ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 576

ਦੇਹ ਕੰਚਨ ਜੀਨੁ ਸੁਵਿਨਾ ਰਾਮ ॥ ਜੜਿ ਹਰਿ ਹਰਿ ਨਾਮੁ ਰਤੰਨਾ ਰਾਮ ॥ ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ ॥ ਗੁਰ ਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ ॥ ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ ॥ ਨਾਨਕੁ ਵਖਾਣੈ ਨਾਮੁ ਜਾਣੈ ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥ {ਪੰਨਾ 576}

ਪਦਅਰਥ: ਦੇਹਸਰੀਰ, ਕਾਂਇਆਂ (-ਘੋੜੀ)ਜੀਨੁਕਾਠੀ। ਸੁਵਿਨਾਸੋਨੇ ਦੀ। ਜੜਿਜੜ ਕੇ। ਘਣੇਬਹੁਤ। ਨਵ ਤਨਨਵਾਂ। ਨਵ ਰੰਗੀਆਨਵਰੰਗੀ, ਨਵੇਂ ਰੰਗ ਵਾਲਾ।੨।

ਅਰਥ: ਉਹ ਕਾਂਇਆਂ (-ਘੋੜੀ, ਮਾਨੋ,) ਸੋਨੇ ਦੀ ਹੈ (ਬਹੁਤ ਕੀਮਤ ਵਾਲੀ ਬਣ ਜਾਂਦੀ ਹੈ, ਜਿਸ ਉਤੇ) ਪਰਮਾਤਮਾ ਦਾ ਨਾਮ-ਰਤਨ ਜੜ ਕੇ ਸੋਨੇ ਦੀ ਕਾਠੀ ਪਾਈ ਜਾਂਦੀ ਹੈ (ਜਿਸ ਉਤੇ ਪਰਮਾਤਮਾ ਦੇ ਨਾਮ ਨਾਲ ਭਰਪੂਰ ਗੁਰ-ਸ਼ਬਦ ਦੀ ਕਾਠੀ ਪਾਈ ਜਾਂਦੀ ਹੈ)

(ਹੇ ਭਾਈ! ਜਿਸ ਮਨੁੱਖ ਨੇ) ਪਰਮਾਤਮਾ ਦਾ ਨਾਮ-ਰਤਨ ਜੜ ਕੇ ਗੁਰ-ਸ਼ਬਦ ਦੀ ਕਾਠੀ ਪਾ ਦਿੱਤੀ, ਉਸ ਨੂੰ ਪਰਮਾਤਮਾ ਮਿਲ ਪਿਆ, ਉਸ ਨੇ ਪਰਮਾਤਮਾ ਦੇ ਗੁਣ (ਆਪਣੇ ਅੰਦਰ ਵਸਾ ਲਏ), ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੋ ਗਏ। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਸ਼ਬਦ ਹਾਸਲ ਕਰ ਲਿਆ, ਜਿਸ ਨੇ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿਤਾ, ਉਹ ਵੱਡੇ ਭਾਗਾਂ ਵਾਲਾ ਬਣ ਗਿਆ, ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਉਘੜ ਪਿਆ।

ਨਾਨਕ ਆਖਦਾ ਹੈ-(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ, ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਮੰਗਦਾ ਹੈ, ਉਸ ਨੂੰ ਉਹ ਮਾਲਕ-ਹਰੀ ਮਿਲ ਪੈਂਦਾ ਹੈ ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਜੋ ਸਦਾ ਹੀ ਨਵਾਂ-ਨਰੋਆ ਰਹਿਣ ਵਾਲਾ ਹੈ, ਜੋ ਸਦਾ ਨਵੇਂ ਚੋਜਾਂ ਦਾ ਮਾਲਕ ਹੈ।੨।

ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥ ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥ ਮਨੁ ਵਸਗਤਿ ਆਇਆ ਪਰਮ ਪਦੁ ਪਾਇਆ ਸਾ ਧਨ ਕੰਤਿ ਪਿਆਰੀ ॥ ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥ ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥ ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥ {ਪੰਨਾ 576}

ਪਦਅਰਥ: ਕੜੀਆਲੁਲਗਾਮ। ਮੁਖੇਮੁਖਿ, (ਕਾਂਇਆਂਘੋੜੀ ਦੇ) ਮੂੰਹ ਵਿਚ। ਗੁਰਿਗੁਰੂ ਨੇ। ਅੰਕਸੁਹਾਥੀ ਨੂੰ ਚਲਾਣ ਵਾਸਤੇ ਵਰਤੀਦਾ ਲੋਹੇ ਦਾ ਕੁੰਡਾ। ਮੈਗਲੁਹਾਥੀ {मदकल}ਸਬਦਿਸ਼ਬਦ ਦੀ ਰਾਹੀਂ। ਵਸਿਵੱਸ ਵਿਚ। ਵਸਗਤਿਵੱਸ ਵਿਚ। ਪਰਮ ਪਦੁਸਭ ਤੋਂ ਉੱਚਾ ਆਤਮਕ ਦਰਜਾ। ਸਾ ਧਨਜੀਵਇਸਤ੍ਰੀ। ਕੰਤਿਕੰਤ ਨੇ। ਅੰਤਰਿਅੰਦਰ, ਹਿਰਦੇ ਵਿਚ। ਹਰਿ ਸੇਤੀਹਰੀ ਦੇ ਨਾਲ। ਘਰਿਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸੋਹੈਸੋਹਣੀ ਲੱਗਦੀ ਹੈ। ਰੰਗਿਪ੍ਰੇਮਰੰਗਿ ਵਿਚ। ਰਾਤੀਰੰਗੀ ਹੋਈ। ਸਹਜੇਸਹਜਿ, ਆਤਮਕ ਅਡੋਲਤਾ ਵਿਚ। ਮਾਤੀਮਸਤ। ਹਰਿ ਦਾਸੁਹਰਿ ਦਾ ਸੇਵਕ। ਜਨੁਦਾਸ।੩।

ਅਰਥ: ਹੇ ਭਾਈ! ਗੁਰੂ ਨੇ (ਜਿਸ ਮਨੁੱਖ ਦੀ ਕਾਂਇਆਂ-ਘੋੜੀ ਦੇ) ਮੂੰਹ ਵਿਚ ਲਗਾਮ ਦੇ ਦਿੱਤੀ, ਕੁੰਡਾ ਰੱਖ ਦਿੱਤਾ, ਉਸ ਦਾ ਮਨ-ਹਾਥੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵੱਸ ਵਿਚ ਆ ਗਿਆ।

ਜਿਸ ਜੀਵ-ਇਸਤ੍ਰੀ ਦਾ ਮਨ ਵੱਸ ਵਿਚ ਆ ਗਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਪ੍ਰਭੂ-ਕੰਤ ਨੇ ਉਸ ਜੀਵ-ਇਸਤ੍ਰੀ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਉਸ ਦੇ ਹਿਰਦੇ ਵਿਚ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ, ਉਹ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਵਿਚ ਸੋਹਣੀ ਲੱਗਦੀ ਹੈ। ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਜੋ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।

ਹਰੀ ਦਾ ਸੇਵਕ ਨਾਨਕ-ਦਾਸ ਆਖਦਾ ਹੈ-ਹੇ ਭਾਈ! ਵੱਡੇ ਭਾਗਾਂ ਵਾਲੇ ਜੀਵ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ।੩।

ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥ ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ ॥ ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥ ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ ॥ ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥ ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥ {ਪੰਨਾ 576}

ਪਦਅਰਥ: ਦੇਹਕਾਂਇਆਂ, ਸਰੀਰ। ਜੀਹੇ ਭਾਈ! ਜਿਤੁਜਿਸ (ਕਾਂਇਆਂਘੋੜੀ) ਦੀ ਰਾਹੀਂ। ਮਿਲਿ ਸਤਿਗੁਰੁਗੁਰੂ ਨੂੰ ਮਿਲ ਕੇ। ਮੰਗਲੁਆਤਮਕ ਆਨੰਦ ਦੇਣ ਵਾਲਾ ਗੀਤ। ਸੇਵਕੀਸੇਵਕਭਾਵਨਾ ਨਾਲ। ਜਾਇਜਾ ਕੇ। ਪ੍ਰਭ ਰੰਗ ਮਹਲੀਪਰਮਾਤਮਾ ਦੀ ਆਨੰਦਭਰੀ ਹਜ਼ੂਰੀ ਵਿਚ। ਮਨਿਮਨ ਵਿਚ। ਸੁਭਾਏਸੁਭਾਇ, ਪ੍ਰੇਮ ਨਾਲ। ਚੜਿਚੜ੍ਹ ਕੇ।੪।

ਅਰਥ: ਹੇ ਭਾਈ! ਉਹ ਕਾਂਇਆਂ (ਮਨੁੱਖ ਦੇ ਜੀਵਨ-ਸਫ਼ਰ ਵਿਚ, ਮਾਨੋ,) ਘੋੜੀ ਹੈ ਜਿਸ (ਕਾਂਇਆਂ) ਦੀ ਰਾਹੀਂ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਅਤੇ, ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ। ਸੇਵਕ-ਭਾਵ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾ ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਉਹ ਪਰਮਾਤਮਾ ਦੀ ਆਨੰਦ-ਭਰੀ ਹਜ਼ੂਰੀ ਵਿਚ ਜਾ ਪਹੁੰਚਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਉਹ ਮਨੁੱਖ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ।

ਹੇ ਨਾਨਕ! ਜਿਸ ਦਾਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਆਪਣੀ ਕਾਂਇਆਂ-ਘੋੜੀ ਉਤੇ ਚੜ੍ਹ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।੪।੨।੬।

ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪    ੴ ਸਤਿਗੁਰ ਪ੍ਰਸਾਦਿ ॥ ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥ ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥ ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥ ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥ ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥

ਪਦਅਰਥ: ਗੁਰ ਮਿਲਿਗੁਰੂ ਨੂੰ ਮਿਲ ਕੇ। ਲਧਾਲੱਭਦਾ ਹੈ। ਜੀਹੇ ਭਾਈ! ਵਾਰੋ ਵਾਰਾਵਾਰ ਵਾਰ ਕੇ, ਸਦਕੇ ਕਰ ਕੇ। ਭਵਜਲੁਸੰਸਾਰਸਮੁੰਦਰ। ਚੂਕੀਮੁੱਕ ਜਾਂਦੀ ਹੈ। ਕਾਂਣਿਮੁਥਾਜੀ। ਜਮਾਣੀਜਮਾਂ ਦੀ। ਅਸਥਿਰੁਅਡੋਲਚਿੱਤ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਰਹਿਆਮੁੱਕ ਗਿਆ। ਸਹਜਿਆਤਮਕ ਅਡੋਲਤਾ ਵਿਚ। ਸਮਧਾਸਮਾ ਗਿਆ, ਲੀਨਤਾ ਹੋ ਗਈ। ਅਧਾਰਾਆਸਰਾ। ਸੁਖਿਆਨੰਦ ਨਾਲ। ਰਲੀਆਂਖ਼ੁਸ਼ੀਆਂ। ਕੰਉਨੂੰ।੧।

ਅਰਥ: ਹੇ ਭਾਈ! ਗੁਰੂ ਨੂੰ ਮਿਲ ਕੇ (ਹੀ) ਪਿਆਰਾ ਪ੍ਰਭੂ ਲੱਭਦਾ ਹੈ, (ਜਿਸ ਨੂੰ ਗੁਰੂ ਦੀ ਰਾਹੀਂ ਪ੍ਰਭੂ ਲੱਭ ਪੈਂਦਾ ਹੈ, ਉਹ) ਆਪਣਾ ਇਹ ਸਰੀਰ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ। ਜੇਹੜਾ ਮਨੁੱਖ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ ਲੈ ਕੇ) ਪੀਂਦਾ ਹੈ, ਤੇ, ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਸ ਮਨੁੱਖ ਨੂੰ ਉਹ ਘਰ (ਪ੍ਰਭੂ ਦੇ ਚਰਨਾਂ ਵਿਚ ਟਿਕਾਣਾ) ਮਿਲ ਜਾਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦਾ ਨਾਮ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ਹੇ ਨਾਨਕ! ਆਖ-ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ (ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ।੧।

ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥ ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥ ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥ ਸੋ ਪ੍ਰਭੁ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗਿ ਬੈਸਾ ॥ ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥ ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥੨॥ {ਪੰਨਾ 576}

ਪਦਅਰਥ: ਸਜਣਹੇ ਸੱਜਣ! ਮੈਡੜੇਮੇਰੇ। ਗੁਰਿਗੁਰੂ ਨੇ। ਸਬਦੁ ਸਚੁਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਸ਼ਬਦ। ਮੰਗਲੁਸਿਫ਼ਤਿ-ਸਾਲਾਹ ਦਾ ਗੀਤ। ਮਨਹੁਮਨ ਤੋਂ। ਅਦੇਸਾਚਿੰਤਾਫ਼ਿਕਰ। ਕਤਹਿਕਿਸੇ ਭੀ ਹੋਰ ਥਾਂ। ਸੰਗਿ—(ਪ੍ਰਭੂ ਦੇ) ਨਾਲ। ਬੈਸਾਬੈਠਾ ਰਹਿੰਦਾ ਹੈ, ਟਿਕਿਆ ਰਹਿੰਦਾ ਹੈ। ਪ੍ਰਭ ਭਾਣਾਪ੍ਰਭੂ ਨੂੰ ਪਿਆਰਾ ਲੱਗਦਾ ਹੈ। ਪ੍ਰਭਿਪ੍ਰਭੂ ਨੇ। ਸਹਜੇਆਤਮਕ ਅਡੋਲਤਾ ਵਿਚ (ਟਿਕਾ ਕੇ)ਬਲਿਹਾਰੀਸਦਕੇ। ਸਭਨੀਹੋਰ ਸਭ ਜੀਵਾਂ ਨੇ।੧।

ਅਰਥ: ਹੇ ਮੇਰੇ ਸੱਜਣ! ਹੇ ਮੇਰੇ ਮਿੱਤਰ! ਸੁਣ, (ਕਿਸੇ ਭਾਗਾਂ ਵਾਲੇ ਮਨੁੱਖ ਨੂੰ) ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਸ਼ਬਦ-ਮੰਤ੍ਰ ਦਿੱਤਾ ਹੈ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿਚ ਵਸਾਂਦਾ ਹੈ, ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ (ਸਦਾ) ਗਾਂਦਾ ਹੈ, ਉਸ ਦੇ ਮਨ ਤੋਂ ਚਿੰਤਾ-ਫ਼ਿਕਰ ਲਹਿ ਜਾਂਦੇ ਹਨ, ਉਹ ਮਨੁੱਖ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਥਾਂ ਉਹ ਨਹੀਂ ਭਟਕਦਾ ਉਹ ਸਦਾ ਹੀ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ। ਉਹ ਮਨੁੱਖ ਪ੍ਰਭੂ ਨੂੰ (ਸਦਾ) ਪਿਆਰਾ ਲੱਗਦਾ ਹੈ, ਸਦਾ-ਥਿਰ ਪ੍ਰਭੂ ਦਾ ਹੀ ਉਸ ਨੂੰ ਮਾਣ-ਆਸਰਾ ਰਹਿੰਦਾ ਹੈ, ਪਰਮਾਤਮਾ ਨੇ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾ ਕੇ ਆਪਣਾ ਨਾਮ-ਧਨ ਬਖ਼ਸ਼ ਦਿੱਤਾ ਹੈ। ਹੇ ਨਾਨਕ! ਆਖ-(ਹੇ ਪ੍ਰਭੂ!) ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ, ਤੇਰੇ ਨਾਮ ਦੀ ਦਾਤਿ ਉਸ ਪਾਸੋਂ ਸਭ ਜੀਵ ਲੈਂਦੇ ਹਨ।੨।

TOP OF PAGE

Sri Guru Granth Darpan, by Professor Sahib Singh