ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 526

ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ {ਪੰਨਾ 526}

ਪਦਅਰਥ: ਅੰਤਿ ਕਾਲਿਅੰਤ ਦੇ ਵੇਲੇ, ਮਰਨ ਸਮੇਂ। ਲਛਮੀਮਾਇਆ, ਧਨ। ਸਿਮਰੈਚੇਤੇ ਕਰਦਾ ਹੈ। ਵਲਿ ਵਲਿਮੁੜ ਮੁੜ। ਅਉਤਰੈਜੰਮਦਾ ਹੈ।੧।

ਅਰੀ ਬਾਈਹੇ ਭੈਣ! ਮਤਿਮਤਾਂ, ਨਾਹ।ਰਹਾਉ।

ਸੂਕਰਸੂਰ।੩।

ਬਦਤਿਆਖਦਾ ਹੈ। ਮੁਕਤਾਮਾਇਆ ਦੇ ਬੰਧਨਾਂ ਤੋਂ ਆਜ਼ਾਦ। ਪੀਤੰਬਰੁ—(ਪੀਤ+ਅੰਬਰ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ, ਪਰਮਾਤਮਾ। ਵਾ ਕੇਉਸ ਦੇ।੫।

ਅਰਥ: ਹੇ ਭੈਣ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭੀ ਉਹ ਪਰਮਾਤਮਾ ਹੀ ਚੇਤੇ ਆਵੇ)ਰਹਾਉ।

ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿਚ ਹੀ ਮਰ ਜਾਂਦਾ ਹੈ, ਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ।੧।

ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿਚ ਪ੍ਰਾਣ ਤਿਆਗ ਦੇਂਦਾ ਹੈ, ਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ।੨।

ਜੋ ਮਨੁੱਖ ਅੰਤ ਵੇਲੇ (ਆਪਣੇ) ਪੁੱਤ੍ਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤ੍ਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ, ਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ।੩।

ਜੋ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਹਨਾਂ ਹਾਹੁਕਿਆਂ ਵਿਚ ਸਰੀਰ ਛੱਡ ਜਾਂਦਾ ਹੈ, ਉਹ ਮੁੜ ਮੁੜ ਪ੍ਰੇਤ ਬਣਦਾ ਹੈ।੪।

ਤ੍ਰਿਲੋਚਨ ਆਖਦਾ ਹੈ-ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ।੫।੨।

ਭਗਤ-ਬਾਣੀ ਦੇ ਵਿਰੋਧੀ ਸੱਜਣ ਤ੍ਰਿਲੋਚਨ ਜੀ ਦੇ ਇਹਨਾਂ ਦੋਹਾਂ ਸ਼ਬਦਾਂ ਬਾਰੇ ਇਉਂ ਲਿਖਦੇ ਹਨ-"ਗੂਜਰੀ ਰਾਗ ਵਾਲਾ ਸ਼ਬਦ ਕਿਸੇ ਜੈਚੰਦ ਨਾਮੀ ਉਦਾਸੀ ਨਾਲ ਚਰਚਾ ਦਾ ਹੈ। ਰਾਗ ਗੂਜਰੀ ਦੇ ਦੋਵੇਂ ਸ਼ਬਦ ਪੁਰਾਣਕ ਮਤ ਦੇ ਲੇਖਾਂ ਅਨੁਸਾਰ ਕਰਮਾਂ ਪਰ ਵਿਚਾਰ ਹੈ; ਜਿਹਾ ਕਿ 'ਅੰਤ ਕਾਲਿ ਜੋ ਲਛਮੀ ਸਿਮਰੈ'ਭਗਤ ਜੀ ਨੇ ਪਤਾ ਨਹੀਂ ਕਿਵੇਂ ਕਿਆਫ਼ਾ ਲਾਇਆ ਕਿ ਇਸ ਤਰ੍ਹਾਂ ਕਰਨ ਵਾਲਾ ਇਸ ਜੂਨ ਅੰਦਰ ਜਾਵੇਗਾ। ਕਰਤੇ ਦੀਆਂ ਬਾਤਾਂ ਕਰਤਾ ਹੀ ਜਾਣ ਸਕਦਾ ਹੈ। ਇਸੇ ਰਾਗ ਦਾ ਦੂਜਾ ਸ਼ਬਦ 'ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ' ਵਾਲਾ ਹੈ।"

ਇਉਂ ਜਾਪਦਾ ਹੈ ਕਿ ਸਾਡੇ ਵੀਰ ਨੇ ਭਗਤਾਂ ਦੀ ਬਾਣੀ ਦੇ ਵਿਰੁੱਧ ਕੁਝ ਨ ਕੁਝ ਲਿਖਣ ਦੀ ਸਹੁੰ ਖਾਧੀ ਹੋਈ ਹੈ। ਕਈ ਥਾਈਂ ਤਾਂ ਸਾਫ਼ ਪਿਆ ਦਿੱਸਦਾ ਹੈ ਕਿ ਵਿਰੋਧੀ ਸੱਜਣ ਨੇ ਸ਼ਬਦਾਂ ਨੂੰ ਗਹੁ ਨਾਲ ਪੜ੍ਹਨ ਦੀ ਖੇਚਲ ਭੀ ਨਹੀਂ ਕੀਤੀ। ਇਥੇ ਹੀ ਵੇਖੋ। ਗੂਜਰੀ ਰਾਗ ਵਿਚ ਤ੍ਰਿਲੋਚਨ ਜੀ ਦਾ "ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ" ਵਾਲਾ ਸ਼ਬਦ ਨਹੀਂ ਹੈ। ਤੇ, ਪਹਿਲਾਂ ਲਿਖਦੇ ਹਨ ਕਿ ਗੂਜਰੀ ਰਾਗ ਦੇ ਦੋਵੇਂ ਸ਼ਬਦ ਕਰਮਾਂ ਪਰ ਵਿਚਾਰ ਹੈ। ਤ੍ਰਿਲੋਚਨ ਜੀ ਦਾ ਪਹਿਲਾ ਸ਼ਬਦ "ਅੰਤਰ ਮਲਿ, ਨਿਰਮਲੁ ਨਹੀ ਕੀਨਾ" ਗਹੁ ਨਾਲ ਪੜ੍ਹ ਕੇ ਵੇਖੋ। ਇਥੇ ਕਰਮਾਂ ਬਾਰੇ ਕੋਈ ਜ਼ਿਕਰ ਨਹੀਂ ਹੈ। ਸਾਰੇ ਸ਼ਬਦ ਵਿਚ ਭੇਖ ਦਾ ਖੰਡਣ ਕੀਤਾ ਹੋਇਆ ਹੈ, ਤੇ ਪਰਮਾਤਮਾ ਨਾਲ ਜਾਣ-ਪਛਾਣ ਪਾਣ ਤੇ ਜ਼ੋਰ ਦਿੱਤਾ ਗਿਆ ਹੈ। ਇਹੀ ਆਸ਼ਾ ਗੁਰਮਤਿ ਦਾ ਹੈ। ਪਰ ਸਾਡੇ ਸੱਜਣ ਜੀ ਲਿਖਦੇ ਹਨ ਕਿ "ਭਗਤ ਜੀ ਦੇ ਪੰਜੇ ਸ਼ਬਦ ਗੁਰਮਤਿ ਦੇ ਕਿਸੇ ਭੀ ਆਸ਼ੇ ਦਾ ਪਰਚਾਰ ਨਹੀਂ ਕਰਦੇ।"

ਹੁਣ ਰਹਿ ਗਿਆ ਗੂਜਰੀ ਰਾਗ ਵਿਚ ਭਗਤ ਜੀ ਦਾ ਦੂਜਾ ਸ਼ਬਦ। ਇਸ ਬਾਰੇ ਸਾਡਾ ਵੀਰ ਦੋ ਇਤਰਾਜ਼ ਕਰਦਾ ਹੈ-

() ਇਥੇ ਪੁਰਾਣਕ ਮਤ ਦੇ ਲੇਖਾਂ ਅਨੁਸਾਰ ਕਰਮਾਂ ਤੇ ਵਿਚਾਰ ਹੈ।

() ਭਗਤ ਜੀ ਨੇ ਕਿਵੇਂ ਕਿਆਫ਼ਾ ਲਾਇਆ ਕਿ ਇਸ ਤਰ੍ਹਾਂ ਕਰਨ ਵਾਲਾ ਇਸ ਜੂਨ ਵਿਚ ਜਾਵੇਗਾ।

ਇਹ ਗੱਲ ਬੜੀ ਸਾਦੀ ਜਿਹੀ ਹੈ। ਸ਼ਾਇਦ ਸਾਡੇ ਸੱਜਣ ਨੇ ਧਿਆਨ ਨਹੀਂ ਦਿੱਤਾ। ਭਗਤ ਤ੍ਰਿਲੋਚਨ ਜੀ ਆਪ ਬ੍ਰਾਹਮਣ ਜਾਤੀ ਦੇ ਸਨ। ਤੇ, ਇਸ ਸ਼ਬਦ ਦੀ ਰਾਹੀਂ ਹਿੰਦੂ ਜਾਤੀ ਦੇ ਭਰਾਵਾਂ ਨੂੰ ਸਿੱਖਿਆ ਦੇ ਰਹੇ ਹਨ। ਹਿੰਦੂਆਂ ਵਿਚ ਹਿੰਦੂ ਧਰਮ ਦੇ ਪੁਰਾਣਾਂ ਸ਼ਾਸਤ੍ਰਾਂ ਵਾਲੇ ਹੀ ਖ਼ਿਆਲ ਕੁਦਰਤੀ ਤੌਰ ਤੇ ਪ੍ਰਚਲਤ ਸਨ। ਜੂਨਾਂ ਵਿਚ ਪੈਣ ਬਾਰੇ ਜੋ ਖ਼ਿਆਲ ਆਮ ਹਿੰਦੂ ਜਨਤਾ ਵਿਚ ਚੱਲੇ ਹੋਏ ਸਨ ਉਹਨਾਂ ਦਾ ਹੀ ਹਵਾਲਾ ਦੇ ਕੇ ਤ੍ਰਿਲੋਚਨ ਜੀ ਸਮਝਾ ਰਹੇ ਹਨ ਕਿ ਸਾਰੀ ਉਮਰ ਧਨ ਇਸਤ੍ਰੀ ਪੁੱਤਰ ਤੇ ਮਹਲ-ਮਾੜੀਆਂ ਦੇ ਧੰਧਿਆਂ ਵਿਚ ਹੀ ਇਤਨਾ ਖਚਿਤ ਨਾਹ ਰਹੋ ਕਿ ਮਰਨ ਵੇਲੇ ਭੀ ਸੁਰਤਿ ਇਹਨਾਂ ਵਿਚ ਹੀ ਟਿਕੀ ਰਹੇ। ਗ੍ਰਿਹਸਤ-ਜੀਵਨ ਦੀਆਂ ਜ਼ਿੰਮੇਵਾਰੀਆਂ ਇਸ ਤਰੀਕੇ ਨਾਲ ਨਿਭਾਓ ਕਿ ਕਿਰਤ-ਕਾਰ ਕਰਦਿਆਂ ਭੀ "ਅਰੀ ਬਾਈ, ਗੋਬਿੰਦ ਨਾਮੁ ਮਤਿ ਬੀਸਰੈ"; ਤਾਕਿ ਅੰਤ ਵੇਲੇ ਧਨ ਇਸਤ੍ਰੀ ਪੁੱਤਰ ਮਹਲ-ਮਾੜੀਆਂ ਵਿਚ ਸੁਰਤਿ ਭਟਕਣ ਦੇ ਥਾਂ ਮਨ ਪ੍ਰਭੂ-ਚਰਨਾਂ ਵਿਚ ਜੁੜੇ। ਸੋ, ਭਗਤ ਜੀ ਨੇ ਕੋਈ ਕਿਆਫ਼ਾ ਨਹੀਂ ਲਾਇਆ, ਹਿੰਦੂ ਜਨਤਾ ਵਿਚ ਚੱਲੇ ਹੋਏ ਖ਼ਿਆਲਾਂ ਨੂੰ ਹੀ ਉਹਨਾਂ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਹੀ ਸਹੀ ਜੀਵਨ ਦਾ ਰਸਤਾ ਦੱਸ ਰਹੇ ਹਨ।

ਸਾਡੇ ਵੀਰ ਨੇ ਬੜੀ ਕਾਹਲੀ ਵਿਚ ਇਹ ਟੋਕ ਕਰ ਦਿੱਤੀ ਹੈ। ਨਹੀਂ ਤਾਂ ਇਹ ਗੱਲ ਉਸੇ ਤਰ੍ਹਾਂ ਦੀ ਹੀ ਹੈ, ਜਿਵੇਂ ਮੁਸਲਮਾਨਾਂ ਨੂੰ ਸਮਝਾਣ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ ਸ਼ਲੋਕ ਦੀ ਰਾਹੀਂ ਉਹਨਾਂ ਵਿਚ ਚੱਲੇ ਹੋਏ ਖ਼ਿਆਲ ਦਾ ਹਵਾਲਾ ਦੇ ਕੇ ਰੱਬ ਦੀਆਂ ਵਹੀਆਂ ਦਾ ਜ਼ਿਕਰ ਕੀਤਾ ਹੈ:

"ਨਾਨਕ ਆਖੈ ਰੇ ਮਨਾ, ਸੁਣੀਐ ਸਿਖ ਸਹੀ।

ਲੇਖਾ ਰਬੁ ਮੰਗੇਸੀਆ, ਬੈਠਾ ਕਢਿ ਵਹੀ।"੨।੧੩। {ਸਲੋਕ ਮ: , ਰਾਮਕਲੀ ਕੀ ਵਾਰ ਮ:

ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪    ੴ ਸਤਿਗੁਰ ਪ੍ਰਸਾਦਿ ॥ ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥ ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥ ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥ ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥ ਭਵ ਭੂਤ ਭਾਵ ਸਮਬ੍ਯ੍ਯਿਅੰ ਪਰਮੰ ਪ੍ਰਸੰਨਮਿਦੰ ॥੨॥ ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥ ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥ ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥ ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥ ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥ {ਪੰਨਾ 526}

ਨੋਟ: ਭਗਤ ਜੈਦੇਵ ਜੀ ਦਾ ਇਹ ਸ਼ਬਦ ਗੂਜਰੀ ਰਾਗ ਵਿਚ ਹੈ। ਇਸੇ ਹੀ ਰਾਗ ਦੇ ਸ਼ੁਰੂ ਵਿਚ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਹੈ। ਦੋਹਾਂ ਨੂੰ ਆਮ੍ਹੋ ਸਾਹਮਣੇ ਰੱਖ ਕੇ ਪੜ੍ਹੀਏ ਤਾਂ ਪ੍ਰਤੱਖ ਪ੍ਰਤੀਤ ਹੁੰਦਾ ਹੈ ਕਿ ਸ਼ਬਦ ਉਚਾਰਨ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜੈਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ। ਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਹੇਠ ਦਿੱਤਾ ਜਾਂਦਾ ਹੈ:

ਗੂਜਰੀ ਮਹਲਾ ੧ ਘਰੁ ੪

ਭਗਤਿਪ੍ਰੇਮ ਆਰਾਧਿਤੰ, ਸਚੁ ਪਿਆਸ ਪਰਮ ਹਿਤੰ ॥ ਬਿਲਲਾਪ ਬਿਲਲ ਬਿਨੰਤੀਆ, ਸੁਖ ਭਾਇ ਚਿਤ ਹਿਤੰ ॥੧॥ ਜਪਿ ਮਨ ਨਾਮੁ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ, ਰਮ ਨਾਮ ਕਰਿ ਕਰਣੀ ॥੧॥ਰਹਾਉ॥ ਏ ਮਨ ਮਿਰਤ ਸੁਭ ਚਿੰਤੰ, ਗੁਰ ਸਬਦਿ ਹਰਿ ਰਮਣੰ ॥ ਮਤਿ ਤਤੁ ਗਿਆਨੰ, ਕਲਿਆਣ ਨਿਧਾਨੰ, ਹਰਿ ਨਾਮ ਮਨਿ ਰਮਣੰ ॥੨॥ ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿੰਤ ॥ ਥਿਰੁ ਨਾਮੁ ਭਗਤ ਦਿੜੰ ਮਤੀ, ਗੁਰ ਵਾਕਿ ਸਬਦ ਰਤੰ ॥੩॥ ਭਰਮਾਤਿ ਭਰਮੁ ਨ ਚੂਕਈ, ਜਗੁ ਜਨਮਿ ਬਿਆਧਿ ਖਪੰ ॥ ਅਸਥਾਨੁ ਹਰਿ ਨਿਹਕੇਵਲੰ, ਸਤਿ ਮਤੀ ਨਾਮ ਤਪੰ ॥੪॥ ਇਹੁ ਜਗੁ ਮੋਹ ਹੇਤ ਬਿਆਪਿਤੰ, ਦੁਖੁ ਅਧਿਕ ਜਨਮ ਮਰਣੰ ॥ ਭਜੁ ਸਰਣਿ ਸਤਿਗੁਰ ਊਬਰਹਿ, ਹਰਿ ਨਾਮੁ ਰਿਦ ਰਮਣੰ ॥੫॥ ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥ ਸੋ ਮਨੁ ਨਿਰਮਲੁ, ਜਿਤੁ ਸਾਚੁ ਅੰਤਰਿ, ਗਿਆਨ ਰਤਨੁ ਸਾਰੰ ॥੬॥ ਭੈ ਭਾਇ ਭਗਤਿ ਤਰੁ ਭਵਜਲੁ ਮਨਾ, ਚਿਤੁ ਲਾਇ ਹਰਿ ਚਰਣੀ ॥ ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ, ਇਹੁ ਸਰੀਰੁ ਤਉ ਸਰਣੀ ॥੭॥ ਲਬ ਲੋਭ ਲਹਰਿ ਨਿਵਾਰਣੰ, ਹਰਿ ਨਾਮ ਰਾਸਿ ਮਨੰ ॥ ਮਨੁ ਮਾਰਿ ਤੁਹੀ ਨਿਰੰਜਨਾ, ਕਹੁ ਨਾਨਕ ਸਰਨੰ ॥੮॥੧॥੫॥

ਕਈ ਗੱਲਾਂ ਵਿਚ ਇਹ ਸ਼ਬਦ ਆਪੋ ਵਿਚ ਮਿਲਦੇ ਹਨ:

() ਦੋਵੇਂ ਸ਼ਬਦ 'ਘਰੁ ੪' ਵਿਚ ਹਨ।

() ਸੁਰ ਨਾਲ ਦੋਹਾਂ ਨੂੰ ਪੜ੍ਹ ਕੇ ਵੇਖੋ, ਛੰਦ ਦੀ ਚਾਲ ਇੱਕੋ ਜਿਹੀ ਹੈ।

() ਦੋਹਾਂ ਦੀ ਬੋਲੀ ਭੀ ਤਕਰੀਬਨ ਇਕੋ ਜਿਹੀ ਹੈ।

() ਕਈ ਲਫ਼ਜ਼ ਦੋਹਾਂ ਸ਼ਬਦਾਂ ਵਿਚ ਸਾਂਝੇ ਹਨ।

ਦੋਹਾਂ ਸ਼ਬਦਾਂ ਦੀ ਇਸ ਡੂੰਘੀ ਸਾਂਝ ਤੋਂ ਅੰਦਾਜ਼ਾ ਇਹੀ ਲੱਗਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ (ਸੰਨ ੧੫੦੮ ਤੋਂ ਸੰਨ ੧੫੧੫ ਤਕ) ਸਾਰੇ ਹਿੰਦੂ ਤੀਰਥਾਂ ਤੇ ਗਏ ਤਾਂ ਭਗਤ ਜੈਦੇਵ ਜੀ ਦੇ ਜਨਮ-ਨਗਰ ਭੀ ਪਹੁੰਚੇ। ਉਥੋਂ ਭਗਤ ਜੀ ਦਾ ਇਹ ਸ਼ਬਦ ਮਿਲਿਆ; ਇਸ ਨੂੰ ਆਪਣੇ ਆਸ਼ੇ-ਅਨੁਸਾਰ ਵੇਖ ਕੇ ਇਸ ਦਾ ਉਤਾਰਾ ਆਪਣੇ ਪਾਸ ਰੱਖ ਲਿਆ ਤੇ ਇਸੇ ਹੀ ਰੰਗ ਢੰਗ ਦਾ ਸ਼ਬਦ ਆਪਣੇ ਵਲੋਂ ਉਚਾਰ ਕੇ ਇਸ ਸ਼ਬਦ ਨਾਲ ਪੱਕੀ ਡੂੰਘੀ ਸਾਂਝ ਪਾ ਲਈ।

ਕਈ ਸੱਜਣ ਇਹ ਖ਼ਿਆਲ ਕਰਦੇ ਹਨ ਕਿ ਭਗਤਾਂ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਇਕੱਠੀ ਕੀਤੀ ਸੀ। ਪਰ ਜਿਥੋਂ ਤੱਕ ਇਸ ਸ਼ਬਦ ਦਾ ਸੰਬੰਧ ਹੈ, ਇਹ ਸ਼ਬਦ ਹਰ ਹਾਲਤ ਵਿਚ ਗੁਰੂ ਨਾਨਕ ਦੇਵ ਜੀ ਨੇ ਆਪ ਭਗਤ ਜੈਦੇਵ ਜੀ ਦੀ ਜਨਮ-ਭੂਮੀ ਵਲੋਂ ਲਿਆਂਦਾ ਹੈ; ਇਹੀ ਕਾਰਨ ਹੈ ਕਿ ਇਹਨਾਂ ਦੋਹਾਂ ਸ਼ਬਦਾਂ ਵਿਚ ਇਤਨੇ ਨੇੜੇ ਦੀ ਸਾਂਝ ਹੈ।

ਪਦਅਰਥ: ਪਰਮਾਦਿਪਰਮ+ਆਦਿ। ਪਰਮਸਭ ਤੋਂ ਉੱਚਾ। ਆਦਿ—(ਸਭ ਦਾ) ਮੁੱਢ। ਪੁਰਖਮਨੋਪਿਮੰਪੁਰਖੰ+ਅਨੋਪਿਮੰ {पुरूषं+अनुपिमं}ਪੁਰਖਸਭ ਵਿਆਪਕ। ਅਨੋਪਿਮ— {ਅਨ+ਉਪਮ} ਜਿਸ ਵਰਗਾ ਹੋਰ ਕੋਈ ਨਹੀਂ। ਸਤਿਸਦਾ-ਥਿਰ ਰਹਿਣ ਵਾਲਾ। ਆਦਿਆਦਿਕ। ਭਾਵਗੁਣ। ਰਤੰਰੱਤਾ ਹੋਇਆ, ਸੰਯੁਕਤ। ਸਤਿ ਆਦਿ ਭਾਵ ਰਤੰਜਿਸ ਵਿਚ ਥਿਰਤਾ ਆਦਿਕ ਗੁਣ ਮੌਜੂਦ ਹਨ। ਪਰਮਦਭੁਤੰਪਰੰ+ਅਦਭੁਤੰ। ਪਰੰਬਹੁਤ ਹੀ। ਅਦਭੁਤਅਸਚਰਜ। ਪਰਕ੍ਰਿਤਿਪ੍ਰਕ੍ਰਿਤਿ, {प्रकृति}, ਮਾਇਆ। ਪਰਕ੍ਰਿਤਿ ਪਰੰਮਾਇਆ ਤੋਂ ਪਾਰ। ਜਦਿਚਿੰਤਿਜਦ+ਅਚਿੰਤਿ {यत्+अचिन्त्य}ਜਦਜੋ। ਅਚਿੰਤਿ— {अचिन्त्य incomprehensible} ਜਿਸ ਦਾ ਮੁਕੰਮਲ ਸਰੂਪ ਸੋਚਮੰਡਲ ਵਿਚ ਨਹੀਂ ਆ ਸਕਦਾ। ਸਰਬ ਗਤੰਜੋ ਹਰ ਥਾਂ ਅੱਪੜਿਆ ਹੋਇਆ ਹੈ।੧।

ਮਨੋਰਮੰ— {मनोरमं}, ਮਨ ਨੂੰ ਮੋਹਣ ਵਾਲਾ, ਸੁੰਦਰ। ਬਦਿ— {वद् to utter} ਬੋਲ, ਉੱਚਾਰ। ਅੰਮ੍ਰਿਤ ਮਇਅੰਅੰਮ੍ਰਿਤ ਨਾਲ ਭਰਪੂਰ; ਅੰਮ੍ਰਿਤਰੂਪ। ਦਨੋਤਿ— {दुto afflict, ਦੁੱਖ ਦੇਣਾ} ਦੁੱਖ ਦੇਂਦਾ ਹੈ। ਜਸਮਰਣੇਨਜਸ+ਸਮਰਣੇਨ {यस्य+स्मरणेन} ਜਸਜੱਸ, ਜਿਸ ਦਾ। ਸਮਰਣੇਨਸਿਮਰਨ ਕਰਨ ਨਾਲ। ਜਰਾਧਿਜਰਾ+ਆਧਿ। ਜਰਾਬੁਢੇਪਾ। ਆਧਿਰੋਗ, ਮਾਨਸਕ ਰੋਗ। ਭਇਅੰਭਯ, ਡਰ।੧।ਰਹਾਉ।

ਇਛਸਿਇੱਛਸਿ {इच्छसि}, ਜੋ ਤੂੰ ਚਾਹੁੰਦਾ ਹੈਂ। ਜਮਾਦਿਜਮ+ਆਦਿ, ਜਮ ਆਦਿਕ। ਪਰਾਭਯੰ— {Skt. पराभवं, ਪਰਾਭਵੰ। to become. पराभुto defeat.} (ਕਿਸੇ ਨੂੰ) ਜਿੱਤਣਾ, (ਕਿਸੇ ਨੂੰ) ਸ਼ਿਕੱਸਤ ਦੇਣੀ। ਜਸੁਸੋਭਾ, ਵਡਿਆਈ। ਸ੍ਵਸਤਿ {Skt. स्वस्ति} ਕਲਿਆਣ, ਸੁਖ। ਸੁਕ੍ਰਿਤਭਲਾਈ, ਨੇਕ ਕੰਮ। ਸੁਕ੍ਰਿਤ ਕ੍ਰਿਤੰਨੇਕ ਕੰਮ ਕਰਨਾ। ਭਵਹੁਣ ਵਾਲਾ ਸਮਾ। ਭੂਤਗੁਜ਼ਰ ਚੁੱਕਾ ਸਮਾ। ਭਾਵ— {ਭਾਵ੍ਯ} ਆਉਣ ਵਾਲਾ ਸਮਾ। ਸਮਬਿ੍ਹਅੰਸੰ+ਅਬਿ੍ਹਅੰ {सं+अव्यवं; ਸੰ: +ਅਵ੍ਯਯੰ। ਵ੍ਯਯੰ=ਬਿ੍ਹਅ, ਨਾਸ। ਅਵ੍ਯਯ=ਅਬਿ੍ਹਅ, ਨਾਸ ਰਹਿਤ। ਸੰਪੂਰਨ ਤੌਰ ਤੇ} ਪੂਰਨ ਤੌਰ ਤੇ ਨਾਸਰਹਿਤ। ਪ੍ਰਸੰਨਮਿਦੰਪ੍ਰਸੰਨੰ+ਇਦੰ, {प्रसन्नं+इदं}ਇਦੰਇਹ (ਪਰਮਾਤਮਾ)੨। ਲੋਭਾਦਿਲੋਭ+ਆਦਿ, ਲੋਭ ਆਦਿਕ। ਦ੍ਰਿਸਟਿਨਜ਼ਰ। ਗ੍ਰਿਹਘਰ। ਪਰਪਰਾਇਆ। ਜਦਿਬਿਧਿਜਦ+ਅਬਿਧਿ {यत्+अविधि}ਜਦ— {यत्} ਜੋ। ਅਬਿਧਿ+ਬਿਧਿ, ਵਿਧੀ ਦੇ ਉਲਟ, ਮਰਯਾਦਾ ਦੇ ਵਿਰੁੱਧ, ਮੰਦਾ। ਅਬਿਧਿ ਆਚਰਨਮੰਦਾ ਆਚਰਨ। ਤਜਿਛੱਡ ਦੇਹ। ਸਕਲਸਾਰੇ। ਦੁਹਕ੍ਰਿਤਦੁਹ+ਕ੍ਰਿਤ, ਭੈੜੇ ਕੰਮ। ਦੁਰਮਤੀਭੈੜੀ ਮੱਤ। ਭਜੁਜਾਓ, ਪਵੋ। ਚਕ੍ਰਧਰਚੱਕ੍ਰਧਾਰੀ, ਸੁਦਰਸ਼ਨ ਚੱਕ੍ਰਧਾਰੀ, ਉਹ ਪ੍ਰਭੂ ਜਿਸ ਦੇ ਹੱਥ ਵਿਚ ਸੁਦਰਸ਼ਨ ਚੱਕ੍ਰ ਹੈ, ਉਹ ਪ੍ਰਭੂ ਜੋ ਸਭ ਨੂੰ ਨਾਸ ਭੀ ਕਰ ਸਕਦਾ ਹੈ।੩।

ਹਰਿ ਭਗਤ ਨਿਜਹਰੀ ਦੇ ਨਿਜ ਭਗਤ, ਪ੍ਰਭੂ ਦੇ ਆਪਣੇ ਭਗਤ, ਪ੍ਰਭੂ ਦੇ ਪਿਆਰੇ ਭਗਤ। ਨਿਹਕੇਵਲ {निस्+कैवल्य} ਪੂਰਨ ਤੌਰ ਤੇ ਪਵਿਤ੍ਰ। ਕਰਮਣਾ— {कर्मणाin action। ਸੰਸਕ੍ਰਿਤ ਲਫ਼ਜ਼ 'ਕਰਮਨ' (कर्मन्) ਤੋਂ 'ਕਰਮਣਾ' (कमर्णा) ਕਰਣ ਕਾਰਕ Instrumental case ਇਕ-ਵਚਨ ਹੈ} ਕੰਮ ਦੀ ਰਾਹੀਂ ਕਰਤੂਤ ਤੋਂ। ਬਚਸਾ— {बचसा। ਸੰਸਕ੍ਰਿਤ ਦੇ ਲਫ਼ਜ਼ 'ਵਚਸ' (वचस्) ਤੋਂ 'ਵਚਸਾ' ਕਰਣ ਕਾਰਕ ਇਕ-ਵਚਨ} ਬਚਨ ਦੀ ਰਾਹੀਂ, (in word। ਕਿੰਕੀਹ ਲਾਭ ਹੈ? (ਨੋਟ: ਜਦੋਂ ਸੰਸਕ੍ਰਿਤ ਲਫ਼ਜ਼ 'ਕਿੰ' ਦਾ ਅਰਥ ਹੋਵੇ 'ਇਸ ਦਾ ਕੀਹ ਲਾਭ ਹੈ? ਕੋਈ ਲਾਭ ਨਹੀਂ' ਤਾਂ ਜਿਸ ਲਫ਼ਜ਼ ਨਾਲ ਇਹ ਵਰਤਿਆ ਜਾਂਦਾ ਹੈ ਉਸ ਨੂੰ ਕਰਣ ਕਾਰਕ Instrumental case ਵਿਚ ਲਿਖੀਦਾ ਹੈ। ਤਾਹੀਏਂ ਲਫ਼ਜ਼ ਜੋਗੇਨ, ਜਗੇਨ, ਦਾਨੇਨ ਅਤੇ 'ਤਪਸਾ' ਕਰਣ ਕਾਰਕ ਵਿਚ ਵਰਤੇ ਗਏ ਹਨ। ਤਪਸਾ— {ਲਫ਼ਜ਼ 'ਵਚਸਾ' ਵਾਂਗ 'ਤਪਸਾ' ਭੀ ਕਰਣ ਕਾਰਕ ਇਕ-ਵਚਨ ਹੈ, ਅਸਲ ਲਫ਼ਜ਼ ਹੈ 'ਤਪਸ' (तपस्)} ਤਪ ਦੀ ਰਾਹੀਂ। ਤਪਸਾ ਕਿੰਤਪ ਦੀ ਰਾਹੀਂ ਕੀਹ ਲਾਭ? ਤਪ ਕਰਨ ਤੋਂ ਕੋਈ ਲਾਭ ਨਹੀਂ।੪।

ਗੋਬਿੰਦੇਤਿਗੋਬਿੰਦ+ਇਤਿ। ਇਤਿਇਹ, ਇਉਂ। ਨਰਹੇ ਨਰ! ਸਕਲ ਸਿਧਿ ਪਦੰਸਾਰੀਆਂ ਸਿੱਧੀਆਂ ਦਾ ਟਿਕਾਣਾ। ਤਸਤੱਸ੍ਯ, ਉਸ ਦੀ (ਸਰਨ। ਸਫੁਟੰਪ੍ਰਤੱਖ ਤੌਰ ਤੇ, ਖੁਲ੍ਹਮ ਖੁਲ੍ਹਾ।੫।੧।

ਅਰਥ: (ਹੇ ਭਾਈ!) ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ, ਜੋ ਅੰਮ੍ਰਿਤ-ਭਰਪੂਰ ਹੈ, ਜੋ ਅਸਲੀਅਤ-ਰੂਪ ਹੈ, ਅਤੇ ਜਿਸ ਦੇ ਸਿਮਰਨ ਨਾਲ ਜਨਮ ਮਰਨ, ਬੁਢੇਪਾ, ਚਿੰਤਾ, ਫ਼ਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦੇਂਦਾ।੧।ਰਹਾਉ।

ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ, ਸਭ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਉਸ ਵਿਚ ਥਿਰਤਾ ਆਦਿਕ (ਸਾਰੇ) ਗੁਣ ਮੌਜੂਦ ਹਨ; ਉਹ ਪ੍ਰਭੂ ਬਹੁਤ ਹੀ ਅਸਚਰਜ ਹੈ, ਮਾਇਆ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਪ ਸੋਚ-ਮੰਡਲ ਵਿਚ ਨਹੀਂ ਆ ਸਕਦਾ, ਅਤੇ ਉਹ ਹਰ ਥਾਂ ਅੱਪੜਿਆ ਹੋਇਆ ਹੈ।੧।

(ਹੇ ਭਾਈ!) ਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈਂ, ਜੇ ਤੂੰ ਸੋਭਾ ਤੇ ਸੁਖ ਚਾਹੁੰਦਾ ਹੈਂ ਤਾਂ ਲੋਭ ਆਦਿਕ (ਵਿਕਾਰ) ਛੱਡ ਦੇਹ, ਪਰਾਏ ਘਰ ਵਲ ਤੱਕਣਾ ਛੱਡ ਦੇ, ਉਹ ਆਚਰਨ ਤਜ ਦੇਹ ਜੋ ਮਰਯਾਦਾ ਦੇ ਉਲਟ ਹੈ ਸਾਰੇ ਮੰਦੇ ਕੰਮ ਛੱਡ ਦੇਹ, ਹੁਰਮਤਿ ਤਿਆਗ ਦੇਹ, ਅਤੇ ਉਸ ਪ੍ਰਭੂ ਦੀ ਸਰਨ ਪਉ ਜੋ ਸਭ ਨੂੰ ਨਾਸ ਕਰਨ ਦੇ ਸਮਰੱਥ ਹੈ, ਜੋ ਹੁਣ ਪਿਛਲੇ ਸਮੇ ਤੇ ਅਗਾਂਹ ਲਈ ਸਦਾ ਹੀ ਪੂਰਨ ਤੌਰ ਤੇ ਨਾਸ-ਰਹਿਤ ਹੈ ਜੋ ਸਭ ਤੋਂ ਉੱਚੀ ਹਸਤੀ ਹੈ, ਤੇ ਜੋ ਸਦਾ ਖਿੜਿਆ ਰਹਿੰਦਾ ਹੈ।੨, ੩।

ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਤੋਂ ਪਵਿਤ੍ਰ ਹੁੰਦੇ ਹਨ। (ਭਾਵ, ਭਗਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕੰਮ ਵੀ ਪਵਿਤ੍ਰ ਹੁੰਦੇ ਹਨ); ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ? (ਭਾਵ, ਭਗਤ ਜਾਣਦੇ ਹਨ ਕਿ ਜੋਗ-ਸਾਧਨ, ਜੱਗ, ਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲੀ ਕਰਣੀ ਹੈ)੪।

ਹੇ ਭਾਈ! ਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ, ਉਹੀ ਸਾਰੀਆਂ ਸਿੱਧੀਆਂ ਦਾ ਖ਼ਜ਼ਾਨਾ ਹੈ। ਜੈਦੇਵ ਭੀ ਹੋਰ ਆਸਰੇ ਸਾਰੇ ਛੱਡ ਕੇ ਉਸੇ ਦੀ ਸਰਨ ਆਇਆ ਹੈ, ਉਹ ਹੁਣ ਭੀ, ਪਿਛਲੇ ਸਮੇ ਭੀ (ਅਗਾਂਹ ਨੂੰ ਭੀ) ਹਰ ਵੇਲੇ ਹਰ ਥਾਂ ਮੌਜੂਦ ਹੈ।੫।੧।

ਨੋਟ: ਭਗਤ-ਬਾਣੀ ਦਾ ਵਿਰੋਧੀ ਸੱਜਣ ਇਸ ਸ਼ਬਦ ਬਾਰੇ ਲਿਖਦਾ ਹੈ ਕਿ ਇਸ ਸ਼ਬਦ ਅੰਦਰ ਵਿਸ਼ਨੂੰ-ਭਗਤੀ ਦਾ ਉਪਦੇਸ਼ ਹੈ। ਇਹ ਅੰਦਾਜ਼ਾ ਲਫ਼ਜ਼ 'ਚਕ੍ਰਧਰ' ਤੋਂ ਲਾਇਆ ਗਿਆ ਜਾਪਦਾ ਹੈ। ਪਰ ਬਾਕੀ ਦੇ ਲਫ਼ਜ਼ ਪੜ੍ਹ ਕੇ ਵੇਖੋ। 'ਰਹਾਉ' ਵਾਲੀ ਤੁਕ ਵਿਚ ਹੀ ਭਗਤ ਜੀ ਆਖਦੇ ਹਨ 'ਕੇਵਲ ਰਾਮ ਨਾਮ ਮਨੋਰਮੰ। ਬਦਿ ਅੰਮ੍ਰਿਤ ਤਤ ਮਇਅੰ'ਤੇ, 'ਰਹਾਉ' ਦੀਆਂ ਤੁਕਾਂ ਵਿਚ ਦਿੱਤੇ ਹੋਏ ਖ਼ਿਆਲ ਦੀ ਹੀ ਵਿਆਖਿਆ ਸਾਰੇ ਸ਼ਬਦ ਵਿਚ ਹੋਇਆ ਕਰਦੀ ਹੈ। ਇਸੇ 'ਰਾਮ ਨਾਮ' ਵਾਸਤੇ ਜੈਦੇਵ ਜੀ ਸ਼ਬਦ ਦੇ ਬਾਕੀ ਦੇ ਬੰਦਾਂ ਵਿਚ ਹੇਠ ਲਿਖੇ ਲਫ਼ਜ਼ ਵਰਤਦੇ ਹਨ-ਪਰਮਾਦਿ ਪੁਰਖ, ਅਨੋਪਿਮ, ਪਰਮ-ਅਦਭੁਤ, ਪਰਕ੍ਰਿਤਿ-ਪਰ, ਚਕ੍ਰਧਰ, ਹਰਿ, ਗੋਬਿੰਦ, ਸਰਬ-ਗਤ। ਸਾਫ਼ ਪਰਤੱਖ ਹੈ ਕਿ ਸਰਬ-ਵਿਆਪਕ ਅਕਾਲ ਪੁਰਖ ਦੀ ਭਗਤੀ ਦਾ ਉਪਦੇਸ਼ ਕਰ ਰਹੇ ਹਨ।

ਇਸੇ ਸ਼ਬਦ ਨਾਲ ਗੁਰੂ ਅਰਜਨ ਸਾਹਿਬ ਦਾ ਹੇਠ ਲਿਖਿਆ ਸ਼ਬਦ ਭੀ ਰਲਾ ਕੇ ਪੜ੍ਹੋ, ਕੈਸੀ ਸੁਆਦਲੀ ਸਾਂਝ ਦਿੱਸਦੀ ਹੈ, ਤੇ ਭਗਤ ਜੀ ਦੇ ਸ਼ਬਦ ਤੋਂ ਤ੍ਰਭਕਣ ਵਾਲੀ ਕੋਈ ਗੁੰਝੈਸ਼ ਨਹੀਂ ਜਾਪਦੀ।

ਗੂਜਰੀ ਮਹਲਾ ੫ ਘਰੁ ੪

ਨਾਥ ਨਰਹਰ ਦੀਨ ਬੰਧਵ, ਪਤਿਤ ਪਾਵਨ ਦੇਵ। ਭੈਤ੍ਰਾਸਨਾਸ ਕ੍ਰਿਪਾਲ ਗੁਣਨਿਧਿ, ਸਫਲ ਸੁਆਮੀ ਸੇਵ।੧। ਹਰਿ ਗੋਪਾਲ ਗੁਰ ਗੋਬਿੰਦ। ਚਰਣ ਸਰਣ ਦਇਆਲ ਕੇਸਵ, ਮੁਰਾਰਿ ਮਨ ਮਕਰੰਦ। ਜਨਮ ਮਰਨ ਨਿਵਾਰਿ ਧਰਣੀਧਰ, ਪਤਿ ਰਾਖੁ ਪਰਮਾਨੰਦ।੨। ਜਲਤ ਅਨਤ ਤਰੰਗ ਮਾਇਆ, ਗੁਰ ਗਿਆਨ ਹਰਿ ਰਿਦ ਮੰਤ। ਛੇਦਿ ਅਹੰਬੁਧਿ ਕਰੁਣਾਮੈ, ਚਿੰਤ ਮੇਟਿ ਪੁਰਖ ਅਨੰਤ।੩।.....

ਧਨਾਢਿ ਆਢਿ ਭੰਡਾਰ ਹਰਿ ਨਿਧਿ, ਹੋਤ ਜਿਨਾ ਨ ਚੀਰ। ਮੁਗਧ ਮੂੜ ਕਟਾਖ੍ਹ੍ਹ ਸ੍ਰੀਧਰ, ਭਏ ਗੁਣ ਮਤਿ ਧੀਰ।੬।.....

ਦੇਤ ਦਰਸਨੁ ਸ੍ਰਵਨ ਹਰਿ ਜਸੁ, ਰਸਨ ਨਾਮ ਉਚਾਰ। ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ।੮।੧।੨।੫।

TOP OF PAGE

Sri Guru Granth Darpan, by Professor Sahib Singh