ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 580

ਵਡਹੰਸੁ ਮਹਲਾ ੧ ਦਖਣੀ ॥ ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥ ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥ ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥ ਸੂਰਜੁ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ ॥੧॥ ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥ ਰਹਾਉ ॥ ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ ॥ ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥ ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥੨॥ ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥ ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥ ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥ ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥੩॥ ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥ ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ ॥ ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥੪॥ ਨਉ ਦਰ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥ ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ ॥ ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥ ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ ॥੫॥ ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥ ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥ ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ ॥ ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥੬॥ ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥ ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥ ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥ ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥੭॥ ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥ ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥ ਬਈਅਰਿ ਨਾਮਿ ਸਹਾਗਣੀ ਸਚੁ ਸਵਾਰਣਹਾਰੋ ॥ ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥੮॥੩॥ {ਪੰਨਾ 580-581}

ਪਦਅਰਥ: ਸਚੁਸਦਾ-ਥਿਰ ਰਹਿਣ ਵਾਲਾ। ਸਿਰੰਦਾਸਿਰਜਣਹਾਰ, ਪੈਦਾ ਕਰਨ ਵਾਲਾ। ਸਚਾਸਦਾ-ਥਿਰ। ਪਰਵਦਗਾਰੋਪਾਲਣਹਾਰ। ਜਿਨਿਜਿਸ (ਸਿਰਜਣਹਾਰ) ਨੇ। ਆਪੀਨੈ—{ਆਪਿ ਹੀ ਨੈ} ਆਪ ਹੀ। ਆਪੁਆਪਣੇ ਆਪ ਨੂੰ। ਅਲਖਅਦ੍ਰਿਸ਼ਟ। ਦੁਇ ਪੁੜਦੋਵੇਂ ਪੁੜ (ਧਰਤੀ ਤੇ ਆਕਾਸ਼)ਵਿਛੋੜਿਅਨੁਉਸ ਨੇ ਵਿਛੋੜ ਦਿੱਤੇ ਹਨ, ਉਸ ਨੇ ਵਖ ਵਖ ਕਰ ਦਿੱਤੇ ਹਨ। ਘੋਰੁ ਅੰਧਾਰੋਘੁੱਪ ਹਨੇਰਾ। ਸਿਰਜਿਅਨੁਉਸ ਨੇ ਪੈਦਾ ਕੀਤੇ ਹਨ। ਅਹਿਦਿਨ। ਨਿਸਿਰਾਤ। ਚਲਤੁ—(ਜਗਤ-) ਤਮਾਸ਼ਾ।੧।

ਦੇਹਿਤੂੰ ਦੇਂਦਾ ਹੈਂ।ਰਹਾਉ।

ਸਿਰਜੀਪੈਦਾ ਕੀਤੀ। ਮੇਦਨੀਧਰਤੀ। ਸਿਰਜਿਐਪੈਦਾ ਕਰਨ ਨਾਲ। ਬਿਖੁਜ਼ਹਿਰ। ਖਾਣੀਜਗਤਉਤਪੱਤੀ ਦੇ ਚਾਰ ਵਸੀਲੇ (ਅੰਡਜ, ਜੇਰਜ, ਸੇਤਜ, ਉਤਭੁਜ)ਬਾਣੀਜੀਵਾਂ ਦੀਆਂ ਬੋਲੀਆਂ। ਜੀਆਜੀਵਾਂ ਨੂੰ। ਆਧਾਰੋਆਸਰਾ। ਸਚਿਸਦਾ-ਥਿਰ ਨਾਮ ਵਿਚ (ਜੋੜ ਕੇ)ਨਿਬੇੜਣਹਾਰੋਫ਼ੈਸਲਾ ਕਰਨ ਵਾਲਾ, ਲੇਖਾ ਮੁਕਾਣ ਵਾਲਾ।੨।

ਆਵਾਗਵਣੁਜਨਮ ਮਰਨ ਦਾ ਗੇੜ। ਥਿਰੁਸਦਾ ਕਾਇਮ ਰਹਿਣ ਵਾਲਾ। ਆਇ ਗਇਆਜੰਮਿਆ ਤੇ ਮਰ ਗਿਆ। ਬਧਿਕੁ—(ਮੋਹ ਵਿਚ) ਬੱਝਾ ਹੋਇਆ। ਜੀਉਜੀਵਾਤਮਾ। ਭੂਡੜੈਭੈੜੇ ਨੇ। ਬੂਡੜੈਡੁੱਬੇ ਹੋਏ ਦਾ। ਚਾਰੇਚਾਰਾ, ਜ਼ੋਰ। ਵਣਜਾਰੋਵਪਾਰੀ।੩।

ਜਾਨੀਆ—(ਸਰੀਰ ਦੇ ਸਾਥੀ) ਜੀਵਾਤਮਾ ਨੂੰ। ਹੁਕਮਿਹੁਕਮ ਅਨੁਸਾਰ। ਸੋਹਣੀਐਸੁੰਦਰੀ ਦਾ। ਸਿਰਿਸਿਰ ਉਤੇ।੪।

ਨਉ ਦਰਨੌ ਦਰਵਾਜੇ, ਨੌ ਗੋਲਕਾਂ (ਮੂੰਹ, ੨ ਕੰਨ, ੨ ਨਾਸਾਂ, ੨ ਅੱਖਾਂ, ਗੁਦਾ, ਲਿੰਗ)ਠਾਕੇਬੰਦ ਕੀਤੇ ਗਏ। ਹੰਸੁਜੀਵਾਤਮਾ। ਗੈਣਾਰੇਆਕਾਸ਼ ਵਿਚ। ਸਾ ਧਨਇਸਤ੍ਰੀ, ਕਾਂਇਆਂ (ਜੀਵਾਤਮਾ ਦੀ ਇਸਤ੍ਰੀ)ਛੁਟੀਇਕੱਲੀ ਰਹਿ ਗਈ। ਵਿਧਣੀਆ—{ਵਿਧਣੀ} ਨਿਖਸਮੀ। ਮਿਰਤਕੜਾਲੋਬ। ਅੰਙਨੜੇਵੇਹੜੇ ਵਿਚ। ਮਾਈਏਹੇ ਮਾਏ! ਮਰੁਮੌਤ। ਮਹਲਇਸਤ੍ਰੀ। ਦਰਬਾਰੇਦਲੀਜਾਂ ਵਿਚ। ਸਾਰੇਸਾਰਿ, ਸੰਭਾਲ ਕੇ, ਚੇਤੇ ਕਰ ਕੇ।੫।

ਜਲਿਪਾਣੀ ਨਾਲ। ਮਲਿਮਲ ਕੇ। ਜਾਨੀਪਿਆਰੇ ਸੰਬੰਧੀਆਂ ਨੇ। ਪਟਿਰੇਸ਼ਮ ਨਾਲ। ਅੰਬਾਰੇਅੰਬਰਿ, ਕੱਪੜੇ ਨਾਲ। ਕਪੜਿਕੱਪੜੇ ਨਾਲ। ਸਚੀ ਬਾਣੀਸਦਾ-ਥਿਰ ਰਹਿਣ ਵਾਲੀ ਬਾਣੀ, "ਰਾਮ ਨਾਮ ਸਤਿ ਹੈ"ਵਾਜੇ ਵਜੇਬੋਲ ਬੋਲੇ ਜਾਣ ਲੱਗ ਪਏ। ਪੰਚ—(ਮਾਂ ਪਿਉ ਭਰਾ ਇਸਤ੍ਰੀ ਪੁਤ੍ਰ) ਸੰਬੰਧੀ। ਮੁਏਗ਼ਮ ਨਾਲ ਮੋਇਆਂ ਵਰਗੇ ਹੋ ਗਏ। ਮਨੁ ਮਾਰੇਮਨੁ ਮਾਰਿ, ਮਨ ਮਾਰ ਕੇ, ਗ਼ਮ ਖਾ ਕੇ।੬।

ਝੂਠਿਕੂੜੇ ਮੋਹ ਨੇ। ਮੁਠੀਲੁੱਟਿਆ ਹੈ। ਹਉਮੈਂ। ਧਾਵਣੀਆਮਾਇਆ ਦੀ ਦੌੜਭੱਜ ਵਿਚ। ਧੰਧੈਮਾਇਆ ਦੇ ਆਹਰ ਵਿਚ। ਪਿਰਿਪਿਰ ਨੇ, ਖਸਮਪ੍ਰਭੂ ਨੇ। ਵਿਧਣ—{ਵਿਧਣੀ} ਨਿਖਸਮੀ। ਵਿਧਣ ਕਾਰਨਿਖਸਮੀਆਂ ਵਾਲੀ ਕਾਰ। ਘਰਿ ਘਰਿਹਰੇਕ ਦੇ ਹਿਰਦੇ ਵਿਚ। ਮਹੇਲੀਆ ਜੀਵਇਸਤ੍ਰੀਆਂ। ਰੂੜੈਸੁੰਦਰ (ਪ੍ਰਭੂ) ਦੇ। ਹੇਤਿਪ੍ਰੇਮ ਵਿਚ। ਸਹੁਸਦਾ-ਥਿਰ ਰਹਿਣ ਵਾਲਾ। ਹਉਮੈਂ। ਰਹਸਿਅੜੀਖਿੜੀ ਹੋਈ, ਪ੍ਰਸੰਨ। ਨਾਮਿਨਾਮ ਵਿਚ (ਜੁੜ ਕੇ)੭।

ਗੁਰਿ ਮਿਲਿਐਜੇ ਗੁਰੂ ਮਿਲ ਪਏ। ਵੇਸੁਕਾਂਇਆਂ। ਸਾ ਧਨਜੀਵਇਸਤ੍ਰੀ। ਬਈਅਰਿਇਸਤ੍ਰੀ। ਨਾਮਿਨਾਮ ਵਿਚ (ਜੁੜ ਕੇ)ਬਿਰਹੜਾਵਿਛੋੜਾ। ਬ੍ਰਹਮ ਬੀਚਾਰੋਪਰਮਾਤਮਾ ਦੇ ਗੁਣਾਂ ਦਾ ਵਿਚਾਰ। ਸਹਾਗਣੀ—{ਅੱਖਰ '' ਦੇ ਨਾਲ ਦੋ ਲਗਾਂ ਹਨ ੋ ਤੇ ੁ। ਅਸਲ ਲਫ਼ਜ਼ 'ਸੋਹਾਗਣੀ' ਹੈ, ਇਥੇ 'ਸੁਹਾਗਣੀ' ਪੜ੍ਹਨਾ ਹੈ}੮।

ਅਰਥ: (ਹੇ ਭਾਈ!) ਨਿਸ਼ਚਾ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਉਹ ਸਦਾ-ਥਿਰ ਪ੍ਰਭੂ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈ, ਜਿਸ ਸਦਾ-ਥਿਰ ਨੇ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਹੈ ਤੇ ਬੇਅੰਤ ਹੈ।

(ਧਰਤੀ ਤੇ ਆਕਾਸ਼ ਜਗਤ ਦੇ) ਦੋਵੇਂ ਪੁੜ ਜੋੜ ਕੇ (ਭਾਵ, ਜਗਤ-ਰਚਨਾ ਕਰ ਕੇ) ਉਸ ਪ੍ਰਭੂ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ (ਭਾਵ, ਇਹ ਪ੍ਰਭੂ ਦੀ ਰਜ਼ਾ ਹੈ ਕਿ ਜੀਵ ਮੋਹ ਵਿਚ ਫਸ ਕੇ ਪ੍ਰਭੂ ਨੂੰ ਭੁਲਾ ਬੈਠੇ ਹਨ)ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ।

ਉਸ ਪਰਮਾਤਮਾ ਨੇ ਹੀ ਸੂਰਜ ਤੇ ਚੰਦ੍ਰਮਾ ਬਣਾਏ ਹਨ, (ਸੂਰਜ) ਦਿਨ ਵੇਲੇ (ਚੰਦ੍ਰਮਾ) ਰਾਤ ਵੇਲੇ (ਚਾਨਣ ਦੇਂਦਾ ਹੈ)(ਹੇ ਭਾਈ!) ਚੇਤੇ ਰੱਖੋ ਕਿ ਪ੍ਰਭੂ ਦਾ ਬਣਾਇਆ ਇਹ ਜਗਤ-ਤਮਾਸ਼ਾ ਹੈ।੧।

ਹੇ ਪ੍ਰਭੂ! ਤੂੰ ਸਦਾ ਹੀ ਥਿਰ ਰਹਿਣ ਵਾਲਾ ਮਾਲਕ ਹੈਂ। ਤੂੰ ਆਪ ਹੀ ਸਭ ਜੀਵਾਂ ਨੂੰ ਸਦਾ-ਥਿਰ ਰਹਿਣ ਵਾਲੇ ਪਿਆਰ ਦੀ ਦਾਤਿ ਦੇਂਦਾ ਹੈਂ।ਰਹਾਉ।

ਹੇ ਪ੍ਰਭੂ! ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ (ਜੀਵਾਂ ਨੂੰ) ਦੁੱਖ ਤੇ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ। (ਜਗਤ ਵਿਚ) ਇਸਤ੍ਰੀਆਂ ਤੇ ਮਰਦ ਭੀ ਤੂੰ ਪੈਦਾ ਕੀਤੇ ਹਨ, ਮਾਇਆ ਜ਼ਹਿਰ ਦਾ ਮੋਹ ਤੇ ਪਿਆਰ ਭੀ ਤੂੰ ਹੀ ਬਣਾਇਆ ਹੈ। ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਭੀ ਤੇਰੀਆਂ ਹੀ ਰਚੀਆਂ ਹੋਈਆਂ ਹਨ। ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ। ਹੇ ਪ੍ਰਭੂ! ਇਹ ਸਾਰੀ ਰਚਨਾ (-ਰੂਪ) ਤਖ਼ਤ ਤੂੰ (ਆਪਣੇ ਬੈਠਣ ਵਾਸਤੇ) ਬਣਾਇਆ ਹੈ, ਆਪਣੇ ਸਦਾ-ਥਿਰ ਨਾਮ ਵਿਚ (ਜੋੜ ਕੇ ਜੀਵਾਂ ਦੇ ਕਰਮਾਂ ਦੇ ਲੇਖ ਭੀ) ਤੂੰ ਆਪ ਹੀ ਮੁਕਾਣ ਵਾਲਾ ਹੈਂ।੨।

ਹੇ ਕਰਣਹਾਰ ਕਰਤਾਰ! (ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਪੈਦਾ ਕੀਤਾ ਹੈ, ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਹੈਂ (ਤੈਨੂੰ ਇਹ ਗੇੜ ਵਿਆਪ ਨਹੀਂ ਸਕਦਾ)(ਮਾਇਆ ਦੇ ਮੋਹ ਦੇ ਕਾਰਨ) ਵਿਕਾਰਾਂ ਵਿਚ ਬੱਝਾ ਹੋਇਆ ਜੀਵ ਨਿੱਤ ਜੰਮਦਾ ਹੈ ਤੇ ਮਰਦਾ ਹੈ, ਇਸ ਨੂੰ ਜਨਮ ਮਰਨ ਦਾ ਚੱਕਰ ਪਿਆ ਹੀ ਰਹਿੰਦਾ ਹੈ। (ਮਾਇਆ ਦੇ ਮੋਹ ਵਿਚ ਫਸੇ) ਭੈੜੇ ਜੀਵ ਨੇ (ਤੇਰਾ) ਨਾਮ ਭੁਲਾ ਦਿੱਤਾ ਹੈ, ਮੋਹ ਵਿਚ ਡੁੱਬੇ ਹੋਏ ਦੀ ਕੋਈ ਪੇਸ਼ ਨਹੀਂ ਜਾਂਦੀ। ਗੁਣਾਂ ਨੂੰ ਛੱਡ ਕੇ (ਵਿਕਾਰਾਂ ਦਾ) ਜ਼ਹਿਰ ਇਸ ਜੀਵ ਨੇ ਇਕੱਠਾ ਕਰ ਲਿਆ ਹੈ (ਜਗਤ ਵਿਚ ਆ ਕੇ ਸਾਰੀ ਉਮਰ) ਔਗੁਣਾਂ ਦਾ ਹੀ ਵਣਜ ਕਰਦਾ ਰਹਿੰਦਾ ਹੈ।੩।

ਜਦੋਂ ਸਦਾ-ਥਿਰ ਰਹਿਣ ਵਾਲੇ ਕਰਤਾਰ ਦੇ ਹੁਕਮ ਵਿਚ ਉਹਨਾਂ ਪਿਆਰਿਆਂ ਨੂੰ (ਇਥੋਂ ਕੂਚ ਕਰਨ ਦੇ) ਸੱਦੇ ਆਉਂਦੇ ਹਨ (ਜੋ ਇਥੇ ਇਕੱਠੇ ਜੀਵਨ-ਨਿਰਬਾਹ ਕਰ ਰਹੇ ਹੁੰਦੇ ਹਨ) ਤਾਂ (ਇਕੱਠੇ ਰਹਿਣ ਵਾਲੇ) ਇਸਤ੍ਰੀ ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ (ਇਸ ਵਿਛੋੜੇ ਨੂੰ ਕੋਈ ਮੇਟ ਨਹੀਂ ਸਕਦਾ)ਵਿਛੁੜਿਆਂ ਨੂੰ ਤਾਂ ਪਰਮਾਤਮਾ ਆਪ ਹੀ ਮੇਲਣ ਦੇ ਸਮਰਥ ਹੈ। ਜਮਰਾਜ ਦੇ ਸਿਰ ਉਤੇ ਭੀ ਪਰਮਾਤਮਾ ਦੇ ਹੁਕਮ ਵਿਚ ਹੀ (ਮੌਤ ਦੀ ਰਾਹੀਂ ਜੀਵਾਂ ਦੇ ਵਿਛੋੜੇ ਕਰਨ ਦੀ) ਜ਼ਿੰਮੇਵਾਰੀ ਸੌਂਪੀ ਹੋਈ ਹੈ, ਕੋਈ ਜਮ ਕਿਸੇ ਸੁੰਦਰੀ ਦੇ ਰੂਪ ਦੀ ਪਰਵਾਹ ਨਹੀਂ ਕਰ ਸਕਦਾ (ਕਿ ਇਸ ਸੁੰਦਰੀ ਦੀ ਮੌਤ ਨਾਹ ਲਿਆਵਾਂ)ਜਮ ਬੱਚਿਆਂ ਤੇ ਬੁੱਢਿਆਂ ਦੀ ਭੀ ਪਰਵਾਹ ਨਹੀਂ ਕਰਦੇ। ਸਭ ਦਾ (ਆਪੋ ਵਿਚ ਦਾ) ਮੋਹ ਪਿਆਰ ਤੋੜ ਦੇਂਦੇ ਹਨ।੪।

ਜਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਹੁਕਮ ਵਿਚ (ਮੌਤ ਦਾ ਸੱਦਾ ਆਉਂਦਾ ਹੈ ਤਾਂ ਸਰੀਰ ਦੇ) ਨੌ ਦਰਵਾਜ਼ੇ ਬੰਦ ਹੋ ਜਾਂਦੇ ਹਨ, ਜੀਵਾਤਮਾ (ਕਿਤੇ) ਆਕਾਸ਼ ਵਿਚ ਚਲਾ ਜਾਂਦਾ ਹੈ। (ਜਿਸ ਇਸਤ੍ਰੀ ਦਾ ਪਤੀ ਮਰ ਜਾਂਦਾ ਹੈ) ਉਹ ਇਸਤ੍ਰੀ ਇਕੱਲੀ ਰਹਿ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ ਲੁੱਟੀ ਜਾਂਦੀ ਹੈ, ਉਹ ਵਿਧਵਾ ਹੋ ਜਾਂਦੀ ਹੈ (ਉਸ ਦੇ ਪਤੀ ਦੀ) ਲੋਥ ਘਰ ਦੇ ਵੇਹੜੇ ਵਿਚ ਪਈ ਹੁੰਦੀ ਹੈ (ਜਿਸ ਨੂੰ ਵੇਖ ਵੇਖ ਕੇ) ਉਹ ਇਸਤ੍ਰੀ ਦਲੀਜਾਂ ਵਿਚ ਬੈਠੀ ਰੋਂਦੀ ਹੈ (ਤੇ ਆਖਦੀ ਹੈ-) ਹੇ ਮਾਏ! ਇਸ ਮੌਤ (ਨੂੰ ਵੇਖ ਕੇ) ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ।

ਹੇ ਪ੍ਰਭੂ-ਕੰਤ ਦੀ ਇਸਤ੍ਰੀਓ! (ਹੇ ਜੀਵ-ਇਸਤ੍ਰੀਓ! ਸਰੀਰ ਦੇ ਵਿਛੋੜੇ ਦਾ ਇਹ ਸਿਲਸਿਲਾ ਟਿਕਿਆ ਹੀ ਰਹਿਣਾ ਹੈ, ਕਿਸੇ ਨੇ ਇਥੇ ਸਦਾ ਬੈਠ ਨਹੀਂ ਰਹਿਣਾ) ਤੁਸੀ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਸੰਭਾਲ ਕੇ (ਪ੍ਰਭੂ-ਪਤੀ ਦੇ ਵਿਛੋੜੇ ਨੂੰ ਚੇਤੇ ਕਰ ਕੇ) ਵੈਰਾਗ-ਅਵਸਥਾ ਵਿਚ ਆਓ (ਤਦੋਂ ਹੀ ਜੀਵਨ ਸਫਲ ਹੋਵੇਗਾ)

ਸਾਕ-ਸੰਬੰਧੀ (ਮਰੇ ਪ੍ਰਾਣੀ ਦੀ ਲੋਥ ਨੂੰ) ਪਾਣੀ ਨਾਲ ਮਲ ਕੇ ਇਸ਼ਨਾਨ ਕਰਾਂਦੇ ਹਨ, ਤੇ ਰੇਸ਼ਮ (ਆਦਿਕ) ਕੱਪੜੇ ਨਾਲ (ਲਪੇਟਦੇ ਹਨ)(ਉਸ ਨੂੰ ਮਸਾਣਾਂ ਵਿਚ ਲੈ ਜਾਣ ਵਾਸਤੇ) "ਰਾਮ ਨਾਮ ਸਤਿ ਹੈ" ਦੇ ਬੋਲ ਸ਼ੁਰੂ ਹੋ ਜਾਂਦੇ ਹਨ (ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ ਆਦਿਕ) ਨਿਕਟੀ ਸੰਬੰਧੀ ਗ਼ਮ ਨਾਲ ਮੁਇਆਂ ਵਰਗੇ ਹੋ ਜਾਂਦੇ ਹਨ। (ਉਸ ਦੀ ਇਸਤ੍ਰੀ ਰੋਂਦੀ ਹੈ ਤੇ ਆਖਦੀ ਹੈ-) ਸਾਥੀ ਦੇ ਮਰਨ ਨਾਲ ਮੈਂ ਭੀ ਮੋਇਆ ਵਰਗੀ ਹੋ ਗਈ ਹਾਂ, ਹੁਣ ਸੰਸਾਰ ਵਿਚ ਮੇਰੇ ਜੀਊਣ ਨੂੰ ਫਿਟਕਾਰ ਹੈ।

(ਪਰ ਇਹ ਮੋਹ ਤਾਂ ਜ਼ਰੂਰ ਦੁਖਦਾਈ ਹੈ, ਇਹ ਸਰੀਰਕ ਵਿਛੋੜੇ ਹੋਣੇ ਹੀ ਹਨ, ਹਾਂ) ਜੇਹੜਾ ਜੀਵ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਿਆਰ ਵਿਚ ਪ੍ਰੇਮ ਵਿਚ ਟਿਕ ਕੇ ਜਗਤ ਵਿਚ ਕਿਰਤ-ਕਾਰ ਕਰਦਾ ਹੀ ਮੋਹ ਵਲੋਂ ਮਰਦਾ ਹੈ ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ।੬।

ਹੇ ਜੀਵ-ਇਸਤ੍ਰੀਓ! ਜਿਤਨਾ ਚਿਰ ਸੰਸਾਰ ਵਿਚ ਤੁਹਾਨੂੰ ਮਾਇਆ ਦੇ ਮੋਹ ਨੇ ਠੱਗਿਆ ਹੋਇਆ ਹੈ, ਤੁਸੀ ਦੁੱਖੀ ਹੀ ਰਹੋਗੀਆਂ, (ਇਹੀ ਸਮਝਿਆ ਜਾਇਗਾ ਕਿ) ਤੁਸੀ ਦੁੱਖੀ ਹੋਣ ਵਾਸਤੇ ਹੀ ਜਗਤ ਵਿਚ ਆਈਆਂ ਹੋ।

ਜਦ ਤਕ ਮੈਂ ਮਾਇਆ ਦੇ ਆਹਰ ਵਿਚ ਮਾਇਆ ਦੀ ਦੌੜ-ਭੱਜ ਵਿਚ ਠੱਗੀ ਜਾ ਰਹੀ ਹਾਂ, ਤਦ ਤਕ ਨਿਖਸਮੀਆਂ ਵਾਲੀ ਕਾਰ ਦੇ ਕਾਰਨ ਖਸਮ-ਪ੍ਰਭੂ ਨੇ ਮੈਨੂੰ ਛੱਡਿਆ ਹੋਇਆ ਹੈ।

ਖਸਮ-ਪ੍ਰਭੂ ਤਾਂ ਹਰੇਕ ਜੀਵ-ਇਸਤ੍ਰੀ ਦੇ ਹਿਰਦੇ ਵਿਚ ਵੱਸ ਰਿਹਾ ਹੈ। ਉਸ ਦੀਆਂ ਅਸਲ ਇਸਤ੍ਰੀਆਂ ਉਹੀ ਹਨ ਜੋ ਉਸ ਸੁੰਦਰ ਪ੍ਰਭੂ ਦੇ ਪਿਆਰ ਵਿਚ ਪ੍ਰੇਮ ਵਿਚ ਮਗਨ ਰਹਿੰਦੀਆਂ ਹਨ।

ਜਿਤਨਾ ਚਿਰ ਮੈਂ ਸਦਾ-ਥਿਰ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਦੀ ਹਾਂ ਉਸ ਖ਼ਸਮ ਦੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਮੇਰਾ ਤਨ ਮਨ ਖਿੜਿਆ ਰਹਿੰਦਾ ਹੈ।੭।

ਜੇ ਗੁਰੂ ਮਿਲ ਪਏ ਤਾਂ ਜੀਵ-ਇਸਤ੍ਰੀ ਦੀ ਕਾਂਇਆਂ ਹੀ ਪਲਟ ਜਾਂਦੀ ਹੈ, ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣਾ ਸਿੰਗਾਰ ਬਣਾ ਲੈਂਦੀ ਹੈ।

ਹੇ ਸਹੇਲੀਹੋ! (ਹੇ ਸਤ-ਸੰਗੀਓ!) ਆਓ, ਰਲ ਕੇ ਬੈਠੀਏ। ਰਲ ਕੇ ਸਿਰਜਣਹਾਰ ਦਾ ਸਿਮਰਨ ਕਰੋ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਉਸ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ। ਹੇ ਨਾਨਕ! (ਆਖ-ਹੇ ਸਹੇਲੀਹੋ!) ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਵੋ, ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਉ, ਫਿਰ ਕਦੇ ਉਸ ਤੋਂ ਵਿਛੋੜਾ ਨਹੀਂ ਹੋਵੇਗਾ (ਦੁਨੀਆ ਵਾਲੇ ਵਿਛੋੜੇ ਤਾਂ ਇਕ ਅਟੱਲ ਨਿਯਮ ਹੈ, ਇਹ ਹੁੰਦੇ ਹੀ ਰਹਿਣੇ ਹਨ)੮।੩।

TOP OF PAGE

Sri Guru Granth Darpan, by Professor Sahib Singh