ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 578

ਸਲੋਕੁ ॥ ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥ ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥ ਛੰਤੁ ॥ ਮਿਲਿ ਜਲੁ ਜਲਹਿ ਖਟਾਨਾ ਰਾਮ ॥ ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥ ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥ ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥ ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥ ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥ {ਪੰਨਾ 578}

ਪਦਅਰਥ: ਲੋੜੀਦੇ ਰਾਮਰਾਮ ਨੂੰ ਚੰਗੇ ਲੱਗਦੇ ਹਨ। ਸੇਈਉਹੀ {ਬਹੁ-ਵਚਨ}ਕਾਂਢਿਆਅਖਵਾਂਦੇ ਹਨ। ਜਾਣੇਜਾਣਿ, ਸਮਝ। ਸਤਿਸੱਚ। ਬਾਹਰਾਵੱਖਰਾ।੧।

ਛੰਤੁ। ਮਿਲਿਮਿਲ ਕੇ। ਜਲਹਿਜਲ ਵਿਚ। ਖਟਾਨਾਇੱਕਰੂਪ ਹੋ ਜਾਂਦਾ ਹੈ। ਸੰਗਿਨਾਲ। ਜੋਨੀਪਰਮਾਤਮਾ। ਜੋਤਿਜੀਵ ਦੀ ਆਤਮਾ। ਸੰਮਾਇਸਮਾ ਲਏ ਹਨ, ਮਿਲਾ ਲਏ ਹਨ। ਕਰਤੇਕਰਤਾਰ ਨੇ। ਆਪਹਿਆਪ ਹੀ। ਜਾਣੀਐਜਾਣਿਆ ਜਾਂਦਾ ਹੈ। ਤਹਉਥੇ, ਉਹਨਾਂ ਦੇ ਹਿਰਦੇ ਵਿਚ। ਸੁੰਨਿਵਿਕਾਰਾਂ ਵਲੋਂ ਸੁੰਞ। ਸਹਜਿਆਤਮਕ ਅਡੋਲਤਾ ਵਿਚ। ਵਖਾਣੀਐਵਖਾਣਿਆ ਜਾਂਦਾ ਹੈ, ਸਿਫ਼ਤਿ-ਸਾਲਾਹ ਹੁੰਦੀ ਹੈ। ਗੁਪਤਾਲੁਕਿਆ ਹੋਇਆ। ਮੁਕਤਾਮਾਇਆ ਦੇ ਮੋਹ ਤੋਂ ਰਹਿਤ। ਆਪੁਆਪਣੇ ਆਪ ਨੂੰ {ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਵੇਖੋ}ਗੁਣਮਾਇਆ ਦੇ ਤਿੰਨ ਗੁਣ।੪।

ਅਰਥ: ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ। (ਹੇ ਭਾਈ!) ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ।੧।

ਛੰਤੁ। (ਹੇ ਭਾਈ! ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ (ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ। ਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ, ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ। (ਉਸ ਨੂੰ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ। ਹੇ ਨਾਨਕ! ਉਸ ਮਨੁੱਖ ਦੇ ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ।੪।੨।

ਵਡਹੰਸੁ ਮਹਲਾ ੫ ॥ ਪ੍ਰਭ ਕਰਣ ਕਾਰਣ ਸਮਰਥਾ ਰਾਮ ॥ ਰਖੁ ਜਗਤੁ ਸਗਲ ਦੇ ਹਥਾ ਰਾਮ ॥ ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥ ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥ ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥ ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥ {ਪੰਨਾ 578}

ਪਦਅਰਥ: ਕਰਣਸ੍ਰਿਸ਼ਟੀ। ਕਾਰਣਮੂਲ। ਸਮਰਥਾਸਭ ਤਾਕਤਾਂ ਵਾਲਾ। ਸਗਲਸਾਰਾ। ਦੇਦੇ ਕੇ। ਸਰਣਾ ਜੋਗੁਸਰਨ ਆਏ ਦੀ ਸਹਾਇਤਾ ਕਰ ਸਕਣ ਵਾਲਾ। ਨਿਧਿਖ਼ਜ਼ਾਨਾ। ਹੰਉਮੈਂ। ਜਿਨੀਜਿਨ੍ਹਾਂ ਨੇ। ਵਰਨੁਰੰਗ। ਚਿਹਨੁਨਿਸ਼ਾਨ। ਕਥਨ ਤੇਬਿਆਨ ਤੋਂ।੧।

ਅਰਥ: ਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! (ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ। ਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ। ਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ।੧।

ਏਹਿ ਜੀਅ ਤੇਰੇ ਤੂ ਕਰਤਾ ਰਾਮ ॥ ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥ ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥ ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥ ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥ ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥ {ਪੰਨਾ 578}

ਪਦਅਰਥ: ਏਹਿ—{ਲਫ਼ਜ਼ 'ਏਹ' ਤੋਂ ਬਹੁ-ਵਚਨ}ਜੀਅ—{ਲਫ਼ਜ਼ 'ਜੀਉ' ਤੋਂ ਬਹੁ-ਵਚਨ}ਰਹਤਾਰਹਿਤ ਕਰਨ ਵਾਲਾ, ਬਚਾਣ ਵਾਲਾ। ਨਿਵਾਰਿਦੂਰ ਕਰ ਕੇ। ਰਖਿ ਲੇਹੁਬਚਾ ਲੈਂਦਾ ਹੈਂ। ਦੀਨ ਦੈਆਲਦੀਨਾਂ ਉਤੇ ਦਇਆ ਕਰਨ ਵਾਲੇ! ਸੁਆਮੀਮਾਲਕ। ਗੋਪਾਲਾਹੇ ਗੋਪਾਲ! ਨਿਧਾਨਖ਼ਜ਼ਾਨੇ। ਬਹੁੜਿਮੁੜ। ਸਭਿਸਾਰੇ।੨।

ਅਰਥ: ਹੇ ਪ੍ਰਭੂ! (ਸੰਸਾਰ ਦੇ) ਇਹ ਸਾਰੇ ਜੀਵ ਤੇਰੇ ਹਨ, ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਭਰਮਾਂ ਤੋਂ ਬਚਾਣ ਵਾਲਾ ਹੈਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਤੂੰ (ਸਾਰੇ ਜੀਵਾਂ ਦੇ) ਭਰਮ ਦੁੱਖ ਕਲੇਸ਼ ਇਕ ਖਿਨ ਵਿਚ ਦੂਰ ਕਰ ਕੇ ਬਚਾ ਲੈਂਦਾ ਹੈਂ। ਹੇ ਗੋਪਾਲ! ਤੂੰ (ਸਭ ਜੀਵਾਂ ਦਾ) ਮਾਂ ਪਿਉ ਮਾਲਕ ਤੇ ਸੱਜਣ ਹੈਂ, ਸਾਰਾ ਜਗਤ ਤੇਰੇ ਬੱਚੇ ਹਨ। ਹੇ ਪ੍ਰਭੂ! ਜੇਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ ਤੇਰੇ) ਗੁਣਾਂ ਦੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ, ਉਹ ਮੁੜ ਨਾਹ ਜੰਮਦਾ ਹੈ ਨਾਹ ਮਰਦਾ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ-ਜਗਤ ਦੇ ਸਾਰੇ ਜੀਵ ਤੇਰੇ ਹਨ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ।੨।

ਆਠ ਪਹਰ ਹਰਿ ਧਿਆਈਐ ਰਾਮ ॥ ਮਨ ਇਛਿਅੜਾ ਫਲੁ ਪਾਈਐ ਰਾਮ ॥ ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥ ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥ ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥ ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥ {ਪੰਨਾ 578}

ਪਦਅਰਥ: ਧਿਆਈਐਸਿਮਰਨਾ ਚਾਹੀਦਾ ਹੈ। ਇਛਿਅੜਾਚਿਤਵਿਆ। ਪਾਈਐਪਾ ਲਈਦਾ ਹੈ। ਮਨ ਇਛਮਨ ਦੀ ਕਾਮਨਾ। ਮਿਟਹਿਮਿਟ ਜਾਂਦੇ ਹਨ। ਤ੍ਰਾਸਾਡਰ। ਸਾਧ ਸੰਗਾਇਆਸਾਧ ਸੰਗਤਿ ਵਿਚ। ਤਜਿਤਜ ਕੇ, ਤਿਆਗ ਕੇ। ਸਗਲੇਸਾਰੇ। ਮਨਿਮਨ ਵਿਚ। ਭਾਈਐਭਾ ਜਾਈਦਾ ਹੈ, ਪਿਆਰਾ ਲੱਗ ਪਈਦਾ ਹੈ। ਰੈਣੀਰਾਤ।੩।

ਅਰਥ: ਹੇ ਭਾਈ! ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਪ੍ਰਭੂ ਦੇ ਦਰ ਤੋਂ) ਮਨ-ਚਿਤਵਿਆ ਫਲ ਪ੍ਰਾਪਤ ਕਰ ਲਈਦਾ ਹੈ। ਹੇ ਭਾਈ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤਿਆਂ) ਮਨੋ-ਕਾਮਨਾ ਹਾਸਲ ਕਰ ਲਈਦੀ ਹੈ, ਜਮਰਾਜ ਦੇ ਸਾਰੇ ਸਹਮ ਭੀ ਮੁੱਕ ਜਾਂਦੇ ਹਨ। ਹੇ ਭਾਈ! ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਗੋਬਿੰਦ ਦੀ ਸਿਫ਼ਤਿ-ਸਾਲਾਹ ਕੀਤੀ, ਉਸ ਦੀ (ਹਰੇਕ) ਆਸ ਪੂਰੀ ਹੋ ਗਈ। ਹੇ ਭਾਈ! ਅਹੰਕਾਰ, ਮੋਹ, ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਦੇ ਮਨ ਵਿਚ ਭਾ ਜਾਈਦਾ ਹੈ। ਨਾਨਕ ਬੇਨਤੀ ਕਰਦਾ ਹੈ-ਹੇ ਭਾਈ! ਦਿਨ ਰਾਤ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ।੩।

ਦਰਿ ਵਾਜਹਿ ਅਨਹਤ ਵਾਜੇ ਰਾਮ ॥ ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥ ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥ ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੂਚਾ ॥ ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥ ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥ {ਪੰਨਾ 578}

ਪਦਅਰਥ: ਦਰਿਦਰ ਵਿਚ, ਹਿਰਦੇ ਵਿਚ। ਵਾਜਹਿਵੱਜਦੇ ਹਨ। ਅਨਹਦਇਕ-ਰਸ, ਲਗਾਤਾਰ, ਹਰ ਵੇਲੇ। ਵਾਜੇਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਵਾਜੇ। ਘਟਿ ਘਟਿਹਰੇਕ ਘਟ ਵਿਚ। ਗਾਜੇਗੱਜਦਾ (ਦਿੱਸਦਾ ਹੈ), ਪ੍ਰਤੱਖ ਵੱਸਦਾ ਦਿੱਸਦਾ ਹੈ। ਬਿਰਾਜੇਵੱਸਦਾ। ਅਗਮਅਪਹੁੰਚ। ਅਗੋਚਰੁ—(ਗੋਚਰੁ। ਗੋਗਿਆਨਇੰਦ੍ਰੇ। ਚਰੁਪਹੁੰਚ) ਜਿਸ ਤਕ ਗਿਆਨਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਨ ਸਕੈ ਪਹੂਚਾਪਹੁੰਚ ਨਹੀਂ ਸਕਦਾ। ਉਪਾਏਪੈਦਾ ਕਰਦਾ ਹੈ। ਪ੍ਰਤਿਪਾਲੇਪਾਲਣਾ ਕਰਦਾ ਹੈ। ਸਭਿਸਾਰੇ। ਨਾਮਿਨਾਮ ਵਿਚ (ਜੁੜਿਆਂ)ਵਜਹਿਵੱਜਦੇ ਹਨ।੪।

ਅਰਥ: (ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਵਾਜੇ ਸਦਾ ਵੱਜਦੇ ਹਨ, (ਜਿਸ ਮਨੁੱਖ ਦੇ ਹਿਰਦੇ ਵਿਚ ਸਿਫ਼ਤਿ-ਸਾਲਾਹ ਦਾ ਪ੍ਰਭਾਵ ਪ੍ਰਬਲ ਰਹਿੰਦਾ ਹੈ) ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਪ੍ਰਤੱਖ ਵੱਸਦਾ ਦਿੱਸਦਾ ਹੈ।

ਹੇ ਭਾਈ! ਪਰਮਾਤਮਾ ਸਦਾ ਹਰੇਕ ਸਰੀਰ ਵਿਚ ਪ੍ਰਤੱਖ ਵੱਸ ਰਿਹਾ ਹੈ, ਪਰ (ਕਿਸੇ ਚਤੁਰਾਈ ਸਿਆਣਪ ਦੇ ਆਸਰੇ) ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ, ਉਹ ਸਭ ਤੋਂ ਉੱਚਾ ਹੈ। ਹੇ ਭਾਈ! ਪਰਮਾਤਮਾ ਵਿਚ ਬੇਅੰਤ ਗੁਣ ਹਨ, ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖ਼ੀਰ ਤਕ ਨਹੀਂ ਪਹੁੰਚ ਸਕਦਾ।

ਹੇ ਭਾਈ! ਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਸਾਰੇ ਜੀਅ ਜੰਤ ਉਸ ਨੇ ਆਪ ਹੀ ਬਣਾਏ ਹੋਏ ਹਨ। ਨਾਨਕ ਬੇਨਤੀ ਕਰਦਾ ਹੈ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਆਨੰਦ ਪ੍ਰਾਪਤ ਹੁੰਦਾ ਹੈ, ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ, ਮਾਨੋ ਵਾਜੇ ਵੱਜ ਪੈਂਦੇ ਹਨ।੪।੩।

TOP OF PAGE

Sri Guru Granth Darpan, by Professor Sahib Singh