ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 567

ਵਡਹੰਸੁ ਮਹਲਾ ੧ ॥ ਕਰਹੁ ਦਇਆ ਤੇਰਾ ਨਾਮੁ ਵਖਾਣਾ ॥ ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥ ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥ ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥ ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥ ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥ ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥ ਦੂਖੁ ਗਇਆ ਸੁਖੁ ਆਇ ਸਮਾਣਾ ॥ ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥ ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥ ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥ ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥ ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥ ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥ ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥ ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥ ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥ ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥ ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥ ਹਉ ਬਲਿਹਾਰੀ ਸਾਚੇ ਨਾਵੈ ॥ ਰਾਜੁ ਤੇਰਾ ਕਬਹੁ ਨ ਜਾਵੈ ॥ ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥ ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥ ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥ ਹਉ ਬਲਿਹਾਰੀ ਸਦਾ ਹੋਵਾ ਏਕ ਤੇਰੇ ਨਾਵਏ ॥੪॥ ਜੁਗਹ ਜੁਗੰਤਰਿ ਭਗਤ ਤੁਮਾਰੇ ॥ ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥ ਜਪਹਿ ਤ ਸਾਚਾ ਏਕੁ ਮੁਰਾਰੇ ॥ ਸਾਚਾ ਮੁਰਾਰੇ ਤਾਮਿ ਜਾਪਹਿ ਜਾਮਿ ਮੰਨਿ ਵਸਾਵਹੇ ॥ ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥ ਗੁਰ ਪਰਸਾਦੀ ਕਰਹੁ ਕਿਰਪਾ ਲੇਹੁ ਜਮਹੁ ਉਬਾਰੇ ॥ ਜੁਗਹ ਜੁਗੰਤਰਿ ਭਗਤ ਤੁਮਾਰੇ ॥੫॥ ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥ ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥ ਨਦਰਿ ਕਰਹਿ ਤਾ ਸਾਚੁ ਪਛਾਣਾ ॥ ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥ ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥ ਬਿਨਵੰਤਿ ਨਾਨਕੁ ਜਾਇ ਸਹਸਾ ਬੁਝੈ ਗੁਰ ਬੀਚਾਰਾ ॥ ਵਡਾ ਸਾਹਿਬੁ ਹੈ ਆਪਿ ਅਲਖ ਅਪਾਰਾ ॥੬॥ ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥ ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ ਬੰਕੇ ਲੋਇਣ ਦੰਤ ਰੀਸਾਲਾ ॥੭॥ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥ ਕੁਹਕਨਿ ਕੋਕਿਲਾ ਤਰਲ ਜੁਆਣੀ ॥ ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਏ ॥ ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥ ਸ੍ਰੀਰੰਗ ਰਾਤੀ ਫਿਰੈ ਮਾਤੀ ਉਦਕੁ ਗੰਗਾ ਵਾਣੀ ॥ ਬਿਨਵੰਤਿ ਨਾਨਕੁ ਦਾਸੁ ਹਰਿ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ॥੮॥੨॥ {ਪੰਨਾ 566-567}

ਪਦਅਰਥ: ਵਖਾਣਾਮੈਂ ਉਚਾਰਾਂ। ਉਪਾਈਐਪੈਦਾ ਕੀਤੀ ਹੈ। ਸਰਬਸਾਰਿਆਂ ਵਿਚ। ਉਪਾਇਪੈਦਾ ਕਰ ਕੇ। ਧੰਧੈਆਹਰ ਵਿਚ, ਮਾਇਆ ਦੀ ਦੌੜਭਜ ਵਿਚ। ਇਕਿ—{ਲਫ਼ਜ਼ 'ਇਕ' ਤੋਂ ਬਹੁ-ਵਚਨ}ਏਤੁ ਭਰਮਿਇਸ ਭਰਮ ਵਿਚ, ਇਸ ਭਟਕਣਾ ਵਿਚ। ਤਾਮਿਤਦੋਂ ਹੀ।੧।

ਸਾਚਾਸਦਾ-ਥਿਰ ਰਹਿਣ ਵਾਲਾ। ਮੈ ਮਨਿਮੇਰੇ ਮਨ ਵਿਚ। ਭਾਣਾਪਿਆਰਾ ਲੱਗਦਾ ਹੈ। ਸੁਰਿ ਨਰਸ੍ਰੇਸ਼ਟ ਮਨੁੱਖ। ਸੁਘੜਸੁਚੱਜੇ। ਸੁਜਾਣਸਿਆਣੇ। ਭਾਵਹੇਭਾਵਹਿ, ਭਾਉਂਦੇ ਹਨ। ਅਹਿਲਾਆਹਲਾ, ਸ੍ਰੇਸ਼ਟ। ਮੂੜ ਮੁਗਧਮੂਰਖ। ਮੂਲੇਉੱਕਾ ਹੀ। ਸੋਇਉਹੀ।੨।

ਵਖਤੁਸਮਾ। ਤੇਰਾ ਵਖਤੁਉਹ ਸਮਾ ਜਦੋਂ ਤੂੰ ਯਾਦ ਆਵੇਂ। ਅੰਮ੍ਰਿਤਆਤਮਕ ਜੀਵਨ ਦੇਣ ਵਾਲੀ। ਭਾਉਪ੍ਰੇਮ। ਸਾਉਸੁਆਦ, ਆਨੰਦ। ਨਾਮਿਨਾਮ ਵਿਚ। ਜੋਇਜੇਹੜੇ ਬੰਦੇ। ਚੜਹਿ ਸਵਾਇਆਵਧਦੇ ਫੁਲਦੇ ਹਨ। ਜਾਮਿਜਦੋਂ। ਨ ਪਛਾਣੀਮੈਂ ਨਹੀਂ ਪਛਾਣਦਾ।੩।

ਹਉਮੈਂ। ਨਾਵੈਨਾਮ ਤੋਂ। ਨਿਹਚਲੁਅਟੱਲ। ਨ ਜਾਵਏਨ ਜਾਵੈ, ਨਹੀਂ ਜਾਂਦਾ। ਚਾਕਰੁਸੇਵਕ। ਸਹਜਿਅਡੋਲ ਆਤਮਕ ਅਵਸਥਾ ਵਿਚ। ਸਮਾਵਏਸਮਾਵੈ, ਲੀਨ ਹੁੰਦਾ ਹੈ। ਨੇੜਿਨੇੜੇ। ਹੋਵਾਮੈਂ ਹੋਵਾਂ। ਤੇਰੇ ਨਾਵਏਤੇਰੇ ਨਾਵੈ, ਤੇਰੇ ਨਾਮ ਤੋਂ।੪।

ਜੁਗਹ ਜੁਗੰਤਰਿਜੁਗ ਜੁਗ ਅੰਤਰਿ, ਹਰੇਕ ਜੁਗ ਵਿਚ। ਕੀਰਤਿਸਿਫ਼ਤਿ-ਸਾਲਾਹ। ਤੇਰੈ ਦੁਆਰੇਤੇਰੇ ਦਰ ਤੇ। ਸਾਚਾਸਦਾ-ਥਿਰ ਰਹਿਣ ਵਾਲਾ। ਮੁਰਾਰੇ—{मुरअरि} ਪਰਮਾਤਮਾ। ਤਾਮਿਤਦੋਂ ਹੀ। ਮੰਨਿ—(ਉਹਨਾਂ ਦੇ) ਮਨ ਵਿਚ। ਵਸਾਵਹੇਤੂੰ (ਨਾਮ) ਵਸਾਂਦਾ ਹੈਂ। ਭਰਮੋਭਟਕਣਾ। ਤੁਝਹਿਤੂੰ ਹੀ। ਏਹੁਇਹ ਭਰਮ ਭੁਲਾਵਾ। ਚੁਕਾਵਹਿਤੂੰ ਮੁਕਾਂਦਾ ਹੈਂ। ਜਮਹੁਜਮ ਤੋਂ। ਲੇਹੁ ਉਬਾਰੇਬਚਾ ਲੈਂਦਾ ਹੈਂ।੫।

ਅਲਖ—{अलक्ष्य} ਅਦ੍ਰਿਸ਼ਟ। ਅਪਾਰਾਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਕਿਉ ਕਰਿਕਿਵੇਂ? ਕਰਉਮੈਂ ਕਰਾਂ। ਹਉਮੈਂ। ਆਖਿ ਨਾ ਜਾਣਾਮੈਂ ਆਖਣੀ ਜਾਣਦਾ ਨਹੀਂ। ਤੇਰਾਤੇਰਾ (ਸਰੂਪ)ਬੁਝਾਵਹੇਬੁਝਾਵਹਿ, ਤੂੰ ਸਮਝ ਦੇਂਦਾ ਹੈਂ। ਸੰਸਾਰਿਸੰਸਾਰ ਵਿਚ। ਸਹਸਾਸਹਿਮ। ਜਾਇਦੂਰ ਹੋ ਜਾਂਦਾ ਹੈ।੬।

ਬੰਕੇਬਾਂਕੇ। ਲੋਇਣਅੱਖਾਂ। ਦੰਤਦੰਦ। ਰਸੀਲਾ—(ਰਸਆਲਯ) ਸੋਹਣੇ। ਨਕ—{ਬਹੁ-ਵਚਨ}ਜਿਨਜਿਨ੍ਹਾਂ ਦੇ {ਜਿਸੁਜਿਸ ਦਾ। ਜਿਨਜਿਨ੍ਹਾਂ ਦਾ, ਜਿਨ੍ਹਾਂ ਦੇ}ਲੰਮੜੇਸੋਹਣੇ ਲੰਮੇ। ਵਾਲਾਕੇਸ। ਕੰਚਨ ਕਾਇਆਸੋਨੇ ਦਾ ਸਰੀਰ, ਸੋਹਣਾ ਅਰੋਗ ਸਰੀਰ। ਢਾਲਾਢਾਲਿਆ ਹੋਇਆ। ਸੋਵੰਨਸੋਨੇ ਦਾ। ਕ੍ਰਿਸਨ ਮਾਲਾਵੈਜਯੰਤੀ ਮਾਲਾ (ਵਿਸ਼ਨੂੰ ਦੀ)ਦੁਆਰਿਦਰ ਤੇ। ਸਿਖਸਿੱਖਿਆ। ਸਹੇਲੀਹੋਹੇ ਜੀਵਇਸਤ੍ਰੀਓ! ਹੰਸ ਹੰਸਾਵੱਡੇ ਹੰਸ, ਬਹੁਤ ਸ੍ਰੇਸ਼ਟ ਮਨੁੱਖ। ਬਗ ਬਗਾਵੱਡੇ ਬਗਲੇ, ਮਹਾ ਠੱਗ। ਲਹੈਦੂਰ ਹੋ ਜਾਂਦਾ ਹੈ।੭।

ਮਧੁਰਾੜੀਸੋਹਣੀ ਮਿੱਠੀ। ਕੁਹਕਨਿਕੂਕਦੀਆਂ ਹਨ। ਕੋਇਲਾਕੋਇਲਾਂ। ਤਰਲਚੰਚਲ। ਜੁਆਣੀਜਵਾਨੀ। ਭਾਣੀਪਿਆਰੀ ਲੱਗੀ। ਸਾਰੰਗਹਾਥੀ। ਪਗੁਪੈਰ। ਠਿਮਿ ਠਿਮਿਮਟਕ ਨਾਲ। ਆਪੁਆਪਣੇ ਆਪ ਨੂੰ। ਸੰਧੂਰਏਮਸਤ ਕਰਦਾ ਹੈ। ਸ੍ਰੀਰੰਗਲੱਛਮੀਪਤੀ ਪ੍ਰਭੂ। ਮਾਤੀਮਸਤ। ਉਦਕੁਪਾਣੀ। ਵਾਣੀਸਿਫ਼ਤਿ-ਸਾਲਾਹ ਦੀ ਬਾਣੀ। ਬਿਨਵੰਤਿਬੇਨਤੀ ਕਰਦਾ ਹੈ।੮।

ਅਰਥ: ਹੇ ਪ੍ਰਭੂ! ਮੇਹਰ ਕਰ ਕਿ ਮੈਂ ਤੇਰਾ ਨਾਮ ਸਿਮਰ ਸਕਾਂ। ਤੂੰ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈਂ। ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਪੈਦਾ ਕਰ ਕੇ ਤੂੰ ਆਪ ਹੀ ਸ੍ਰਿਸ਼ਟੀ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾਇਆ ਹੋਇਆ ਹੈ।

ਕਈ ਜੀਵਾਂ ਨੂੰ ਤੂੰ ਆਪ ਹੀ ਰਾਜੇ ਬਣਾ ਦਿੱਤਾ ਹੈ, ਤੇ ਕਈ ਜੀਵਾਂ ਨੂੰ (ਮੰਗਤੇ ਬਣਾ ਕੇ) ਭਿੱਖਿਆ ਮੰਗਣ ਵਾਸਤੇ (ਦਰ ਦਰ) ਭਵਾ ਰਿਹਾ ਹੈਂ।

ਹੇ ਪ੍ਰਭੂ! ਤੂੰ ਲੋਭ ਅਤੇ ਮੋਹ ਨੂੰ ਮਿੱਠਾ ਬਣਾ ਦਿੱਤਾ ਹੈ, ਜਗਤ ਇਸ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਰਿਹਾ ਹੈ। ਜੇ ਤੂੰ ਸਦਾ ਆਪਣੀ ਮੇਹਰ ਕਰਦਾ ਰਹੇਂ ਤਾਂ ਹੀ ਮੈਂ ਤੇਰਾ ਨਾਮ ਸਿਮਰ ਸਕਦਾ ਹਾਂ।੧।

ਹੇ ਪ੍ਰਭੂ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੈਨੂੰ ਮਨ ਵਿਚ ਪਿਆਰਾ ਲੱਗਦਾ ਹੈ। ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਸ ਦਾ ਦੁਖ ਦੂਰ ਹੋ ਜਾਂਦਾ ਹੈ ਤੇ ਆਤਮਕ ਆਨੰਦ ਉਸ ਦੇ ਅੰਦਰ ਆ ਵੱਸਦਾ ਹੈ।

ਭਾਗਾਂ ਵਾਲੇ ਸੁਚੱਜੇ ਸਿਆਣੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ। ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ ਉਹ ਭਾਗਾਂ ਵਾਲੇ ਸੁਚੱਜੇ ਸਿਆਣੇ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ। ਪਰ ਜੋ ਮਨੁੱਖ ਮਾਇਆ ਵਿਚ ਮੋਹੇ ਜਾਂਦੇ ਹਨ ਉਹ ਤੈਨੂੰ ਨਹੀਂ ਸਿਮਰਦੇ ਉਹ ਆਪਣਾ ਅਮੋਲਕ ਜਨਮ ਗਵਾ ਲੈਂਦੇ ਹਨ।

ਅਨੇਕਾਂ ਐਸੇ ਮੂਰਖ ਮਨੁੱਖ ਹਨ ਜੋ, ਹੇ ਪ੍ਰਭੂ! ਤੈਨੂੰ ਯਾਦ ਨਹੀਂ ਕਰਦੇ (ਉਹ ਇਹ ਨਹੀਂ ਸਮਝਦੇ ਕਿ) ਜੇਹੜਾ ਜਗਤ ਵਿਚ ਜੰਮਿਆ ਹੈ ਉਸ ਨੇ (ਆਖ਼ਰ ਇਥੋਂ) ਚਲੇ ਜਾਣਾ ਹੈ। ਹੇ ਪ੍ਰਭੂ! ਤੇਰਾ ਨਾਮ ਸਦਾ ਹੀ ਥਿਰ ਰਹਿਣ ਵਾਲਾ ਹੈ, ਤੇਰਾ ਨਾਮ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ।੨।

ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਅੰਮ੍ਰਿਤ ਹੈ (ਅਟੱਲ ਆਤਮਕ ਜੀਵਨ ਦੇਣ ਵਾਲੀ ਹੈ) ਉਹ ਵਕਤ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਚੇਤੇ ਕਰੀਦਾ ਹੈ। ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਂਦਾ ਹੈ ਉਹ ਸੇਵਕ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਹਨ। ਉਹਨਾਂ ਹੀ ਬੰਦਿਆਂ ਨੂੰ ਨਾਮ ਦਾ ਰਸ ਆਉਂਦਾ ਹੈ ਜਿਨ੍ਹਾਂ ਨੂੰ ਇਹ ਨਾਮ-ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਨਾਮ ਵਿਚ ਜੁੜਦੇ ਹਨ ਉਹ (ਆਤਮਕ ਜੀਵਨ ਦੀ ਉੱਨਤੀ ਵਿਚ) ਸਦਾ ਵਧਦੇ ਫੁੱਲਦੇ ਰਹਿੰਦੇ ਹਨ।

ਹੇ ਪ੍ਰਭੂ! ਜਦੋਂ ਤਕ ਮੈਂ ਇਕ ਤੇਰੇ ਨਾਲ ਡੂੰਘੀ ਸਾਂਝ ਨਹੀਂ ਪਾਂਦਾ ਤਦੋਂ ਤਕ ਹੋਰ ਕੋਈ ਇੱਕ ਭੀ ਧਰਮ-ਕਰਮ ਕੋਈ ਇੱਕ ਭੀ ਸੰਜਮ ਕਿਸੇ ਅਰਥ ਨਹੀਂ। ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਆਤਮਕ ਜੀਵਨ-ਦਾਤੀ ਹੈ, ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਜਦੋਂ ਤੇਰਾ ਨਾਮ ਸਿਮਰੀਦਾ ਹੈ।੩।

ਹੇ ਪ੍ਰਭੂ! ਮੈਂ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਤੋਂ ਕੁਰਬਾਨ ਜਾਂਦਾ ਹਾਂ। ਤੇਰਾ ਰਾਜ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈ। ਹੇ ਪ੍ਰਭੂ! ਤੇਰਾ ਰਾਜ ਸਦਾ ਅਟੱਲ ਰਹਿਣ ਵਾਲਾ ਹੈ, ਇਹ ਕਦੇ ਭੀ ਨਾਸ ਨਹੀਂ ਹੋ ਸਕਦਾ। ਉਹੀ ਮਨੁੱਖ ਤੇਰਾ ਅਸਲ ਭਗਤ-ਸੇਵਕ ਹੈ ਜੋ (ਤੇਰਾ ਨਾਮ ਸਿਮਰ ਕੇ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਕੋਈ ਵੈਰੀ ਕੋਈ ਦੁੱਖ ਕਦੇ ਭੀ ਉਸ ਦਾ ਲਾਗੂ ਨਹੀਂ ਹੋ ਸਕਦਾ, ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦਾ।

ਹੇ ਪ੍ਰਭੂ! ਮੈਂ ਸਦਾ ਤੇਰੇ ਹੀ ਨਾਮ ਤੋਂ ਸਦਕੇ ਜਾਂਦਾ ਹਾਂ।੪।

ਹੇ ਪ੍ਰਭੂ! ਹਰੇਕ ਜੁਗ ਵਿਚ ਹੀ ਤੇਰੇ ਭਗਤ ਮੌਜੂਦ ਰਹੇ ਹਨ, ਜੋ, ਹੇ ਸੁਆਮੀ! ਤੇਰੇ ਦਰ ਤੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜੋ ਸਦਾ ਤੈਨੂੰ ਹੀ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ। ਹੇ ਪ੍ਰਭੂ! ਤੈਨੂੰ ਸਦਾ-ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਆਪ ਉਹਨਾਂ ਦੇ ਮਨ ਵਿਚ ਆਪਣਾ ਨਾਮ ਵਸਾਂਦਾ ਹੈਂ, ਜਦੋਂ ਤੂੰ ਉਹਨਾਂ ਦੇ ਮਨ ਵਿਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈਂ ਜੋ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ।

ਹੇ ਪ੍ਰਭੂ! ਗੁਰੂ ਦੀ ਕਿਰਪਾ ਦੀ ਰਾਹੀਂ ਤੂੰ ਆਪਣੇ ਭਗਤਾਂ ਉੱਤੇ ਮੇਹਰ ਕਰਦਾ ਹੈਂ, ਤੇ ਉਹਨਾਂ ਨੂੰ ਜਮਾਂ ਤੋਂ ਬਚਾ ਲੈਂਦਾ ਹੈਂ। ਹਰੇਕ ਜੁਗ ਵਿਚ ਹੀ ਤੇਰੇ ਭਗਤ-ਸੇਵਕ ਮੌਜੂਦ ਰਹੇ ਹਨ।੫।

ਹੇ ਮੇਰੇ ਵੱਡੇ ਮਾਲਕ! ਹੇ ਅਦ੍ਰਿਸ਼ਟ ਮਾਲਕ! ਹੇ ਬੇਅੰਤ ਮਾਲਕ! ਮੈਂ (ਤੇਰੇ ਦਰ ਤੇ) ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਭੀ ਨਹੀਂ ਆਉਂਦੀ। ਜੇ ਤੂੰ ਆਪ (ਮੇਰੇ ਉਤੇ) ਮੇਹਰ ਦੀ ਨਿਗਾਹ ਕਰੇਂ ਤਾਂ ਹੀ ਮੈਂ ਤੇਰੇ ਸਦਾ-ਥਿਰ ਨਾਮ ਨਾਲ ਸਾਂਝ ਪਾ ਸਕਦਾ ਹਾਂ। ਤੇਰਾ ਸਦਾ-ਥਿਰ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ (ਤਦੋਂ ਹੀ ਇਸ ਦੀ ਕਦਰ ਪਾ ਸਕਦਾ ਹਾਂ) ਜਦੋਂ ਤੂੰ ਆਪ ਮੈਨੂੰ ਇਹ ਸੂਝ ਬਖ਼ਸ਼ੇਂ, ਜਦੋਂ ਤੂੰ ਮੇਰੇ ਮਨ ਵਿਚੋਂ ਮਾਇਆ ਦੀ ਤ੍ਰਿਸ਼ਨਾ ਅਤੇ (ਇਸ ਤੋਂ ਪੈਦਾ ਹੋਣ ਵਾਲੇ) ਉਹਨਾਂ ਦੁੱਖਾਂ ਦਾ ਸਹਿਮ ਦੂਰ ਕਰੇਂ ਜੇਹੜੇ ਕਿ ਜਗਤ ਵਿਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।

ਨਾਨਕ ਬੇਨਤੀ ਕਰਦਾ ਹੈ ਕਿ ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਵਿਚਾਰ ਸਮਝਦਾ ਹੈ ਤਾਂ (ਇਸ ਦੇ ਅੰਦਰੋਂ ਦੁੱਖ ਆਦਿਕਾਂ ਦਾ) ਸਹਿਮ ਦੂਰ ਹੋ ਜਾਂਦਾ ਹੈ (ਅਤੇ ਯਕੀਨ ਬਣ ਜਾਂਦਾ ਹੈ ਕਿ) ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਆਪ (ਸਭ ਜੀਵਾਂ ਦੇ ਸਿਰ ਉਤੇ) ਵੱਡਾ ਮਾਲਕ ਹੈ।੬।

(ਹੇ ਸਰਬ-ਵਿਆਪਕ ਸਿਰਜਣਹਾਰ! ਜਗਤ ਦੀ ਸਾਰੀ ਸੁੰਦਰਤਾ ਤੂੰ ਹੀ ਆਪਣੇ ਸਰੂਪ ਤੋਂ ਰਚੀ ਹੈ। ਤੂੰ ਉਹ ਉਹ ਇਸਤ੍ਰੀ ਮਰਦ ਪੈਦਾ ਕੀਤੇ ਹਨ ਜਿਨ੍ਹਾਂ ਦੇ ਨੈਣ ਦੰਦ ਨੱਕ ਕੇਸ ਆਦਿਕ ਸਾਰੇ ਹੀ ਅੰਗ ਮਹਾਨ ਸੁੰਦਰ ਹਨ। ਉਹਨਾਂ ਵਿਚ, ਹੇ ਪ੍ਰਭੂ! ਤੂੰ ਆਪ ਹੀ ਬੈਠਾ ਜੀਵਨ-ਜੋਤਿ ਜਗਾ ਰਿਹਾ ਹੈਂ। ਸੋ) ਹੇ ਪ੍ਰਭੂ! ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ ਸੋਹਣੇ ਹਨ, ਤੇਰਾ ਨੱਕ ਸੋਹਣਾ ਹੈ, ਤੇਰੇ ਸੋਹਣੇ ਲੰਮੇ ਕੇਸ ਹਨ (ਜਿਨ੍ਹਾਂ ਦੇ ਸੋਹਣੇ ਨੱਕ ਹਨ, ਜਿਨ੍ਹਾਂ ਦੇ ਸੋਹਣੇ ਲੰਮੇ ਕੇਸ ਹਨ; ਇਹ ਭੀ, ਹੇ ਪ੍ਰਭੂ! ਤੇਰੇ ਹੀ ਨੱਕ ਤੇਰੇ ਹੀ ਕੇਸ ਹਨ)ਹੇ ਪ੍ਰਭੂ! ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ ਤੇ ਸੁਡੌਲ ਹੈ, ਮਾਨੋ, ਸੋਨੇ ਵਿਚ ਹੀ ਢਲਿਆ ਹੋਇਆ ਹੈ।

ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ! ਤੁਸੀ ਉਸ ਪਰਮਾਤਮਾ (ਦੇ ਨਾਮ) ਦੀ ਮਾਲਾ ਜਪੋ (ਉਸ ਪਰਮਾਤਮਾ ਦਾ ਨਾਮ ਮੁੜ ਮੁੜ ਜਪੋ) ਜਿਸ ਦਾ ਸਰੀਰ ਅਰੋਗ ਤੇ ਸੁਡੌਲ ਹੈ, ਮਾਨੋ, ਸੋਨੇ ਵਿਚ ਢਲਿਆ ਹੋਇਆ ਹੈ।

ਹੇ ਜੀਵ-ਇਸਤ੍ਰੀਓ! ਮੇਰੀ ਸਿੱਖਿਆ ਸੁਣੋ। (ਜੇ ਤੁਸੀ ਉਸ ਅਰੋਗ ਤੇ ਸੁਡੌਲ ਸਰੂਪ ਵਾਲੇ ਸਰਬ-ਵਿਆਪਕ ਸਿਰਜਣਹਾਰ ਦਾ ਨਾਮ ਜਪੋ ਗੀਆਂ, ਤਾਂ) ਤੁਸੀ (ਅੰਤ ਵੇਲੇ) ਜਮ-ਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵੋਗੀਆਂ। (ਜੇਹੜੇ ਬੰਦੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ) ਮਨ ਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। (ਸਿਮਰਨ ਦੀ ਬਰਕਤਿ ਨਾਲ (ਮਹਾ ਪਾਖੰਡੀ ਬਗਲਿਆਂ ਤੋਂ ਸ੍ਰੇਸ਼ਟ ਹੰਸ ਬਣ ਜਾਂਦੇ ਹਨ (ਪਖੰਡੀ ਬੰਦਿਆਂ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਂਦੇ ਹਨ)

ਹੇ ਸਹੇਲੀਹੋ! (ਉਸ ਸਰਬ-ਵਿਆਪਕ ਪ੍ਰਭੂ ਦੇ) ਸੋਹਣੇ ਨੈਣ ਹਨ, ਸੋਹਣੇ ਦੰਦ ਹਨ (ਇਸ ਦਿੱਸਦੇ ਸੰਸਾਰ ਦੀ ਸਾਰੀ ਹੀ ਸੁੰਦਰਤਾ ਦਾ ਸੋਮਾ ਪ੍ਰਭੂ ਆਪ ਹੀ ਹੈ)੭।

(ਕਿਤੇ ਮਿੱਠੀ ਵੈਰਾਗ-ਭਰੀ ਸੁਰ ਵਿਚ ਕੋਇਲਾਂ ਕੂਕ ਰਹੀਆਂ ਹਨ, ਕਿਤੇ ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ ਜੋ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਦੀਆਂ ਹਨ। ਹੇ ਪ੍ਰਭੂ! ਇਹ ਕੋਇਲ ਦੀ ਮਿੱਠੀ ਬੋਲੀ ਤੇ ਚੰਚਲ ਜਵਾਨੀ ਦਾ ਮਦ ਸਭ ਕੁਝ ਤੂੰ ਆਪ ਹੀ ਪੈਦਾ ਕੀਤਾ ਹੈ। ਸੋ ਹੇ ਪ੍ਰਭੂ!) ਤੇਰੀ (ਮਸਤ) ਚਾਲ (ਮਨ ਨੂੰ) ਸੁਖ ਦੇਣ ਵਾਲੀ ਹੈ, ਤੇਰੀ ਬੋਲੀ ਸੋਹਣੀ ਮਿੱਠੀ ਮਿੱਠੀ ਹੈ। (ਤੇਰੀਆਂ ਹੀ ਪੈਦਾ ਕੀਤੀਆਂ) ਕੋਇਲਾਂ ਮਿੱਠੀ (ਵੈਰਾਗ-ਭਰੀ ਸੁਰ ਵਿਚ) ਕੂਕ ਰਹੀਆਂ ਹਨ, (ਤੇਰੀਆਂ ਹੀ ਪੈਦਾ ਕੀਤੀਆਂ) ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ।

ਇਹ ਚੰਚਲ ਜੁਆਨੀ ਪ੍ਰਭੂ ਨੇ ਆਪ ਹੀ ਪੈਦਾ ਕੀਤੀ, ਉਸ ਨੂੰ ਆਪ ਨੂੰ ਹੀ ਇਸ ਦਾ ਪੈਦਾ ਕਰਨਾ ਚੰਗਾ ਲੱਗਾ, ਉਸ ਨੇ ਆਪਣੇ ਹੀ ਮਨ ਦੀ ਇੱਛਾ ਪੂਰੀ ਕੀਤੀ। (ਚੰਚਲ ਜਵਾਨੀ ਦੇ ਮਦ-ਮੱਤੀ ਸੁੰਦਰੀ ਵਿਚ ਬੈਠ ਕੇ ਪ੍ਰਭੂ ਆਪ ਹੀ) ਮਸਤ ਹਾਥੀ ਵਾਂਗ ਬੜੀ ਮਟਕ ਨਾਲ ਪੈਰ ਧਰਦਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਜਵਾਨੀ ਦੇ ਮਦ ਵਿਚ) ਮਸਤ ਕਰ ਰਿਹਾ ਹੈ। (ਪ੍ਰਭੂ ਦੀ ਆਪਣੀ ਹੀ ਕਿਰਪਾ ਨਾਲ ਕੋਈ ਵਡ-ਭਾਗਣ ਜੀਵ-ਇਸਤ੍ਰੀ ਉਸ) ਲੱਛਮੀ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ (ਉਸ ਦੇ ਨਾਮ ਵਿਚ) ਮਸਤ ਫਿਰਦੀ ਹੈ, (ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ) ਜਿਵੇਂ ਗੰਗਾ ਦਾ ਪਾਣੀ (ਪਵਿਤ੍ਰ ਮੰਨਿਆ ਜਾਂਦਾ ਹੈ)

ਹਰੀ ਦਾ ਦਾਸ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੇਰੀ ਚਾਲ ਸੁਹਾਵਣੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਹੈ।੮।੨।

ਵਡਹੰਸੁ ਮਹਲਾ ੩ ਛੰਤ    ੴ ਸਤਿਗੁਰ ਪ੍ਰਸਾਦਿ ॥ ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥ ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ ॥ ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥ ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥ ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥੧॥ {ਪੰਨਾ 567}

ਪਦਅਰਥ: ਪਿਰਪਤੀ। ਕੈ ਰੰਗਿਦੇ ਪ੍ਰੇਮਰੰਗ ਵਿਚ। ਰਤੀਰੰਗੀ ਹੋਈ। ਮੁਈਏਹੇ ਮੁਈਏ! ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀਏ! ਨਾਰੇਹੇ ਜੀਵਇਸਤ੍ਰੀਏ! ਸਚੈਸਦਾ-ਥਿਰ ਪ੍ਰਭੂ ਵਿਚ। ਸਬਦਿਗੁਰੂ ਦੇ ਸ਼ਬਦ ਦੀ ਰਾਹੀਂ। ਰਾਵੇਮਾਣਦਾ ਹੈ, ਮਿਲਿਆ ਹੋਇਆ ਹੈ। ਭਾਇਪ੍ਰੇਮ ਦੇ ਕਾਰਨ। ਕੰਤਿਕੰਤ ਨੇ। ਸਿਉਨਾਲ। ਨੇਹੁਪਿਆਰ। ਆਪੁਆਪਾਭਾਵ। ਸਾ ਧਨਜੀਵਇਸਤ੍ਰੀ। ਸੁਹਾਈਸੋਹਣੇ ਜੀਵਨ ਵਾਲੀ। ਕਸਾਈਖਿੱਚੀ ਹੋਈ। ਪ੍ਰੇਮ ਕਸਾਈਪ੍ਰੇਮ ਦੀ ਖਿੱਚੀ ਹੋਈ। ਪਿਰਿਪਿਰ ਨੇ {ਨੋਟ:ਲਫ਼ਜ਼ 'ਪਿਰ', 'ਪਿਰੁ' ਅਤੇ 'ਪਿਰਿ' ਦੇ ਵਿਆਕਰਣਿਕ ਅਰਥ ਦਾ ਖਿਆਲ ਰੱਖੋ}ਸਾਹਿਸ਼ਾਹਿ, ਸ਼ਾਹ ਨੇ।੧।

ਅਰਥ: ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈਂ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ-ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।

ਜੇਹੜੀ ਜੀਵ-ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ-ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ। ਜਦੋਂ ਜੀਵ-ਇਸਤ੍ਰੀ ਨੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕੀਤਾ, ਤਦੋਂ ਉਸ ਨੇ (ਆਪਣੇ ਅੰਦਰ ਹੀ) ਪ੍ਰਭੂ-ਪਤੀ ਨੂੰ ਲੱਭ ਲਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦਾ ਮਨ ਪ੍ਰਭੂ ਵਿਚ) ਲੀਨ ਹੋ ਗਿਆ।

ਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਟਿਕੀ ਰਹਿੰਦੀ ਹੈ। ਹੇ ਨਾਨਕ! (ਆਖ-) ਇਹੋ ਜਿਹੀ ਸੁਚੱਜੀ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਨੇ ਉਸ ਦਾ ਜੀਵਨ ਸੰਵਾਰ ਦਿੱਤਾ ਹੈ।੧।

TOP OF PAGE

Sri Guru Granth Darpan, by Professor Sahib Singh