ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 535

ਦੇਵਗੰਧਾਰੀ ਮਹਲਾ ੫ ॥ ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥ ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥ ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥ ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥ {ਪੰਨਾ 535}

ਪਦਅਰਥ: ਬਹੁ ਬਿਧਿਬਹੁਤ ਤਰੀਕਿਆਂ ਨਾਲ। ਰੀਹੇ ਭੈਣ! ਖੰਡਧਰਤੀ ਦੇ ਨੌ ਹਿੱਸੇ। ਦੀਪਸੱਤ ਦੀਪ, ਸਾਰੇ ਦੇਸ। ਰਵਿਆਮੌਜੂਦ। ਲੋਊਲੋਕ, ਭਵਨ।੧।ਰਹਾਉ।

ਅਗਮਅਪਹੁੰਚ। ਅਗੰਮਾਅਪਹੁੰਚ। ਮਹਿੰਮਾਵਡਿਆਈ। ਜੀਵੈਆਤਮਕ ਜੀਵਨ ਪ੍ਰਾਪਤ ਕਰਦਾ ਹੈ। ਸੁਨਿਸੁਣ ਕੇ। ਸੋਊਸੋਭਾ। ਚਾਰਿ ਆਸਰਮ— {ਬ੍ਰਹਮਚਰਜ, ਗ੍ਰਿਹਸਥ, ਵਾਨਪ੍ਰਸਤ, ਸੰਨਿਆਸ}ਚਾਰਿ ਬਰੰਨਾ— {ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ}ਸੇਵਤੋਊਸੇਵਤ ਹੀ, ਸੇਵਾਭਗਤੀ ਕਰਨ ਨਾਲ।੧।

ਗੁਰਿਗੁਰੂ ਨੇ। ਦ੍ਰਿੜਾਇਆਹਿਰਦੇ ਵਿਚ ਪੱਕਾ ਕਰ ਦਿੱਤਾ। ਪਰਮ ਪਦੁਸਭ ਤੋਂ ਉੱਚਾ ਆਤਮਕ ਦਰਜਾ। ਦੁਤੀਅਮੇਰਤੇਰ, ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ। ਭਵ ਸਾਗਰੁਸੰਸਾਰਸਮੁੰਦਰ। ਨਿਧਿਖ਼ਜ਼ਾਨਾ। ਸਹਜੋਊਆਤਮਕ ਅਡੋਲਤਾ।੨।

ਅਰਥ: ਹੇ ਭੈਣ! ਮੈਂ ਇਸ ਅਨੇਕਾਂ ਰੰਗਾਂ ਵਾਲੇ ਜਗਤ ਨੂੰ (ਗਹੁ ਨਾਲ) ਵੇਖਿਆ ਹੈ, ਮੈਨੂੰ ਇਸ ਵਿਚ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ। ਹੇ ਭੈਣ! ਧਰਤੀ ਦੇ ਸਾਰੇ ਖੰਡਾਂ ਵਿਚ, ਦੇਸ਼ਾਂ ਵਿਚ ਸਭਨਾਂ ਵਿਚ ਪਰਮਾਤਮਾ ਹੀ ਮੌਜੂਦ ਹੈ, ਸਭ ਭਵਨਾਂ ਵਿਚ ਪਰਮਾਤਮਾ ਵਿਆਪਕ ਹੈ।੧।ਰਹਾਉ।

ਹੇ ਭੈਣ! ਪਰਮਾਤਮਾ ਅਪਹੁੰਚ ਹੈ, ਸਾਡੀ ਜੀਵਾਂ ਦੀ ਅਕਲ ਉਸ ਤਕ ਨਹੀਂ ਪਹੁੰਚ ਸਕਦੀ; ਉਸ ਦੀ ਵਡਿਆਈ ਕੋਈ ਭੀ ਬਿਆਨ ਨਹੀਂ ਕਰ ਸਕਦਾ। ਹੇ ਭੈਣ! ਉਸ ਦੀ ਸੋਭਾ ਸੁਣ ਸੁਣ ਕੇ ਮੇਰੇ ਮਨ ਨੂੰ ਆਤਮਕ ਜੀਵਨ ਮਿਲ ਰਿਹਾ ਹੈ। ਚੌਹਾਂ ਆਸ਼੍ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਦੀ ਸੇਵਾ-ਭਗਤੀ ਕਰ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।੧।

ਹੇ ਨਾਨਕ! ਆਖ-ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਸ਼ਬਦ ਪੱਕਾ ਕਰ ਕੇ ਟਿਕਾ ਦਿੱਤਾ ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਗਈ, ਉਸ ਨੂੰ ਆਤਮਕ ਅਨੰਦ ਮਿਲ ਗਿਆ, ਉਸ ਨੇ ਸੰਸਾਰ-ਸਮੁੰਦਰ ਤਰ ਲਿਆ, ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਪਿਆ, ਉਸ ਨੂੰ ਆਤਮਕ ਅਡੋਲਤਾ ਹਾਸਲ ਹੋ ਗਈ।੨।੨।੩੩।

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਏਕੈ ਰੇ ਹਰਿ ਏਕੈ ਜਾਨ ॥ ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥ ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥ ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥ ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥ ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥ {ਪੰਨਾ 535}

ਪਦਅਰਥ: ਏਕੈਇਕ (ਪਰਮਾਤਮਾ) ਹੀ। ਰੇਹੇ ਭਾਈ! ਜਾਨਸਮਝ, ਨਿਸ਼ਚਾ ਕਰ। ਗੁਰਮੁਖਿਗੁਰੂ ਦੀ ਸਰਨ ਪੈ ਕੇ।੧।ਰਹਾਉ।

ਕਾਹੇਕਿਉਂ? ਭ੍ਰਮਤ ਹਉਤੂੰ ਭਟਕਦਾ ਹੈਂ। ਭਾਈਹੇ ਭਾਈ! ਸ੍ਰਬ ਥਾਨਸਰਬ ਥਾਨ, ਸਭ ਥਾਈਂ।੧।

ਬੈਸੰਤਰੁਅੱਗ। ਕਾਸਟ ਮਝਾਰਿਲੱਕੜ ਵਿਚ (ਕਾਸਟਕਾਠ)ਸੰਜਮਜੁਗਤਿ, ਮਰਯਾਦਾ। ਸਾਰਿਸਾਰੇ, ਸਿਰੇ ਚੜ੍ਹਦਾ। ਕੋਦਾ। ਦੁਆਰਦਰਵਾਜ਼ਾ। ਮਿਲਿਮਿਲ ਕੇ। ਤਜਿਤਜ ਕੇ। ਪਰਮ ਨਿਧਾਨਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ।੨।

ਅਰਥ: ਹੇ ਭਾਈ! ਹਰ ਥਾਂ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ (ਹਰ ਥਾਂ ਵੱਸਦਾ) ਸਮਝ।੧।ਰਹਾਉ।

ਹੇ ਭਾਈ! ਤੁਸੀਂ ਕਿਉਂ ਭਟਕਦੇ ਹੋ? ਭਟਕਣਾ ਛੱਡ ਦਿਉ। ਹੇ ਭਾਈ! ਪਰਮਾਤਮਾ ਸਭ ਥਾਵਾਂ ਵਿਚ ਵਿਆਪ ਰਿਹਾ ਹੈ।੧।

ਹੇ ਭਾਈ! ਜਿਵੇਂ (ਹਰੇਕ) ਲੱਕੜ ਵਿਚ ਅੱਗ (ਵੱਸਦੀ ਹੈ, ਪਰ) ਜੁਗਤਿ ਤੋਂ ਬਿਨਾ (ਉਹ ਅੱਗ ਹਾਸਲ ਨਹੀਂ ਕੀਤੀ ਜਾ ਸਕਦੀ, ਤੇ, ਅੱਗ ਨਾਲ ਕੀਤੇ ਜਾਣ ਵਾਲੇ) ਕੰਮ ਸਿਰੇ ਨਹੀਂ ਚੜ੍ਹ ਸਕਦੇ। (ਇਸੇ ਤਰ੍ਹਾਂ, ਭਾਵੇਂ ਪਰਮਾਤਮਾ ਹਰ ਥਾਂ ਵੱਸ ਰਿਹਾ ਹੈ, ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦਾ ਦਰ ਨਹੀਂ ਲੱਭ ਸਕੇਗਾ। ਹੇ ਨਾਨਕ! ਆਖ-ਸਾਧ ਸੰਗਤਿ ਵਿਚ ਮਿਲ ਕੇ ਆਪਣਾ ਅਹੰਕਾਰ ਤਿਆਗ ਕੇ ਸਭ ਤੋਂ ਸ੍ਰੇਸ਼ਟ (ਨਾਮ-) ਖ਼ਜ਼ਾਨਾ ਮਿਲ ਜਾਂਦਾ ਹੈ।੨।੧।੩੪।

ਦੇਵਗੰਧਾਰੀ ੫ ॥ ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥ ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥ ਗਣ ਗੰਧਰਬ ਸਿਧ ਅਰੁ ਸਾਧਿਕ ॥ ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥ ਚਤੁਰ ਬੇਦ ਉਚਰਤ ਦਿਨੁ ਰਾਤਿ ॥ ਅਗਮ ਅਗਮ ਠਾਕੁਰੁ ਆਗਾਧਿ ॥ ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥ {ਪੰਨਾ 535}

ਪਦਅਰਥ: ਤਾ ਕੀਉਸ (ਪਰਮਾਤਮਾ) ਦੀ। ਗਾਤਿਗਤਿ, ਅਵਸਥਾ, ਆਤਮਕ ਅਵਸਥਾ।੧।ਰਹਾਉ।

ਕਹਕਿਥੇ? ਪੇਖਾਰਉਮੈਂ ਵਿਖਾਵਾਂ। ਹਉਮੈਂ। ਕਰਿਕਰ ਕੇ। ਬਿਸਮਨ ਬਿਸਮੇਹੈਰਾਨ ਤੋਂ ਹੈਰਾਨ, ਬਹੁਤ ਹੀ ਹੈਰਾਨ। ਕਹਨਕਥਨ, ਬਿਆਨ। ਕਹਾਤਿਕਹਿੰਦੇ, ਜੋ ਕਹਿੰਦੇ ਹਨ।੧।

ਗਣਸ਼ਿਵ ਜੀ ਦੇ ਸੇਵਕ। ਗੰਧਰਬਦੇਵਤਿਆਂ ਦੇ ਰਾਗੀ। ਸਿਧਕਰਾਮਾਤੀ ਜੋਗੀ। ਅਰੁਅਤੇ। ਸਾਧਿਕਜੋਗਸਾਧਨ ਕਰਨ ਵਾਲੇ। ਸੁਰਿਨਰਦੈਵੀ ਗੁਣਾਂ ਵਾਲੇ ਮਨੁੱਖ। ਬ੍ਰਹਮਪਰਮਾਤਮਾ ਨੂੰ ਜਾਣਨ ਵਾਲੇ। ਬ੍ਰਹਮਾਦਿਕਬ੍ਰਹਮਾ ਵਰਗੇ ਦੇਵਤੇ। ਚਤੁਰਚਾਰ। ਅਗਮਅਪਹੁੰਚ। ਆਗਾਧਿਅਥਾਹ। ਭਨੁਕਹੁ, ਆਖ। ਨਾਨਕਹੇ ਨਾਨਕ! ਪਰੈ ਪਰਾਤਿਪਰੇ ਤੋਂ ਪਰੇ।੨।

ਅਰਥ: ਹੇ ਭਾਈ! ਉਸ ਪਰਮਾਤਮਾ ਦੀ ਆਤਮਕ ਅਵਸਥਾ ਸਮਝੀ ਨਹੀਂ ਜਾ ਸਕਦੀ (ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਜਾਣੀ ਨਹੀਂ ਜਾ ਸਕਦੀ)੧।ਰਹਾਉ।

ਹੇ ਭਾਈ! ਆਪਣੀ ਅਕਲ ਦਾ ਜ਼ੋਰ ਲਾ ਕੇ ਮੈਂ ਉਹ ਪਰਮਾਤਮਾ ਕਿਥੇ ਵਿਖਾਵਾਂ? (ਨਹੀਂ ਵਿਖਾ ਸਕਦਾ। ਜੇਹੜੇ ਮਨੁੱਖ ਉਸ ਨੂੰ ਬਿਆਨ ਕਰਨ ਦਾ ਜਤਨ ਕਰਦੇ ਹਨ ਉਹ ਭੀ ਹੈਰਾਨ ਹੀ ਰਹਿ ਜਾਂਦੇ ਹਨ (ਉਸ ਦਾ ਸਰੂਪ ਕਥਿਆ ਨਹੀਂ ਜਾ ਸਕਦਾ)੧।

ਹੇ ਭਾਈ! ਸ਼ਿਵ ਜੀ ਦੇ ਗੁਣ, ਦੇਵਤਿਆਂ ਦੇ ਰਾਗੀ, ਕਰਾਮਾਤੀ ਜੋਗੀ, ਜੋਗ-ਸਾਧਨਾਂ ਕਰਨ ਵਾਲੇ, ਦੈਵੀ ਗੁਣਾਂ ਵਾਲੇ ਮਨੁੱਖ, ਦੇਵਤੇ, ਬ੍ਰਹਮ-ਗਿਆਨੀ, ਬ੍ਰਹਮਾ ਆਦਿਕ ਵੱਡੇ ਦੇਵਤੇ, ਚਾਰੇ ਵੇਦ (ਉਸ ਪਰਮਾਤਮਾ ਦੇ ਗੁਣਾਂ ਦਾ) ਦਿਨ ਰਾਤ ਉਚਾਰਨ ਕਰਦੇ ਹਨ। ਫਿਰ ਭੀ ਉਸ ਪਰਮਾਤਮਾ ਤਕ (ਆਪਣੀ ਅਕਲ ਦੇ ਜ਼ੋਰ) ਪਹੁੰਚ ਨਹੀਂ ਹੋ ਸਕਦੀ, ਉਹ ਅਪਹੁੰਚ ਹੈ ਉਹ ਅਥਾਹ ਹੈ।

ਹੇ ਨਾਨਕ! ਆਖ-ਪਰਾਮਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।੨।੨।੩੫।

ਦੇਵਗੰਧਾਰੀ ਮਹਲਾ ੫ ॥ ਧਿਆਏ ਗਾਏ ਕਰਨੈਹਾਰ ॥ ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥ ਸਫਲ ਮੂਰਤਿ ਗੁਰੁ ਮੇਰੈ ਮਾਥੈ ॥ ਜਤ ਕਤ ਪੇਖਉ ਤਤ ਤਤ ਸਾਥੈ ॥ ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥ ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥ ਘਟ ਘਟ ਅੰਤਰਿ ਸਾਹਿਬੁ ਨੇਰਾ ॥ ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥ {ਪੰਨਾ 535}

ਪਦਅਰਥ: ਧਿਆਏਧਿਆਨ ਕਰਦਾ ਹੈ। ਗਾਏਗਾਂਦਾ ਹੈ। ਕਰਨੈਹਾਰਸਿਰਜਣਹਾਰ ਕਰਤਾਰ ਨੂੰ। ਸਹਜਆਤਮਕ ਅਡੋਲਤਾ। ਅਨਿਕਅਨੇਕਾਂ ਰੂਪਾਂ ਵਾਲਾ। ਉਹੀਉਹ (ਪਰਮਾਤਮਾ) ਹੀ। ਰੇਹੇ ਭਾਈ! ਸਮਾਰਸੰਭਾਲ, ਹਿਰਦੇ ਵਿਚ ਸਾਂਭ ਰੱਖ।੧।ਰਹਾਉ।

ਸਫਲ ਮੂਰਤਿਜਿਸ ਦੇ ਸਰੂਪ ਦਾ ਦਰਸਨ ਫਲ ਦੇਂਦਾ ਹੈ। ਮੇਰੈ ਮਾਥੈਮੇਰੇ ਮੱਥੇ ਉੱਤੇ। ਜਤ ਕਤਜਿੱਥੇ ਕਿੱਥੇ। ਪੇਖਉਪੇਖਉਂ, ਮੈਂ ਵੇਖਦਾ ਹਾਂ। ਤਤ ਤਤਉੱਥੇ ਉੱਥੇ ਹੀ। ਪ੍ਰਾਨ ਅਧਾਰਜਿੰਦ ਦਾ ਆਸਰਾ।੧।

ਸਮਰਥਹਰੇਕ ਤਾਕਤ ਦਾ ਮਾਲਕ। ਘਟਸਰੀਰ। ਸਾਹਿਬੁਮਾਲਕ। ਤਾਕੀਤੱਕੀ ਹੈ। ਆਸਰਆਸਰਾ। ਜਾ ਕਾਜਿਸ (ਪਰਮਾਤਮਾ) ਦਾ। ਪਾਰਾਵਾਰਪਾਰ ਅਵਾਰ, ਪਾਰਲਾ ਉਰਲਾ ਬੰਨਾ।੨।

ਅਰਥ: ਹੇ ਭਾਈ! ਜੇਹੜਾ ਮਨੁੱਖ ਸਿਰਜਣਹਾਰ ਕਰਤਾਰ ਦਾ ਧਿਆਨ ਧਰਦਾ ਹੈ ਕਰਤਾਰ ਦੇ ਗੁਣ ਗਾਂਦਾ ਹੈ, ਉਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਮਿਲੇ ਰਹਿੰਦੇ ਹਨ। ਹੇ ਭਾਈ! ਤੂੰ ਉਸ ਕਰਤਾਰ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ, ਉਹੀ ਇੱਕ ਹੈ ਤੇ ਉਹੀ ਅਨੇਕਾਂ ਰੂਪਾਂ ਵਾਲਾ ਹੈ।੧।ਰਹਾਉ।

ਹੇ ਭਾਈ! ਜਿਸ ਗੁਰੂ ਦਾ ਦਰਸਨ ਜੀਵਨ ਦਾ ਫਲ ਦੇਣ ਵਾਲਾ ਹੈ ਉਹ ਮੇਰੇ ਮੱਥੇ ਉੱਤੇ (ਆਪਣਾ ਹੱਥ ਰੱਖਦਾ ਹੈ, ਉਸ ਦੀ ਬਰਕਤਿ ਨਾਲ) ਮੈਂ ਜਿਧਰ ਵੇਖਦਾ ਹਾਂ ਉਧਰ ਹੀ ਪਰਮਾਤਮਾ ਮੈਨੂੰ ਆਪਣੇ ਨਾਲ ਵੱਸਦਾ ਪ੍ਰਤੀਤ ਹੁੰਦਾ ਹੈ, ਉਸ ਪਰਮਾਤਮਾ ਦੇ ਸੋਹਣੇ ਚਰਨ ਮੇਰੀ ਜਿੰਦ ਦਾ ਆਸਰਾ ਬਣ ਗਏ ਹਨ।੧।

ਹੇ ਨਾਨਕ! (ਆਖ-ਹੇ ਭਾਈ!) ਮੈਂ ਉਸ ਪਰਮਾਤਮਾ ਦੀ ਸਰਨ ਤੱਕੀ ਹੈ ਉਸ ਪ੍ਰਭੂ ਦਾ ਆਸਰਾ ਤੱਕਿਆ ਹੈ ਜਿਸ (ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ (ਦੇ ਸਰੂਪ) ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ।੨।੩।੩੬।

ਦੇਵਗੰਧਾਰੀ ਮਹਲਾ ੫ ॥ ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥ {ਪੰਨਾ 535}

ਪਦਅਰਥ: ਉਲਟੀਉਲਟਾ ਲੈ, ਪਰਤਾਅ ਲੈ। ਸਿਉਨਾਲ, ਨਾਲੋਂ। ਸਾਕਤਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ। ਰੇਹੇ ਮਨ! ਛੁਟਕੀ ਛੁਟਕੀਜ਼ਰੂਰ ਟੁੱਟ ਜਾਂਦੀ ਹੈ। ਸਾਕਤ ਸੰਗਿਸਾਕਤ ਦੀ ਸੰਗਤਿ ਵਿਚ। ਨ ਛੁਟਕੀਵਿਕਾਰਾਂ ਵਲੋਂ ਖ਼ਲਾਸੀ ਨਹੀਂ ਹੁੰਦੀ।੧।ਰਹਾਉ।

ਕਾਜਰਕੱਜਲ, ਕਾਲਖ। ਭਰਿਭਰ ਕੇ। ਮੰਦਰੁਘਰ। ਜੋ ਪੈਸੇਜੇਹੜਾ ਮਨੁੱਖ (ਉਸ ਵਿਚ) ਪਏਗਾ। ਕਾਲੂਖੀਕਾਲਖਭਰਿਆ। ਗੁਰ ਮਿਲਿਗੁਰੂ ਨੂੰ ਮਿਲ ਕੇ। ਜਿਸੁ ਤ੍ਰਿਕੁਟੀਜਿਸ ਮਨੁੱਖ ਦੀ ਤ੍ਰਿਊੜੀ। ਤ੍ਰਿਕੁਟੀ— {ਤ੍ਰਿਤਿੰਨ। ਕੁਟੀਵਿੰਗੀ ਲਕੀਰ} ਮੱਥੇ ਦੀਆਂ ਤਿੰਨ ਵਿੰਗੀਆਂ ਲਕੀਰਾਂ; ਤ੍ਰਿਊੜੀ, ਅੰਦਰਲੀ ਖਿੱਝ।੧।

ਮਾਗਉਮਾਗਉਂ, ਮੈਂ ਮੰਗਦਾ ਹਾਂ। ਕ੍ਰਿਪਾਲਹੇ ਕਿਰਪਾ ਦੇ ਘਰ! ਕ੍ਰਿਪਾਨਿਧਿਹੇ ਕਿਰਪਾ ਦੇ ਖ਼ਜ਼ਾਨੇ! ਨ ਜੁਟਸੀਨਾਹ ਜੁੜੇ। ਕੋਦਾ। ਮੂੰਡੁਸਿਰ। ਪਗਪੈਰ।੨।

ਅਰਥ: ਹੇ ਮੇਰੇ ਮਨ! ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ। ਹੇ ਮਨ! ਸਾਕਤ ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ। ਫਿਰ, ਸਾਕਤ ਦੀ ਸੰਗਤਿ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ।੧।ਰਹਾਉ।

ਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ। ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤ੍ਰਿਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ।੧।

ਹੇ ਕਿਰਪਾ ਦੇ ਘਰ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ (ਮੇਹਰ ਕਰ) ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ। ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ।੨।੪।੩੭।

TOP OF PAGE

Sri Guru Granth Darpan, by Professor Sahib Singh