ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 554

ਮਃ ੫ ॥ ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥ ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥ {ਪੰਨਾ 554}

ਪਦਅਰਥ: ਘਟਿਹਿਰਦੇ ਵਿਚ। ਚਰਣਾਰਬਿੰਦ—(ਚਰਣ+ਅਰਬਿੰਦ। ਅਰਬਿੰਦਕਉਲ ਫੁੱਲ) ਕਉਲ ਫੁੱਲ ਵਰਗੇ ਪੈਰ। ਰਸਨਾਜੀਭ। ਦੇਹੀਸਰੀਰ।

ਅਰਥ: ਹੇ ਨਾਨਕ! (ਜਿਸ ਮਨੁੱਖ ਦੇ) ਹਿਰਦੇ ਵਿਚ ਪ੍ਰਭੂ ਦੇ ਚਰਨ ਕਮਲ ਵੱਸਦੇ ਹਨ ਤੇ ਜੀਭ ਹਰੀ ਨੂੰ ਜਪਦੀ ਹੈ, ਅਤੇ ਪ੍ਰਭੂ (ਜਿਸ ਸਰੀਰ ਕਰਕੇ) ਸਿਮਰਿਆ ਜਾਂਦਾ ਹੈ ਉਸ ਸਰੀਰ ਦੀ ਪਾਲਣਾ ਕਰੋ।੨।

ਪਉੜੀ ॥ ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥ ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥ ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥ ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥ ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥ {ਪੰਨਾ 554}

ਪਦਅਰਥ: ਅਠਸਠਿਅਠਾਹਠ। ਸੰਜਮਿਜੁਗਤੀ ਨਾਲ। ਮਾਨੁਆਦਰ। ਹਰਿ ਜਾਨੁਹਰਿ ਜਨੁ, ਪ੍ਰਭੂ ਦਾ ਸੇਵਕ ਭਗਤ। ਸਚਾਪ੍ਰਭੂ (ਦਾ ਰੂਪ)

ਅਰਥ: ਪ੍ਰਭੂ ਆਪ ਹੀ ਅਠਾਹਠ ਤੀਰਥਾਂ ਦਾ ਕਰਨ ਵਾਲਾ ਹੈ, ਆਪ ਹੀ (ਉਹਨਾਂ ਤੀਰਥਾਂ ਤੇ) ਇਸ਼ਨਾਨ ਕਰਦਾ ਹੈ, ਮਾਲਕ ਆਪ ਹੀ ਜੁਗਤੀ ਵਿਚ ਵਰਤਦਾ ਹੈ ਤੇ ਆਪ ਹੀ ਨਾਮ ਜਪਾਉਂਦਾ ਹੈ, ਭਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਇਆਲ ਹੁੰਦਾ ਹੈ ਤੇ ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਹੈ, ਜਿਸ ਮਨੁੱਖ ਨੂੰ ਸਤਿਗੁਰੂ ਦੀ ਰਾਹੀਂ ਸਮਝ ਬਖ਼ਸ਼ਦਾ ਹੈ, ਉਹ ਸਦਾ ਦਰਗਾਹ ਵਿਚ ਆਦਰ ਪਾਉਂਦਾ ਹੈ। ਜਿਸ ਦੀ ਲਾਜ ਆਪ ਰੱਖਦਾ ਹੈ, ਉਹ ਰੱਬ ਦਾ ਪਿਆਰਾ ਸੇਵਕ ਰੱਬ ਦਾ ਰੂਪ ਹੈ।੧੪।

ਸਲੋਕੁ ਮਃ ੩ ॥ ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥ ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥ ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥ ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥ {ਪੰਨਾ 554}

ਪਦਅਰਥ: ਬਿਨੁ ਭੇਟੇਮਿਲਣ ਤੋਂ ਬਿਨਾ। ਤਾਮਸਿਤਮੋਗੁਣੀ ਭਾਵ ਵਿਚ। ਅਹਿਦਿਨ। ਨਿਸਿਰਾਤ।

ਅਰਥ: ਹੇ ਨਾਨਕ! ਗੁਰੂ ਨੂੰ ਮਿਲਣ ਤੋਂ ਬਿਨਾ ਸੰਸਾਰ ਅੰਨ੍ਹਾ ਹੈ ਤੇ ਅੰਨ੍ਹੇ ਹੀ ਕੰਮ ਕਰਦਾ ਹੈ, ਸਤਿਗੁਰੂ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿਚ ਸੁਖ ਆ ਵੱਸੇ। ਤਮੋ ਗੁਣ ਵਿਚ ਮਸਤ ਹੋਇਆ ਹੋਇਆ ਸਦਾ ਭਟਕਦਾ ਹੈ ਤੇ ਦਿਨ ਰਾਤ (ਤਮੋ ਗੁਣ ਵਿਚ) ਸੜਦਿਆਂ (ਉਸ ਦੀ ਉਮਰ) ਗੁਜ਼ਰਦੀ ਹੈ।

(ਇਸ ਬਾਰੇ) ਕੁਝ ਆਖਿਆ ਨਹੀਂ ਜਾ ਸਕਦਾ, ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਸੋਈ ਹੁੰਦਾ ਹੈ।੧।

ਮਃ ੩ ॥ ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥ ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥ ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥ ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥ ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥ ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥ {ਪੰਨਾ 554}

ਪਦਅਰਥ: ਕਾਰੀਕੰਮ। ਸੰਮਾਲੇਹੁਯਾਦ ਕਰੋ। ਹਜੂਰਿਅੰਗ ਸੰਗ। ਛਉੜਪਰਦੇ, ਉਹ ਜਾਲਾ ਜੋ ਅੱਖਾਂ ਅੱਗੇ ਆ ਕੇ ਨਜ਼ਰ ਬੰਦ ਕਰ ਦੇਂਦਾ ਹੈ। ਚਿਤਿਚਿੱਤ ਵਿਚ। ਸੰਜਮੁਰਹਿਣੀ। ਕੇਲਆਨੰਦ, ਲਾਡ।

ਅਰਥ: ਸਤਿਗੁਰੂ ਨੇ ਹੁਕਮ ਦਿੱਤਾ ਹੈ (ਭਰਮ ਦਾ ਛਉੜ ਕੱਟਣ ਲਈ) ਇਹ ਕਾਰ (ਭਾਵ, ਇਲਾਜ) ਕਰੋ-ਗੁਰੂ ਦੇ ਦਰ ਤੇ ਜਾ ਕੇ (ਭਾਵ, ਗੁਰੂ ਦੀ ਚਰਨੀਂ ਲੱਗ ਕੇ) ਮਾਲਕ ਨੂੰ ਯਾਦ ਕਰੋ, ਮਾਲਕ ਸਦਾ ਅੰਗ ਸੰਗ ਹੈ (ਅੱਖਾਂ ਅਗੋਂ) ਭਰਮ ਦੇ ਜਾਲੇ ਨੂੰ ਲਾਹ ਕੇ ਹਿਰਦੇ ਵਿਚ ਉਸ ਦੀ ਜੋਤ ਟਿਕਾਉ।

ਹਰੀ ਦਾ ਨਾਮ ਅਮਰ ਕਰਨ ਵਾਲਾ ਹੈ-ਇਹ ਦਾਰੂ ਵਰਤੋ, ਸਤਿਗੁਰੂ ਦਾ ਭਾਣਾ (ਮੰਨਣਾ) ਚਿਤ ਵਿਚ ਰੱਖੋ ਤੇ ਸਚਾ ਪਿਆਰ (ਰੂਪ) ਰਹਿਣੀ (ਧਾਰਨ ਕਰੋ), ਹੇ ਨਾਨਕ! (ਇਹ ਦਾਰੂ) ਏਥੇ (ਸੰਸਾਰ ਵਿਚ) ਸੁਖੀ ਰਖੇਗਾ ਤੇ ਅੱਗੇ (ਪਰਲੋਕ ਵਿਚ) ਹਰੀ ਨਾਲ ਰਲੀਆਂ ਮਾਣੋਗੇ।੨।

ਪਉੜੀ ॥ ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥ ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥ ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥ ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥ ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥ {ਪੰਨਾ 554}

ਪਦਅਰਥ: ਅਠਾਰਹ ਭਾਰ—(ਪੁਰਾਣਾ ਖ਼ਿਆਲ ਕਿ ਜੇ ਹਰੇਕ ਕਿਸਮ ਦੇ ਬੂਟੇ ਦਾ ਇਕ ਇਕ ਪੱਤ੍ਰ ਲਾਹ ਕੇ ਇਕੱਠਾ ਕਰੀਏ ਤਾਂ ਸਾਰਾ ਤੋਲ ੧੮ ਭਾਰ ਬਣਦਾ ਹੈ। (ਇਕ ਭਾਰ ਪੰਜ ਮਣ ਕੱਚੇ ਦਾ) ਸਾਰੀ ਬਨਸਪਤੀ। ਸਿੰਚੈਪਾਣੀ ਦੇਂਦਾ ਹੈ। ਮੁਹਿਮੂੰਹ ਵਿਚ। ਤਮਾਏਤਮ੍ਹਾ, ਲਾਲਚ।

ਅਰਥ: ਪ੍ਰਭੂ ਆਪ ਹੀ ਬਨਸਪਤੀ ਦੇ ਅਠਾਰਾਂ ਭਾਰ ਹੈ (ਭਾਵ, ਸਾਰੀ ਸ੍ਰਿਸ਼ਟੀ ਦੀ ਬਨਸਪਤੀ ਆਪ ਹੀ ਹੈ), ਆਪ ਹੀ ਉਸ ਨੂੰ ਫਲ ਲਾਉਂਦਾ ਹੈ, ਆਪ ਹੀ ਮਾਲੀ ਹੈ, ਆਪ ਹੀ ਪਾਣੀ ਦੇਂਦਾ ਹੈ ਤੇ ਆਪ ਹੀ (ਫਲ) ਖਾਂਦਾ ਹੈ, ਆਪ ਹੀ ਕਰਨ ਵਾਲਾ ਹੈ, ਆਪ ਹੀ ਭੋਗਣ ਵਾਲਾ ਹੈ, ਆਪ ਹੀ ਦੇਂਦਾ ਹੈ ਤੇ ਆਪ ਹੀ ਦਿਵਾਉਂਦਾ ਹੈ, ਮਾਲਕ ਭੀ ਆਪ ਹੈ ਤੇ ਰਾਖਾ ਭੀ ਆਪ ਹੈ, ਆਪ ਹੀ ਸਭ ਥਾਈਂ ਵਿਆਪਕ ਹੈ।

ਹੇ ਨਾਨਕ! (ਕੋਈ ਵਿਰਲਾ) ਸੇਵਕ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਭੁਗਤਾ ਹੁੰਦਿਆਂ ਭੀ) ਰਤਾ ਮਾਤ੍ਰ ਭੀ ਕੋਈ ਤਮ੍ਹਾ ਨਹੀਂ ਹੈ।੧੫।

ਸਲੋਕ ਮਃ ੩ ॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥ {ਪੰਨਾ 554}

ਪਦਅਰਥ: ਮਾਣਸੁਮਨੁੱਖ। ਆਣਿਆਲਿਆਂਦਾ ਗਿਆ (ਭਾਵ, ਜੰਮਿਆ। ਆਇਆ ਕੇ (ਭਾਵ, ਜਨਮ ਲੈ ਕੇ। ਭਰਿਆਲਿਬੜਿਆ ਹੋਇਆ; (ਸ਼ਰਾਬ ਆਦਿਕ ਦੀ ਭੈੜੀ ਵਾਦੀ ਵਿਚ) ਫਸਿਆ ਹੋਇਆ। ਬਰਲੁਝੱਲਪੁਣਾ। ਪੀਚਈਪੀਣਾ ਚਾਹੀਦਾ। ਜੇ ਕਾਜਿਥੋਂ ਤਕ। ਪਾਰਿ ਵਸਾਇਵੱਸ ਚੱਲੇ।

ਅਰਥ: ਜੋ ਮਨੁੱਖ (ਵਿਕਾਰਾਂ ਨਾਲ) ਲਿਬੜਿਆ ਹੋਇਆ (ਏਥੇ ਜਗਤ ਵਿਚ) ਲਿਆਂਦਾ ਗਿਆ, ਉਹ ਏਥੇ ਆ ਕੇ (ਹੋਰ ਵਿਕਾਰਾਂ ਵਿਚ ਹੀ) ਲਿੱਬੜਦਾ ਹੈ (ਤੇ ਸ਼ਰਾਬ ਆਦਿਕ ਕੁਕਰਮ ਵਿਚ ਪੈਂਦਾ ਹੈ), ਪਰ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ, ਜਿਥੋਂ ਤਕ ਵੱਸ ਚੱਲੇ ਕਦੇ ਨਹੀਂ ਪੀਣਾ ਚਾਹੀਦਾ।

ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਨਾਲ 'ਨਾਮ'-ਰੂਪ ਨਸ਼ਾ (ਉਸ ਮਨੁੱਖ ਨੂੰ) ਮਿਲਦਾ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪਏ, ਉਹ ਮਨੁੱਖ ਸਦਾ ਮਾਲਕ ਦੇ (ਨਾਮ ਦੇ) ਰੰਗ ਵਿਚ ਰਹਿੰਦਾ ਹੈ ਤੇ ਦਰਗਾਹ ਵਿਚ ਉਸ ਨੂੰ ਥਾਂ (ਭਾਵ, ਇੱਜ਼ਤ) ਮਿਲਦੀ ਹੈ।੧।

ਮਃ ੩ ॥ ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥ ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥ ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥ ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥ {ਪੰਨਾ 554}

ਪਦਅਰਥ: ਤਿਨ੍ਹ੍ਹਿਉਸ ਪ੍ਰਭੂ ਨੇ। ਸਵਿ ਰਹਿਆਸੁੱਤਾ ਰਹਿੰਦਾ ਹੈ। ਸੁਧਿਸਮਝ, ਸੂਝ।

ਅਰਥ: ਜਦੋਂ ਇਸ ਸੰਸਾਰ ਨੂੰ (ਭਾਵ, ਸੰਸਾਰੀ ਜੀਵਾਂ ਨੂੰ) ਸਮਝ ਪੈਂਦੀ ਹੈ ਤਦੋਂ ਇਹ ਜੀਊਂਦਾ ਹੀ ਮਰਦਾ ਹੈ (ਭਾਵ, ਮਾਇਆ ਵਿਚ ਵਿਚਰਦਾ ਹੋਇਆ ਹੀ ਮਾਇਆ ਵਲੋਂ ਉਪਰਾਮ ਰਹਿੰਦਾ ਹੈ;) (ਪਰ) ਸੂਝ ਤਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜਗਾਉਂਦਾ ਹੈ, ਜਦ ਤਾਈਂ ਉਸ ਨੇ (ਮਾਇਆ ਵਿਚ) ਸਵਾਲਿਆ ਹੋਇਆ ਹੈ, ਤਦ ਤਾਈਂ ਸੁੱਤਾ ਰਹਿੰਦਾ ਹੈ।

ਹੇ ਨਾਨਕ! ਜੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰੇ, ਤਾਂ ਉਹ ਆਪ (ਸੰਸਾਰ ਨੂੰ) ਸਤਿਗੁਰੂ ਮੇਲਦਾ ਹੈ, ਤੇ ਸਤਿਗੁਰੂ ਦੀ ਕਿਰਪਾ ਨਾਲ (ਸੰਸਾਰ) ਜੀਊਂਦਾ ਹੋਇਆ ਹੀ ਮਰਦਾ ਹੈ, ਫੇਰ ਮੁੜ ਕੇ ਮਰਨਾ ਨਹੀਂ ਹੁੰਦਾ (ਭਾਵ, ਜਨਮ ਮਰਨ ਤੋਂ ਬਚ ਜਾਂਦਾ ਹੈ)੨।

ਪਉੜੀ ॥ ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥ ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥ ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥ ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥ ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥ {ਪੰਨਾ 554-555}

ਅਰਥ: ਉਸ ਪ੍ਰਭੂ ਨੂੰ ਕਿਸੇ ਦੀ ਕਾਣ ਨਹੀਂ ਕਿਉਂਕਿ ਸਭ ਕੁਝ ਹੁੰਦਾ ਹੀ ਉਸ ਦਾ ਕੀਤਾ ਹੋਇਆ ਹੈ; (ਸਗੋਂ), ਹੇ ਹਰੀ! ਸਾਰੀ ਸ੍ਰਿਸ਼ਟੀ ਤੇਰੀ ਮੁਥਾਜੀ ਕੱਢਦੀ ਹੈ (ਕਿਉਂਕਿ) ਹਰੇਕ ਜੀਵ ਤੇਰਾ ਦਿੱਤਾ ਖਾਂਦਾ ਹੈ।

ਹੇ ਪ੍ਰਭੂ! ਜੋ ਮਨੁੱਖ ਤੇਰੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ, ਕਿਉਂਕਿ ਉਸ ਤੇ ਮਾਇਆ-ਰਹਿਤ ਪ੍ਰਭੂ ਦੀ ਕਿਰਪਾ ਹੁੰਦੀ ਹੈ, ਹੇ ਹਰੀ! ਜਿਸ ਨੇ ਤੇਰਾ ਨਾਮ (ਰੂਪ) ਧਨ ਵੱਖਰ ਲਦਿਆ ਹੈ ਉਹੀ ਸ਼ਾਹੂਕਾਰ ਹੈ ਤੇ ਸੱਚਾ ਵਣਜਾਰਾ ਹੈ।

ਹੇ ਸੰਤ ਜਨੋ! ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦਾ ਟਿੱਬਾ (ਮਨ ਵਿਚੋਂ) ਢਾਹ ਕੇ ਕੱਢ ਦਿੱਤਾ ਹੈ, ਤੁਸੀ ਸਾਰੇ ਉਸੇ ਦੀ ਸਿਫ਼ਤਿ-ਸਾਲਾਹ ਕਰੋ।੧੬।

TOP OF PAGE

Sri Guru Granth Darpan, by Professor Sahib Singh