ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 522

ਸਲੋਕ ਮਃ ੫ ॥ ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥ ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥ {ਪੰਨਾ 522}

ਪਦਅਰਥ: ਕੋਟਿਕ੍ਰੋੜਾਂ। ਅਨਦਿਨੁਹਰ ਰੋਜ਼। ਘਰਿਘਰ ਵਿਚ।

ਅਰਥ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ; ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ)

ਮਃ ੫ ॥ ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥ ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥ {ਪੰਨਾ 522}

ਪਦਅਰਥ: ਪਿਰੀ ਮਿਲਾਵਾਪਿਆਰੇ ਪਤੀ ਦਾ ਮੇਲ। ਜਾਜਦੋਂ। ਸੁਹਾਵੀਸੋਹਣੀ। ਮੁਹਤੁਮੁਹੂਰਤ, ਦੋ ਘੜੀ। ਰਵੀਐਸਿਮਰੀਏ।

ਅਰਥ: ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ, ਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾਹ ਭੁੱਲੇ।੨।

ਪਉੜੀ ॥ ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥ ਫਉਜ ਸਤਾਣੀ ਹਾਠ ਪੰਚਾ ਜੋੜੀਐ ॥ ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥ ਜਿਣਿ ਜਿਣਿ ਲੈਨ੍ਹ੍ਹਿ ਰਲਾਇ ਏਹੋ ਏਨਾ ਲੋੜੀਐ ॥ ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥ ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥ ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥ ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥ {ਪੰਨਾ 522}

ਪਦਅਰਥ: ਵਰੀਆਮਬਹਾਦਰ। ਹੋੜੀਐਰੋਕਿਆ। ਸਤਾਣੀਤਾਣ ਵਾਲੀ। ਹਠਹਠੀਲੀ। ਪੰਚਾਪੰਜ ਕਾਮਾਦਿਕਾਂ ਨੇ। ਨਾਰੀਇੰਦ੍ਰੇ। ਅਉਧੂਤਤਿਆਗੀ। ਜਿਣਿਜਿੱਤ ਕੇ। ਤ੍ਰੈ ਗੁਣਤਿੰਨਾਂ ਗੁਣਾਂ ਦੇ ਸਾਰੇ ਜੀਵ। ਭਰਮੁਭਟਕਣਾ। ਕੋਟੁਕਿਲ੍ਹਾ (ਇਸ ਪਉੜੀ ਦੇ ਪਹਿਲੇ ਸ਼ਲੋਕ ਵਿਚ ਦੇ ਲਫ਼ਜ਼ 'ਕੋਟਿ' ਤੇ ਇਸ ਲਫ਼ਜ਼ 'ਕੋਟੁ' ਦਾ ਫ਼ਰਕ ਚੇਤੇ ਰੱਖਣਜੋਗ ਹੈ। ਖਾਈਖਾਲੀ, ਖਾਲ। ਕਿਤੁ ਬਿਧਿਕਿਸ ਵਿਧੀ ਨਾਲ। ਦਲੁਫ਼ੌਜ। ਕਰਹੱਥ।

ਅਰਥ: (ਕਾਮਾਦਿਕ ਵਿਕਾਰ) ਬੜੇ ਸੂਰਮੇ ਤੇ ਬਹਾਦਰ (ਸਿਪਾਹੀ) ਹਨ, ਕਿਸੇ ਨੇ ਇਹਨਾਂ ਨੂੰ ਠੱਲਿ੍ਹਆ ਨਹੀਂ, ਇਹਨਾਂ ਪੰਜਾਂ ਨੇ ਬੜੀ ਬਲ ਵਾਲੀ ਤੇ ਹਠੀਲੀ ਫ਼ੌਜ ਇਕੱਠੀ ਕੀਤੀ ਹੋਈ ਹੈ, (ਦੁਨੀਆਦਾਰ ਤਾਂ ਕਿਤੇ ਰਹੇ) ਤਿਆਗੀਆਂ ਨੂੰ (ਭੀ) ਇਹ ਦਸ ਇੰਦ੍ਰੇ ਚਮੋੜ ਦੇਂਦੇ ਹਨ, ਸਭ ਨੂੰ ਜਿੱਤ ਜਿੱਤ ਕੇ ਆਪਣੇ ਅਨੁਸਾਰੀ ਕਰੀ ਜਾਂਦੇ ਹਨ, ਬੱਸ! ਇਹੀ ਗੱਲ ਇਹ ਲੋੜਦੇ ਹਨ, ਸਾਰੇ ਹੀ ਤ੍ਰੈਗੁਣੀ ਜੀਵ ਇਹਨਾਂ ਦੇ ਦਬਾਉ ਹੇਠ ਹਨ। ਕਿਸੇ ਨੇ ਇਹਨਾਂ ਨੂੰ ਮੋੜਾ ਨਹੀਂ ਪਾਇਆ, (ਮਾਇਆ ਦੀ ਖ਼ਾਤਰ ਜੀਵਾਂ ਦੀ) ਭਟਕਣਾ (ਇਹ, ਮਾਨੋ, ਇਹਨਾਂ ਪੰਜਾਂ ਦਾ) ਕਿਲ੍ਹਾ ਹੈ ਤੇ ਮਾਇਆ (ਦਾ ਮੋਹ, ਉਸ ਕਿਲ੍ਹੇ ਦੇ ਦੁਆਲੇ ਡੂੰਘੀ) ਖਾਈ (ਪੁੱਟੀ ਹੋਈ) ਹੈ, (ਇਹ ਕਿਲ੍ਹਾ) ਕਿਵੇਂ ਤੋੜਿਆ ਜਾਏ?

ਪੂਰੇ ਸਤਿਗੁਰੂ ਨੂੰ ਯਾਦ ਕੀਤਿਆਂ ਇਹ ਕਰੜੀ ਫ਼ੌਜ ਸਰ ਕੀਤੀ ਜਾ ਸਕਦੀ ਹੈ, (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਦਿਨ ਰਾਤ ਹੱਥ ਜੋੜ ਕੇ ਉਸ ਗੁਰੂ ਦੇ ਸਾਹਮਣੇ ਖਲੋਤਾ ਰਹਾਂ।੧੫।

ਸਲੋਕ ਮਃ ੫ ॥ ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥ ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥ {ਪੰਨਾ 522}

ਪਦਅਰਥ: ਕਿਲਵਿਖਪਾਪ। ਨੀਤ ਨੀਤਨਿੱਤ ਨਿੱਤ, ਸਦਾ ਹੀ।

ਅਰਥ: ਹੇ ਨਾਨਕ! ਸਦਾ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸਾਰੇ ਪਾਪ ਉਤਰ ਜਾਂਦੇ ਹਨ, ਜੇ ਪ੍ਰਭੂ ਦਾ ਨਾਮ ਭੁੱਲ ਜਾਏ ਤਾਂ ਕ੍ਰੋੜਾਂ ਦੁੱਖ ਲੱਗ ਜਾਂਦੇ ਹਨ।੧।

ਮਃ ੫ ॥ ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥ {ਪੰਨਾ 522}

ਪਦਅਰਥ: ਸਤਿਗੁਰਿ—(ਅਧਿਕਰਣ ਕਾਰਕ, ਇਕ-ਵਚਨ)ਸਤਿਗੁਰਿ ਭੇਟਿਐ—(ਪੂਰਬ ਪੂਰਨ ਕਾਰਦੰਤਕ, Locative Absolute) ਜੇ ਗੁਰੂ ਮਿਲ ਪਏ। ਜੁਗਤਿਜੀਊਣ ਦੀ ਜਾਚ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਪੂਰੀਮੁਕੰਮਲ, ਜਿਸ ਵਿਚ ਕੋਈ ਉਕਾਈ ਨਾਹ ਰਹਿ ਜਾਏ। ਵਿਚੇਮਾਇਆ ਵਿਚ ਵਰਤਦਿਆਂ ਹੀ। ਮੁਕਤਿਮਾਇਆ ਦੇ ਬੰਧਨਾਂ ਤੋਂ ਆਜ਼ਾਦੀ।

ਅਰਥ: ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਤੇ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ (ਭਾਵ, ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ) ਮਾਇਆ ਵਿਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈ।੨।

ਪਉੜੀ ॥ ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥ ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥ ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥ ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥ ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥ ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥ ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥ {ਪੰਨਾ 522}

ਪਦਅਰਥ: ਭਰਮ ਗੜੁਭਰਮ ਦਾ ਕਿਲ੍ਹਾ। ਜਿਨਿਜਿਸ (ਗੁਰੂ) ਨੇ। ਵਾਹੁ ਵਾਹੁਸੋਹਣਾ। ਦੇਇਦੇਂਦਾ ਹੈ। ਤਿਨੈਤਿਨਿ ਹੀ, ਉਸ (ਗੁਰੂ) ਨੇ ਹੀ। ਜਿਤਾਜਿੱਤ ਲਿਆ। ਆਪੁਆਪਣੇ ਆਪ ਨੂੰ। ਮਹਿਮਾਵਡਿਆਈ। ਸਮਰਥਤਾਕਤ ਵਾਲਾ, ਸੱਤਿਆ ਵਾਲਾ। ਅਪਰੰਪਰਜਿਸ ਦਾ ਪਾਰਲਾ ਬੰਨਾ ਨਾ ਦਿੱਸੇ। ਅਲਖਜੋ ਸਮਝ ਵਿਚ ਨਾਹ ਆ ਸਕੇ। ਅਭੇਦਜਿਸ ਦਾ ਭੇਤ ਨਾਹ ਪਾਇਆ ਜਾ ਸਕੇ।

ਅਰਥ: ਧੰਨ ਹੈ ਉਹ ਸਤਿਗੁਰੂ ਜਿਸ ਨੇ (ਅਸਾਡਾ) ਭਰਮ ਦਾ ਕਿਲ੍ਹਾ ਤੋੜ ਦਿੱਤਾ ਹੈ, ਅਚਰਜ ਵਡਿਆਈ ਵਾਲਾ ਹੈ ਉਹ ਗੁਰੂ ਜਿਸ ਨੇ (ਅਸਾਨੂੰ) ਰੱਬ ਨਾਲ ਜੋੜ ਦਿੱਤਾ ਹੈ; ਗੁਰੂ ਅਮੁਕ ਨਾਮ-ਖ਼ਜ਼ਾਨਾ-ਰੂਪ ਦਵਾਈ ਦੇਂਦਾ ਹੈ, (ਇਸ ਦਵਾਈ ਨਾਲ) ਉਸ ਗੁਰੂ ਨੇ ਹੀ (ਅਸਾਡਾ ਇਹ) ਵੱਡਾ ਭਿਆਨਕ ਰੋਗ ਨਾਸ ਕਰ ਦਿੱਤਾ ਹੈ।

(ਜਿਸ ਮਨੁੱਖ ਨੇ ਗੁਰੂ ਪਾਸੋਂ) ਪ੍ਰਭੂ-ਨਾਮ ਰੂਪ ਵੱਡਾ ਖ਼ਜ਼ਾਨਾ ਹਾਸਲ ਕੀਤਾ ਹੈ ਉਸ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ-ਜਨਮ (ਦੀ) ਅਪਾਰ (ਬਾਜ਼ੀ) ਜਿੱਤ ਲਈ ਹੈ।

ਸੱਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਸਤਿਗੁਰੂ ਉਸ ਪਰਮੇਸਰ ਪਾਰਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲੱਖ ਹੈ ਤੇ ਅਭੇਵ ਹੈ।੧੬।

ਸਲੋਕੁ ਮਃ ੫ ॥ ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ {ਪੰਨਾ 522}

ਅਰਥ: ਹੇ ਨਾਨਕ! (ਪ੍ਰਭੂ ਦੀ ਭਗਤੀ ਦਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, (ਇਹ ਨਾਮ ਦੀ) ਕਮਾਈ ਕੀਤਿਆਂ ਸੁਖ ਮਾਣੀਦਾ ਹੈ; ਨਾਮ ਸਿਮਰਿਆਂ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ।੧।

ਮਃ ੫ ॥ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥ ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥ {ਪੰਨਾ 522}

ਨੋਟ: ਇਹੀ ਸ਼ਲੋਕ ਰਾਗ ਆਸਾ ਮਹਲਾ ੫ ਛੰਤ ਘਰੁ ੭ ਦੇ ਸਿਰ-ਲੇਖ ਹੇਠ ਭੀ ਆਇਆ ਹੈ।

ਪਦਅਰਥ: ਸੁਭਭਲੀ। ਚਿੰਤਨਸੋਚ। ਰਮਣਸਿਮਰਨ। ਨਿਰਮਲੁਪਵਿਤ੍ਰ। ਨ ਵਿਸਰਉਨਾਹ ਭੁਲਾਵਾਂ।

ਅਰਥ: ਹੇ ਭਗਵਾਨ! ਮੈਂ ਨਾਨਕ ਉਤੇ ਕਿਰਪਾ ਕਰ ਕਿ ਮੈਂ ਇਕ ਘੜੀ ਭਰ ਭੀ ਤੇਰਾ ਨਾਮ ਨਾਹ ਭੁਲਾਵਾਂ, ਪਵਿਤ੍ਰ ਸਤ-ਸੰਗ ਕਰਾਂ, ਗੋਬਿੰਦ ਦਾ ਸਿਮਰਨ ਕਰਾਂ ਤੇ ਭਲੀਆਂ ਸੋਚਾਂ ਸੋਚਾਂ।੨।

ਪਉੜੀ ॥ ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥ ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥ ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥ ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥ ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥ ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥ ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥ ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥ {ਪੰਨਾ 522}

ਪਦਅਰਥ: ਹੋਇਹੁੰਦਾ ਹੈ, ਵਾਪਰਦਾ ਹੈ। ਕਾਹੇਕਿਉਂ? ਤਿਸੁਉਸ ਨੂੰ। ਅਰਪੀਐਭੇਟ ਕਰ ਦੇਈਏ। ਆਇਐ ਚਿਤਿ—(ਪੂਰਬ ਪੂਰਨ ਕਾਰਦੰਤਕ; Locative Absolute) ਜੇ ਚਿੱਤ ਵਿਚ ਆ ਜਾਏ। ਬੇਸੁਮਾਰਬੇਅੰਤ। ਪੋਹੇਦਬਾ ਪਾਏ। ਬਾਹਰਾਆਕੀ। ਵੁਠਾਵੱਸਿਆ। ਸਚਿਸੱਚ ਦੀ ਰਾਹੀਂ, (ਭਗਤਾਂ ਦੇ) ਸਿਮਰਨ ਦੀ ਰਾਹੀਂ। ਸਮਾਹਰਾਸਮਾਇਆ ਹੋਇਆ। ਨਿਹਾਲਿਆਨਿਹਾਲ ਕਰਨ ਵਾਲਾ।

ਅਰਥ: ਜੇ (ਹੇ ਪ੍ਰਭੂ!) ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ (ਅਸੀ) ਕਿਉਂ (ਕਿਸੇ ਤੋਂ) ਡਰੀਏ? ਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ, ਉਸ ਅਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ, ਕਿਉਂਕਿ ਜੇ ਬੇਅੰਤ ਸਾਹਿਬ ਚਿੱਤ ਵਿਚ ਆ ਵੱਸੇ ਤਾਂ ਨਿਹਾਲ ਹੋ ਜਾਈਦਾ ਹੈ, ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ, ਉਸ ਤੇ ਕੋਈ ਦਬਾ ਨਹੀਂ ਪਾ ਸਕਦਾ, ਕਿਉਂਕਿ ਹਰੇਕ ਚੀਜ਼ ਉਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਦੇ ਹੁਕਮ ਤੋਂ ਪਰੇ ਨਹੀਂ ਜਾ ਸਕਦਾ, (ਭਗਤਾਂ ਦੇ) ਸਿਮਰਨ ਕਰ ਕੇ ਉਹ ਪ੍ਰਭੂ ਭਗਤਾਂ ਦੇ ਮਨ ਵਿਚ ਆ ਵੱਸਦਾ ਹੈ (ਉਹਨਾਂ ਦੇ ਅੰਦਰ) ਸਮਾ ਜਾਂਦਾ ਹੈ।

ਹੇ ਪ੍ਰਭੂ! ਤੇਰੇ ਦਾਸ ਤੈਨੂੰ ਯਾਦ ਕਰਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਦਾ ਹੈਂ, ਤੂੰ ਸਭ ਜੀਵਾਂ ਦੇ ਸਿਰ ਤੇ ਹਾਕਮ ਹੈਂ, ਮੇਹਰ ਦੀ ਨਜ਼ਰ ਕਰ ਕੇ (ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ।੧।

TOP OF PAGE

Sri Guru Granth Darpan, by Professor Sahib Singh