ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 575

ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਰਾਮ ॥ ਹਮ ਪਾਪੀ ਨਿਰਗੁਣ ਦੀਨ ਤੁਮ੍ਹ੍ਹਾਰੇ ਹਰਿ ਦੈਆਲ ਸਰਣਾਇਆ ॥ ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥ ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥ ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥ {ਪੰਨਾ 575}

ਪਦਅਰਥ: ਹਰਿਹੇ ਹਰੀ! ਲੇਹੁ ਉਬਾਰੇਉਬਾਰਿ ਲੇਹੁ, (ਵਿਕਾਰਾਂ ਤੋਂ) ਬਚਾ ਲੈ। ਨਿਰਗੁਣਗੁਣ-ਹੀਨ। ਦੀਨਆਜਿਜ਼। ਦੈਆਲਹੇ ਦਇਆ ਦੇ ਘਰ! ਦੁਖ ਭੰਜਨੁਦੁਖਾਂ ਦਾ ਨਾਸ ਕਰਨ ਵਾਲਾ। ਪਾਥਰਕਠੋਰਚਿੱਤ। ਤਰਾਇਆਤੇਰੇ ਤਾਰੇ ਹੋਏ। ਸਤਿਗੁਰ ਭੇਟਿਗੁਰੂ ਨੂੰ ਮਿਲ ਕੇ। ਨਾਮਿਨਾਮ ਨੇ। ਉਧਾਰੇਪਾਰ ਲੰਘਾ ਲਿਆ।੪।

ਅਰਥ: ਹੇ ਹਰੀ! ਕਿਰਪਾ ਕਰ, (ਸਾਨੂੰ ਵਿਕਾਰਾਂ ਤੋਂ) ਬਚਾ ਲੈ। ਅਸੀ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ। ਹੇ ਦਇਆ ਦੇ ਘਰ ਹਰੀ! ਅਸੀ ਵਿਕਾਰੀ ਹਾਂ, ਗੁਣਾਂ ਤੋਂ ਸੱਖਣੇ ਹਾਂ, (ਆਤਮਕ ਜੀਵਨ ਵਲੋਂ) ਕੰਗਾਲ ਹਾਂ, ਪਰ ਅਸੀ ਤੇਰੇ ਹਾਂ, ਤੇ, ਤੇਰੀ ਸਰਨ ਆਏ ਹਾਂ। ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਸਾਰੇ ਸੁਖ ਦੇਣ ਵਾਲਾ ਹੈਂ। ਅਸੀ ਕਠੋਰ-ਚਿੱਤ ਹਾਂ, ਤੇਰੇ ਤਰਾਏ ਹੋਏ ਹੀ ਤਰ ਸਕਦੇ ਹਾਂ।

ਹੇ ਨਾਨਕ! (ਆਖ-) ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹਨਾਂ ਨੂੰ ਹਰਿ-ਨਾਮ ਨੇ (ਵਿਕਾਰਾਂ ਵਿਚ ਡੁਬਦਿਆਂ ਨੂੰ) ਬਚਾ ਲਿਆ ਹੈ। ਹੇ ਹਰੀ! ਕਿਰਪਾ ਕਰ, (ਸਾਨੂੰ ਵਿਕਾਰਾਂ ਤੋਂ) ਬਚਾ ਲੈ।੪।੪।

ਵਡਹੰਸੁ ਮਹਲਾ ੪ ਘੋੜੀਆ    ੴ ਸਤਿਗੁਰ ਪ੍ਰਸਾਦਿ ॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥ {ਪੰਨਾ 575}

ਘੋੜੀਆ-ਘੋੜੀਆਂ। ਜਦੋਂ ਲਾੜਾ ਘਰੋਂ ਵਿਆਹੁਣ ਤੁਰਦਾ ਹੈ, ਘੋੜੀ ਤੇ ਚੜ੍ਹਦਾ ਹੈ, ਤਦੋਂ ਉਸ ਦੀਆਂ ਭੈਣਾਂ ਘੋੜੀ ਦੀ ਵਾਗ ਫੜ ਕੇ ਗੀਤ ਗਾਂਦੀਆਂ ਹਨ। ਉਹ ਗੀਤ 'ਘੋੜੀਆਂ' ਅਖਵਾਂਦੇ ਹਨ। ਗੁਰੂ ਰਾਮਦਾਸ ਜੀ ਨੇ ਇਹ ਦੋ 'ਛੰਤ' ਉਹਨਾਂ ਗੀਤਾਂ 'ਘੋੜੀਆਂ' ਦੀ ਚਾਲ ਤੇ ਲਿਖੇ ਹਨ, ਤੇ, ਇਹਨਾਂ ਛੰਤਾਂ ਦਾ ਸਿਰਲੇਖ ਭੀ "ਘੋੜੀਆ" ਹੀ ਲਿਖਿਆ ਹੈ।

ਪਦਅਰਥ: ਦੇਹਸਰੀਰ, ਮਨੁੱਖਾ ਸਰੀਰ। ਤੇਜਣਿਘੋੜੀ। ਰਾਮਿਰਾਮ ਨੇ, ਪਰਮਾਤਮਾ ਨੇ। ਉਪਾਈਆਉਪਾਈ, ਪੈਦਾ ਕੀਤੀ ਹੈ। ਧੰਨੁਭਾਗਾਂ ਵਾਲਾ। ਪੁੰਨਿਚੰਗੀ ਕਿਸਮਤਿ ਨਾਲ। ਪਾਈਆਪਾਈ ਹੈ, ਲੱਭੀ ਹੈ (ਇਹ ਦੇਹ)ਵਡ ਪੁੰਨੇਵੱਡੀ ਕਿਸਮਤਿ ਨਾਲ। ਦੇਹਕਾਂਇਆਂ। ਕੰਚਨਸੋਨਾ। ਗੁਰਮੁਖਿਗੁਰੂ ਦੀ ਰਾਹੀਂ। ਚਲੂਲਾਗੂੜ੍ਹਾ। ਨਵ ਰੰਗੜੀਆਨਵੇਂ ਰੰਗ ਨਾਲ ਰੰਗੀ ਗਈ। ਬਾਂਕੀਸੋਹਣੀ। ਜਿਤੁਜਿਸ ਦੀ ਬਰਕਤਿ ਨਾਲ। ਜਾਪੀਜਾਪੀਂ, ਮੈਂ ਜਪ ਸਕਦਾ ਹਾਂ। ਨਾਮਿਨਾਮ ਦੀ ਰਾਹੀਂ। ਪਾਈਲੱਭੀ (ਇਹ ਦੇਹ)ਸਖਾਈਸਾਥੀ।੧।

ਅਰਥ: ਹੇ ਭਾਈ! (ਮਨੁੱਖ ਦੀ) ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ (ਜਿਸ ਵਿਚ ਇਹ ਕਾਂਇਆਂ ਮਿਲਦੀ ਹੈ) ਚੰਗੀ ਕਿਸਮਤਿ ਨਾਲ ਹੀ (ਜੀਵ ਨੇ ਇਹ ਕਾਂਇਆਂ) ਲੱਭੀ ਹੈ। ਹੇ ਭਾਈ! ਮਨੁੱਖਾ ਜਨਮ ਵੱਡੀ ਕਿਸਮਤਿ ਨਾਲ ਹੀ ਲੱਭਦਾ ਹੈ। ਪਰ ਉਸੇ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਮਨੁੱਖ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ।

ਹੇ ਭਾਈ! ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ। ਹੇ ਭਾਈ! ਉਸੇ ਵੱਡੇ ਭਾਗਾਂ ਵਾਲੇ ਮਨੁੱਖ ਨੇ ਹੀ ਇਹ ਕਾਂਇਆਂ ਪ੍ਰਾਪਤ ਕੀਤੀ ਸਮਝ, ਪਰਮਾਤਮਾ ਦਾ ਨਾਮ ਜਿਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ ਇਹ ਕਾਂਇਆਂ) ਪਰਮਾਤਮਾ ਨੇ ਪੈਦਾ ਕੀਤੀ ਹੈ।੧।

ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥ ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥ ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥ ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥ ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥ ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥ {ਪੰਨਾ 575}

ਪਦਅਰਥ: ਜੀਨੁਜੀਨ, ਕਾਠੀ। ਪਾਵਉਪਾਵਉਂ, ਮੈਂ ਪਾਂਦਾ ਹਾਂ। ਬੁਝਿਸਮਝ ਕੇ, ਪਰਖ ਕੇ। ਚੰਗਾਚੰਗਿਆਈਆਂ, ਗੁਣ। ਚੜਿਚੜ੍ਹ ਕੇ। ਲੰਘਾਲੰਘਾਂ, ਮੈਂ ਲੰਘਦਾ ਹਾਂ। ਜੀਹੇ ਭਾਈ! ਬਿਖਮੁਔਖਾ। ਭੁਇਅੰਗਾਸੰਸਾਰਸਮੁੰਦਰ {ਭੁਇਅੰਗਧਰਤੀ ਦਾ ਅੰਗ}ਅਨਤ ਤਰੰਗਾਬੇਅੰਤ ਲਹਿਰਾਂ ਵਾਲਾ। ਗੁਰਮੁਖਿਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਬੋਹਿਥਿਜਹਾਜ਼ ਵਿਚ। ਖੇਵਟੁਮਲਾਹ। ਸਬਦਿਸ਼ਬਦ ਦੀ ਰਾਹੀਂ। ਰੰਗਿਰੰਗ ਵਿਚ। ਅਨਦਿਨੁਹਰ ਰੋਜ਼। ਰੰਗੀਰੰਗ ਵਾਲਾ। ਨਿਰਬਾਣਵਾਸਨਾਰਹਿਤ। ਪਦਦਰਜਾ।੨।

ਅਰਥ: ਹੇ ਭਾਈ! ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਮੈਂ (ਆਪਣੇ ਸਰੀਰ-ਘੋੜੀ ਉਤੇ, ਸਿਫ਼ਤਿ-ਸਾਲਾਹ ਦੀ) ਕਾਠੀ ਪਾਂਦਾ ਹਾਂ, (ਉਸ ਕਾਠੀ ਵਾਲੀ ਘੋੜੀ ਉਤੇ) ਚੜ੍ਹ ਕੇ (ਕਾਂਇਆਂ ਨੂੰ ਵੱਸ ਵਿਚ ਕਰ ਕੇ) ਮੈਂ ਇਸ ਔਖੇ (ਤਰੇ ਜਾਣ ਵਾਲੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ।

(ਹੇ ਭਾਈ! ਕੋਈ ਵਿਰਲਾ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਇਸ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ (ਕਿਉਂਕਿ ਇਸ ਵਿਚ ਵਿਕਾਰਾਂ ਦੀਆਂ) ਬੇਅੰਤ ਲਹਿਰਾਂ ਪੈ ਰਹੀਆਂ ਹਨ। ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਹਰਿ-ਨਾਮ ਦੇ ਜਹਾਜ਼ ਵਿਚ ਚੜ੍ਹ ਕੇ ਪਾਰ ਲੰਘਦਾ ਹੈ, ਗੁਰੂ-ਮਲਾਹ ਆਪਣੇ ਸ਼ਬਦ ਵਿਚ ਜੋੜ ਕੇ ਪਾਰ ਲੰਘਾ ਲੈਂਦਾ ਹੈ।

ਹੇ ਨਾਨਕ! ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਹਰਿ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਉਹ ਉੱਚਾ ਤੇ ਸੁੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਵਾਸਨਾ ਪੋਹ ਨਹੀਂ ਸਕਦੀ।੨।

ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥ ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥ ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥ ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥ ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥ ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥ {ਪੰਨਾ 575}

ਪਦਅਰਥ: ਕੜੀਆਲੁਲਗਾਮ। ਮੁਖੇਮੁਖਿ, (ਕਾਂਇਆਂਘੋੜੀ ਦੇ) ਮੂੰਹ ਵਿਚ। ਗੁਰਿਗੁਰੂ ਨੇ। ਗਿਆਨੁਆਤਮਕ ਜੀਵਨ ਦੀ ਸੂਝ। ਦ੍ਰਿੜਾਇਆਹਿਰਦੇ ਵਿਚ ਪੱਕਾ ਕਰ ਦਿੱਤਾ ਹੈ। ਤਨਿਸਰੀਰ ਵਿਚ, ਹਿਰਦੇ ਵਿਚ। ਲਾਇਲਾਂਦਾ ਹੈ। ਜਿਣੈਜਿੱਤਦਾ ਹੈ। ਗੁਰਮੁਖਿਗੁਰੂ ਦੀ ਰਾਹੀਂ। ਜੀਤਿਆਜਿੱਤਿਆ ਜਾ ਸਕਦਾ ਹੈ। ਅਘੜੋਅਘੜੁ, ਨਾਹ ਘੜਿਆ ਹੋਇਆ, ਅੱਲ੍ਹੜ (ਮਨ)ਘੜਾਵੈ—(ਜਾਤ, ਧੀਰਜ ਆਦਿਕ ਦੀ ਕੁਠਾਲੀ ਵਿਚ) ਘੜਦਾ ਹੈ। ਅਪਿਉਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ। ਸੁਣਿਸੁਣ ਕੇ। ਸ੍ਰਵਣਕੰਨਾਂ ਨਾਲ। ਤੁਰੀ—(ਕਾਂਇਆਂ) ਘੋੜੀ। ਤੁਰੀ ਚੜਾਇਆ—(ਕਾਂਇਆਂ) ਘੋੜੀ ਉੱਤੇ ਸਵਾਰ ਹੁੰਦਾ ਹੈ, ਕਾਂਇਆਂ ਨੂੰ ਵੱਸ ਕਰਦਾ ਹੈ। ਮਾਰਗੁਰਸਤਾ। ਪੰਥੁਰਸਤਾ। ਬਿਖੜਾਔਖਾ।੩।

ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦਿੱਤੀ, ਉਸ ਨੇ ਇਹ ਸੂਝ (ਆਪਣੀ ਕਾਂਇਆਂ-ਘੋੜੀ ਦੇ) ਮੂੰਹ ਵਿਚ (ਮਾਨੋ) ਲਗਾਮ ਦੇ ਦਿੱਤੀ ਹੈ। ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ, ਇਹ ਪਿਆਰ ਉਹ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ (ਮਾਨੋ) ਚਾਬੁਕ ਮਾਰਦਾ ਰਹਿੰਦਾ ਹੈ। ਹਿਰਦੇ ਵਿਚ ਪੈਦਾ ਹੋਇਆ ਹਰਿ-ਨਾਮ ਦਾ ਪ੍ਰੇਮ ਉਹ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ, ਤੇ, ਆਪਣੇ ਮਨ ਨੂੰ ਵੱਸ ਵਿਚ ਕਰੀ ਰੱਖਦਾ ਹੈ। ਪਰ, ਇਹ ਮਨ ਗੁਰੂ ਦੀ ਸਰਨ ਪਿਆਂ ਹੀ ਜਿੱਤਿਆ ਜਾ ਸਕਦਾ ਹੈ। ਉਹ ਮਨੁੱਖ ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ, ਤੇ (ਜਤ, ਧੀਰਜ ਆਦਿਕ ਦੀ ਕੁਠਾਲੀ ਵਿਚ) ਅੱਲ੍ਹੜ ਮਨ ਨੂੰ ਘੜ ਲੈਂਦਾ ਹੈ (ਸੁਚੱਜਾ ਬਣਾ ਲੈਂਦਾ ਹੈ)ਗੁਰੂ ਦੀ ਜਿਹੜੀ ਬਾਣੀ ਉਚਾਰੀ ਹੋਈ ਹੈ ਇਸ ਨੂੰ ਆਪਣੇ ਕੰਨਾਂ ਨਾਲ ਸੁਣ ਕੇ (ਭਾਵ, ਗਹੁ ਨਾਲ ਸੁਣ ਕੇ ਉਹ ਮਨੁੱਖ ਆਪਣੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ, ਤੇ ਇਸ ਤਰ੍ਹਾਂ ਕਾਂਇਆਂ-ਘੋੜੀ ਉਤੇ ਸਵਾਰ ਹੁੰਦਾ ਹੈ (ਕਾਂਇਆਂ ਨੂੰ ਵੱਸ ਕਰਦਾ ਹੈ)ਹੇ ਦਾਸ ਨਾਨਕ! (ਇਹ ਮਨੁੱਖਾ ਜੀਵਨ) ਬੜਾ ਔਖਾ ਪੈਂਡਾ ਹੈ, (ਗੁਰੂ ਸਰਨ ਪਏ ਮਨੁੱਖ ਨੂੰ) ਪਾਰ ਲੰਘਾ ਲੈਂਦਾ ਹੈ।੩।

ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥ ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥ ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥ ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥ ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥ ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥ {ਪੰਨਾ 575}

ਪਦਅਰਥ: ਤੇਜਣਿਘੋੜੀ। ਦੇਹਸਰੀਰ, ਕਾਂਇਆਂ। ਰਾਮਿਰਾਮ ਨੇ। ਜਿਤੁਜਿਸ (ਕਾਂਇਆਂ) ਦੀ ਰਾਹੀਂ। ਜਾਪੈਜਪਦਾ ਹੈ। ਸਾਉਹ (ਕਾਂਇਆਂ)ਧਨੁ ਧੰਨੁਭਾਗਾਂ ਵਾਲੀ। ਤੁਖਾਈਆ—{ताक्र्ष} ਤੁਖਾਈ, ਘੋੜੀ। ਧੁਰਿਧੁਰ ਦਰਗਾਹ ਤੋਂ। ਕਿਰਤੁਪਿਛਲੇ ਕੀਤੇ ਕਰਮਾਂ ਦਾ ਸੰਸਕਾਰ। ਜੁੜੰਦਾਇਕੱਠਾ ਹੋਇਆ ਹੋਇਆ। ਕਿਰਤੁ ਜੁੜੰਦਾਪਿਛਲੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰ। ਦੇਹੜਿਸੋਹਣੀ ਦੇਹ, ਸੋਹਣੀ ਕਾਂਇਆਂ। ਬਿਖਮੁਔਖਾ (ਸੰਸਾਰਸਮੁੰਦਰ)ਗੁਰਮੁਖਿਗੁਰੂ ਦੀ ਰਾਹੀਂ। ਪਰਮਾਨੰਦਾਪਰਮ ਆਨੰਦ ਦਾ ਮਾਲਕ ਪ੍ਰਭੂ। ਹਰਿ ਪੂਰੈਪੂਰੇ ਹਰੀ ਨੇ। ਮਿਲਿਮਿਲ ਕੇ (ਲਫ਼ਜ਼ 'ਮਿਲੁ' ਅਤੇ 'ਮਿਲਿ' ਦਾ ਫ਼ਰਕ ਵੇਖੋ}ਵਰੁਖਸਮ। ਕਾਜੁਵਿਆਹ ਦਾ ਕੰਮ। ਮੰਗਲੁਖ਼ੁਸ਼ੀ।

ਅਰਥ: ਹੇ ਭਾਈ! ਇਹ ਮਨੁੱਖਾ ਸਰੀਰ-ਘੋੜੀ ਪਰਮਾਤਮਾ ਨੇ ਪੈਦਾ ਕੀਤੀ ਹੈ (ਕਿ ਇਸ ਘੋੜੀ ਉਤੇ ਚੜ੍ਹ ਕੇ ਜੀਵ ਜੀਵਨ-ਸਫ਼ਰ ਨੂੰ ਸਫਲਤਾ ਨਾਲ ਤੈ ਕਰੇ, ਸੋ) ਜਿਸ (ਸਰੀਰ-ਘੋੜੀ) ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ, (ਇਸ ਦੀ ਰਾਹੀਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉੱਘੜ ਪੈਂਦਾ ਹੈ।

ਹੇ ਭਾਈ! ਇਸ ਸੋਹਣੀ ਕਾਂਇਆਂ-ਘੋੜੀ ਉਤੇ ਚੜ੍ਹ, (ਇਹ ਘੋੜੀ) ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦੀ ਹੈ, (ਇਸ ਦੀ ਰਾਹੀਂ) ਗੁਰੂ ਦੀ ਸਰਨ ਪੈ ਕੇ ਪਰਮ ਆਨੰਦ ਦੇ ਮਾਲਕ ਪਰਮਾਤਮਾ ਨੂੰ ਮਿਲ।

ਪੂਰਨ ਪਰਮਾਤਮਾ ਨੇ ਜਿਸ ਜੀਵ-ਇਸਤ੍ਰੀ ਦਾ ਵਿਆਹ ਰਚਾ ਦਿੱਤਾ (ਜਿਸ ਜਿੰਦ-ਵਹੁਟੀ ਨੂੰ ਆਪਣੇ ਨਾਲ ਮਿਲਾਣ ਦਾ ਢੋ ਢੁਕਾ ਦਿੱਤਾ), ਸਤ ਸੰਗੀਆਂ ਨਾਲ ਮਿਲ ਕੇ (ਮਾਨੋ, ਉਸ ਦੀ) ਜੰਞ ਆ ਗਈ। ਹੇ ਦਾਸ ਨਾਨਕ! ਸੰਤ ਜਨਾਂ ਨੂੰ ਮਿਲ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲਿਆ, ਉਸ ਨੇ ਆਤਮਕ ਆਨੰਦ ਲੱਭ ਲਿਆ, ਉਸ ਦੇ ਅੰਦਰ ਆਤਮਕ ਸ਼ਾਦੀਆਨੇ ਵੱਜ ਪਏ।੪।੧।੫।

ਵਡਹੰਸੁ ਮਹਲਾ ੪ ॥ ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥ ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥ ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ ॥ ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥ ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥ ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥ {ਪੰਨਾ 575-576}

ਪਦਅਰਥ: ਤੇਜਨੜੀਸੋਹਣੀ ਤੇਜਣਿ, ਸੋਹਣੀ ਘੋੜੀ। ਨਵ ਰੰਗੀਆਨਵੇਂ ਰੰਗ ਵਾਲੀ। ਚੰਗੀਸੁੰਦਰ। ਗਤਿਉੱਚੀ ਆਤਮਕ ਅਵਸਥਾ। ਮਿਤਿਮਰਯਾਦਾ, ਮਾਪ। ਕਰਤੈਕਰਤਾਰ ਨੇ। ਨਾਮਿਨਾਮ ਵਿਚ। ਵਖਾਣੀਆਉਚਾਰੀ। ਸਲਾਹਿਸਲਾਹ ਕੇ। ਹਰਿ ਜਨਹਰੀ ਦੇ ਭਗਤ।੧।

ਅਰਥ: ਹੇ ਭਾਈ ਉਹ ਕਾਂਇਆਂ ਸੋਹਣੀ ਘੋੜੀ ਹੈ (ਜੀਵ-ਰਾਹੀ ਦੇ ਜੀਵਨ-ਸਫਰ ਵਾਸਤੇ ਚੰਗੀ ਘੋੜੀ ਹੈ) ਜੋ ਪਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿਚ ਰੰਗੀ ਰਹਿੰਦੀ ਹੈ, ਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ, ਜੋ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ ਮੰਗਦੀ ਹੈ, ਪਰਮਾਤਮਾ ਦੀ ਸੋਹਣੀ ਸਿਫ਼ਤਿ-ਸਾਲਾਹ ਕਰਦੀ ਹੈ, ਪਰਮਾਤਮਾ ਦਾ ਨਾਮ ਜਪਦੀ ਹੈ, ਜੋ ਇਹ ਸਮਝਣ ਦਾ ਜਤਨ ਕਰਦੀ ਹੈ ਕਿ ਪਰਮਾਤਮਾ ਕਿਹੋ ਜਿਹਾ ਤੇ ਕੇਡਾ ਵੱਡਾ ਹੈ। ਕਰਤਾਰ ਨੇ (ਅਜੇਹੀ ਕਾਂਇਆਂ-ਘੋੜੀ ਦਾ) ਸਾਰਾ ਜਨਮ ਸਫਲ ਕਰ ਦਿੱਤਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਦੀ ਰਹਿੰਦੀ ਹੈ।

ਹੇ ਭਾਈ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਕੇ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦੇ ਰਹਿੰਦੇ ਹਨ। ਦਾਸ ਨਾਨਕ ਆਖਦਾ ਹੈ-ਹੇ ਸੰਤ ਜਨੋ! (ਇਹ ਸੋਹਣੀ ਕਾਂਇਆਂ ਘੋੜੀ ਪ੍ਰਾਪਤ ਕਰ ਕੇ) ਪਰਮਾਤਮਾ ਦੀ ਸੋਹਣੀ ਭਗਤੀ (ਕਰਦੇ ਰਹੋ)੧।

TOP OF PAGE

Sri Guru Granth Darpan, by Professor Sahib Singh