ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 519

ਸਲੋਕ ਮਃ ੫ ॥ ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥ ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥ {ਪੰਨਾ 519}

ਅਰਥ: ਹੇ ਨਾਨਕ! ਕਾਮ ਕ੍ਰੋਧ ਤੇ ਲੋਭ (ਆਦਿਕ ਵਿਕਾਰ) ਛੱਡ ਦੇਣੇ ਚਾਹੀਦੇ ਹਨ, (ਇਹਨਾਂ ਨੂੰ) ਅੱਗ ਵਿਚ ਸਾੜ ਦੇਈਏ, ਜਦ ਤਕ ਜੀਊਂਦੇ ਹਾਂ (ਪ੍ਰਭੂ ਦਾ) ਸੱਚਾ ਨਾਮ ਸਦਾ ਸਿਮਰਦੇ ਰਹੀਏ।੧।

ਮਃ ੫ ॥ ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥ ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥ {ਪੰਨਾ 519}

ਪਦਅਰਥ: ਆਹਿਹਨ। ਗੁਰਿਗੁਰੂ ਨੇ।

ਅਰਥ: ਹੇ ਨਾਨਕ! ਜਿਸ ਮਨੁੱਖ ਨੇ ਪੂਰੇ ਗੁਰੂ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਹੈ, ਗੁਰੂ ਨੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ, ਤੇ ਪਿਆਰਾ ਪ੍ਰਭੂ ਸਿਮਰ ਸਿਮਰ ਕੇ ਉਸ ਨੇ ਸਾਰੇ ਫਲ ਹਾਸਲ ਕਰ ਲਏ ਹਨ (ਭਾਵ, ਜਗਤ ਵਾਲੀਆਂ ਸਾਰੀਆਂ ਵਾਸ਼ਨਾ ਉਸ ਦੀਆਂ ਮੁੱਕ ਗਈਆਂ ਹਨ)੨।

ਪਉੜੀ ॥ ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥ ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥ ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥ ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥ ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥ ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥ ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥ ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥ {ਪੰਨਾ 519}

ਪਦਅਰਥ: ਸੰਸਾਰਿਸੰਸਾਰ ਵਿਚ। ਜਿਜਿਸ ਨੂੰ। ਗੁਰਿਗੁਰੂ ਨੇ। ਬਲਾਇਬਿਪਤਾ। ਓਥੈ—'ਜਨ' ਦੀ ਸੰਗਤਿ ਵਿਚ। ਧ੍ਰਾਪੀਐਰੱਜ ਜਾਂਦਾ ਹੈ। ਜਿਸੁ ਘਟਿਜਿਸ ਦੇ ਹਿਰਦੇ ਵਿਚ। ਭੁਖਾਤ੍ਰਿਸ਼ਨਾ ਦਾ ਮਾਰਿਆ ਹੋਇਆ।

ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ ਉਹ ਜਗਤ ਵਿਚ (ਰਹਿੰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੈ; ਉਸ ਦੀ ਬਿਪਤਾ ਦੂਰ ਹੋ ਜਾਂਦੀ ਹੈ, ਉਸ ਦੇ ਫ਼ਿਕਰ ਮਿਟ ਜਾਂਦੇ ਹਨ; ਉਸ ਦਾ ਦਰਸ਼ਨ ਕਰ ਕੇ (ਸਾਰਾ) ਜਗਤ ਨਿਹਾਲ ਹੋ ਜਾਂਦਾ ਹੈ, ਉਸ ਜਨ ਦੀ ਸੰਗਤਿ ਵਿਚ ਜੀਵ ਪਾਪਾਂ ਦੀ ਮੈਲ ਧੋ ਕੇ ਨਿਹਾਲ ਹੁੰਦਾ ਹੈ; ਉਸ ਦੀ ਸੰਗਤਿ ਵਿਚ ਅਮਰ ਕਰਨ ਵਾਲਾ ਸੱਚਾ ਨਾਮ ਸਿਮਰੀਦਾ ਹੈ, ਤ੍ਰਿਸ਼ਨਾ ਦਾ ਮਾਰਿਆ ਬੰਦਾ ਭੀ ਓਥੇ ਰੱਜ ਜਾਂਦਾ ਹੈ, ਉਸ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ।

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ਉਸ ਦੇ (ਮਾਇਆ ਵਾਲੇ) ਬੰਧਨ ਕੱਟੇ ਜਾਂਦੇ ਹਨ, ਪਰ, ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ-ਧਨ ਖੱਟਿਆ ਹੈ।੫।

ਸਲੋਕ ਮਃ ੫ ॥ ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥ ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥ {ਪੰਨਾ 519}

ਪਦਅਰਥ: ਚਿਤਵਉਮੈਂ ਸੋਚਦਾ ਹਾਂ। ਚਿਤਵਨੀਸੋਚ। ਕਰਉਕਰਾਂ। ਉਠਿਉੱਠ ਕੇ।

ਅਰਥ: ਮੈਂ ਆਪਣੇ ਮਨ ਵਿਚ (ਇਹ) ਸੋਚਦਾ ਹਾਂ ਕਿ ਨਿੱਤ (ਸਵੇਰੇ) ਉੱਠ ਕੇ ਉੱਦਮ ਕਰਾਂ। ਹੇ ਨਾਨਕ ਦੇ ਮਿਤ੍ਰ! ਮੈਨੂੰ ਆਪਣੀ ਸਿਫ਼ਤਿ-ਸਾਲਾਹ ਦਾ ਆਹਰ ਬਖ਼ਸ਼।੧।

ਮਃ ੫ ॥ ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥ ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥ {ਪੰਨਾ 519}

ਪਦਅਰਥ: ਦ੍ਰਿਸਟਿ—(ਮੇਹਰ ਦੀ) ਨਜ਼ਰ। ਪ੍ਰਭਿਪ੍ਰਭੂ ਨੇ। ਮੂਲਿਮੂਲ ਵਿਚ, ਕਰਤਾਰ ਵਿਚ। ਪ੍ਰਭ ਭਾਣੀਆਪ੍ਰਭੂ ਨੂੰ ਚੰਗੀਆਂ ਲੱਗਦੀਆਂ ਹਨ। ਮਰਉਮੈਂ ਕਰ ਰਹੀ ਹਾਂ। ਸੂਲਿਦੁਖ ਵਿਚ।

ਅਰਥ: ਹੇ ਨਾਨਕ! ਜੋ (ਜੀਵ-ਇਸਤ੍ਰੀਆਂ) ਪ੍ਰਭੂ ਨੂੰ ਭਾ ਗਈਆਂ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਮੇਹਰ ਦੀ ਨਜ਼ਰ ਕਰ ਕੇ ਰੱਖ ਲਿਆ ਹੈ ਉਹਨਾਂ ਦਾ ਮਨ ਤੇ ਤਨ ਪ੍ਰਭੂ ਵਿਚ ਰੱਤਾ ਰਹਿੰਦਾ ਹੈ, ਪਰ ਮੈਂ ਅਭਾਗਣ ਦੁਖ ਵਿਚ ਮਰ ਰਹੀ ਹਾਂ (ਹੇ ਪ੍ਰਭੂ! ਮੇਰੇ ਤੇ ਕਿਰਪਾ ਕਰ)੨।

ਪਉੜੀ ॥ ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥ ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥ ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥ ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥ ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥ ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥ ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥ ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥ {ਪੰਨਾ 519}

ਪਦਅਰਥ: ਬਿਰਥਾ—(ਸੰ: ਵ੍ਯਥਾ) ਪੀੜ, ਦੁੱਖ। ਅਰਪਿ ਧਰਿਹਵਾਲੇ ਕਰ ਦੇ। ਦੁਰਮਤਿਭੈੜੀ ਮੱਤ। ਜਰਿ ਜਾਇਸੜ ਜਾਂਦੀ ਹੈ। ਬਿਖਮੁਔਖਾ। ਅਗੈਪਰਲੋਕ ਵਿਚ। ਊਣੇਸੱਖਣੇ, ਖ਼ਾਲੀ। ਸੁਭਰਨਕਾ ਨਕ। ਕਰਮੁਬਖ਼ਸ਼ਸ। ਧੁਰਿਧੁਰੋਂ, ਪ੍ਰਭੂ ਦੀ ਦਰਗਾਹ ਵਿਚੋਂ।

ਅਰਥ: (ਹੇ ਭਾਈ!) ਦਿਲ ਦਾ ਜੋ ਦੁੱਖ ਹੋਵੇ ਉਹ ਆਪਣੇ ਸਤਿਗੁਰੂ ਅਗੇ ਬੇਨਤੀ ਕਰ, ਆਪਣੀ ਸਾਰੀ ਚਤੁਰਾਈ ਛੱਡ ਦੇਹ ਤੇ ਮਨ ਤਨ ਗੁਰੂ ਦੇ ਹਵਾਲੇ ਕਰ ਦੇਹ, ਸਤਿਗੁਰੂ ਦੇ ਪੈਰ ਪੂਜ (ਭਾਵ, ਗੁਰੂ ਦਾ ਆਸਰਾ ਲੈ, ਇਸ ਤਰ੍ਹਾਂ) ਭੈੜੀ ਮੱਤ (ਰੂਪ 'ਬਿਰਥਾ') ਸੜ ਜਾਂਦੀ ਹੈ, ਗੁਰਮੁਖਾਂ ਦੀ ਸੰਗਤਿ ਵਿਚ ਇਹ ਔਖਾ ਸੰਸਾਰ-ਸਮੁੰਦਰ ਤਰ ਜਾਈਦਾ ਹੈ।

(ਹੇ ਭਾਈ!) ਗੁਰੂ ਦੇ ਦੱਸੇ ਰਾਹ ਤੇ ਤੁਰੋ, ਪਰਲੋਕ ਵਿਚ ਡਰ ਡਰ ਨਹੀਂ ਮਰੋਗੇ, ਗੁਰੂ (ਗੁਣਾਂ ਤੋਂ) ਸੱਖਣੇ ਬੰਦਿਆਂ ਨੂੰ (ਗੁਣਾਂ ਨਾਲ) ਨਕਾ-ਨਕ ਭਰ ਕੇ ਇਕ ਪਲਕ ਵਿਚ ਨਿਹਾਲ ਕਰ ਦੇਂਦਾ ਹੈ, (ਗੁਰੂ ਦੀ ਰਾਹੀਂ ਜੇ) ਸਦਾ ਪ੍ਰਭੂ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ, ਪਰ, ਗੁਰੂ ਦੀ ਦੱਸੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਉਤੇ ਧੁਰੋਂ ਬਖ਼ਸ਼ਸ਼ ਹੋਵੇ।੬।

ਸਲੋਕ ਮਃ ੫ ॥ ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥ ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥ {ਪੰਨਾ 519}

ਪਦਅਰਥ: ਸੁਥਾਨਿਚੰਗੇ ਟਿਕਾਣੇ ਤੇ। ਲਹਰੀਲਹਰਾਂ। ਸੈਸੈਂਕੜੇ। ਆਨਹੋਰ ਹੋਰ, ਭਾਵ, ਵਿਕਾਰਾਂ ਦੀਆਂ। ਮਾ ਪਿਰੀਮੇਰਾ ਪਿਆਰਾ।

ਅਰਥ: (ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ, (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਹੇ ਨਾਨਕ! ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ।੧।

ਮਃ ੫ ॥ ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥ ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥ {ਪੰਨਾ 519}

ਪਦਅਰਥ: ਭੀਹਾਵਲੈ ਬਨਿਡਰਾਉਣੇ ਜੰਗਲ ਵਿਚ। ਹਿਕੁਇੱਕ। ਲਧਮੁਮੈਂ ਲੱਭਾ ਹੈ। ਹਰਤਾਨਾਸ ਕਰਨ ਵਾਲਾ। ਪੂਰਨ ਕਾਮਾਂਕੰਮ ਪੂਰਾ ਹੋ ਗਿਆ ਹੈ।

ਅਰਥ: (ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ।੨।

ਪਉੜੀ ॥ ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥ ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥ ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥ ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥ ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥ ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥ ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥ ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥ {ਪੰਨਾ 519}

ਪਦਅਰਥ: ਪਾਈਅਨਿਪਾਏ ਜਾਂਦੇ ਹਨ {ਵਿਆਕਰਣ ਅਨੁਸਾਰ ਇਹ ਲਫ਼ਜ਼ 'ਪਾਇਨਿ' ਤੋਂ 'ਕਰਮ ਵਾਚ' Passice Voice ਹੈ}ਵਾਹੁ ਵਾਹੁਸ਼ਾਬਾਸ਼। ਪਹਿਪਾਸ। ਕਰਮੀ—(ਪ੍ਰਭੂ ਦੀ) ਮੇਹਰ ਨਾਲ। ਬਹੁੜਿਫਿਰ, ਮੁੜ। ਧਾਈਐਭਟਕੀਦਾ ਹੈ। ਸੁਣਿ ਸੁਣੇਸੁਣਿ ਸੁਣਿ।

ਅਰਥ: (ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ; ਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ) ਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਪਰ, ਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ, ਸਿਫ਼ਤਿ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ; ਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ।

ਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ; ਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ।੭।

TOP OF PAGE

Sri Guru Granth Darpan, by Professor Sahib Singh