ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 573

ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥ ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ ॥ ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਯ੍ਯਾਇਆ ॥ ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥ ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥ ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥ {ਪੰਨਾ 573}

ਪਦਅਰਥ: ਜਿਨਜਿਨ੍ਹਾਂ ਨੇ। ਮੇਲਿਮੇਲ ਵਿਚ, ਆਪਣੇ ਚਰਨਾਂ ਦੇ ਮਿਲਾਪ ਵਿਚ। ਸਰੇਵਹਅਸੀ ਸੇਂਵਦੇ ਹਾਂ, ਸੇਵਾ ਕਰਨ ਨੂੰ ਤਿਆਰ ਹਾਂ। ਲਾਗਹਅਸੀ ਲੱਗਦੇ ਹਾਂ, ਅਸੀਂ ਲੱਗਣ ਨੂੰ ਤਿਆਰ ਹਾਂ। ਕੈ ਪਾਏਦੇ ਚਰਨੀਂ। ਹਰਿ ਹਰਿਹੇ ਹਰੀ! ਧ੍ਯ੍ਯਾਇਆਆਰਾਧਿਆ, ਹਿਰਦੇ ਵਿਚ ਵਸਾਇਆ। ਅੰਤਰਜਾਮੀਦਿਲ ਦੀ ਜਾਣਨ ਵਾਲਾ। ਸਰਧਾਤਾਂਘ। ਪੂਰਿਪੂਰੀ ਕਰ। ਹਰਿ ਰਾਇਆਹੇ ਪ੍ਰਭੂ ਪਾਤਸ਼ਾਹ! ਗੁਰਸਿਖ ਮੇਲਿਗੁਰ ਸਿੱਖਾਂ ਦੇ ਮਿਲਾਪ ਵਿਚ। ਪੂਰੀਪੂਰੀ ਹੋ ਸਕਦੀ ਹੈ। ਅਨਦਿਨੁਹਰ ਰੋਜ਼, ਹਰ ਵੇਲੇ। ਗਾਏਗਾਂਦਾ ਹੈ।੨।

ਅਰਥ: ਹੇ ਭਾਈ! ਜਿਨ੍ਹਾਂ (ਵਡਭਾਗੀਆਂ) ਨੇ ਗੁਰੂ ਲੱਭ ਲਿਆ, ਉਹਨਾਂ ਨੂੰ ਹਰਿ-ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ। ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ, ਉਹਨਾਂ ਦੀ ਚਰਨੀਂ ਲੱਗਣ ਨੂੰ ਤਿਆਰ ਹਾਂ। ਹੇ ਹਰੀ! ਜਿਨ੍ਹਾਂ ਮਨੁੱਖਾਂ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ (ਤੈਨੂੰ) ਪ੍ਰਭੂ ਨੂੰ ਹਿਰਦੇ ਵਿਚ ਟਿਕਾ ਲਿਆ ਹੈ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਹਾਂ। ਹੇ ਪ੍ਰਭੂ ਪਾਤਸ਼ਾਹ! ਤੂੰ ਵੱਡਾ ਦਾਤਾਰ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਮੇਰੀ ਇਹ ਤਾਂਘ ਪੂਰੀ ਕਰ।

ਹੇ ਭਾਈ! ਮੇਰੀ ਇਹ ਤਾਂਘ ਗੁਰਸਿੱਖਾਂ ਦੀ ਸੰਗਤਿ ਵਿਚ ਹੀ ਪੂਰੀ ਹੋ ਸਕਦੀ ਹੈ (ਜਿਸ ਨੂੰ ਗੁਰਸਿੱਖਾਂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ) ਹਰ ਵੇਲੇ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦਾ ਹੈ। ਜਿਨ੍ਹਾਂ (ਵਡ-ਭਾਗੀਆਂ) ਨੇ ਗੁਰੂ ਲੱਭ ਲਿਆ, ਉਹਨਾਂ ਨੂੰ ਹਰਿ-ਪ੍ਰਭੂ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।੨।

ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥ ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥ ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥ ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥ ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥ ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥੩॥ {ਪੰਨਾ 573}

ਪਦਅਰਥ: ਹੰਉਮੈਂ। ਵਾਰੀਸਦਕੇ, ਕੁਰਬਾਨ। ਨਾਮੋਨਾਮੁ ਹੀ। ਅਧਾਰੇਆਸਰਾ। ਪ੍ਰਾਨ ਸੁਖਾਈਜਿੰਦ ਦਾ ਸਾਥੀ। ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ। ਗੁਰਮੁਖਿਗੁਰੂ ਦੇ ਸਨਮੁਖ ਹੋ ਕੇ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਨਾਮਜਲ। ਆਪੇਆਪ ਹੀ। ਸਰਧਾਨਿਸ਼ਚਾ, ਤਾਂਘ। ਸਵਾਰੇਜੀਵਨ ਸੋਹਣਾ ਬਣਾਂਦਾ ਹੈ।੩।

ਅਰਥ: ਮੈਂ ਉਸ ਪਿਆਰੇ ਮਿੱਤਰ ਗੁਰ-ਸਿੱਖ ਤੋਂ ਸਦਕੇ ਜਾਂਦਾ ਹਾਂ ਸਦਕੇ ਜਾਂਦਾ ਹਾਂ, ਜੇਹੜਾ ਮੈਨੂੰ ਸਦਾ ਪਰਮਾਤਮਾ ਦਾ ਨਾਮ ਸੁਣਾਂਦਾ ਰਹੇ। ਪਰਮਾਤਮਾ ਦਾ ਨਾਮ ਹੀ ਮੇਰਾ ਮਿੱਤਰ ਹੈ, (ਮੇਰੀ ਜ਼ਿੰਦਗੀ ਦਾ) ਆਸਰਾ ਹੈ ਪਰਮਾਤਮਾ ਦਾ ਨਾਮ ਮੇਰੀ ਜਿੰਦ ਦਾ ਸਾਥੀ ਹੈ, ਉਸ (ਨਾਮ) ਤੋਂ ਬਿਨਾ ਮੈਂ ਇਕ ਘੜੀ ਭਰ ਅੱਖ ਦੇ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ। ਸੁਖਾਂ ਦੇ ਦੇਣ ਵਾਲਾ ਪ੍ਰਭੂ ਜੇ ਮੇਹਰ ਕਰੇ, ਤਾਂ ਹੀ ਮੈਂ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹਾਂ।

ਹੇ ਭਾਈ! ਪਰਮਾਤਮਾ ਆਪ ਹੀ ਆਪਣੇ (ਮਿਲਾਪ ਦੀ) ਤਾਂਘ ਪੈਦਾ ਕਰਦਾ ਹੈ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ। ਪਰਮਾਤਮਾ ਆਪ ਹੀ (ਆਪਣਾ ਨਾਮ ਦੇ ਕੇ ਮਨੁੱਖ ਦਾ ਜੀਵਨ) ਸੋਹਣਾ ਬਣਾਂਦਾ ਹੈ। ਮੈਂ ਗੁਰੂ ਦੇ ਸਿੱਖ ਤੋਂ ਪਿਆਰੇ ਮਿੱਤਰ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।੩।

ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥ ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥ ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥ ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥ ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥ ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥੪॥੨॥ {ਪੰਨਾ 573}

ਪਦਅਰਥ: ਆਪੇਆਪ ਹੀ। ਪੁਰਖੁਸਰਬਵਿਆਪਕ। ਨਿਰੰਜਨੁ—{ਨਿਰਅੰਜਨ} ਮਾਇਆ ਦੇ ਪ੍ਰਭਾਵ ਤੋਂ ਰਹਿਤ। ਪ੍ਰਭ ਭਾਵੈਪ੍ਰਭੂ ਨੂੰ ਚੰਗਾ ਲੱਗਦਾ ਹੈ। ਅਵਰੁਕੁਝ ਹੋਰ। ਸਭਿਸਾਰੇ। ਪ੍ਰਸਾਦਿਕਿਰਪਾ ਨਾਲ।੪।

ਅਰਥ: ਹੇ ਭਾਈ! ਸਰਬ-ਵਿਆਪਕ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ (ਸਭ ਕੁਝ ਕਰਨ ਜੋਗਾ) ਆਪ ਹੀ ਆਪ ਹੈ। ਉਹ ਪਰਮਾਤਮਾ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ, ਜੋ ਕੁਝ ਉਹ ਕਰਦਾ ਹੈ ਉਹੀ ਵਰਤਦਾ ਹੈ। ਹੇ ਭਾਈ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਉਸ ਦੀ ਰਜ਼ਾ ਦੇ ਉਲਟ) ਹੋਰ ਕੁਝ ਭੀ ਨਹੀਂ ਕੀਤਾ ਜਾ ਸਕਦਾ।

ਹੇ ਦਾਸ ਨਾਨਕ! (ਆਖ-) ਮੈਂ ਗੁਰੂ ਦੀ ਕਿਰਪਾ ਨਾਲ (ਉਸ ਪਰਮਾਤਮਾ ਦਾ) ਦਰਸਨ ਕੀਤਾ ਹੈ। ਮੈਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ (ਸਹਾਰਾ) ਨਹੀਂ (ਦਿੱਸਦਾ)ਹੇ ਭਾਈ! ਸਰਬ-ਵਿਆਪਕ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਆਪ ਹੀ (ਸਭ ਕੁਝ ਕਰਨ ਜੋਗਾ) ਹੈ।੪।੨।

ਵਡਹੰਸੁ ਮਹਲਾ ੪ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥ ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥ ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥ ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥ {ਪੰਨਾ 573}

ਪਦਅਰਥ: ਹਰਿਹੇ ਹਰੀ! ਮੇਲਿਮਿਲਾਪ ਵਿਚ। ਸਤਿਗੁਰ ਮੇਲਿਗੁਰੂ ਦੇ ਮਿਲਾਪ ਵਿਚ (ਰੱਖ), ਗੁਰੂ ਦੇ ਚਰਨਾਂ ਵਿਚ ਰੱਖ। ਹਮਮੈਨੂੰ, ਸਾਨੂੰ। ਭਾਇਆਚੰਗੇ ਲੱਗਦੇ ਹਨ। ਤਿਮਰਹਨੇਰਾ। ਅਗਿਆਨੁਬੇਸਮਝੀ, ਆਤਮਕ ਜੀਵਨ ਵਲੋਂ ਬੇਸਮਝੀ। ਗਿਆਨੁਆਤਮਕ ਜੀਵਨ ਦੀ ਸੂਝ। ਅੰਜਨੁਸੁਰਮਾ। ਗੁਰਿਗੁਰੂ ਦੀ ਰਾਹੀਂ। ਸਤਿਗੁਰੂਗੁਰੂ ਦੀ ਰਾਹੀਂ। ਅੰਧੇਰਹਨੇਰੇ। ਸੇਵਿਸੇਵਾ ਕਰ ਕੇ। ਪਰਮ ਪਦੁਸਭ ਤੋਂ ਉੱਚਾ ਦਰਜਾ। ਸਾਸ ਗਿਰਾਸੇਹਰੇਕ ਸਾਹ ਤੇ ਗਿਰਾਹੀ ਨਾਲ। ਪ੍ਰਭਿਪ੍ਰਭੂ ਨੇ। ਤੇਉਹ ਬੰਦੇ।੧।

ਅਰਥ: ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ। ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ। (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ (ਦਾ) ਸੁਰਮਾ ਹਾਸਲ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ (ਦਾ) ਹਨੇਰਾ ਦੂਰ ਕਰ ਲਿਆ।

ਜਿਸ ਮਨੁੱਖ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਮਨੁੱਖ ਦੇ ਅਗਿਆਨ ਦੇ ਹਨੇਰੇ ਨਾਸ ਹੋ ਜਾਂਦੇ ਹਨ। ਗੁਰੂ ਦੀ ਦੱਸੀ ਸੇਵਾ ਕਰ ਕੇ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ।

ਹੇ ਭਾਈ! ਹਰਿ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਨੂੰ ਉਸ ਨੇ ਗੁਰੂ ਦੀ ਸੇਵਾ ਵਿਚ ਜੋੜ ਦਿੱਤਾ। ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ।੧।

ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ਰਾਮ ॥ ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥ ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥ ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥ ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥ ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰਾ ਮੈ ਗੁਰ ਬਿਨੁ ਰਹਣੁ ਨ ਜਾਈ ॥੨॥ {ਪੰਨਾ 573}

ਪਦਅਰਥ: ਨਾਮੋਨਾਮੁ ਹੀ। ਅੰਤਿਅਖ਼ੀਰ ਵੇਲੇ। ਸਖਾਈਮਿੱਤਰ। ਗੁਰਿਗੁਰੂ ਨੇ। ਸਤਿਗੁਰਿਸਤਿਗੁਰੂ ਨੇ। ਕਲਤ੍ਰੁਇਸਤ੍ਰੀ। ਬੇਲੀਮਦਦਗਾਰ। ਨਾਮਿਨਾਮ ਨੇ। ਜਿਤੁਜਿਸ ਵਿਚ। ਮਿਲਿਮਿਲ ਕੇ।੨।

ਅਰਥ: ਹੇ ਭਾਈ! ਮੈਨੂੰ ਮੇਰਾ ਗੁਰੂ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਥੋਂ ਰਿਹਾ ਨਹੀਂ ਜਾ ਸਕਦਾ। ਗੁਰੂ ਮੈਨੂੰ ਉਹ ਹਰਿ-ਨਾਮ ਦੇਂਦਾ ਹੈ ਜੇਹੜਾ ਅੰਤ ਵੇਲੇ ਮੇਰਾ ਸਾਥੀ ਬਣੇਗਾ। ਗੁਰੂ ਨੇ ਉਹ ਹਰਿ-ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ ਜੇਹੜਾ ਅਖ਼ੀਰ ਵੇਲੇ ਮੇਰਾ ਮਿੱਤਰ ਬਣਨ ਵਾਲਾ ਹੈ, ਜਿਸ ਥਾਂ ਪੁਤ੍ਰ ਇਸਤ੍ਰੀ ਕੋਈ ਭੀ ਮਦਦਗਾਰ ਨਹੀਂ ਬਣਦਾ, ਉਥੇ ਹਰਿ-ਨਾਮ ਨੇ ਹੀ (ਜੀਵ ਨੂੰ ਬਿਪਤਾ ਤੋਂ) ਛੁਡਾਣਾ ਹੈ।

ਧੰਨ ਹੈ ਗੁਰੂ, ਗੁਰੂ ਨਿਰਲੇਪ ਪਰਮਾਤਮਾ ਦਾ ਰੂਪ ਹੈ, ਉਸ ਗੁਰੂ ਵਿਚ ਲੀਨ ਹੋ ਕੇ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ। ਹੇ ਭਾਈ! ਮੈਨੂੰ ਗੁਰੂ ਬਹੁਤ ਪਿਆਰਾ ਲੱਗਦਾ ਹੈ, ਗੁਰੂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ।੨।

TOP OF PAGE

Sri Guru Granth Darpan, by Professor Sahib Singh