਦੇ ਪ੍ਰੇਮਰੰਗ ਵਿਚ। ਰਤੀਰੰਗੀ। ਆਪੁਆਪਾਭਾਵ। ਕਾਲੁਮੌਤ, ਮੌਤ ਦਾ ਡਰ, ਆਤਮਕ ਮੌਤ। ਗੁਰਮੁਖਿਗੁਰੂ ਦੀ ਰਾਹੀਂ। ਏਕੋਇਕ ਪਰਮਾਤਮਾ ਨੂੰ ਹੀ। ਕਾਮਣਿ ਇਛਜੀਵਇਸਤ੍ਰੀ ਦੀ ਇੱਛਾ। ਪੁੰਨੀਪੂਰੀ ਹੋ ਜਾਂਦੀ ਹੈ। ਭਿੰਨੀਭਿੱਜ ਜਾਂਦੀ ਹੈ। ਜੋਬਨਿ—(ਨਾਮ ਦੇ) ਜੋਬਨ ਵਿਚ। ਮਾਤੀਮਸਤ। ਅੰਕਿਅੰਕ ਵਿਚ, ਗੋਦ ਵਿਚ।੨।

ਅਰਥ: ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ, ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ। ਹੇ ਭਾਈ! ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ। ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗਵਾਂਦੀ ਹੈ, ਉਸ ਨੂੰ ਮੁੜ ਕਦੇ ਆਤਮਕ ਮੌਤ ਨਹੀਂ ਵਾਪਰਦੀ, ਗੁਰੂ ਦੀ ਸਰਨ ਪੈ ਕੇ ਉਹ ਜੀਵ-ਇਸਤ੍ਰੀ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੀ ਹੈ, ਉਸ ਜੀਵ-ਇਸਤ੍ਰੀ ਦੀ (ਚਿਰਾਂ ਦੀ ਪ੍ਰਭੂ-ਮਿਲਾਪ ਦੀ) ਇੱਛਾ ਪੂਰੀ ਹੋ ਜਾਂਦੀ ਹੈ, ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ, ਉਸ ਨੂੰ ਜਗਤ ਦਾ ਜੀਵਨ ਦਾਤਾਰ ਪ੍ਰਭੂ ਮਿਲ ਪੈਂਦਾ ਹੈ। ਹੇ ਭਾਈ! ਜੇਹੜੀ ਜੀਵ-ਇਸਤ੍ਰੀ ਗੁਰ-ਸ਼ਬਦ ਦੇ ਰੰਗ ਵਿਚ ਰੰਗੀ ਜਾਂਦੀ ਹੈ, ਉਹ ਨਾਮ ਦੀ ਚੜ੍ਹਦੀ ਜਵਾਨੀ ਵਿਚ ਮਸਤ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੀ ਗੋਦ ਵਿਚ ਲੀਨ ਰਹਿੰਦੀ ਹੈ। ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ। ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ।੨।

TOP OF PAGE

Sri Guru Granth Darpan, by Professor Sahib Singh