ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 517

ਪਉੜੀ ॥ ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥ ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥ ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥ ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥ ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥ {ਪੰਨਾ 517}

ਪਦਅਰਥ: ਜਿਨਿਜਿਸ ਪ੍ਰਭੂ ਨੇ। ਸੇਵਿਸੇਵਾ ਕਰ ਕੇ, ਹੁਕਮ ਕਰ ਕੇ। ਅਚਿੰਤੁਬੇਫ਼ਿਕਰ।

ਅਰਥ: ਜਿਸ ਪ੍ਰਭੂ ਨੇ 'ਭਾਉ ਦੂਜਾ' ਪੈਦਾ ਕੀਤਾ ਹੈ ਜੇ ਉਸ ਦੀ ਹਜ਼ੂਰੀ ਵਿਚ ਅਰਦਾਸ ਕਰੀਏ, ਜੇ ਸਤਿਗੁਰੂ ਦੇ ਹੁਕਮ ਵਿਚ ਤੁਰੀਏ ਤਾਂ (ਮਾਨੋ) ਸਾਰੇ ਫਲ ਮਿਲ ਜਾਂਦੇ ਹਨ, ਪ੍ਰਭੂ ਦਾ ਅੰਮ੍ਰਿਤ-ਨਾਮ ਸਦਾ ਸਿਮਰ ਸਕੀਦਾ ਹੈ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਦੂਜੇ ਭਾਉ ਦਾ) ਦੁਖ ਮਿਟਾ ਸਕੀਦਾ ਹੈ, ਤੇ, ਹੇ ਨਾਨਕ! ਕਦੇ ਨਾਹ ਨਾਸ ਹੋਣ ਵਾਲਾ ਨਾਮ-ਧਨ ਖੱਟ ਕੇ ਬੇ-ਫ਼ਿਕਰ ਹੋ ਜਾਈਦਾ ਹੈ।੨੦।

ਸਲੋਕ ਮਃ ੩ ॥ ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥ ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥ ਨਾਨਕ ਤਿਨ੍ਹ੍ਹ ਬਲਿਹਾਰਣੈ ਜਿਨ੍ਹ੍ਹ ਗੁਰਮੁਖਿ ਪਾਇਆ ਮਨ ਮਾਹਿ ॥੧॥ {ਪੰਨਾ 517}

ਪਦਅਰਥ: ਖੇਤਿਪੈਲੀ ਵਿਚ। ਮਿਆਲਾਵੱਟਾਂ। ਘਰੁ ਉਚਾਬੱਦਲ। ਨਿਰਣਉਤੱਕ ਕੇ। ਮਹਲ ਘਰਿ—(ਜਿਸ ਜੀਵ-) ਇਸਤ੍ਰੀ ਦੇ ਘਰ ਵਿਚ। ਸਰੈਬਣੀ ਹੋਈ ਹੈ, ਫਬੀ ਹੈ। ਸਜਣਪ੍ਰਭੂ ਜੀ। ਘਨਾਹੇ ਘਨ! ਹੇ ਬੱਦਲ! ਹੇ ਸਤਿਗੁਰੂ! ਬਹੁੜਿਫੇਰ। ਕਾਹਿਕਾਹਦੇ ਲਈ?

ਅਰਥ: ਬੱਦਲ ਵੇਖ ਕੇ (ਜੱਟ) ਪੈਲੀ ਵਿਚ ਵੱਟਾਂ ਉੱਚੀਆਂ ਕਰ ਦੇਂਦਾ ਹੈ (ਤੇ ਵਰਖਾ ਦਾ ਪਾਣੀ ਉਸ ਪੈਲੀ ਵਿਚ ਆ ਖਲੋਂਦਾ ਹੈ), (ਤਿਵੇਂ ਹੀ, ਜਿਸ ਜੀਵ-) ਇਸਤ੍ਰੀ ਦੇ ਹਿਰਦੇ ਵਿਚ ਭਗਤੀ (ਦਾ ਉਛਾਲਾ) ਆਉਂਦਾ ਹੈ ਉਥੇ ਪ੍ਰਭੂ ਪ੍ਰਾਹੁਣਾ ਬਣ ਕੇ (ਭਾਵ, ਰਹਿਣ ਲਈ) ਆਉਂਦਾ ਹੈ।

ਹੇ ਮੇਘ! (ਹੇ ਸਤਿਗੁਰੂ!) ਜੇ (ਨਾਮ ਦੀ) ਵਰਖਾ ਕਰਨੀ ਹੈ ਤਾਂ ਵਰਖਾ (ਹੁਣ) ਕਰ, (ਮੇਰੀ ਉਮਰ ਵਿਹਾ ਜਾਣ ਤੇ) ਫੇਰ ਕਾਹਦੇ ਲਈ ਵਰਖਾ ਕਰੇਂਗਾ?

ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਰਾਹੀਂ ਪ੍ਰਭੂ ਨੂੰ ਹਿਰਦੇ ਵਿਚ ਲੱਭ ਲਿਆ ਹੈ।੧।

ਮਃ ੩ ॥ ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥ {ਪੰਨਾ 517}

ਪਦਅਰਥ: ਮਿਠਾਪਿਆਰਾ। ਭਾਵਦਾਸਦਾ ਚੰਗਾ ਲੱਗਦਾ ਹੈ। ਜਿਜੋ। ਰਾਸਿਮੁਆਫ਼ਿਕ। ਜਿ ਰਾਸਿਜੋ ਸਦਾ ਮੁਆਫ਼ਿਕ ਆਵੇ, ਜਿਸ ਨਾਲ ਸਦਾ ਬਣੀ ਰਹੇ।

ਅਰਥ: (ਅਸਲ) ਪਿਆਰਾ ਪਦਾਰਥ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ, (ਅਸਲ) ਮਿੱਤ੍ਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ (ਪਰ 'ਦੂਜਾ ਭਾਵ' ਨਾਹ ਸਦਾ ਚੰਗਾ ਲੱਗਦਾ ਹੈ ਨਾਹ ਸਦਾ ਨਾਲ ਨਿਭਦਾ ਹੈ), ਹੇ ਨਾਨਕ! ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ।੨।

ਪਉੜੀ ॥ ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥ ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥ ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥ ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥ {ਪੰਨਾ 517}

ਪਦਅਰਥ: ਜਨਪ੍ਰਭੂ ਦਾ ਸੇਵਕ। ਹਉਮੈਂ। ਪਾਈਪੈਰੀਂ।

ਅਰਥ: ਪ੍ਰਭੂ ਦੇ ਸੇਵਕ ਦੀ ਅਰਦਾਸਿ ਪ੍ਰਭੂ ਦੀ ਹਜ਼ੂਰੀ ਵਿਚ (ਇਉਂ ਹੁੰਦੀ) ਹੈ-(ਹੇ ਪ੍ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ, ਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ, ਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ। ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼ੁਆਰ ਕਰਦਾ ਹੈਂ।

ਹੇ ਨਾਨਕ! ਤੂੰ ਭੀ ਪ੍ਰਭੂ ਦੀ ਚਰਨੀਂ ਲੱਗ ਤੇ (ਦੁਨੀਆ ਵਾਲੀ) ਚਿੰਤਾ ਛੱਡ ਕੇ ਬੇ-ਫ਼ਿਕਰ ਹੋ ਰਹੁ।੨੧।

ਸਲੋਕ ਮਃ ੩ ॥ ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥ ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥ {ਪੰਨਾ 517}

ਅਰਥ: ਜਗਤ (ਦੁਨੀਆ ਦੀਆਂ) ਆਸਾਂ ਬਣਾ ਬਣਾ ਕੇ ਮਰ ਜਾਂਦਾ ਹੈ, ਪਰ ਇਹ ਆਸ ਕਦੇ ਮਰਦੀ ਨਹੀਂ; ਕਦੇ ਮੁੱਕਦੀ ਨਹੀਂ (ਭਾਵ, ਕਦੇ ਤ੍ਰਿਸ਼ਨਾ ਮੁੱਕਦੀ ਨਹੀਂ, ਕਦੇ ਸੰਤੋਖ ਨਹੀਂ ਆਉਂਦਾ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਚਿੱਤ ਜੋੜਿਆਂ ਮਨੁੱਖ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਤ੍ਰਿਸ਼ਨਾ ਮੁੱਕ ਜਾਂਦੀ ਹੈ)੧।

ਮਃ ੩ ॥ ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥ ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥ {ਪੰਨਾ 517}

ਪਦਅਰਥ: ਮਨਸਾਮਨ ਦਾ ਫੁਰਨਾ। ਜਿਨਿਜਿਸ ਪ੍ਰਭੂ ਨੇ। ਕੀਤੀ—(ਆਸਾ ਮਨਸਾ) ਪੈਦਾ ਕੀਤੀ। ਸੋਉਹੀ ਪ੍ਰਭੂ। ਲੈ ਜਾਇਨਾਸ ਕਰੇ।

ਅਰਥ: ਇਹ ਦੁਨੀਆ ਦੀ ਆਸ, ਇਹ ਮਾਇਆ ਦਾ ਫੁਰਨਾ ਤਦੋਂ ਹੀ ਮੁੱਕਣਗੇ ਜਦੋਂ ਉਹ ਪ੍ਰਭੂ ਆਪ ਮੁਕਾਏਗਾ ਜਿਸ ਨੇ ਇਹ (ਆਸਾ ਮਨਸਾ) ਪੈਦਾ ਕੀਤੇ, (ਕਿਉਂਕਿ) ਹੇ ਨਾਨਕ! (ਤਦੋਂ ਹੀ ਯਕੀਨ ਬਣੇਗਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ-ਥਿਰ ਰਹਿਣ ਵਾਲਾ ਨਹੀਂ (ਫਿਰ ਕਿਸ ਦੀ ਆਸ ਬੰਨ੍ਹੀਏ?)੨।

ਪਉੜੀ ॥ ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥ ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥ ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥ ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥ ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ   {ਪੰਨਾ 517}

ਪਦਅਰਥ: ਉਪਾਇਓਨੁਉਪਾਇਆ ਉਸ (ਪ੍ਰਭੂ) ਨੇ। ਥਾਟੁਬਨਾਵਟ, ਬਣਤਰ। ਪੂਰਾਮੁਕੰਮਲ, ਜਿਸ ਵਿਚ ਕੋਈ ਊਣਤਾ ਨਾਹ ਹੋਵੇ। ਵਣਜਾਰਾਵਾਪਾਰੀ। ਹਾਟੁਹੱਟ (ਜਿਥੇ ਸੌਦਾ ਹੋ ਰਿਹਾ ਹੈ। ਬੋਹਿਥਾਜਹਾਜ਼। ਖੇਵਾਟੁਮਲਾਹ। ਘਾਟੁਪੱਤਣ। ਕਿਲਵਿਖਪਾਪ।

ਅਰਥ: ਮੁਕੰਮਲ ਬਣਤਰ ਬਣਾ ਕੇ ਪ੍ਰਭੂ ਨੇ ਆਪ ਹੀ ਜਗਤ ਪੈਦਾ ਕੀਤਾ, ਏਥੇ ਪ੍ਰਭੂ ਆਪ ਹੀ ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਤੇ ਆਪ ਹੀ ਮੱਲਾਹ ਹੈ, ਏਥੇ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਤੇ ਆਪ ਹੀ (ਪਾਰਲਾ) ਪੱਤਣ ਵਿਖਾਂਦਾ ਹੈ। ਹੇ ਦਾਸ ਨਾਨਕ! ਤੂੰ ਉਸ ਪ੍ਰਭੂ ਦਾ ਨਾਮ ਸਿਮਰ ਤੇ ਆਪਣੇ ਸਾਰੇ ਪਾਪ ਦੂਰ ਕਰ ਲੈ।੨੨।੧।ਸੁਧੁ।

ਨੋਟ: ਸ੍ਰੀ ਕਰਤਾਰਪੁਰ ਵਾਲੀ 'ਬੀੜ' ਵਿਚ ਇਸ 'ਵਾਰ' ਦੀ 'ਬਾਣੀ' ਦੀ ਲਿਖਤ ਨਾਲੋਂ 'ਸਲੋਕ ਮ: ' ਆਦਿਕ ਸਾਰੇ ਸਿਰ-ਲੇਖ ਬਰੀਕ, ਲਿਖਤ ਦੇ ਹਨ। ਇਸ ਤੋਂ ਅੰਦਾਜ਼ਾ ਇਹ ਲੱਗ ਸਕਦਾ ਹੈ ਕਿ ਸਿਰ-ਲੇਖਾਂ ਵਾਸਤੇ ਪਹਿਲਾਂ ਥਾਂ ਖ਼ਾਲੀ ਰਖੀ ਗਈ ਹੈ, ਫਿਰ ਚੰਗੀ ਤਰ੍ਹਾਂ ਸੋਧ ਕੇ (ਕਿ ਸਲੋਕ ਠੀਕ ਉਸੇ ਹੀ ਗੁਰ-ਵਿਅਕਤੀ ਦੇ ਹਨ) 'ਸਿਰ-ਲੇਖ' ਬਾਰੀਕ ਕਲਮ ਨਾਲ ਦਰਜ ਕੀਤੇ ਹਨ। ਤਾਹੀਏਂ 'ਵਾਰ' ਦੇ ਮੁੱਕਣ ਤੇ ਹਾਸ਼ੀਏ ਤੋਂ ਬਾਹਰ ਲਫ਼ਜ਼ 'ਸੁਧੁ' ਲਿਖਿਆ ਹੈ, ਭਾਵ ਇਹ ਕਿ, ਸ਼ਲੋਕ ਠੀਕ ਸਿਰ-ਲੇਖ ਵਾਲੇ ਗੁਰ-ਵਿਅਕਤੀ ਦੇ ਹੀ ਹਨ; ਇਹ ਗੱਲ ਸੋਧ ਕੇ ਵੇਖ ਲਈ ਹੈ।

ਰਾਗੁ ਗੂਜਰੀ ਵਾਰ ਮਹਲਾ ੫

ਵਾਰ ਦਾ ਭਾਵ

ਪਉੜੀ ਵਾਰ-

() ਸ੍ਰਿਸ਼ਟੀ ਰਚ ਕੇ ਇਸ ਵਿਚ ਹਰ ਥਾਂ ਪ੍ਰਭੂ ਆਪ ਮੌਜੂਦ ਹੈ, ਸਭ ਦੀ ਪਾਲਣਾ ਆਪ ਹੀ ਕਰਦਾ ਹੈ, ਸਭ ਜੀਵ ਉਸ ਨੇ, ਮਾਨੋ, ਇਕ ਧਾਗੇ ਵਿਚ ਪ੍ਰੋਤੇ ਹੋਏ ਹਨ, ਉਸ ਦੀ ਰਜ਼ਾ ਅਨੁਸਾਰ ਹੀ ਕਈ ਜੀਵ ਜਗਤ ਦੇ ਵਿਕਾਰਾਂ ਵਿਚ ਖ਼ੁਆਰ ਹੋ ਰਹੇ ਹਨ ਤੇ ਜਿਨ੍ਹਾਂ ਉਤੇ ਮੇਹਰ ਕਰਦਾ ਹੈ ਉਹ ਉਸ ਦਾ ਸਿਮਰਨ ਕਰ ਕੇ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦੇ ਹਨ।

() ਵੱਡੇ ਵੱਡੇ ਦੇਵਤਿਆਂ ਤੋਂ ਲੈ ਕੇ ਸਾਰੇ ਜੀਅ ਜੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਤਾਣੇ ਪੇਟੇ ਵਾਂਗ ਪਰਮਾਤਮਾ ਸਭ ਜੀਵਾਂ ਵਿਚ ਮਿਲਿਆ ਹੋਇਆ ਹੈ, ਜਿਧਰ ਜਿਧਰ ਲਾਂਦਾ ਹੈ ਓਧਰ ਓਧਰ ਜੀਵ ਲੱਗਦੇ ਹਨ, ਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੱੁਠਦਾ ਹੈ ਉਹੀ ਉਸ ਦੀ ਬੰਦਗੀ ਕਰਦੇ ਹਨ।

() ਮਨੁੱਖ ਦੀ ਆਪਣੀ ਚਤੁਰਾਈ ਸਿਆਣਪ ਕੰਮ ਨਹੀਂ ਦੇਂਦੀ, ਮਨੁੱਖ ਆਪ ਤਾਂ ਸਗੋਂ ਭਲੇ ਕੰਮਾਂ ਵਲੋਂ ਆਲਸ ਹੀ ਕਰਦਾ ਹੈ, ਜਿਸ ਉੱਤੇ ਪ੍ਰਭੂ ਦੀ ਮੇਹਰ ਦੀ ਨਜ਼ਰ ਹੋਵੇ, ਉਸ ਨੂੰ ਗੁਰਮੁਖਾਂ ਦੀ ਸੰਗਤਿ ਵਿਚ ਮੇਲਦਾ ਹੈ, ਜਿਥੇ ਉਹ ਸੇਵਾ ਕਰਦਾ ਹੈ ਤੇ ਸਿਫ਼ਤਿ-ਸਾਲਾਹ ਸੁਣਦਾ ਹੈ।

() ਜੋ ਪ੍ਰਭੂ ਇਕ ਛਿਨ ਵਿਚ ਕੁਦਰਤਿ ਦੇ ਅਨੇਕਾਂ ਕੌਤਕ ਰਚ ਦੇਂਦਾ ਹੈ, ਜੋ ਸਭ ਜੀਵਾਂ ਦੇ ਦਿਲ ਦੀ ਹਰ ਵੇਲੇ ਜਾਣਦਾ ਹੈ, ਉਹ ਜਿਸ ਮਨੁੱਖ ਤੇ ਰਹਿਮ ਕਰਦਾ ਹੈ ਉਸ ਨੂੰ ਆਪਣੀ ਯਾਦ ਵਿਚ ਜੋੜਦਾ ਹੈ ਤੇ ਵਿਕਾਰਾਂ ਤੋਂ ਬਚਾਂਦਾ ਹੈ ਉਹ ਮਨੁੱਖ ਇਹਨਾਂ ਵਿਕਾਰਾਂ ਅਗੇ ਮਨੁੱਖਾ-ਜਨਮ ਦੀ ਬਾਜ਼ੀ ਹਾਰ ਕੇ ਨਹੀਂ ਜਾਂਦਾ।

() ਜਗਤ ਵਿਚ ਕਾਮਾਦਿਕ ਕਈ ਵਿਕਾਰ ਤੇ ਬਲਾਵਾਂ ਹਨ ਜੋ ਮਨੁੱਖ ਨੂੰ ਹਰ ਵੇਲੇ ਚੰਬੜੇ ਰਹਿੰਦੇ ਹਨ, ਕਈ ਕਿਸਮ ਦੇ ਫ਼ਿਕਰ ਅੰਦੇਸੇ ਇਸ ਨੂੰ ਲੱਗੇ ਰਹਿੰਦੇ ਹਨ, ਪਰ ਜਿਸ ਨੂੰ ਸਤਿਗੁਰੂ ਉਪਦੇਸ਼ ਦੇਂਦਾ ਹੈ ਉਹ ਮਨੁੱਖ ਨਾਮ ਸਿਮਰ ਕੇ ਇਹਨਾਂ ਵਿਕਾਰਾਂ ਤੇ ਅੰਦੇਸਿਆਂ ਤੋਂ ਬਚ ਜਾਂਦਾ ਹੈ, ਕਿਉਂਕਿ ਉਹ ਸੰਤੋਖੀ ਜੀਵਨ ਵਾਲਾ ਹੋ ਜਾਂਦਾ ਹੈ, ਪਰ ਐਸੇ ਭਾਗਾਂ ਵਾਲੇ ਹੁੰਦੇ ਕੋਈ ਵਿਰਲੇ ਹੀ ਹਨ।

() ਜੋ ਮਨੁੱਖ ਆਪਣੀ ਸਿਆਣਪ ਛੱਡ ਕੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਂਦਾ ਹੈ, ਉਸ ਦੀ ਦੁਰਮਤਿ ਨਾਸ ਹੋ ਜਾਂਦੀ ਹੈ, ਉਹ ਜਗਤ ਦੇ ਵਿਕਾਰਾਂ ਵਿਚ ਨਹੀਂ ਫਸਦਾ, ਕੋਈ ਮੰਦਾ ਕੰਮ ਨਹੀਂ ਕਰਦਾ, ਜਿਸ ਦੇ ਕਾਰਨ ਉਸ ਨੂੰ ਪਰਲੋਕ ਵਿਚ ਕੋਈ ਡਰ ਖ਼ਤਰਾ ਹੋਵੇ, 'ਨਾਮ' ਦੀ ਬਰਕਤਿ ਨਾਲ ਉਸ ਦੇ ਮਨ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ, ਪਰ ਗੁਰੂ ਦੀ ਸਰਨ ਉਹੀ ਮਨੁੱਖ ਆਉਂਦਾ ਹੈ ਜਿਸ ਤੇ ਧੁਰੋਂ ਮੇਹਰ ਹੋਵੇ।

() ਗੁਰੂ ਪਾਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਖ਼ਜ਼ਾਨਾ ਹੈ ਜੋ ਪ੍ਰਭੂ ਦੀ ਮੇਹਰ ਨਾਲ ਮਿਲਦਾ ਹੈ, ਸਤਿਗੁਰੂ ਜਿਸ ਮਨੁੱਖ ਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਦੀ ਭਟਕਣਾ ਮੁੱਕ ਜਾਂਦੀ ਹੈ ਕਿਉਂਕਿ ਪ੍ਰਭੂ-ਚਰਨਾਂ ਦਾ ਪਿਆਰ ਉਸ ਨੂੰ ਜਗਤ ਦੇ ਸਾਰੇ ਖ਼ਜ਼ਾਨਿਆਂ ਨਾਲੋਂ ਵਧੀਕ ਕੀਮਤੀ ਦਿੱਸਦਾ ਹੈ, ਕੋਈ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

() ਜੋ ਮਨੁੱਖ ਸਤਿਗੁਰੂ ਦੀ ਮਤਿ ਲੈਂਦਾ ਹੈ ਉਸ ਨੂੰ ਪ੍ਰਭੂ ਦਾ ਗਿਆਨ ਪ੍ਰਾਪਤ ਹੁੰਦਾ ਹੈ, ਜਿਉਂ ਜਿਉਂ ਉਹ ਨਾਮ ਸਿਮਰਦਾ ਹੈ ਉਸ ਦੇ ਸਾਰੇ ਆਤਮਕ ਰੋਗ ਦੂਰ ਹੋ ਜਾਂਦੇ ਹਨ, ਉਸ ਦੇ ਮਨ ਵਿਚ ਠੰਢ ਪੈ ਜਾਂਦੀ ਹੈ; ਹਉਮੈ ਦੂਰ ਕਰਨ ਕਰਕੇ ਕੋਈ ਰੁਕਾਵਟ ਉਸ ਦੇ ਜੀਵਨ ਦੇ ਰਾਹ ਵਿਚ ਨਹੀਂ ਆਉਂਦੀ।

() ਜੋ ਮਨੁੱਖ ਸਾਧ ਸੰਗਤਿ ਵਿਚ ਅੱਪੜਦਾ ਹੈ, ਗੁਰਮੁਖਾਂ ਦਾ ਦਰਸ਼ਨ ਕਰਦਾ ਹੈ ਉਸ ਦੇ ਮਨ ਦੀ ਮੈਲ ਕੱਟੀ ਜਾਂਦੀ ਹੈ, ਉਸ ਦੇ ਮਨ ਵਿਚ ਪ੍ਰਭੂ-ਸਿਮਰਨ ਦਾ ਉਤਸ਼ਾਹ ਪੈਦਾ ਹੁੰਦਾ ਹੈ, ਉਹ ਵਿਕਾਰਾਂ ਵਲ ਨਹੀਂ ਪਰਤਦਾ ਕਿਉਂਕਿ ਉਹ ਸੁਆਸ ਸੁਆਸ ਨਾਮ ਸਿਮਰਦਾ ਹੈ, ਪਰ, ਸਾਧ ਸੰਗਤਿ ਭੀ ਪ੍ਰਭੂ ਦੀ ਮੇਹਰ ਨਾਲ ਹੀ ਮਿਲਦੀ ਹੈ।

(੧੦) ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਹ ਦੁੱਖਾਂ ਦੀ ਮਾਰ ਤੋਂ ਬਚ ਜਾਂਦਾ ਹੈ, ਜੂਨਾਂ ਵਿਚ ਨਹੀਂ ਪੈਂਦਾ, ਹਰ ਥਾਂ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ, ਵਿਕਾਰਾਂ ਵਲੋਂ ਉਹ ਆਪਣੀ ਰੁਚੀ ਸਮੇਟ ਲੈਂਦਾ ਹੈ, ਇਕ ਵਾਰੀ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੋ ਕੇ ਉਹ ਮੁੜ ਖੋਟੇ ਪਾਸੇ ਨਹੀਂ ਜਾਂਦਾ।

(੧੧) ਜਗਤ ਦੀ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਉਸ ਦੇ 'ਨਾਮ' ਦਾ ਖ਼ਜ਼ਾਨਾ ਭੀ ਉਸ ਦੇ ਆਪਣੇ ਹੀ ਵੱਸ ਵਿਚ ਹੈ; ਜਿਸ ਉੱਤੇ ਤ੍ਰੱੁਠਦਾ ਹੈ ਤੇ ਨਾਮ ਦੀ ਦਾਤਿ ਦੇਂਦਾ ਹੈ, ਉਹੀ ਨਾਮ ਸਿਮਰਦਾ ਹੈ।

(੧੨) ਪ੍ਰਭੂ ਦੀ ਇਹ ਆਪਣੀ ਰਜ਼ਾ ਹੈ ਕਿ ਕੋਈ ਜੀਵ ਵਿਕਾਰਾਂ ਵਿਚ ਪ੍ਰਵਿਰਤ ਹਨ ਤੇ ਕੋਈ ਸਿਮਰਨ ਵਿਚ; ਮਨੁੱਖ ਦੀ ਆਪਣੀ ਕੋਈ ਚਤੁਰਾਈ ਜਾਂ ਹੀਲਾ ਕਾਰਗਰ ਨਹੀਂ ਹੋ ਸਕਦਾ, ਜੋ ਮਨੁੱਖ ਪਰਮਾਤਮਾ ਦਾ ਆਸਰਾ ਤੱਕਦਾ ਹੈ, ਪ੍ਰਭੂ ਦੀ ਸ਼ਰਨ ਪੈਂਦਾ ਹੈ ਉਸ ਤੇ ਦਿਆਲ ਹੋ ਕੇ ਪ੍ਰਭੂ ਨਾਮ ਦੀ ਦਾਤਿ ਦੇਂਦਾ ਹੈ।

(੧੩) ਦਿਆਲ ਹੋ ਕੇ ਪ੍ਰਭੂ ਜਿਸ ਦੇ ਹਿਰਦੇ ਵਿਚ ਸਿਮਰਨ ਦੀ ਦਾਤਿ ਦੇ ਕੇ ਠੰਢ ਵਰਤਾਂਦਾ ਹੈ, ਉਸ ਦੇ ਸਾਰੇ ਰੋਣੇ ਮੁੱਕ ਜਾਂਦੇ ਹਨ, ਗੁਰੂ ਦੇ ਪ੍ਰਤਾਪ ਨਾਲ ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਮਾਇਆ ਵਾਲੇ ਬੰਧਨ ਕੱਟੇ ਜਾਂਦੇ ਹਨ ਤੇ ਉਸ ਦਾ ਜੀਵਨ ਸੰਤੋਖ ਵਾਲਾ ਹੋ ਜਾਂਦਾ ਹੈ।

(੧੪) ਪ੍ਰਭੂ ਦੀ ਮੇਹਰ ਨਾਲ ਜੋ ਜੋ ਮਨੁੱਖ 'ਨਾਮ' ਸਿਮਰਦੇ ਹਨ, 'ਨਾਮ' ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਦਿਨ ਰਾਤ 'ਨਾਮ' ਅੰਮ੍ਰਿਤ ਨਾਲ ਹੀ ਉਹ ਮਾਇਆ ਵਲੋਂ ਰੱਜੇ ਰਹਿੰਦੇ ਹਨ, ਇਸ ਵਾਸਤੇ ਕੋਈ ਦੁੱਖ ਦਰਦ ਰੋਗ ਉਹਨਾਂ ਨੂੰ ਪੋਹ ਨਹੀਂ ਸਕਦਾ।

(੧੫) ਕਾਮਾਦਿਕ ਵਿਕਾਰ ਬੜੇ ਸੂਰਮੇ ਬਲੀ ਜੋਧੇ ਹਨ, ਸਾਧਾਰਨ ਤ੍ਰੈਗੁਣੀ ਜੀਵ ਤਾਂ ਕਿਤੇ ਰਹੇ, ਇਹ ਵੱਡੇ ਵੱਡੇ 'ਤਿਆਗੀਆਂ' ਨੂੰ ਭੀ ਜ਼ੇਰ ਕਰ ਲੈਂਦੇ ਹਨ, ਸਭ ਨੂੰ ਜਿੱਤ ਜਿੱਤ ਕੇ ਆਪਣੀ ਰਈਅਤਿ ਬਣਾ ਲੈਂਦੇ ਹਨ; ਮਾਇਆ ਦੀ ਖ਼ਾਤਰ ਭਟਕਣ ਤੇ ਮਾਇਆ ਦਾ ਮੋਹ ਇਹਨਾਂ ਸੂਰਮਿਆਂ ਦਾ, ਮਾਨੋ, ਕਿਲ੍ਹਾ ਤੇ ਕਿਲ੍ਹੇ ਦੇ ਚੁਗਿਰਦੇ ਡੂੰਘੀ ਖਾਈ ਹਨ। ਇਹਨਾਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ-ਸਤਿਗੁਰੂ ਦੀ ਓਟ।

(੧੬) 'ਭਰਮਗੜ੍ਹ' ਵਿਚ ਕੈਦ ਹੋਏ ਜੀਵ ਨੂੰ ਕਾਮਾਦਿਕਾਂ ਪਾਸੋਂ ਸਤਿਗੁਰੂ ਹੀ ਛੁਡਾਂਦਾ ਹੈ, ਗੁਰੂ ਮਨੁੱਖ ਨੂੰ ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਦੇਂਦਾ ਹੈ; 'ਨਾਮ' ਐਸੀ ਦਵਾਈ ਹੈ ਜਿਸ ਨਾਲ ਵੱਡੇ ਤੋਂ ਵੱਡਾ ਭਿਆਨਕ ਰੋਗ ਨਾਸ ਹੋ ਜਾਂਦਾ ਹੈ।

(੧੭) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਵੱਸ ਪੈਂਦਾ ਹੈ ਉਸ ਦਾ ਮਨ ਹਰ ਵੇਲੇ ਖਿੜਿਆ ਰਹਿੰਦਾ ਹੈ, ਉਸ ਨੂੰ ਕਿਸੇ ਵਿਕਾਰ ਆਦਿਕ ਤੋਂ ਡਰ ਖ਼ਤਰਾ ਨਹੀਂ ਹੁੰਦਾ ਕਿਉਂਕਿ ਉਸ ਨੂੰ ਯਕੀਨ ਆ ਜਾਂਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ ਤੇ ਪਰਮਾਤਮਾ ਬੰਦਗੀ ਕਰਨ ਵਾਲੇ ਨੂੰ ਆਪ ਹੱਥ ਦੇ ਕੇ ਬਚਾਂਦਾ ਹੈ।

(੧੮) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪਣੇ 'ਨਾਮ' ਦੀ ਦਾਤਿ ਦੇਂਦਾ ਹੈ, ਉਹਨਾਂ ਦੀ ਦੁਰਮਤਿ ਤੇ ਭਰਮ ਭਉ ਦੂਰ ਹੋ ਜਾਂਦੇ ਹਨ; ਨਾਹ ਹੀ ਉਹ ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ, ਨਾਹ ਹੀ ਕੋਈ ਐਸਾ ਕੰਮ ਕਰਦੇ ਹਨ ਜਿਸ ਕਰ ਕੇ ਪਛੁਤਾਣਾ ਪਏ; ਉਹ ਹਰ ਵੇਲੇ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਪ੍ਰੋ ਰੱਖਦੇ ਹਨ।

(੧੯) ਸਰਬ-ਨਿਵਾਸੀ ਪ੍ਰਭੂ ਜਿਸ ਮਨੁੱਖ ਤੇ ਤ੍ਰੱੁਠਦਾ ਹੈ, ਉਸ ਪਾਸੋਂ ਸਿਮਰਨ ਦੀ ਕਮਾਈ ਆਪ ਹੀ ਕਰਾਂਦਾ ਹੈ, ਜਿਸ ਦੇ ਹਿਰਦੇ ਵਿਚ ਵੱਸਦਾ ਹੈ ਉਸ ਦਾ ਜੀਵਨ ਸੁਖੀ ਹੋ ਜਾਂਦਾ ਹੈ, ਪਰ, ਉਹੀ ਮਨੁੱਖ ਸਿਮਰਨ ਕਰਦਾ ਹੈ, ਜੋ ਸਤਿਗੁਰੂ ਦਾ ਆਸਰਾ ਲੈਂਦਾ ਹੈ।

(੨੦) ਜੋ ਮਨੁੱਖ ਪਰਮਾਤਮਾ ਦੇ ਹੋ ਕੇ ਰਹਿੰਦੇ ਹਨ ਉਹਨਾਂ ਨੂੰ ਪ੍ਰਭੂ ਵਿਕਾਰਾਂ ਦੁੱਖਾਂ ਤੋਂ ਇਉਂ ਬਚਾ ਲੈਂਦਾ ਹੈ, ਮਾਨੋ, ਉਹਨਾਂ ਨੂੰ ਗਲ ਲਾ ਲੈਂਦਾ ਹੈ, ਕੋਈ ਵਿਕਾਰ ਦੁੱਖ ਉਹਨਾਂ ਤੇ ਦਬਾਉ ਨਹੀਂ ਪਾ ਸਕਦਾ। ਪਰ, ਜੋ ਬੰਦੇ ਗੁਰਮੁਖਾਂ ਦੀ ਨਿੰਦਾ ਕਰਦੇ ਹਨ, ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਹੁੰਦੀ, ਉਹ, ਮਾਨੋ, ਘੋਰ ਨਰਕ ਵਿਚ ਸੜ ਰਹੇ ਹਨ।

(੨੧) ਪਰਮਾਤਮਾ ਦਾ ਸਿਮਰਨ ਕਰਨ ਨਾਲ ਦੁਨੀਆ ਵਾਲੇ ਝੋਰੇ ਮਿਟ ਜਾਂਦੇ ਹਨ, ਮਨੁੱਖ ਦੀ ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ, ਉਸ ਦੇ ਹਿਰਦੇ ਵਿਚ ਸੁਖ, ਅਡੋਲਤਾ ਤੇ ਖ਼ੁਸ਼ੀ ਆ ਵੱਸਦੀ ਹੈ, ਭਗਤ ਤੇ ਪ੍ਰਭੂ ਇਕ-ਰੂਪ ਹੋ ਜਾਂਦੇ ਹਨ।

ਸਮੁੱਚਾ ਭਾਵ:

() (੧ ਤੋਂ ੪ ਤਕ) ਵੱਡੇ ਵੱਡੇ ਬੰਦਿਆਂ ਤੋਂ ਲੈ ਕੇ ਸਾਰੇ ਜੀਵ ਇਸ ਰੰਗਾ ਰੰਗ ਜਗਤ ਦੇ ਰਚਨਹਾਰ ਕਰਤਾਰ ਨੇ ਆਪਣੇ ਹੁਕਮ ਰੂਪ ਧਾਗੇ ਵਿਚ ਪ੍ਰੋਤੇ ਹੋਏ ਹਨ, ਤਾਣੇ ਪੇਟੇ ਵਾਂਗ ਉਹ ਸਭ ਵਿਚ ਮਿਲਿਆ ਹੋਇਆ ਹੈ, ਸਭਨਾਂ ਦੇ ਦਿਲਾਂ ਦੀ ਉਹ ਹਰ ਵੇਲੇ ਜਾਣਦਾ ਹੈ, ਇਹ ਉਸ ਦੀ ਆਪਣੀ ਰਜ਼ਾ ਹੀ ਹੈ ਕਿ ਕਈ ਜੀਵ ਵਿਕਾਰਾਂ ਵਿਚ ਖ਼ੁਆਰ ਹੋ ਰਹੇ ਹਨ, ਮਨੁੱਖ ਦੀ ਕੋਈ ਚਤੁਰਾਈ ਸਿਆਣਪ ਇਸ ਨੂੰ ਬਚਾ ਨਹੀਂ ਸਕਦੀ, ਜਿਸ ਮਨੁੱਖ ਤੇ ਮੇਹਰ ਕਰਦਾ ਹੈ ਉਸ ਨੂੰ ਆਪਣੀ ਯਾਦ ਤੇ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ।

() (੫ ਤੋਂ ੧੦ ਤਕ) ਜਿਸ ਮਨੁੱਖ ਤੇ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਹੁੰਦੀ ਹੈ ਉਸ ਭਾਗਾਂ ਵਾਲੇ ਨੂੰ ਸਤਿਗੁਰੂ ਦੀ ਸੰਗਤਿ ਨਸੀਬ ਹੁੰਦੀ ਹੈ, ਗੁਰੂ ਪਾਸ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ, ਮਾਨੋ, ਖ਼ਜ਼ਾਨਾ ਹੈ, ਜਿਉਂ ਜਿਉਂ ਮਨੁੱਖ ਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਸ ਦੀ ਦੁਰਮਤਿ ਨਾਸ ਹੁੰਦੀ ਹੈ, ਪ੍ਰਭੂ-ਚਰਨਾਂ ਦਾ ਪਿਆਰ ਉਸ ਨੂੰ ਜਗਤ ਦੇ ਸਾਰੇ ਖ਼ਜ਼ਾਨਿਆਂ ਨਾਲੋਂ ਵਧੀਕ ਪਿਆਰਾ ਲੱਗਦਾ ਹੈ, ਨਾਮ ਸਿਮਰਨ ਨਾਲ ਉਸ ਦੇ ਮਨ ਵਿਚ ਠੰਢ ਪੈਂਦੀ ਹੈ, ਸੰਤੋਖ ਆਉਂਦਾ ਹੈ, ਵਿਕਾਰਾਂ ਵਲੋਂ ਉਹ ਆਪਣੀ ਰੁਚੀ ਸਮੇਟ ਲੈਂਦਾ ਹੈ, ਇਸ ਤਰ੍ਹਾਂ ਇਕ ਵਾਰੀ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੋ ਕੇ ਉਹ ਮੁੜ ਖੋਟੇ ਪਾਸੇ ਨਹੀਂ ਜਾਂਦਾ।

() (੧੧ ਤੋਂ ੧੬ ਤਕ) ਜਗਤ ਦੀ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ, ਜੀਵਾਂ ਦਾ ਵਿਕਾਰਾਂ ਵਿਚ ਪ੍ਰਵਿਰਤ ਹੋਣਾ ਭੀ ਪ੍ਰਭੂ ਦੀ ਹੀ ਰਜ਼ਾ ਹੈ, ਜੀਵ ਦੀ ਚਤੁਰਾਈ ਕਾਰਗਰ ਨਹੀਂ ਹੋ ਸਕਦੀ, ਇਹ ਕਾਮਾਦਿਕ ਵਿਕਾਰ ਇਤਨੇ ਬਲੀ ਹਨ ਕਿ ਵੱਡੇ ਵੱਡੇ ਤਿਆਗੀ ਭੀ ਇਹਨਾਂ ਦੇ ਜ਼ੇਰ ਹੋ ਜਾਂਦੇ ਹਨ, ਇਕੋ ਹੀ ਬਚਾਉ ਹੈ-ਪ੍ਰਭੂ ਦੀ ਮੇਹਰ ਨਾਲ ਸਤਿਗੁਰੂ ਦੀ ਓਟ। ਗੁਰੂ ਮਨੁੱਖ ਨੂੰ 'ਨਾਮ' ਦਾ ਖ਼ਜ਼ਾਨਾ ਦੇਂਦਾ ਹੈ; 'ਨਾਮ' ਐਸੀ ਦਵਾਈ ਹੈ ਜਿਸ ਨਾਲ ਵੱਡੇ ਤੋਂ ਵੱਡੇ ਅਸਾਧ ਆਤਮਕ ਰੋਗ ਨਾਸ ਹੋ ਜਾਂਦੇ ਹਨ।

() (੧੭ ਤੋਂ ੨੧ ਤਕ) 'ਨਾਮ' ਦੀ ਬਰਕਤਿ ਨਾਲ ਮਨੁੱਖ ਦਾ ਮਨ ਖਿੜਿਆ ਰਹਿੰਦਾ ਹੈ, ਜੀਵਨ ਸੁਖੀ ਹੋ ਜਾਂਦਾ ਹੈ, ਕੋਈ ਵਿਕਾਰ ਦੁੱਖ ਆਦਿਕ ਉਸ ਤੇ ਦਬਾਉ ਨਹੀਂ ਪਾ ਸਕਦਾ, 'ਨਾਮ' ਵਿਚ ਮਨ ਹਰ ਵੇਲੇ ਪ੍ਰੋਤਾ ਰਹਿਣ ਕਰਕੇ ਬੰਦਗੀ ਵਾਲਾ ਮਨੁੱਖ ਤੇ ਪਰਮਾਤਮਾ ਇਕ-ਰੂਪ ਹੋ ਜਾਂਦੇ ਹਨ।

ਮੁੱਖ ਭਾਵ-

ਇਹ ਸਾਰਾ ਬਹੁ-ਰੰਗੀ ਜਗਤ ਕਰਤਾਰ ਨੇ ਆਪ ਰਚਿਆ ਹੈ, ਵਿਕਾਰਾਂ ਦੀ ਹੋਂਦ ਭੀ ਉਸੇ ਦੀ ਰਜ਼ਾ ਅਨੁਸਾਰ ਹੈ, ਪਰ, ਇਹ ਵਿਕਾਰ ਇਤਨੇ ਬਲੀ ਹਨ ਕਿ ਮਨੁੱਖ ਆਪਣੀ ਚਤੁਰਾਈ ਨਾਲ ਇਹਨਾਂ ਤੋਂ ਬਚ ਨਹੀਂ ਸਕਦਾ। ਜਿਸ ਮਨੁੱਖ ਤੇ ਪ੍ਰਭੂ ਮੇਹਰ ਕਰਦਾ ਹੈ ਉਹ ਗੁਰੂ ਦੀ ਸਰਨ ਪੈ ਕੇ 'ਨਾਮ' ਸਿਮਰਦਾ ਹੈ, 'ਨਾਮ' ਦੀ ਬਰਕਤਿ ਨਾਲ ਕੋਈ ਵਿਕਾਰ ਦਬਾਉ ਨਹੀਂ ਪਾ ਸਕਦਾ, ਜੀਵਨ ਸੁਖੀ ਹੋ ਜਾਂਦਾ ਹੈ ਤੇ ਮਨੁੱਖ ਪ੍ਰਭੂ ਦਾ ਰੂਪ ਹੋ ਜਾਂਦਾ ਹੈ।

ਵਾਰ ਦੀ ਬਣਤਰ

ਇਹ 'ਵਾਰ' ਗੁਰੂ ਅਰਜਨ ਸਾਹਿਬ ਦੀ ਰਚੀ ਹੋਈ ਹੈ, ਇਸ ਵਿਚ ੨੧ 'ਪਉੜੀਆਂ' ਹਨ, ਹਰੇਕ ਪਉੜੀ ਦੇ ਨਾਲ ਦੋ ਦੋ ਸ਼ਲੋਕ ਹਨ, ਸਾਰੇ ਸ਼ਲੋਕਾਂ ਦੀ ਗਿਣਤੀ ੪੨ ਹੈ, ਤੇ ਇਹ ਸਾਰੇ ਸ਼ਲੋਕ ਭੀ ਗੁਰੂ ਅਰਜਨ ਸਾਹਿਬ ਦੇ ਹੀ ਹਨ।

ਹਰੇਕ 'ਪਉੜੀ' ਵਿਚ ਅੱਠ ਅੱਠ ਤੁਕਾਂ ਹਨ, ਸਿਰਫ਼ ਪਉੜੀ ਨੰ: ੨੦ ਵਿਚ ਪੰਜ ਤੁਕਾਂ ਹਨ। ਪਹਿਲੀ ਤੇ ਵੀਹਵੀਂ ਪਉੜੀ ਛੱਡ ਕੇ ਬਾਕੀ ਸਾਰੀਆਂ ਪਉੜੀਆਂ ਦੇ ਨਾਲ ਵਰਤੇ ਹੋਏ ਸ਼ਲੋਕ ਦੋ ਦੋ ਤੁਕਾਂ ਦੇ ਹਨ (ਦੂਜੀ ਪਉੜੀ ਦਾ ਪਹਿਲਾ ਸ਼ਲੋਕ ਭੀ ਚਾਰ ਤੁਕਾਂ ਦਾ ਹੈ), ਇਹਨਾਂ ੩੭ ਸ਼ਲੋਕਾਂ ਵਿਚ ਲਹਿੰਦੀ ਬੋਲੀ ਦੇ ਲਫ਼ਜ਼ ਜ਼ਿਆਦਾ ਮਿਲਦੇ ਹਨ। ਸ਼ਲੋਕਾਂ ਦੀ ਸਾਂਵੀ ਵੰਡ, ਇਕੋ ਜਿਹੀ 'ਦੋ-ਤੁਕੀ' ਬਨਾਵਟ, ਇਕੋ ਜਿਹਾ ਮਜ਼ਮੂਨ, ਸਾਰੇ ਹੀ ਸ਼ਲੋਕ ਤੇ ਪਉੜੀਆਂ ਇਕੋ ਹੀ ਗੁਰ-ਵਿਅਕਤੀ ਦੀਆਂ-ਇਹਨਾਂ ਗੱਲਾਂ ਤੋਂ ਸੁਤੇ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਇਹ 'ਵਾਰ' ਤੇ ਇਸ ਦੇ ਨਾਲ ਵਰਤੇ ਹੋਏ 'ਸ਼ਲੋਕ' ਇਕੋ ਹੀ ਵਕਤ ਦੇ ਉਚਾਰੇ ਹੋਏ ਹਨ। 'ਆਸਾ ਦੀ ਵਾਰ' ਵਿਚ ਇਹ ਗੱਲ ਨਹੀਂ ਹੈ, ਇਕ ਤਾਂ ਓਥੇ ਸ਼ਲੋਕਾਂ ਦੇ ਮਜ਼ਮੂਨ ਵੱਖੋ-ਵੱਖਰੇ ਹਨ, ਦੂਜੇ, ਪਉੜੀਆਂ ਨਾਲ ਵਰਤੇ ਸ਼ਲੋਕਾਂ ਦੀ ਵੰਡ ਸਾਂਵੀ ਨਹੀਂ ਹੈ, ਤੀਜੇ, ਕਈ ਪਉੜੀਆਂ ਨਾਲ ਗੁਰੂ ਨਾਨਕ ਸਾਹਿਬ ਦਾ ਆਪਣਾ ਉਚਾਰਿਆ ਹੋਇਆ ਕੋਈ ਸ਼ਲੋਕ ਭੀ ਨਹੀਂ ਹੈ।

ਰਾਗੁ ਗੂਜਰੀ ਵਾਰ ਮਹਲਾ ੫    ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੫ ॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ {ਪੰਨਾ 517}

ਪਦਅਰਥ: ਅੰਤਰਿਮਨ ਵਿਚ। ਆਰਾਧਣਾਯਾਦ ਕਰਨਾ। ਗੁਰ ਨਾਉਗੁਰੂ ਦਾ ਨਾਮ। ਸ੍ਰਵਣੀਕੰਨਾਂ ਨਾਲ। ਸੇਤੀਨਾਲ। ਰਤਿਆਰੰਗੀਜ ਕੇ, ਪਿਆਰ ਕੀਤਿਆਂ। ਵਥੁਚੀਜ਼। ਕਾਢੀਅਹਿਅਖਵਾਂਦੇ ਹਨ।

ਅਰਥ: ਜੇ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ। ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ, ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ-ਇਹ ਦਾਤਿ, ਆਖ, ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ, ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ।੧।

ਮਃ ੫ ॥ ਰਖੇ ਰਖਣਹਾਰਿ ਆਪਿ ਉਬਾਰਿਅਨੁ ॥ ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥ {ਪੰਨਾ 517}

ਪਦਅਰਥ: ਰਖਣਹਾਰਿਰੱਖਣਹਾਰ ਨੇ, ਰੱਖਿਆ ਕਰਨ ਵਾਲੇ (ਪ੍ਰਭੂ) ਨੇ। ਉਬਾਰਿਅਨੁਬਚਾ ਲਏ ਉਸ (ਪ੍ਰਭੂ) ਨੇ। ਸਵਾਰਿਅਨੁਸਵਾਰ ਦਿੱਤੇ ਉਸ ਨੇ। ਮਨਹੁਮਨ ਤੋਂ। ਵਿਸਾਰਿਅਨੁਵਿਸਾਰ ਦਿੱਤੇ ਉਸ ਨੇ। ਭਵਜਲੁਸੰਸਾਰਸਮੁੰਦਰ। ਤਾਰਿਅਨੁਤਾਰੇ ਉਸ ਨੇ। ਸਾਕਤੁਟੁਟੇ ਹੋਏ, ਵਿਛੁੜੇ ਹੋਏ। ਬਿਦਾਰਿਅਨੁਨਾਸ ਕਰ ਦਿੱਤੇ ਉਸ ਨੇ।

ਅਰਥ: ਰੱਖਿਆ ਕਰਨ ਵਾਲੇ ਪਰਮਾਤਮਾ ਨੇ ਜਿਨ੍ਹਾਂ ਬੰਦਿਆਂ ਦੀ ਮਦਦ ਕੀਤੀ, ਉਹਨਾਂ ਨੂੰ ਉਸ ਨੇ ਆਪ (ਵਿਕਾਰਾਂ ਤੋਂ) ਬਚਾ ਲਿਆ ਹੈ, ਉਹਨਾਂ ਨੂੰ ਗੁਰੂ ਦੀ ਪੈਰੀਂ ਪਾ ਕੇ ਉਹਨਾਂ ਦੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ, ਜਿਨ੍ਹਾਂ ਉਤੇ ਪ੍ਰਭੂ ਆਪ ਦਿਆਲ ਹੋਇਆ ਹੈ, ਉਹਨਾਂ ਨੂੰ ਉਸ ਨੇ (ਆਪਣੇ) ਮਨੋਂ ਵਿਸਾਰਿਆ ਨਹੀਂ, ਉਹਨਾਂ ਨੂੰ ਗੁਰਮੁਖਾਂ ਦੀ ਸੰਗਤਿ ਵਿਚ (ਰੱਖ ਕੇ) ਸੰਸਾਰ-ਸਮੁੰਦਰ ਤਰਾ ਦਿੱਤਾ।

ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ, ਜੋ ਨਿੰਦਾ ਕਰਦੇ ਰਹਿੰਦੇ ਹਨ, ਜੋ ਗੰਦੇ ਆਚਰਨ ਵਾਲੇ ਹਨ, ਉਹਨਾਂ ਨੂੰ ਇਕ ਪਲ ਵਿਚ ਉਸ ਨੇ ਮਾਰ ਮੁਕਾਇਆ ਹੈ।

ਨਾਨਕ ਦੇ ਮਨ ਵਿਚ ਭੀ ਉਸ ਮਾਲਕ ਦਾ ਆਸਰਾ ਹੈ ਜਿਸ ਨੂੰ ਸਿਮਰਿਆਂ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।੨।

TOP OF PAGE

Sri Guru Granth Darpan, by Professor Sahib Singh