ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 525

ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਜੌ ਰਾਜੁ ਦੇਹਿ ਤ ਕਵਨ ਬਡਾਈ ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥ ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥ ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥ ਸਭ ਤੈ ਉਪਾਈ ਭਰਮ ਭੁਲਾਈ ॥ ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥ ਸਤਿਗੁਰੁ ਮਿਲੈ ਤ ਸਹਸਾ ਜਾਈ ॥ ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥ ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥ {ਪੰਨਾ 525}

ਪਦਅਰਥ: ਜੌਜੇਕਰ। ਭੀਖ ਮੰਗਾਵਹਿਮੈਥੋਂ ਭਿੱਖ ਮੰਗਾਏਂ, ਮੈਨੂੰ ਮੰਗਤਾ ਬਣਾ ਦੇਵੇਂ, ਮੈਨੂੰ ਕੰਗਾਲ ਕਰ ਦੇਵੇਂ।੧।

ਪਦੁਦਰਜਾ, ਮੁਕਾਮ। ਨਿਰਬਾਨੁਵਾਸ਼ਨਾ ਰਹਿਤ, ਜਿੱਥੇ ਦੁਨੀਆ ਦੀ ਕੋਈ ਵਾਸ਼ਨਾ ਨ ਫੁਰੇ। ਬਹੁਰਿਫਿਰ, ਮੁੜ ਕੇ।੧।ਰਹਾਉ।

ਤੈ—(ਹੇ ਪ੍ਰਭੂ!) ਤੂੰ। ਉਪਾਈਪੈਦਾ ਕੀਤੀ। ਬੁਝਾਈਸਮਝ, ਸੂਝ।੨।

ਸਹਸਾਦਿਲ ਦੀ ਘਬਰਾਹਟ। ਜਾਈਦੂਰ ਹੋ ਜਾਂਦੀ ਹੈ।੩।

ਭਾਉਪਿਆਰ। ਪਾਉਪੈਰ। ਦੇਉਦੇਵਤਾ।੪।

ਅਰਥ: (ਸੁਖ ਮੰਗਣ ਲਈ ਤੇ ਦੁੱਖਾਂ ਤੋਂ ਬਚਣ ਲਈ, ਅੰਞਾਣ ਲੋਕ ਆਪਣੀ ਹੀ ਹੱਥੀਂ ਪੱਥਰਾਂ ਤੋਂ ਘੜੇ ਹੋਏ ਦੇਵਤਿਆਂ ਅੱਗੇ ਨੱਕ ਰਗੜਦੇ ਹਨ; ਪਰ) ਹੇ ਮੇਰੇ ਮਨ! ਤੂੰ ਇੱਕ ਪ੍ਰਭੂ ਨੂੰ ਸਿਮਰ; ਉਹੀ ਵਾਸ਼ਨਾ-ਰਹਿਤ ਅਵਸਥਾ (ਦੇਣ ਵਾਲਾ) ਹੈ, (ਉਸ ਦਾ ਸਿਮਰਨ ਕੀਤਿਆਂ) ਫਿਰ ਤੇਰਾ (ਜਗਤ ਵਿਚ) ਜੰਮਣਾ ਮਰਨਾ ਮਿਟ ਜਾਇਗਾ।੧।ਰਹਾਉ।

(ਹੇ ਮਨ! ਇੱਕ ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ!) ਜੇ ਤੂੰ ਮੈਨੂੰ ਰਾਜ (ਭੀ) ਦੇ ਦੇਵੇਂ, ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ ਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ, ਤਾਂ ਮੇਰਾ ਕੁਝ ਘਟ ਨਹੀਂ ਜਾਣਾ। (ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ ਤੇ ਭਰਮਾਂ ਵਿਚ ਕੁਰਾਹੇ ਪਾਈ ਹੋਈ ਹੈ, ਜਿਸ ਜੀਵ ਨੂੰ ਤੂੰ ਆਪ ਮੱਤ ਦੇਂਦਾ ਹੈਂ ਉਸੇ ਨੂੰ ਮੱਤ ਆਉਂਦੀ ਹੈ।੧, ੨।

(ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਮਿਲ ਪਏ (ਦੁੱਖਾਂ ਸੁਖਾਂ ਬਾਰੇ) ਉਸ ਦੇ ਦਿਲ ਦੀ ਘਬਰਾਹਟ ਦੂਰ ਹੋ ਜਾਂਦੀ ਹੈ (ਤੇ ਉਹ ਆਪਣੇ ਹੀ ਘੜੇ ਹੋਏ ਦੇਵਤਿਆਂ ਅੱਗੇ ਨੱਕ ਨਹੀਂ ਰਗੜਦਾ ਫਿਰਦਾ)(ਮੈਨੂੰ ਗੁਰੂ ਨੇ ਸੂਝ ਬਖ਼ਸ਼ੀ ਹੈ) ਪ੍ਰਭੂ ਤੋਂ ਬਿਨਾ ਕੋਈ ਹੋਰ (ਦੁੱਖ ਸੁਖ ਦੇਣ ਵਾਲਾ) ਮੈਨੂੰ ਦਿੱਸਦਾ ਹੀ ਨਹੀਂ, (ਇਸ ਵਾਸਤੇ) ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ।੩।

(ਕਿਆ ਅਜਬ ਗੱਲ ਹੈ ਕਿ) ਇਕ ਪੱਥਰ (ਨੂੰ ਦੇਵਤਾ ਬਣਾ ਕੇ ਉਸ) ਨਾਲ ਪਿਆਰ ਕੀਤਾ ਜਾਂਦਾ ਹੈ ਤੇ ਦੂਜੇ ਪੱਥਰਾਂ ਉੱਤੇ ਪੈਰ ਧਰਿਆ ਜਾਂਦਾ ਹੈ। ਜੇ ਉਹ ਪੱਥਰ (ਜਿਸ ਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ ਤਾਂ ਦੂਜਾ ਪੱਥਰ ਭੀ ਦੇਵਤਾ ਹੈ (ਉਸ ਨੂੰ ਕਿਉਂ ਪੈਰਾਂ ਹੇਠ ਲਤਾੜੀਦਾ ਹੈ? ਪਰ) ਨਾਮਦੇਉ ਆਖਦਾ ਹੈ (ਅਸੀ ਕਿਸੇ ਪੱਥਰ ਨੂੰ ਦੇਵਤਾ ਥਾਪ ਕੇ ਉਸ ਦੀ ਪੂਜਾ ਕਰਨ ਨੂੰ ਤਿਆਰ ਨਹੀਂ), ਅਸੀ ਤਾਂ ਪਰਮਾਤਮਾ ਦੀ ਬੰਦਗੀ ਕਰਦੇ ਹਾਂ।੪।੧।

ਨੋਟ: ਕੀ ਅਸਾਂ ਨਾਮਦੇਵ ਜੀ ਦੇ ਇਹਨਾਂ ਲਫ਼ਜ਼ਾਂ ਉੱਤੇ ਇਤਬਾਰ ਕਰਨਾ ਹੈ, ਜਾਂ, ਸੁਆਰਥੀ ਲੋਕਾਂ ਦੀਆਂ ਘੜੀਆਂ ਕਹਾਣੀਆਂ ਉੱਤੇ?

ਗੂਜਰੀ ਘਰੁ ੧ ॥ ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥ ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥ ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥ ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥ ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥ ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥ ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥ {ਪੰਨਾ 525}

ਪਦਅਰਥ: ਮਲੈਮਲ ਦਾ, ਮੈਲ ਦਾ। ਲਾਛੈਲਾਂਛਣ, ਦਾਗ਼, ਨਿਸ਼ਾਨ। ਪਾਰਮਲੋਪਾਰ ਮਲ, ਮਲਰਹਿਤ। ਪਰਮਲੀਓ— {Skt. परिमल, ਪਰਿਮਲ} ਸੁਗੰਧੀ। ਰੀਹੇ ਭੈਣ! ਕਵਨੈਕਵਨ, ਕੌਣ? ਰੀ ਬਾਈਹੇ ਭੈਣ!੧।

ਕਹੈਬਿਆਨ ਕਰ ਸਕਦਾ ਹੈ। ਕਿਣਿਕਿਸ ਨੇ? ਰਮਈਆਸੋਹਣਾ ਰਾਮ। ਆਕੁਲੁ— {Skt. अःसमन्नात् कुलं यस्य; ਜਿਸ ਦੀ ਕੁਲ ਚਾਰ ਚੁਫੇਰੇ ਹੈ} ਜੋ ਹਰ ਥਾਂ ਮੌਜੂਦ ਹੈ, ਸਰਬਵਿਆਪਕ।੧।ਰਹਾਉ।

ਨਿਰਖਿਓ ਨ ਜਾਈਵੇਖਿਆ ਨਹੀਂ ਜਾ ਸਕਦਾ। ਮਾਝੈਵਿਚ। ਮਾਰਗੁਰਸਤਾ।੨।

ਆਕਾਸੈਆਕਾਸ਼ ਵਿਚ, {Skt. आकाशFree space, place in general} ਖੁਲ੍ਹੇ ਥਾਂ, ਮੈਦਾਨ ਵਿਚ। ਘੜੂਅਲੋਪਾਣੀ ਦਾ ਘੜਾ, (ਭਾਵ, ਪਾਣੀ। ਮ੍ਰਿਗ ਤ੍ਰਿਸਨਾਠਗਨੀਰਾ, ਉਹ ਪਾਣੀ ਜੋ ਤਿਹਾਏ ਹਰਨ ਨੂੰ ਰੇਤਲੇ ਥਾਂ ਜਾਪਦਾ ਹੈ {ਮ੍ਰਿਗਹਰਨ। ਤ੍ਰਿਸਨਾਪਿਆਸ}ਮ੍ਰਿਗ ਤ੍ਰਿਸਨਾ ਘੜੂਅਲੋਤਿਹਾਏ ਹਰਨ ਦਾ ਪਾਣੀ, ਮ੍ਰਿਗਤ੍ਰਿਸਨਾ ਦਾ ਜਲ। ਚੇਦੇ। ਬੀਠਲੋ— {Skt. विष्ठलवि+ स्थल ਪਰੇ ਖਲੋਤਾ ਹੋਇਆ} ਮਾਇਆ ਤੋਂ ਨਿਰਾਲਾ, ਨਿਰਲੇਪ ਪ੍ਰਭੂ। ਜਿਨਿਜਿਸ (ਬੀਠਲ) ਨੇ। ਤੀਨੈਤਿੰਨੇ ਤਾਪ। ਜਰਿਆਸਾੜ ਦਿੱਤੇ ਹਨ।੩।

ਅਰਥ: ਹੇ ਭੈਣ! ਮੇਰਾ ਸੋਹਣਾ ਰਾਮ ਹਰ ਥਾਂ ਵਿਆਪਕ ਹੈ, ਪਰ ਕੋਈ ਜੀਵ ਭੀ (ਉਸ ਦਾ ਮੁਕੰਮਲ ਸਰੂਪ) ਬਿਆਨ ਨਹੀਂ ਕਰ ਸਕਦਾ, ਕਿਸੇ ਨੇ ਭੀ (ਉਸ ਦੇ ਮੁਕੰਮਲ ਸਰੂਪ ਨੂੰ) ਨਹੀਂ ਸਮਝਿਆ।੧।ਰਹਾਉ।

ਹੇ ਭੈਣ! ਉਸ ਸੋਹਣੇ ਰਾਮ ਨੂੰ ਮੈਲ ਦਾ ਦਾਗ਼ ਤੱਕ ਨਹੀਂ ਹੈ, ਉਹ ਮੈਲ ਤੋਂ ਪਰੇ ਹੈ, ਉਹ ਰਾਮ ਤਾਂ ਸੁਗੰਧੀ (ਵਾਂਗ) ਸਭ ਜੀਵਾਂ ਵਿਚ ਆ ਕੇ ਵੱਸਦਾ ਹੈ, (ਭਾਵ, ਜਿਵੇਂ ਸੁਗੰਧੀ ਫੁੱਲਾਂ ਵਿਚ ਹੈ। ਹੇ ਭੈਣ! ਉਸ ਸੋਹਣੇ ਰਾਮ ਨੂੰ ਕਦੇ ਕਿਸੇ ਨੇ ਜੰਮਦਾ ਨਹੀਂ ਵੇਖਿਆ, ਕੋਈ ਨਹੀਂ ਜਾਣਦਾ ਕਿ ਉਹ ਕਿਹੋ ਜਿਹਾ ਹੈ।੧।

ਜਿਵੇਂ ਆਕਾਸ਼ ਵਿਚ ਪੰਛੀ ਉੱਡਦਾ ਹੈ, ਪਰ ਉਸ ਦੇ ਉੱਡਣ ਵਾਲੇ ਰਸਤੇ ਦਾ ਖੁਰਾ-ਖੋਜ ਵੇਖਿਆ ਨਹੀਂ ਜਾ ਸਕਦਾ; ਜਿਵੇਂ ਮੱਛੀ ਪਾਣੀ ਵਿਚ ਤਰਦੀ ਹੈ, ਪਰ (ਜਿਸ ਰਸਤੇ ਤਰਦੀ ਹੈ) ਉਹ ਰਾਹ ਵੇਖਿਆ ਨਹੀਂ ਜਾ ਸਕਦਾ (ਭਾਵ, ਅੱਖਾਂ ਅੱਗੇ ਕਾਇਮ ਨਹੀਂ ਕੀਤਾ ਜਾ ਸਕਦਾ, ਤਿਵੇਂ ਉਸ ਪ੍ਰਭੂ ਦਾ ਮੁਕੰਮਲ ਸਰੂਪ ਬਿਆਨ ਨਹੀਂ ਹੋ ਸਕਦਾ)੨।

ਜਿਵੇਂ ਖੁਲ੍ਹੇ ਥਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿੱਸਦਾ ਹੈ (ਅਗਾਂਹ ਅਗਾਂਹ ਤੁਰੇ ਜਾਈਏ, ਪਰ ਉਸ ਦਾ ਟਿਕਾਣਾ ਲੱਭਦਾ ਨਹੀਂ, ਇਸੇ ਤਰ੍ਹਾਂ ਪ੍ਰਭੂ ਦਾ ਖ਼ਾਸ ਟਿਕਾਣਾ ਨਹੀਂ ਲੱਭਦਾ; ਉਂਞ) ਨਾਮਦੇਵ ਦੇ ਖਸਮ ਬੀਠਲ ਜੀ ਐਸੇ ਹਨ ਜਿਸ ਨੇ ਮੇਰੇ ਤਿੰਨੇ ਤਾਪ ਸਾੜ ਦਿੱਤੇ ਹਨ।੩।੨।

ਨੋਟ: ਨਾਮਦੇਵ ਜੀ ਦੀ ਬਾਣੀ ਵਿਚ ਨਿਰਾ 'ਬੀਠਲ' ਲਫ਼ਜ਼ ਵੇਖ ਕੇ ਇਹ ਫ਼ਰਜ਼ ਕਰ ਲੈਣਾ ਭਾਰੀ ਭੁੱਲ ਹੈ ਕਿ ਭਗਤ ਜੀ ਕਿਸੇ ਮੂਰਤੀ ਦੇ ਉਪਾਸ਼ਕ ਸਨ। ਉਹਨਾਂ ਨੇ ਆਪਣੇ 'ਬੀਠਲ' ਦਾ ਜੋ ਸਰੂਪ ਇੱਥੇ ਬਿਆਨ ਕੀਤਾ ਹੈ, ਕੀ ਉਹ ਕਿਸੇ ਮੂਰਤੀ ਦਾ ਹੈ ਜਾਂ ਸਰਬ-ਵਿਆਪਕ ਪਰਮਾਤਮਾ ਦਾ? ਫਿਰ, ਲੋਕਾਂ ਦੀ ਘੜੀ ਹੋਈ ਕਹਾਣੀ ਕਿਉਂ ਇਸ ਬਾਣੀ ਨਾਲੋਂ ਵਧੀਕ ਇਤਬਾਰ-ਜੋਗ ਹੈ?

ਸ਼ਬਦ ਦਾ ਭਾਵ: ਪਰਮਾਤਮਾ ਸਰਬ-ਵਿਆਪਕ ਹੈ, ਅਕੱਥ ਹੈ। ਉਸ ਦਾ ਖ਼ਾਸ ਟਿਕਾਣਾ ਲੱਭ ਨਹੀਂ ਸਕਦਾ।

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩    ੴ ਸਤਿਗੁਰ ਪ੍ਰਸਾਦਿ ॥ ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥ ਪੂਜਾ ਅਰਚਾ ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥ {ਪੰਨਾ 525}

ਪਦਅਰਥ: ਬਛਰੈਵੱਛੇ ਨੇ। ਥਨਹੁਥਣਾਂ ਤੋਂ (ਹੀ। ਬਿਟਾਰਿਓਜੂਠਾ ਕਰ ਦਿੱਤਾ। ਭਵਰਿਭਵਰ ਨੇ। ਮੀਨਿਮੀਨ ਨੇ, ਮੱਛੀ ਨੇ।੧।

ਮਾਈਹੇ ਮਾਂ! ਕਹਾਕਿਥੋਂ? ਲੈਲੈ ਕੇ। ਚਰਾਵਉਮੈਂ ਭੇਟ ਕਰਾਂ। ਅਨੂਪੁ— {ਅਨ+ਊਪੁ} ਜਿਸ ਵਰਗਾ ਹੋਰ ਕੋਈ ਨਹੀਂ, ਸੁੰਦਰ। ਨ ਪਾਵਉਮੈਂ ਹਾਸਲ ਨਹੀਂ ਕਰ ਸਕਾਂਗਾ।੧।ਰਹਾਉ।

ਮੈਲਾਗਰ— {ਮਲਯ+ਅਗਰ} ਮਲਯ ਪਰਬਤ ਉੱਤੇ ਉੱਗੇ ਹੋਏ ਚੰਦਨ ਦੇ ਬੂਟੇ। ਬੇਰ੍ਹੇਵੇੜ੍ਹੇ ਹੋਏ, ਲਪੇਟੇ ਹੋਏ। ਭੁਇਅੰਗਾਸੱਪ। ਬਿਖੁਜ਼ਹਿਰ। ਇਕ ਸੰਗਾਇਕੱਠੇ।੨।

ਦੀਪਦੀਵਾ। ਨਈਬੇਦ— {ਸੰ: नैवेद्य An offering of eatables presented to deity or idol} ਕਿਸੇ ਬੁੱਤ ਜਾਂ ਦੇਵੀ ਦੇਵਤੇ ਅੱਗੇ ਖਾਣ ਵਾਲੀਆਂ ਚੀਜ਼ਾਂ ਦੀ ਭੇਟਾ। ਬਾਸਾਬਾਸਨਾ, ਸੁਗੰਧੀ।੩।

ਅਰਪਉਅਰਪਉਂ, ਮੈਂ ਅਰਪ ਦਿਆਂ, ਮੈਂ ਭੇਟਾ ਕਰਾਂ। ਚਰਾਵਉਭੇਟਾ।੪।

ਅਰਚਾਮੂਰਤੀ ਆਦਿਕ ਦੀ ਪੂਜਾ, ਮੂਰਤੀ ਆਦਿਕ ਅੱਗੇ ਸਿਰ ਨਿਵਾਉਣਾ, ਮੂਰਤੀ ਨੂੰ ਸਿੰਗਾਰਨਾ। ਆਹਿ ਨਨਹੀਂ ਹੋ ਸਕੀ। ਕਹਿਕਹੈ, ਆਖਦਾ ਹੈ। ਕਵਨ ਗਤਿਕੀਹ ਹਾਲ?੫।

ਅਰਥ: ਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ; ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ (ਸੋ, ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾਹ ਰਹਿ ਗਏ)੧।

ਹੇ ਮਾਂ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ)ਕੀ ਮੈਂ (ਇਸ ਘਾਟ ਕਰ ਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ?੧।ਰਹਾਉ।

ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ (ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ), ਜ਼ਹਿਰ ਤੇ ਅੰਮ੍ਰਿਤ (ਭੀ ਸਮੁੰਦਰ ਵਿਚ) ਇਕੱਠੇ ਹੀ ਵੱਸਦੇ ਹਨ।੨।

ਸੁਗੰਧੀ ਆ ਜਾਣ ਕਰ ਕੇ ਧੂਪ ਦੀਪ ਤੇ ਨੈਵੇਦ ਭੀ (ਜੂਠੇ ਹੋ ਜਾਂਦੇ ਹਨ), (ਫਿਰ ਹੇ ਪ੍ਰਭੂ! ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ) ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ?੩।

(ਹੇ ਪ੍ਰਭੂ!) ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ; (ਇਸੇ ਭੇਟਾ ਨਾਲ ਹੀ) ਸਤਿਗੁਰ ਦੀ ਮਿਹਰ ਦੀ ਬਰਕਤਿ ਨਾਲ ਤੈਨੂੰ ਮਾਇਆ-ਰਹਿਤ ਨੂੰ ਲੱਭ ਸਕਦਾ ਹਾਂ।੪।

ਰਵਿਦਾਸ ਆਖਦਾ ਹੈ-(ਹੇ ਪ੍ਰਭੂ! ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਭੀ ਇਹ ਸ਼ੈਆਂ ਸੁੱਚੀਆਂ ਨਾਹ ਮਿਲਣ ਕਰ ਕੇ) ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਾਹ ਸਕਦੀ, ਤਾਂ ਫਿਰ (ਹੇ ਪ੍ਰਭੂ!) ਮੇਰਾ ਕੀਹ ਹਾਲ ਹੁੰਦਾ?੫।੧।

ਭਾਵ: ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ, ਫੁੱਲ ਤੇ ਦੁੱਧ ਆਦਿਕ ਨਾਲ ਪ੍ਰਸੰਨ ਕਰਨ ਦੇ ਜਤਨ ਕਰਦੇ ਹਨ; ਪਰ ਇਹ ਚੀਜ਼ਾਂ ਤਾਂ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਹਨ। ਪਰਮਾਤਮਾ ਅਜਿਹੀਆਂ ਚੀਜ਼ਾਂ ਦੀ ਭੇਟਾ ਨਾਲ ਖ਼ੁਸ਼ ਨਹੀਂ ਹੁੰਦਾ। ਉਹ ਤਾਂ ਤਨ ਮਨ ਦੀ ਭੇਟ ਮੰਗਦਾ ਹੈ।

ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥ ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥ ਭਰਮੇ ਭੂਲੀ ਰੇ ਜੈ ਚੰਦਾ ॥ ਨਹੀ ਨਹੀ ਚੀਨ੍ਹ੍ਹਿਆ ਪਰਮਾਨੰਦਾ ॥੧॥ ਰਹਾਉ ॥ ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ ॥ ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥੨॥ ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥ ਲਖ ਚਉਰਾਸੀਹ ਜਿਨ੍ਹ੍ਹਿ ਉਪਾਈ ਸੋ ਸਿਮਰਹੁ ਨਿਰਬਾਣੀ ॥੩॥ ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥ ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ ॥੪॥੧॥ {ਪੰਨਾ 525-526}

ਪਦਅਰਥ: ਅੰਤਰੁਅੰਦਰਲਾ (ਮਨ) {ਲਫ਼ਜ਼ 'ਅੰਤਰੁ' ਅਤੇ 'ਅੰਤਰਿ' ਦਾ ਫ਼ਰਕ ਸਮਝਣ ਲਈ ਵੇਖੋ 'ਗੁਰਬਾਣੀ ਵਿਆਕਰਣ'}ਮਲਿਮਲ ਵਾਲਾ, ਮਲੀਨ {ਨੋਟ:ਲਫ਼ਜ਼ 'ਮਲੁ' ਵਿਆਕਰਣ ਅਨੁਸਾਰ 'ਨਾਂਵ' ਹੈ, ਇਸ ਤੋਂ ਲਫ਼ਜ਼ 'ਮਲਿ' ਵਿਸ਼ੇਸ਼ਣ} ਹੈ। ਕੀਨਾਕੀਤਾ। ਭੇਖਧਾਰਮਿਕ ਲਿਬਾਸ। ਉਦਾਸੀਵਿਰਕਤ, ਜਗਤ ਵਲੋਂ ਉਪਰਾਮ। ਹਿਰਦੈ ਕਮਲੁ ਨ ਚੀਨ੍ਹ੍ਹਾਹਿਰਦੇ ਦਾ ਕਉਲਫੁੱਲ ਨਹੀਂ ਪਛਾਣਿਆ। ਘਟਿਘਟ ਵਿਚ, ਹਿਰਦੇ ਵਿਚ।੧।

ਰੇਹੇ ਭਾਈ! ਨਹੀ ਨਹੀਬਿਲਕੁਲ ਨਹੀਂ। ਚੀਨ੍ਹ੍ਹਿਆਪਛਾਣਿਆ। ਪਰਮਾਨੰਦਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਨੂੰ।੧।ਰਹਾਉ।

ਘਰਿ ਘਰਿਹਰੇਕ ਘਰ ਵਿਚ, ਹਰੇਕ ਘਰ ਤੋਂ, ਘਰ ਘਰ ਤੋਂ। ਪਿੰਡੁਸਰੀਰ। ਬਧਾਇਆਮੋਟਾ ਕਰ ਲਿਆ। ਖਿੰਥਾਗੋਦੜੀ। ਮਸਾਣ ਭੂਮਿਉਹ ਧਰਤੀ ਜਿਥੇ ਮੁਰਦੇ ਸਾੜੀਦੇ ਹਨ। ਭਸਮਸੁਆਹ। ਤਤੁਅਸਲੀਅਤ।੨।

ਕਾਇਕਾਹਦੇ ਲਈ? ਜਪਹੁਜਪ ਕਰਦੇ ਹੋ। ਰੇਹੇ ਭਾਈ! ਬਿਲੋਵਹੁਰਿੜਕਦੇ ਹੋ। ਜਿਨਿਜਿਸ (ਪ੍ਰਭੂ) ਨੇ। ਨਿਰਬਾਣੀਵਾਸ਼ਨਾਰਹਿਤ ਪ੍ਰਭੂ।੩।

ਕਮੰਡਲੁ— {ਸੰ: कमण्डल} ਮਿੱਟੀ ਜਾਂ ਲੱਕੜ ਦਾ ਪਿਆਲਾ ਆਦਿਕ ਜੋ ਸਾਧੂ ਲੋਕ ਪਾਣੀ ਪੀਣ ਲਈ ਪਾਸ ਰੱਖਦੇ ਹਨ, ਖੱਪਰ। ਕਾਪੜੀਆਟਾਕੀਆਂ ਦੀ ਬਣੀ ਹੋਈ ਗੋਦੜੀ ਪਹਿਨਣ ਵਾਲਾ। ਕਣਅੰਨ ਦੇ ਦਾਣੇ। ਰੇਹੇ ਭਾਈ! ਹੇ ਜੈ ਚੰਦ! ਅਠਸਠਿਅਠਾਹਠ ਤੀਰਥ। ਬਦਤਿਆਖਦਾ ਹੈ। ਕਣਦਾਣੇ। ਕਿਕਾਹਦੇ ਲਈ?੪।

ਅਰਥ: ਜੇ (ਕਿਸੇ ਮਨੁੱਖ ਨੇ) ਅੰਦਰਲਾ ਮਲੀਨ (ਮਨ) ਸਾਫ਼ ਨਹੀਂ ਕੀਤਾ, ਪਰ ਬਾਹਰ (ਸਰੀਰ ਉਤੇ) ਸਾਧੂਆਂ ਵਾਲਾ ਬਾਣਾ ਪਾਇਆ ਹੋਇਆ ਹੈ, ਜੇ ਉਸ ਨੇ ਆਪਣੇ ਹਿਰਦੇ-ਰੂਪ ਕਉਲ ਨੂੰ ਨਹੀਂ ਪਰਖਿਆ, ਜੇ ਉਸ ਨੇ ਆਪਣੇ ਅੰਦਰ ਪਰਮਾਤਮਾ ਨਹੀਂ ਵੇਖਿਆ, ਤਾਂ ਸੰਨਿਆਸ ਧਾਰਨ ਕਰਨ ਦਾ ਕੋਈ ਲਾਭ ਨਹੀਂ।੧।

ਹੇ ਜੈ ਚੰਦ! ਸਾਰੀ ਲੋਕਾਈ (ਇਸੇ ਭੁਲੇਖੇ ਵਿਚ) ਭੁੱਲੀ ਪਈ ਹੈ (ਕਿ ਨਿਰਾ ਫ਼ਕੀਰੀ ਭੇਖ ਧਾਰਿਆਂ ਪਰਮਾਤਮਾ ਮਿਲ ਪੈਂਦਾ ਹੈ, ਪਰ ਇਹ ਗ਼ਲਤ ਹੈ, ਇਸ ਤਰ੍ਹਾਂ) ਪਰਮਾਨੰਦ ਪ੍ਰਭੂ ਦੀ ਸੋਝੀ ਕਦੇ ਭੀ ਨਹੀਂ ਪੈਂਦੀ।੧।ਰਹਾਉ।

(ਜਿਸ ਮਨੁੱਖ ਨੇ) ਘਰ ਘਰ ਤੋਂ (ਮੰਗ ਕੇ ਟੁੱਕਰ) ਖਾ ਲਿਆ, (ਆਪਣੇ) ਸਰੀਰ ਨੂੰ ਚੰਗਾ ਪਾਲ ਲਿਆ, ਗੋਦੜੀ ਪਹਿਨ ਲਈ, ਮੁੰਦ੍ਰਾਂ ਭੀ ਪਾ ਲਈਆਂ, (ਪਰ ਸਭ ਕੁਝ) ਮਾਇਆ ਦੀ ਖ਼ਾਤਰ ਹੀ (ਕੀਤਾ), ਮਸਾਣਾਂ ਦੀ ਧਰਤੀ ਦੀ ਸੁਆਹ ਭੀ (ਪਿੰਡੇ) ਮਲ ਲਈ, ਪਰ ਜੇ ਉਹ ਗੁਰੂ ਦੇ ਰਾਹ ਤੇ ਨਹੀਂ ਤੁਰਿਆ ਤਾਂ ਇਸ ਤਰ੍ਹਾਂ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ।੨।

(ਹੇ ਭਾਈ!) ਕਿਉਂ (ਗਿਣੇ ਮਿਥੇ) ਜਪ ਕਰਦੇ ਹੋ? ਕਿਉਂ ਤਪ ਸਾਧਦੇ ਹੋ? ਕਾਹਦੇ ਲਈ ਪਾਣੀ ਰਿੜਕਦੇ ਹੋ? (ਹਠ ਨਾਲ ਕੀਤੇ ਹੋਏ ਇਹ ਸਾਧਨ ਤਾਂ ਪਾਣੀ ਰਿੜਕਣ ਸਮਾਨ ਹਨ); ਉਸ ਵਾਸ਼ਨਾ-ਰਹਿਤ ਪ੍ਰਭੂ ਨੂੰ (ਹਰ ਵੇਲੇ) ਯਾਦ ਕਰੋ, ਜਿਸ ਨੇ ਚੌਰਾਸੀ ਲੱਖ (ਜੋਨਿ ਵਾਲੀ ਸ੍ਰਿਸ਼ਟੀ) ਪੈਦਾ ਕੀਤੀ ਹੈ।੩।

ਹੇ ਕਾਪੜੀਏ! (ਹੱਥ ਵਿਚ) ਖੱਪਰ ਫੜਨ ਦਾ ਕੋਈ ਲਾਭ ਨਹੀਂ। ਅਠਾਹਠ ਤੀਰਥਾਂ ਤੇ ਭਟਕਣ ਦਾ ਭੀ ਕੋਈ ਲਾਭ ਨਹੀਂ। ਤ੍ਰਿਲੋਚਨ ਆਖਦਾ ਹੈ-ਹੇ ਬੰਦੇ! ਸੁਣ; ਜੇ (ਭਰੀਆਂ ਵਿਚ) ਅੰਨ ਦੇ ਦਾਣੇ ਨਹੀਂ, ਤਾਂ ਗਾਹ ਪਾਣ ਦਾ ਕੋਈ ਲਾਭ ਨਹੀਂ।੪।੧।

TOP OF PAGE

Sri Guru Granth Darpan, by Professor Sahib Singh