ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 520

ਸਲੋਕ ਮਃ ੫ ॥ ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ॥ ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥੧॥ {ਪੰਨਾ 520}

ਪਦਅਰਥ: ਪਟੋਲਾਪੱਟ ਦਾ ਕੱਪੜਾ। ਪ੍ਰੇਮ ਪਟੋਲਾ—'ਪ੍ਰੇਮ' ਦਾ ਰੇਸ਼ਮੀ ਕੱਪੜਾ। ਤੈ ਸਹਿਤੂੰ ਖਸਮ ਨੇ। ਮੈਡਾਮੇਰਾ। ਸਾਰਕਦਰ।

ਅਰਥ: ਮੇਰੀ ਨਾਨਕ ਦੀ ਇੱਜ਼ਤ ਢਕ ਰੱਖਣ ਲਈ (ਹੇ ਪ੍ਰਭੂ!) ਤੈਂ ਖਸਮ ਨੇ ਮੈਨੂੰ ਆਪਣਾ 'ਪਿਆਰ'-ਰੂਪ ਰੇਸ਼ਮੀ ਕੱਪੜਾ ਦਿੱਤਾ ਹੈ, ਤੂੰ ਮੇਰਾ ਖਸਮ (ਮੇਰੇ ਦਿਲ ਦੀ) ਜਾਣਨ ਵਾਲਾ ਹੈਂ, ਮੈਂ ਤੇਰੀ ਕਦਰ ਨਹੀਂ ਜਾਤੀ।੧।

ਮਃ ੫ ॥ ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥ ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥ {ਪੰਨਾ 520}

ਪਦਅਰਥ: ਤੈਡੈ ਸਿਮਰਣਿਤੇਰੇ ਸਿਮਰਨ ਨਾਲ। ਹਭੁ ਕਿਛੁਸਭ ਕੁਝ, ਹਰੇਕ ਚੀਜ਼। ਕੋਈ ਬਿਖਮੁਕੋਈ ਔਖ। ਜਿਸੁਜਿਸ ਦੀ।

ਅਰਥ: (ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ। ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ।੨।

ਪਉੜੀ ॥ ਹੋਵੈ ਸੁਖੁ ਘਣਾ ਦਯਿ ਧਿਆਇਐ ॥ ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥ ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥ ਪੂਰਨ ਹੋਵੈ ਆਸ ਨਾਇ ਮੰਨਿ ਵਸਾਇਐ ॥ ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥ ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥ ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥ ਤੂੰ ਸਭਨਾ ਕਾ ਖਸਮੁ ਸਭ ਤੇਰੀ ਛਾਇਐ ॥੮॥ {ਪੰਨਾ 520}

ਪਦਅਰਥ: ਦਯੁਪਿਆਰਾ (ਪ੍ਰਭੂ। ਦਯਿ ਧਿਆਇਐ— {ਵਿਆਕਰਣ ਅਨੁਸਾਰ ਇਹ ਦੋਵੇਂ ਲਫ਼ਜ਼ 'ਅਧਿਕਰਣ ਕਾਰਕ' ਇਕ-ਵਚਨ, ਹਨ; 'ਵਾਕੰਸ਼' (Phrase) ਨੂੰ ਅੰਗਰੇਜ਼ੀ ਵਿਚ Locative Absolute ਆਖਦੇ ਹਨ, ਤੇ ਪੰਜਾਬੀ ਵਿਚ 'ਪੂਰਬ ਪੂਰਨ ਕਾਰਦੰਤਕ'} ਜੇ ਪਿਆਰਾ ਪ੍ਰਭੂ ਸਿਮਰਿਆ ਜਾਏ।

{ਨੋਟ: ਇਸ ਪਉੜੀ ਵਿਚ ਹੇਠ-ਲਿਖੇ ਸਾਰੇ 'ਵਾਕੰਸ਼' 'ਪੂਰਬ ਪੂਰਨ ਕਾਰਦੰਤਕ' ਵਿਚ ਹੀ ਹਨ: ਗੁਣ ਗਾਇਐ, ਪ੍ਰਭਿ ਆਇਐ ਨਾਇ ਵਸਾਇਐ, ਆਪੁ ਗਵਾਇਐ, ਗੁਰ ਤੇ ਪਾਇਐ। ਹੇਠ-ਲਿਖੇ ਲਫ਼ਜ਼ਾਂ ਦਾ ਪਰਸਪਰ ਫ਼ਰਕ ਚੇਤੇ ਰਹਿਣਾ ਚਾਹੀਦਾ ਹੈ: ਧਿਆਇਐ, ਧਿਆਈਐ; ਗਾਇਐ, ਗਾਈਐ; ਆਇਐ, ਆਈਐ; ਵਸਾਇਐ, ਵਸਾਈਐ; ਗਵਾਇਐ, ਗਵਾਈਐ; ਪਾਇਐ, ਪਾਈਐ। ਧਿਆਇਐ-ਜੇ ਸਿਮਰੀਏ। ਧਿਆਈਐ-ਸਿਮਰਨਾ ਚਾਹੀਦਾ ਹੈ। ਗਾਇਐ-ਜੇ ਗਾਵੀਏ। ਗਾਈਐ-ਗਾਉਣਾ ਚਾਹੀਦਾ ਹੈ}ਵੰਞੈ-ਨਾਸ ਹੋ ਜਾਂਦਾ ਹੈ। ਠਾਢਿ-ਠੰਢ, ਸ਼ਾਂਤੀ। ਚਿਤਿ-ਚਿਤ ਵਿਚ। ਮੰਨਿ-ਮਨ ਵਿਚ। ਨਾਇ- {ਇਹ ਲਫ਼ਜ਼ 'ਨਾਉ' ਤੋਂ 'ਅਧਿਕਰਣ ਕਾਰਕ, ਇਕ-ਵਚਨ' ਹੈ} ਆਪੁ-ਆਪਾ ਭਾਵ। ਤਿਨਿ-ਉਸ ਮਨੁੱਖ ਨੇ। ਛਾਇਐ-ਛਾਂ ਹੇਠ, ਸਾਏ ਵਿਚ।

ਅਰਥ: ਜੇ ਪਿਆਰੇ ਪ੍ਰਭੂ ਨੂੰ ਸਿਮਰੀਏ ਤਾਂ ਬਹੁਤ ਹੀ ਸੁਖ ਹੁੰਦਾ ਹੈ, ਜੇ ਹਰੀ ਦੇ ਗੁਣ ਗਾਵੀਏ ਤਾਂ ਰੋਗਾਂ ਦੇ ਘਾਣ (ਭਾਵ, ਸਾਰੇ ਹੀ ਰੋਗ) ਨਾਸ ਹੋ ਜਾਂਦੇ ਹਨ, ਜੇ ਪ੍ਰਭੂ ਚਿਤ ਵਿਚ ਆ ਵੱਸੇ ਤਾਂ ਚਿਤ ਵਿਚ ਠੰਢ ਪੈ ਜਾਂਦੀ ਹੈ, ਜੇ ਪ੍ਰਭੂ ਦਾ ਨਾਮ ਮਨ ਵਿਚ ਵੱਸ ਪਏ, ਤਾਂ ਆਸ ਪੂਰੀ ਹੋ ਜਾਂਦੀ ਹੈ (ਭਾਵ, ਆਸਾ ਤ੍ਰਿਸਨਾ ਆਦਿਕ ਮਿਟ ਜਾਂਦੀ ਹੈ), ਜੇ ਆਪਾ ਭਾਵ ਗਵਾ ਦੇਈਏ ਤਾਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਔਕੜ ਨਹੀਂ ਆਉਂਦੀ; ਜੇ ਸਤਿਗੁਰੂ ਤੋਂ ਮੱਤ ਹਾਸਲ ਕਰੀਏ ਤਾਂ (ਪ੍ਰਭੂ ਦੇ) ਗਿਆਨ ਦਾ ਖ਼ਜ਼ਾਨਾ (ਮਿਲ ਜਾਂਦਾ ਹੈ), ਪਰ, ਇਹ ਸਾਰੇ ਪਦਾਰਥ ਉਸ ਮਨੁੱਖ ਨੇ ਪਰਾਪਤ ਕੀਤੇ ਜਿਸ ਨੂੰ ਪ੍ਰਭੂ ਨੇ ਆਪ (ਗੁਰੂ ਦੀ ਰਾਹੀਂ) ਦਿਵਾਏ ਹਨ।

(ਹੇ ਪ੍ਰਭੂ!) ਤੂੰ ਸਭ ਜੀਵਾਂ ਦਾ ਖਸਮ ਹੈਂ, ਸਾਰੀ ਸ੍ਰਿਸ਼ਟੀ ਤੇਰੇ ਸਾਏ ਹੇਠ ਹੈ।੮।

ਸਲੋਕ ਮਃ ੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ {ਪੰਨਾ 520}

ਪਦਅਰਥ: ਖੋਜੁਪੈਰ। ਖੁੰਭੈਖੁੱਭਦਾ। ਮੰਝਿਮੇਰੇ ਅੰਦਰ। ਸਹਹੇ ਪਤੀ (ਪ੍ਰਭੂ)! ਤਉ ਚਰਣੀਤੇਰੇ ਚਰਨਾਂ ਵਿਚ। ਹੀਅੜਾਨਿਮਾਣਾ ਜਿਹਾ ਦਿਲ। ਸੀਤਮੁਮੈਂ ਸਿਊਂ ਲਿਆ ਹੈ। ਤੁਲਹਾਤੁਲ੍ਹਾ, ਲੱਕੜਾਂ ਦਾ ਬੱਧਾ ਹੋਇਆ ਗੱਠਾ ਜੋ ਦਰਿਆ ਦੇ ਕੰਢੇ ਤੇ ਵੱਸਣ ਵਾਲੇ ਮਨੁੱਖ ਦਰਿਆ ਪਾਰ ਕਰਨ ਲਈ ਵਰਤਦੇ ਹਨ।

ਅਰਥ: (ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ, ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤਿ ਹੈ। ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ।੧।

ਮਃ ੫ ॥ ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥

ਅਰਥ: ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ, ਪਰ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ)੨।

ਪਉੜੀ ॥ ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥ {ਪੰਨਾ 520}

ਪਦਅਰਥ: ਚਿਤਿਚਿਤ ਵਿਚ। ਵੁਠਿਆਅੱਪੜਿਆਂ। ਸਬਦੁਸਿਫ਼ਤਿ-ਸਾਲਾਹ ਦੀ ਬਾਣੀ। ਖੋਲਨ੍ਹ੍ਹਿ, ਲਾਇਨ੍ਹ੍ਹਿ—(ਅੱਖਰ '' ਦੇ ਨਾਲ ਅੱਧਾ '' ਹੈ)ਸਭਸਾਰੀ ਸ੍ਰਿਸ਼ਟੀ। ਧਾਰੀਆਟਿਕਾ ਕੇ ਰੱਖੀ ਹੋਈ ਹੈ। ਅਗਮਅਪਹੁੰਚ। ਰੈਣਿਰਾਤ। ਕਰਹੱਥ। ਧਿਆਈਐਸਿਮਰਨਾ ਚਾਹੀਦਾ ਹੈ (ਨੋਟ:ਪਿਛਲੀ ਪਉੜੀ ਦੀ ਪਹਿਲੀ ਤੁਕ ਵਿਚ ਵੇਖੋ ਲਫ਼ਜ਼ 'ਧਿਆਇਐ')

ਅਰਥ: (ਹੇ ਪ੍ਰਭੂ!) ਤੇਰੇ ਭਗਤਾਂ ਦਾ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ, ਸਾਧ ਸੰਗਤਿ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, (ਸਾਧ ਸੰਗਤਿ ਵਿਚ ਰਹਿ ਕੇ) ਸਿਫ਼ਤਿ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ, ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ।

ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ।

(ਹੇ ਭਾਈ!) ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤਿ ਪ੍ਰਾਪਤ ਹੁੰਦੀ ਹੈ।੯।

ਸਲੋਕ ਮਃ ੫ ॥ ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ ਤਉ ਸਹ ਸੇਤੀ ਲਗੜੀ ਡੋਰੀ ਨਾਨਕ ਅਨਦ ਸੇਤੀ ਬਨੁ ਗਾਹੀ ॥੧॥ {ਪੰਨਾ 520}

ਪਦਅਰਥ: ਬਾਰਿ ਵਿਡਾਨੜੈਬਿਗਾਨੀ ਜੂਹ ਵਿਚ, ਸੰਸਾਰਰੂਪ ਬਿਗਾਨੀ ਜੂਹ ਵਿਚ ਜਿਥੇ ਹਰੇਕ ਜੀਵ ਥੋੜ੍ਹੇ ਜਿਹੇ ਸਮੇ ਲਈ ਮੁਸਾਫ਼ਿਰ ਬਣ ਕੇ ਆਇਆ ਹੈ। ਹੁੰਮਸ— {ਸੰ: 'ਹੁਤਵਹ'—ਅੱਗ, ਪ੍ਰ: 'ਹੁਅਵਹ', 'ਹੁੱਵਹ'; ਪੰ: 'ਹੁੰਮ੍ਹ੍ਹ'} ਅੱਗ ਦਾ ਸੇਕ। ਕੂਕਾਵਾਹਰਾਂ, ਦੁਹਾਈ। ਸਹਹੇ ਸ਼ਹੁ! ਤਉ ਸੇਤੀਤੇਰੇ ਨਾਲ। ਬਨੁ ਗਾਹੀਮੈਂ (ਸੰਸਾਰ) ਜੰਗਲ ਗਾਹ ਰਿਹਾ ਹਾਂ।

ਅਰਥ: (ਜਗਤ-ਰੂਪ ਇਸ) ਬਿਗਾਨੀ ਜੂਹ ਵਿਚ (ਫਸ ਜਾਣ ਕਰਕੇ, ਤੇ ਤ੍ਰਿਸ਼ਨਾ ਦੀ) ਅੱਗ ਦੇ ਬੜੇ ਸੇਕ ਦੇ ਕਾਰਨ ਰਾਹਾਂ ਵਿਚ ਵਾਹਰਾਂ ਪੈ ਰਹੀਆਂ ਹਨ (ਭਾਵ, ਜੀਵ ਘਬਰਾਏ ਹੋਏ ਹਨ) ਪਰ, ਹੇ ਪਤੀ (ਪ੍ਰਭੂ)! ਮੈਂ ਨਾਨਕ (ਦੇ ਚਿੱਤ) ਦੀ ਡੋਰ ਤੇਰੇ (ਚਰਨਾਂ) ਨਾਲ ਲੱਗੀ ਹੋਈ ਹੈ, (ਇਸ ਵਾਸਤੇ) ਮੈਂ ਆਨੰਦ ਨਾਲ (ਇਸ ਸੰਸਾਰ) ਜੰਗਲ ਵਿਚੋਂ ਦੀ ਲੰਘ ਰਿਹਾ ਹਾਂ।੧।

ਮਃ ੫ ॥ ਸਚੀ ਬੈਸਕ ਤਿਨ੍ਹ੍ਹਾ ਸੰਗਿ ਜਿਨ ਸੰਗਿ ਜਪੀਐ ਨਾਉ ॥ ਤਿਨ੍ਹ੍ਹ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥੨॥ {ਪੰਨਾ 520}

ਪਦਅਰਥ: ਸਚੀਸਦਾ ਕਾਇਮ ਰਹਿਣ ਵਾਲੀ, ਤੋੜ ਨਿਭਣ ਵਾਲੀ। ਬੈਸਕਬੈਠਕ। ਸੰਗਿਨਾਲ। ਸੰਗੁਸਾਥ। ਸੁਆਉਸੁਆਰਥ, ਗ਼ਰਜ਼।

ਅਰਥ: ਉਹਨਾਂ ਮਨੁੱਖਾਂ ਨਾਲ ਤੋੜ ਨਿਭਣ ਵਾਲੀ ਮੁਹੱਬਤ (ਕਰਨੀ ਚਾਹੀਦੀ ਹੈ) ਜਿਨ੍ਹਾਂ ਨਾਲ (ਬੈਠਿਆਂ ਪਰਮਾਤਮਾ ਦਾ) ਨਾਮ ਸਿਮਰਿਆ ਜਾ ਸਕੇ; ਹੇ ਨਾਨਕ! ਜਿਨ੍ਹਾਂ ਨੂੰ (ਹਰ ਵੇਲੇ) ਆਪਣੀ ਹੀ ਗ਼ਰਜ਼ ਹੋਵੇ, ਉਹਨਾਂ ਨਾਲ ਸਾਥ ਨਹੀਂ ਕਰਨਾ ਚਾਹੀਦਾ।੨।

ਪਉੜੀ ॥ ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥ ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥ ਪਾਇਆ ਨਿਹਚਲੁ ਥਾਨੁ ਫਿਰਿ ਗਰਭਿ ਨ ਲੇਟਿਆ ॥ ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥ ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥ ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥ ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥ ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥੧੦॥ {ਪੰਨਾ 520}

ਪਦਅਰਥ: ਪਰਵਾਣੁਕਬੂਲ, ਥਾਂਇ ਪੈਂਦੀ ਹੈ। ਜਿਤੁਜਿਸ ਵੇਲੇ। ਭੇਟਿਆਮਿਲਿਆ। ਤੇਟਿਆਤੇਟ ਵਿਚ, ਜ਼ਦ ਵਿਚ, ਤ੍ਰੇੱਟੇ। ਗਰਭਿਗਰਭ ਵਿਚ, ਜੂਨ ਵਿਚ। ਸਗਲਹਰ ਥਾਂ। ਤਤੁਨਿਚੋੜ। ਜਿਜੋ ਕੁਝ। ਸੁਖਿ ਸੁਖੇਟਿਆਸੁਖੀ ਹੀ ਸੁਖੀ।

ਅਰਥ: ਉਹ ਘੜੀ ਥਾਂ ਪਈ ਜਾਣੋ ਜਿਸ ਘੜੀ ਮਨੁੱਖ ਨੂੰ ਸਤਿਗੁਰੂ ਮਿਲ ਪਿਆ; ਜਿਸ ਮਨੁੱਖ ਨੂੰ ਗੁਰੂ ਦਾ ਮੇਲ ਹੋ ਗਿਆ, ਉਹ ਮੁੜ ਦੁੱਖਾਂ ਦੀ ਜ਼ਦ ਵਿਚ ਨਹੀਂ ਆਉਂਦਾ, (ਗੁਰੂ ਮਿਲਿਆਂ) ਜਿਸ ਨੂੰ ਪੱਕਾ ਟਿਕਾਣਾ ਲੱਭ ਪਿਆ, ਉਹ ਫਿਰ (ਹੋਰ ਹੋਰ) ਜੂਨਾਂ ਵਿਚ ਨਹੀਂ ਪੈਂਦਾ, ਉਸ ਨੂੰ ਹਰ ਥਾਂ ਇਕ ਬ੍ਰਹਮ ਹੀ ਦਿੱਸਦਾ ਹੈ; (ਬਾਹਰ ਵਲੋਂ ਆਪਣੀ) ਨਜ਼ਰ ਨੂੰ ਸਮੇਟ ਕੇ, (ਪ੍ਰਭੂ ਵਿਚ) ਧਿਆਨ ਲਾ ਕੇ ਉਹ ਅਸਲ ਉੱਚੀ ਸਮਝ ਹਾਸਲ ਕਰ ਲੈਂਦਾ ਹੈ; ਉਹ ਜੋ ਕੁਝ ਮੂੰਹੋਂ ਬੋਲਦਾ ਹੈ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਜਾਪ ਹੀ ਬੋਲਦਾ ਹੈ, ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਹ ਖਿੜੇ-ਮੱਥੇ ਰਹਿੰਦਾ ਹੈ ਤੇ ਸੁਖੀ ਹੀ ਸੁਖੀ ਰਹਿੰਦਾ ਹੈ।

(ਗੁਰੂ ਦੀ ਸਰਨ ਪਏ ਜਿਨ੍ਹਾਂ ਮਨੁੱਖਾਂ ਨੂੰ) ਪਰਖ ਕੇ (ਪ੍ਰਭੂ ਨੇ ਆਪਣੇ) ਖ਼ਜ਼ਾਨੇ ਵਿਚ ਪਾਇਆ ਹੈ ਉਹ ਮੁੜ ਖੋਟੇ ਨਹੀਂ ਹੁੰਦੇ।੧੦।

ਸਲੋਕੁ ਮਃ ੫ ॥ ਵਿਛੋਹੇ ਜੰਬੂਰ ਖਵੇ ਨ ਵੰਞਨਿ ਗਾਖੜੇ ॥ ਜੇ ਸੋ ਧਣੀ ਮਿਲੰਨਿ ਨਾਨਕ ਸੁਖ ਸੰਬੂਹ ਸਚੁ ॥੧॥ {ਪੰਨਾ 520}

ਪਦਅਰਥ: ਵਿਛੋਹੇਵਿਛੋੜੇ (ਦੇ ਦੁੱਖ। ਜੰਬੂਰਚਿਮਟੇ ਵਰਗਾ ਇਕ ਹਥਿਆਰ ਜਿਸ ਨਾਲ ਆਪਣੇ ਵੱਸ ਪਏ ਵੈਰੀਆਂ ਨੂੰ ਲੋਕ ਤਸੀਹੇ ਦਿਆ ਕਰਦੇ ਸਨ, ਜੰਬੂਰ ਨਾਲ ਬੋਟੀ ਬੋਟੀ ਕਰ ਕੇ ਪਿੰਡੇ ਦਾ ਮਾਸ ਤੋੜਿਆ ਜਾਂਦਾ ਸੀ। ਖਵੇ ਨ ਵੰਞਨਿਸਹਾਰੇ ਨਹੀਂ ਜਾ ਸਕਦੇ। ਗਾਖੜੇਔਖੇ। ਸੰਬੂਹਸਾਰੇ।

ਅਰਥ: ਹੇ ਨਾਨਕ! (ਪ੍ਰਭੂ ਦੇ ਚਰਨਾਂ ਨਾਲੋਂ) ਵਿਛੋੜੇ (ਦੇ ਦੁੱਖ) ਜੰਬੂਰ (ਦੇ ਤਸੀਹਾਂ) ਵਾਂਗ ਔਖੇ ਹਨ, ਸਹਾਰੇ ਨਹੀਂ ਜਾ ਸਕਦੇ, ਜੇ ਉਹ ਪ੍ਰਭੂ ਮਾਲਕ ਜੀ ਮਿਲ ਪੈਣ ਤਾਂ ਯਕੀਨਨ ਸਾਰੇ ਸੁਖ ਹੀ ਸੁਖ ਹੋ ਜਾਂਦੇ ਹਨ।੧।

TOP OF PAGE

Sri Guru Granth Darpan, by Professor Sahib Singh