ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 559

ਵਡਹੰਸੁ ਮਹਲਾ ੩ ॥ ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥ ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥ ਮਨ ਮੇਰੇ ਗੁਰਮਤਿ ਕਰਣੀ ਸਾਰੁ ॥ ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥ ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ ॥ ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥ ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ ॥ ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥ ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥ ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥ {ਪੰਨਾ 559}

ਪਦਅਰਥ: ਗੁਬਾਰੁਘੁੱਪ ਹਨੇਰਾ। ਗਿਆਨੁਆਤਮਕ ਜੀਵਨ ਦੀ ਸੂਝ। ਸਬਦਿਸ਼ਬਦ ਵਿਚ। ਤਿਨਉਹਨਾਂ ਨੇ। ਦੂਜੈਮਾਇਆ ਦੇ ਮੋਹ ਵਿਚ। ਪਰਜਸ੍ਰਿਸ਼ਟੀ। ਵਿਗੋਈਖ਼ੁਆਰ ਹੋ ਰਹੀ ਹੈ।੧।

ਕਰਣੀਜੀਵਨਕਰਤੱਬ। ਸਾਰੁਸੰਭਾਲ। ਰਵਹਿ—(ਜੇ) ਤੂੰ ਸਿਮਰਦਾ ਰਹੇਂ। ਮੋਖਵਿਕਾਰਾਂ ਤੋਂ ਖ਼ਲਾਸੀ।੧।ਰਹਾਉ।

ਨਿਧਾਨੁਖ਼ਜ਼ਾਨਾ। ਦੇਇਦੇਂਦਾ ਹੈ। ਕੋਕੋਈ ਮਨੁੱਖ। ਸਬਦਿਸ਼ਬਦ ਦੀ ਰਾਹੀਂ।੨।

ਘਟਿ ਗਏਆਤਮਕ ਜੀਵਨ ਵਿਚ ਲਿੱਸੇ ਹੁੰਦੇ ਜਾਂਦੇ ਹਨ। ਹਥਿਹੱਥ ਵਿਚ। ਕਿਹੁ—(ਆਤਮਕ ਜੀਵਨ ਵਿਚੋਂ) ਕੁਝ ਭੀ। ਸਤਗੁਰਿ ਮਿਲਿਐਜੇ ਗੁਰੂ ਮਿਲ ਪਏ। ਸਚਿਸਦਾ-ਥਿਰ ਪ੍ਰਭੂ ਵਿਚ। ਨਾਮਿਨਾਮ ਵਿਚ।੩।

ਮਨਸਾਮਨ ਦਾ ਫੁਰਨਾ {मनीषा}ਜੋਤਿ ਜਗਾਏਆਤਮਕ ਜੀਵਨ ਦੀ ਰੌਸ਼ਨੀ ਕਰ ਦੇਂਦਾ ਹੈ। ਮਨਮੁਖਿਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬੰਧੁਬੰਨ੍ਹ, ਰੋਕ। ਮੁਕਤਿ—(ਵਿਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ।੪।

ਅਰਥ: ਹੇ ਮੇਰੇ ਮਨ! ਗੁਰੂ ਦੀ ਮਤਿ ਲੈ ਕੇ ਜੀਵਨ-ਚਾਲ ਚੱਲ। ਜੇ ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਸਤਾ ਲੱਭ ਲਏਂਗਾ।੧।ਰਹਾਉ।

(ਹੇ ਭਾਈ! ਆਤਮਕ ਜੀਵਨ ਦੇ ਰਸਤੇ ਵਿਚ) ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਇਸ ਘੁੱਪ ਹਨੇਰੇ ਵਿਚੋਂ) ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਸੂਝ ਪੈ ਜਾਂਦੀ ਹੈ, (ਨਹੀਂ ਤਾਂ) ਮਾਇਆ ਦੇ ਮੋਹ ਵਿਚ ਫਸ ਕੇ ਸ੍ਰਿਸ਼ਟੀ ਖ਼ੁਆਰ ਹੁੰਦੀ ਰਹਿੰਦੀ ਹੈ।੧।

ਹੇ ਭਾਈ! ਇਕ ਹਰਿ-ਨਾਮ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਪਰ ਇਸ ਖ਼ਜ਼ਾਨੇ ਨੂੰ ਤਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ ਜਦੋਂ ਪ੍ਰਭੂ ਆਪ ਹੀ ਇਹ ਖ਼ਜ਼ਾਨਾ ਦੇਂਦਾ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸ੍ਰਿਸ਼ਟੀ ਪਰਮਾਤਮਾ ਤੋਂ ਵਿਛੁੜੀ ਰਹਿੰਦੀ ਹੈ। ਗੁਰੂ ਦੇ ਸ਼ਬਦ ਵਿਚ ਜੋੜ ਕੇ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।੨।

ਮਾਇਆ ਦੀ ਅਪਣੱਤ ਦੀਆਂ ਗੱਲਾਂ ਕਰ ਕਰ ਕੇ ਜੀਵ ਆਤਮਕ ਜੀਵਨ ਵਿਚ ਕਮਜ਼ੋਰ ਹੁੰਦੇ ਰਹਿੰਦੇ ਹਨ (ਆਤਮਕ ਜੀਵਨ ਦੇ ਸਰਮਾਏ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ। (ਪਰ) ਜੇ ਗੁਰੂ ਮਿਲ ਪਏ ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ।੩।

ਹੇ ਭਾਈ! ਮਨੁੱਖ ਦਾ ਇਹ ਸਰੀਰ ਆਸਾ ਅਤੇ ਮਨਸਾ (ਨਾਲ ਬੱਝਾ ਰਹਿੰਦਾ) ਹੈ, (ਗੁਰੂ ਇਸ ਦੇ) ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ। ਹੇ ਨਾਨਕ! ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੇ ਰਾਹ ਵਿਚ (ਆਸਾ ਮਨਸਾ ਦੀ) ਰੋਕ ਪਈ ਰਹਿੰਦੀ ਹੈ, ਗੁਰੂ ਦੀ ਸਰਨ ਪਏ ਮਨੁੱਖ ਨੂੰ (ਪਰਮਾਤਮਾ ਇਸ ਆਸਾ ਮਨਸਾ ਤੋਂ) ਖ਼ਲਾਸੀ ਦਿਵਾ ਦੇਂਦਾ ਹੈ।੪।੩।

ਵਡਹੰਸੁ ਮਹਲਾ ੩ ॥ ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥ ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥ ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥ ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥ ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥ ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥ ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥ ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥੩॥ ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥ ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥ {ਪੰਨਾ 559}

ਪਦਅਰਥ: ਸੋਹਾਗਣੀਸੁਹਾਗਭਾਗ ਵਾਲੀਆਂ, ਪ੍ਰਭੂਪਤੀ ਨੂੰ ਸਿਰ ਉਤੇ ਜੀਊਂਦਾਜਾਗਦਾ ਜਾਣਨ ਵਾਲੀਆਂ। ਉਜਲਾਰੋਸ਼ਨ। ਗੁਰ ਕੈਗੁਰੂ ਦੇ ਸ਼ਬਦ ਦੀ ਬਰਕਤਿ ਨਾਲ। ਸਹਜਿਆਤਮਕ ਅਡੋਲਤਾ ਵਿਚ। ਸੁਭਾਇਪ੍ਰੇਮ ਵਿਚ। ਪਿਰੁਖਸਮ। ਰਾਵਹਿਹਿਰਦੇ ਵਿਚ ਸੰਭਾਲ ਰੱਖਦੀਆਂ ਹਨ। ਆਪੁਆਪਾਭਾਵ।੧।

ਸਤਗੁਰਿਗੁਰੂ ਨੇ। ਮੋ ਕਉਮੈਨੂੰ।੧।ਰਹਾਉ।

ਖਰੀਆਬਹੁਤ। ਮਹਲੁਪ੍ਰਭੂ ਦੀ ਹਜ਼ੂਰੀ। ਕਰੂਪੀਕੋਝੇ (ਆਤਮਕ) ਰੂਪ ਵਾਲੀਆਂ, ਕੋਝੇ ਆਤਮਕ ਜੀਵਨ ਵਾਲੀਆਂ। ਆਗੈਪਰਲੋਕ ਵਿਚ। ਜਾਇਜਾ ਕੇ।੨।

ਰਵੈਚੇਤੇ ਰੱਖਦੀ ਹੈ। ਵਸਾਇਵਸਾ ਕੇ। ਕਾਮਣੀ—(ਜੀਵ-) ਇਸਤ੍ਰੀ।੩।

ਭਤਾਰੁਖਸਮ। ਵੇਕਵਖ ਵਖ ਸੁਭਾਉ ਵਾਲੇ। ਕੀਤਿਅਨੁਉਸ ਨੇ ਬਣਾ ਦਿੱਤੇ ਹਨ। ਨਾਮੇਨਾਮ ਵਿਚ। ਲਇਅਨੁ ਲਾਇਉਸ ਨੇ ਲਾ ਲਏ ਹਨ।੪।

ਅਰਥ: ਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। ਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ।੧।ਰਹਾਉ।

ਹੇ ਭਾਈ! ਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ। ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ।੧।

ਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ। ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ।੨।

ਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ। ਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ।੩।

(ਪਰ ਇਹ ਇਕ ਅਚਰਜ ਖੇਡ ਹੈ) ਕੁਝ ਕਿਹਾ ਨਹੀਂ ਜਾ ਸਕਦਾ (ਕੋਈ ਸੁਹਾਗਣਾਂ ਹਨ ਕੋਈ ਦੋਹਾਗਣਾਂ ਹਨ, ਤੇ) ਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ। ਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ।੪।੪।

ਵਡਹੰਸੁ ਮਹਲਾ ੩ ॥ ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥ ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥ ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥ ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥ ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥ ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥ ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ ॥ ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥੩॥ ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥ ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥ ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥ ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥ {ਪੰਨਾ 559}

ਪਦਅਰਥ: ਅੰਮ੍ਰਿਤਆਤਮਕ ਜੀਵਨ ਦੇਣ ਵਾਲਾ। ਸਦਸਦਾ। ਸਬਦੀਸ਼ਬਦੀ ਦੀ ਰਾਹੀਂ। ਸਾਦੁਸੁਆਦ, ਆਨੰਦ। ਸਚੀ ਬਾਣੀਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਸਹਜਿਆਤਮਕ ਅਡੋਲਤਾ ਵਿਚ। ਮਨਿਮਨ ਵਿਚ।੧।

ਕਰਿਕਰ ਕੇ। ਸਤਗੁਰਿਗੁਰੂ ਦੀ ਰਾਹੀਂ।੧।ਰਹਾਉ।

ਬ੍ਰਹਮੈਬ੍ਰਹਮਾ ਨੇ। ਪਸਾਰਾਖਿਲਾਰਾ। ਮਹਾਦੇਉਸ਼ਿਵ। ਵਰਤੈਮਸਤ ਰਹਿੰਦਾ ਹੈ। ਘਰਿਹਿਰਦੇਘਰ ਵਿਚ। ਤਾਮਸੁਕ੍ਰੋਧ।੨।

ਕਿਸਨੁਵਿਸ਼ਨੂ। ਰੂਧਾਰੁੱਝਾ ਰਹਿੰਦਾ ਹੈ। ਕਿਤੁ ਲਗਿਕਿਸ ਦੀ ਚਰਨੀਂ ਲੱਗ ਕੇ? ਗੁਰਮੁਖਿਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਗਿਆਨਿਗਿਆਨ ਵਿਚ, ਆਤਮਕ ਜੀਵਨ ਦੀ ਸੂਝ (ਦੇ ਆਨੰਦ) ਵਿਚ। ਜੁਗ ਅੰਤਰਿਜ਼ਮਾਨੇ ਵਿਚ, ਜਗਤ ਵਿਚ। ਗੁਬਾਰਾਘੁੱਪ ਹਨੇਰਾ।੩।

ਤੇਤੋਂ। ਨਿਸਤਾਰਾਪਾਰਉਤਾਰਾ। ਸਾਚੈ ਨਾਇਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਬੈਰਾਗੀਮਾਇਆ ਦੇ ਮੋਹ ਤੋਂ ਨਿਰਲੇਪ। ਪਾਇਨਿਪਾਂਦੇ ਹਨ। ਮੋਖਮੋਹ ਤੋਂ ਖ਼ਲਾਸੀ।੪।

ਸਚੁਸਦਾ-ਥਿਰ ਰਹਿਣ ਵਾਲਾ ਪ੍ਰਭੂ। ਪ੍ਰਤਿਪਾਲਾਪਾਲਣਾ। ਦੀਵਾਨੁਆਸਰਾ, ਹਾਕਮ ਜਿਸ ਪਾਸ ਫ਼ਰਿਆਦ ਕੀਤੀ ਜਾ ਸਕੇ। ਨ ਜਾਣਾਮੈਂ ਨਹੀਂ ਜਾਣਦਾ, ਨ ਜਾਣਾਂ।੫।

ਅਰਥ: (ਹੇ ਭਾਈ!) ਪਰਮਾਤਮਾ ਨੇ ਕਿਰਪਾ ਕਰ ਕੇ (ਜਿਸ ਮਨੁੱਖ ਨੂੰ) ਗੁਰੂ ਮਿਲਾ ਦਿੱਤਾ, ਉਸ ਨੇ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ।੧।ਰਹਾਉ।

(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਮਿੱਠਾ ਲੱਗਣ ਲੱਗ ਪਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ ਹਰਿ-ਨਾਮ ਦਾ ਸੁਆਦ ਆਉਣ ਲੱਗ ਪਿਆ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿਚ ਉਸ ਦੀ ਲੀਨਤਾ ਹੋ ਗਈ; ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਪ੍ਰੋ ਲਿਆ।੧।

(ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ, (ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, (ਪਰ ਉਸ ਦੇ ਅੰਦਰ ਭੀ) ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ।੨।

ਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ। (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ? (ਹਾਂ) ਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ।੩।

ਹੇ ਭਾਈ! ਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤਿ ਨਾਲ ਹੀ ਪਾਰ-ਉਤਾਰਾ ਹੁੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ। (ਗੁਰੂ ਦੀ ਰਾਹੀਂ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ, ਤੇ, ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ।੪।

(ਹੇ ਭਾਈ! ਗੁਰੂ ਦੀ ਸਰਨ ਪਿਆਂ ਇਹ ਸਮਝ ਆ ਜਾਂਦੀ ਹੈ ਕਿ) ਸਾਰੀ ਸ੍ਰਿਸ਼ਟੀ ਵਿਚ ਇਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ, ਸਭ ਜੀਵਾਂ ਦੀ ਪਾਲਣਾ ਕਰਦਾ ਹੈ। ਹੇ ਨਾਨਕ! (ਆਖ-) ਇੱਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ-ਪਰਨਾ ਹੈ।੫।੫।

ਵਡਹੰਸੁ ਮਹਲਾ ੩ ॥ ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥ ਗੁਰਮੁਖਿ ਸਾਚੇ ਲਗੈ ਧਿਆਨੁ ॥੧॥ ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥ ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥ ਗੁਰਮੁਖਿ ਜਾਤਿ ਪਤਿ ਸਚੁ ਸੋਇ ॥ ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥ ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥ ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥ ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥ ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥ {ਪੰਨਾ 559-560}

ਪਦਅਰਥ: ਗੁਰਮੁਖਿਗੁਰੂ ਦੀ ਸਰਨ ਪੈ ਕੇ। ਸਚੁਸਦਾ-ਥਿਰ ਪ੍ਰਭੂ (ਦਾ ਨਾਮ ਸਿਮਰਨਾ)ਸੰਜਮੁਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਤਤੁਅਸਲ। ਸਾਚੇਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ।੧।

ਮਨਹੇ ਮਨ! ਸਮਾਲਿਸਾਂਭ, ਯਾਦ ਕਰਦਾ ਰਹੁ।ਰਹਾਉ।

ਜਾਤਿ ਪਤਿਜਾਤਿ ਪਾਤਿ, ਉੱਚੀ ਕੁਲ। ਸਖਾਈਮਿੱਤਰ, ਸਾਥੀ।੨।

ਜਿਸ ਨੋ—{ਲਫ਼ਜ਼ 'ਜਿਸ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਵਡਾਈਇੱਜ਼ਤ।੩।

ਕਰਣੀਕਰਤੱਬ, ਜੀਵਨਮਨੋਰਥ। ਪਰਵਾਰੈਪਰਵਾਰ ਵਾਸਤੇ। ਸਾਧਾਰੁਸੁਆਧਾਰੁ, ਆਧਾਰ ਸਹਿਤ, ਆਸਰਾ ਦੇਣਜੋਗ।੪।

ਅਰਥ: ਹੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ। ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਸਾਥ ਨਿਬਾਹੁਣ ਵਾਲਾ ਹੈ।ਰਹਾਉ।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ, ਤੇ, ਆਤਮਕ ਜੀਵਨ ਦੀ ਸੂਝ ਦਾ ਮੂਲ ਹੈ। ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤਿ ਜੁੜੀ ਰਹਿੰਦੀ ਹੈ।੧।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਉਸ ਸਦਾ-ਥਿਰ ਹਰੀ ਦਾ ਨਾਮ-ਸਿਮਰਨ ਉੱਚੀ ਜਾਤਿ ਤੇ ਉੱਚੀ ਕੁਲ (ਦਾ ਮੂਲ) ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ, ਤੇ, ਉਸ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ।੨।

ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ (ਇਸ ਜੋਗ) ਬਣਾਂਦਾ ਹੈ, ਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰ ਕੇ ਇੱਜ਼ਤ ਬਖ਼ਸ਼ਦਾ ਹੈ।੩।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ (ਹਿਰਦੇ ਵਿਚ) ਸੰਭਾਲ, ਇਹੀ ਕਰਨ-ਜੋਗ ਕੰਮ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਵਾਰ ਵਾਸਤੇ ਭੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ।੪।੬।

TOP OF PAGE

Sri Guru Granth Darpan, by Professor Sahib Singh