ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 530

ਦੇਵਗੰਧਾਰੀ ੫ ॥ ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥ ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥ ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥ ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥ ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥ {ਪੰਨਾ 530}

ਪਦਅਰਥ: ਜਤ ਕਤਜਿਥੇ ਕਿਥੇ, ਹਰ ਥਾਂ। ਦੇਖਿਓਮੈਂ ਵੇਖ ਲਿਆ ਹੈ। ਨੈਣਆਪਣੀਆਂ ਅੱਖਾਂ ਨਾਲ। ਕੋਦਾ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ ਜਲ। ਜਾ ਕੀ ਬੈਣੀਜਿਸ ਦੀ ਸਿਫ਼ਤਿ-ਸਾਲਾਹ ਵਾਲੇ ਗੁਰਬਚਨਾਂ ਵਿਚ।੧।ਰਹਾਉ।

ਅਧੇਰਾਹਨੇਰਾ। ਸੰਤੀਸੰਤ ਜਨਾਂ ਨੇ। ਜੀਅ ਦਾਨੁਆਤਮਕ ਜੀਵਨ ਦੀ ਦਾਤਿ। ਗੁਰ ਦੈਣੀਦੇਣਹਾਰ ਗੁਰੂ ਨੇ। ਜਲਤੇਸੜਦੇ। ਸੀਤਲਠੰਢਾਠਾਰ, ਸ਼ਾਂਤਚਿੱਤ।੧।

ਕਰਮੁ ਧਰਮੁ—(ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ) ਧਾਰਮਿਕ ਕੰਮ। ਉਪਜਿ ਨ ਆਇਓਮੈਥੋਂ ਹੋ ਨਹੀਂ ਸਕਿਆ। ਨਿਰਮਲ ਕਰਣੀ—(ਤੀਰਥਇਸ਼ਨਾਨ ਆਦਿਕ ਦੀ ਰਾਹੀਂ) ਸੁੱਚਤਾ ਵਾਲਾ ਕੰਮ। ਛਾਡਿਛੱਡ ਕੇ। ਸੰਜਮਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ।੨।

ਅਰਥ: ਹੇ ਭਾਈ! ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਸਿਫ਼ਤਿ ਸਾਲਾਹ-ਭਰੇ ਗੁਰ-ਸ਼ਬਦਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਉਸ ਨੂੰ ਮੈਂ (ਗੁਰੂ ਦੀ ਕਿਰਪਾ ਨਾਲ) ਹਰ ਥਾਂ ਆਪਣੀ ਅੱਖੀਂ ਵੇਖ ਲਿਆ ਹੈ।੧।ਰਹਾਉ।

ਹੇ ਭਾਈ! ਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤਿ ਬਖਸ਼ੀ ਹੈ। ਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ (ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ।੧।

ਹੇ ਨਾਨਕ! (ਆਖ-ਹੇ ਭਾਈ! ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ ਕੋਈ) ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕਿਆ, (ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਸਰੀਰਕ ਸੁੱਚਤਾ ਵਾਲਾ ਕੋਈ ਕੰਮ ਮੈਂ ਕਰ ਨਹੀਂ ਸਕਿਆ, ਆਪਣੀ ਚਤੁਰਾਈ ਛੱਡ ਕੇ ਮੈਂ ਗੁਰੂ ਦੀ ਚਰਨੀਂ ਆ ਪਿਆ ਹਾਂ।੨।੯।

ਦੇਵਗੰਧਾਰੀ ੫ ॥ ਹਰਿ ਰਾਮ ਨਾਮੁ ਜਪਿ ਲਾਹਾ ॥ ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥ ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥ ਤਿਨ੍ਹ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ਹ੍ਹ ਕੈ ਕਰਮਿ ਲਿਖਾਹਾ ॥੧॥ ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥ ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥੨॥੧੦॥ {ਪੰਨਾ 530}

ਪਦਅਰਥ: ਜਪਿਜਪ ਕੇ। ਲਾਹਾਲਾਭ। ਗਤਿਉੱਚੀ ਆਤਮਕ ਅਵਸਥਾ। ਸਹਜਆਤਮਕ ਅਡੋਲਤਾ।੧।ਰਹਾਉ।

ਖੋਜਤ ਖੋਜਤਭਾਲ ਕਰਦਿਆਂ ਕਰਦਿਆਂ। ਪਹਿਪਾਸ। ਆਹਾਹੈ। ਨਿਧਾਨਾਖ਼ਜ਼ਾਨਾ। ਕਰਮਿ—(ਪਰਮਾਤਮਾ ਦੀ) ਬਖ਼ਸ਼ਸ਼ ਨਾਲ।੧।

ਸੇ ਪਤਿਵੰਤੇਉਹ ਹਨ ਇੱਜ਼ਤ ਵਾਲੇ। ਸਾਹਾਸਾਹੂਕਾਰ। ਸੁਘੜਸੁਚੱਜੇ ਜੀਵਨ ਵਾਲੇ। ਵਿਸਾਹਖ਼ਰੀਦਿਆ।੨।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖਾ ਜਨਮ ਦਾ ਲਾਭ ਖੱਟ। (ਜੇ ਤੂੰ ਨਾਮ ਜਪੇਂਗਾ ਤਾਂ) ਉੱਚੀ ਆਤਮਕ ਅਵਸਥਾ ਹਾਸਲ ਕਰ ਲਏਂਗਾ, ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇਂਗਾ, ਤੇਰੀਆਂ (ਆਤਮਕ) ਮੌਤ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ।੧।ਰਹਾਉ।

ਹੇ ਭਾਈ! ਭਾਲ ਕਰਦਿਆਂ ਕਰਦਿਆਂ ਮੈਂ ਇਸ ਵਿਚਾਰ ਤੇ ਪਹੁੰਚਿਆ ਹਾਂ ਕਿ (ਇਹ ਲਾਭ) ਪ੍ਰਭੂ ਦੇ ਸੰਤ ਜਨਾਂ ਦੇ ਕੋਲ ਹੈ, ਤੇ, ਇਹ ਨਾਮ-ਖ਼ਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਮੱਥੇ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ (ਇਸ ਦਾ ਪ੍ਰਾਪਤ ਹੋਣਾ) ਲਿਖਿਆ ਹੋਇਆ ਹੈ।੧।

ਹੇ ਨਾਨਕ! (ਆਖ-ਹੇ ਭਾਈ!) ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ, ਉਹੀ ਪੂਰੇ ਸ਼ਾਹ ਹਨ, ਉਹੀ ਸੋਹਣੇ ਹਨ, ਸੁਚੱਜੇ ਹਨ, ਸੋਹਣੇ ਰੂਪ ਵਾਲੇ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ-ਵੱਖਰ ਖ਼ਰੀਦਿਆ ਹੈ।੨।੧੦।

ਦੇਵਗੰਧਾਰੀ ੫ ॥ ਮਨ ਕਹ ਅਹੰਕਾਰਿ ਅਫਾਰਾ ॥ ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥ ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥ ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥ ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥ ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥ {ਪੰਨਾ 530}

ਪਦਅਰਥ: ਮਨਹੇ ਮਨ! ਕਹਕਾਹੇ? ਕਿਉਂ? ਅਹੰਕਾਰਿਅਹੰਕਾਰ ਨਾਲ। ਅਫਾਰਾਆਫਰਿਆ ਹੋਇਆ। ਦੁਰਗੰਧਬਦਬੋ। ਅਪਾਵਨਗੰਦਾ। ਭੀਤਰਿ—(ਤੇਰੇ ਸਰੀਰ ਦੇ) ਅੰਦਰ। ਛਾਰਾਨਾਸਵੰਤ।੧।ਰਹਾਉ।

ਜਿਨਜਿਸ (ਕਰਤਾਰ) ਨੇ। ਕੀਆਪੈਦਾ ਕੀਤਾ ਹੈ। ਪਰਾਨੀਹੇ ਪ੍ਰਾਣੀ! ਜੀਉਜਿੰਦ। ਧਾਰਾਸਹਾਰਾ ਦਿੱਤਾ ਹੈ। ਤਿਸਹਿਉਸ (ਕਰਤਾਰ) ਨੂੰ। ਤਿਆਗਿਛੱਡ ਕੇ। ਮਰਿਮਰ ਕੇ। ਮੁਗਧਹੇ ਮੂਰਖ! ਗਵਾਰਾਹੇ ਗੰਵਾਰ!੧।

ਅੰਧਅੰਨ੍ਹਾ। ਪਿੰਗੁਲਲੂਲ੍ਹ੍ਹਾ। ਮਤਿ ਹੀਨਾਮੂਰਖ। ਪ੍ਰਭਹੇ ਪ੍ਰਭੂ!੨।

ਅਰਥ: ਹੇ ਮਨ! ਤੂੰ ਕਿਉਂ ਅਹੰਕਾਰ ਨਾਲ ਆਫਰਿਆ ਹੋਇਆ ਹੈਂ? (ਤੇਰੇ ਸਰੀਰ ਦੇ) ਅੰਦਰ ਬਦ-ਬੋ ਹੈ ਤੇ ਗੰਦ ਹੈ, ਤੇ, ਜੇਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ ਇਹ ਭੀ ਨਾਸਵੰਤ ਹੈ।੧।ਰਹਾਉ।

ਹੇ ਪ੍ਰਾਣੀ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੇਰੀ ਜਿੰਦ ਤੇਰੇ ਪ੍ਰਾਣਾਂ ਨੂੰ (ਸਰੀਰ ਦਾ) ਆਸਰਾ ਦਿੱਤਾ ਹੋਇਆ ਹੈ, ਉਸ ਦਾ ਸਿਮਰਨ ਕਰਿਆ ਕਰ। ਹੇ ਮੂਰਖ! ਹੇ ਗੰਵਾਰ! ਤੂੰ ਉਸ ਪਰਮਾਤਮਾ ਨੂੰ ਭੁਲਾ ਕੇ ਹੋਰ ਪਦਾਰਥਾਂ ਨਾਲ ਚੰਬੜਿਆ ਰਹਿੰਦਾ ਹੈਂ, ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ।੧।

ਹੇ ਸਭ ਜੀਵਾਂ ਦੀ ਰਾਖੀ ਕਰਨ ਦੇ ਸਮਰੱਥ ਪ੍ਰਭੂ! (ਜੀਵ ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਪਏ ਹਨ, ਤੇਰੇ ਭਜਨ ਵਲੋਂ ਗੁੰਗੇ ਹੋ ਰਹੇ ਹਨ, ਤੇਰੇ ਰਸਤੇ ਤੁਰਨੋਂ ਲੂਲ੍ਹੇ ਹੋ ਚੁਕੇ ਹਨ, ਮੂਰਖ ਹੋ ਗਏ ਹਨ, ਇਹਨਾਂ ਨੂੰ ਤੂੰ ਆਪ (ਇਸ ਮੋਹ ਵਿਚੋਂ) ਬਚਾ ਲੈ।

ਹੇ ਨਾਨਕ! (ਆਖ-) ਹੇ ਸਭ ਕੁਝ ਆਪ ਕਰ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ! ਇਹਨਾਂ ਜੀਵਾਂ ਦੇ ਵੱਸ ਕੁਝ ਭੀ ਨਹੀਂ (ਤੂੰ ਆਪ ਇਹਨਾਂ ਦੀ ਸਹਾਇਤਾ ਕਰ)੨।੧੧।

ਦੇਵਗੰਧਾਰੀ ੫ ॥ ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥ ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥ ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥ ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥ ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥ ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥ {ਪੰਨਾ 530}

ਪਦਅਰਥ: ਨੇਰੈ ਹੂ ਤੇ ਨੇਰੈਨੇੜੇ ਤੋਂ ਨੇੜੇ, ਨਾਲ ਹੀ। ਰੈਨਿਰਾਤ। ਸਾਝਸ਼ਾਮ।੧।ਰਹਾਉ।

ਉਧਰੁ ਦੇਹਸਰੀਰ ਦਾ (ਸੰਸਾਰਸਮੁੰਦਰ ਤੋਂ) ਪਾਰਉਤਾਰਾ ਕਰ ਲੈ। ਦੁਲਭ ਦੇਹਜੋ ਮਨੁੱਖਾ ਸਰੀਰ ਮੁਸ਼ਕਿਲ ਨਾਲ ਮਿਲਿਆ ਹੈ। ਸਾਧੂ ਸੰਗਿਗੁਰੂ ਦੀ ਸੰਗਤਿ ਵਿਚ। ਜਪੇਰੈਜਪਦਾ ਰਹੁ। ਮੁਹਤੁਅੱਧੀ ਘੜੀ। ਚਸਾਨਿਮਖਮਾਤ੍ਰ। ਨ ਬਿਲੰਬਹੁਦੇਰ ਨਾਹ ਕਰ। ਕਾਲੁਮੌਤ। ਹੇਰੈਤੱਕ ਰਹੀ ਹੈ।੧।

ਬਿਲਾਬਿਲ, ਖੁੱਡ। ਅੰਧਅੰਨ੍ਹੀ। ਤੇਤੋਂ, ਵਿਚੋਂ। ਕਰਤੇਹੇ ਕਰਤਾਰ! ਘਰਿ ਤੇਰੈਤੇਰੇ ਘਰ ਵਿਚ। ਅਧਾਰੁਆਸਰਾ। ਕਉਨੂੰ। ਘਨੇਰੈਬਹੁਤ।੨।

ਅਰਥ: ਹੇ ਭਾਈ! ਦਿਨ ਰਾਤ ਸ਼ਾਮ ਸਵੇਰੇ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹੁ, ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਧਿਆਨ ਧਰਦਾ ਰਹੁ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ।੧।ਰਹਾਉ।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਤੇ, ਆਪਣੇ ਇਸ ਮਨੁੱਖਾ ਸਰੀਰ ਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣੋਂ) ਬਚਾ ਲੈ ਜੋ ਬੜੀ ਮੁਸ਼ਕਿਲ ਨਾਲ ਤੈਨੂੰ ਮਿਲਿਆ ਹੈ। ਹੇ ਭਾਈ! ਮੌਤ ਤੈਨੂੰ ਹਰ ਵੇਲੇ ਸਦਾ ਤੱਕ ਰਹੀ ਹੈ, ਤੂੰ (ਨਾਮ ਸਿਮਰਨ ਵਿਚ) ਇਕ ਘੜੀ ਢਿੱਲ ਨਾਹ ਕਰ, ਅੱਧੀ ਘੜੀ ਭੀ ਦੇਰ ਨਾਹ ਕਰ, ਰਤਾ ਭੀ ਢਿੱਲ ਨਾਹ ਕਰ।੧।

ਹੇ ਕਰਤਾਰ! ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ (ਮੇਹਰ ਕਰ, ਤੂੰ ਆਪ ਜੀਵਾਂ ਨੂੰ ਮਾਇਆ ਦੇ ਮੋਹ ਦੀ) ਘੁੱਪ ਹਨੇਰੀ ਖੁੱਡ ਵਿਚੋਂ ਕੱਢ ਲੈ। ਹੇ ਕਰਤਾਰ! ਨਾਨਕ ਨੂੰ ਆਪਣਾ ਨਾਮ-ਆਸਰਾ ਦੇਹ, ਤੇਰੇ ਨਾਮ ਵਿਚ ਬੇਅੰਤ ਸੁਖ ਆਨੰਦ ਹਨ।੨।੧੨।ਛਕੇ ੨।

ਦੇਵਗੰਧਾਰੀ ੫ ॥ ਮਨ ਗੁਰ ਮਿਲਿ ਨਾਮੁ ਅਰਾਧਿਓ ॥ ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥ ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥ ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥ ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥ ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥ {ਪੰਨਾ 530}

ਪਦਅਰਥ: ਗੁਰ ਮਿਲਿਗੁਰੂ ਨੂੰ ਮਿਲ ਕੇ। ਸਹਜਆਤਮਕ ਅਡੋਲਤਾ। ਮੰਗਲਖ਼ੁਸ਼ੀ। ਮੂਲੁਮੁੱਢ। ਬਾਧਿਓਬੰਨ੍ਹ ਲਿਆ।੧।ਰਹਾਉ।

ਕਰਿਕਰ ਕੇ। ਕੀਨੋਬਣਾ ਲਿਆ। ਫਾਧਿਓਫਾਹੀਆਂ। ਭਾਉਪਿਆਰ। ਗਾਇਗਾ ਕੇ। ਮਾਰਗੁਰਸਤਾ। ਸਾਧਿਓਸਾਧ ਲਿਆ, ਵੱਸ ਵਿਚ ਕਰ ਲਿਆ।੧।

ਅਨੁਗ੍ਰਹੁਕਿਰਪਾ। ਮੋਰਚਾਜੰਗਾਲ। ਅਮੋਲਕੀਮਤੀ। ਨਾਨਕਹੇ ਨਾਨਕ! ਬੇਰਾਵਾਰੀ। ਅਗਮਅਪਹੁੰਚ। ਅਗਾਧਿਓਅਥਾਹ।੨।

ਅਰਥ: ਹੇ (ਮੇਰੇ) ਮਨ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਤੇ ਖ਼ੁਸ਼ੀਆਂ ਵਾਲੀ ਜ਼ਿੰਦਗੀ ਦਾ ਮੁੱਢ ਬੰਨ੍ਹ ਲਿਆ।੧।

ਹੇ ਮਨ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ, ਉਸ ਦੇ ਉਸ ਨੇ ਮਾਇਆ ਦੇ ਮੋਹ ਵਾਲੇ ਬੰਧਨ ਕੱਟ ਦਿੱਤੇ। ਉਸ ਮਨੁੱਖ ਨੇ (ਪ੍ਰਭੂ-ਚਰਨਾਂ ਵਿਚ) ਪ੍ਰੇਮ (ਕਰ ਕੇ, ਪ੍ਰਭੂ ਦੀ) ਭਗਤੀ (ਕਰ ਕੇ) ਗੋਬਿੰਦ ਦੇ ਗੁਣ ਗਾ ਕੇ (ਆਤਮਕ) ਮੌਤ ਦੇ ਰਸਤੇ ਨੂੰ ਆਪਣੇ ਵੱਸ ਵਿਚ ਕਰ ਲਿਆ।੧।

ਹੇ ਮਨ! ਜਿਸ ਮਨੁੱਖ ਉਤੇ ਪਰਮਾਤਮਾ ਦੀ ਮੇਹਰ ਹੋਈ, ਉਸ (ਦੇ ਮਨ ਤੋਂ ਮਾਇਆ ਦੇ ਮੋਹ) ਦਾ ਜੰਗਾਲ ਲਹਿ ਗਿਆ, ਉਸ ਨੇ ਪਰਮਾਤਮਾ ਦਾ ਕੀਮਤੀ ਨਾਮ-ਪਦਾਰਥ ਲੱਭ ਲਿਆ। ਹੇ ਨਾਨਕ! (ਆਖ-) ਮੈਂ ਲਖ ਵਾਰੀ ਕੁਰਬਾਨ ਜਾਂਦਾ ਹਾਂ ਆਪਣੇ ਉਸ ਮਾਲਕ-ਪ੍ਰਭੂ ਤੋਂ ਜੋ (ਜੀਵਾਂ ਦੀ ਅਕਲ ਦੀ) ਪਹੁੰਚ ਤੋਂ ਪਰੇ ਹੈ, ਤੇ, ਜੋ ਅਥਾਹ (ਗੁਣਾਂ ਵਾਲਾ) ਹੈ।੨।੧੩।

TOP OF PAGE

Sri Guru Granth Darpan, by Professor Sahib Singh