ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 515

ਮਃ ੩ ॥ ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥ ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥ ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥ {ਪੰਨਾ 515}

ਪਦਅਰਥ: ਬਿਖੁਮਾਇਆਰੂਪ ਜ਼ਹਿਰ। ਦੁਖੇ ਦੁਖਿਨਿਰੋਲ ਦੁਖ ਵਿਚ ਹੀ, ਸਾਰੀ ਉਮਰ ਦੁੱਖ ਵਿਚ ਹੀ। ਪੀਵਣਾਜਲਪਾਨ, ਜੀਵਨ ਆਧਾਰ (ਜਿਵੇਂ ਪਾਣੀ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ)

ਅਰਥ: ਜੋ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ; ਪਰ, ਆਪ-ਹੁਦਰੇ ਮਨੁੱਖ ਮਾਇਆ-ਰੂਪ ਜ਼ਹਿਰ ਖਾ ਕੇ ਮਰਦੇ ਹਨ। ਉਹਨਾਂ ਨੂੰ ਸਿਫ਼ਤਿ-ਸਾਲਾਹ ਚੰਗੀ ਨਹੀਂ ਲੱਗਦੀ, ਇਸ ਵਾਸਤੇ ਉਹਨਾਂ ਦੀ ਸਾਰੀ ਉਮਰ ਦੁੱਖ ਵਿਚ ਹੀ ਬੀਤਦੀ ਹੈ। ਗੁਰਮੁਖਾਂ ਦਾ ਜਲ-ਪਾਨ ਹੀ ਨਾਮ-ਅੰਮ੍ਰਿਤ ਹੈ (ਭਾਵ, ਗੁਰਮੁਖਾਂ ਲਈ ਨਾਮ-ਅੰਮ੍ਰਿਤ ਜੀਵਨ ਦਾ ਆਸਰਾ ਹੈ), ਉਹ ਸੁਰਤਿ ਜੋੜ ਕੇ ਸਿਫ਼ਤਿ ਕਰਦੇ ਹਨ। ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ਉਹ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਤਿੰਨਾਂ ਭਵਨਾਂ (ਵਿਚ ਵਿਆਪਕ ਪ੍ਰਭੂ ਦੀ) ਸੂਝ ਪੈ ਜਾਂਦੀ ਹੈ।੨।

ਪਉੜੀ ॥ ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥ ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥ ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥ ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥ ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥੧੬॥ {ਪੰਨਾ 515}

ਅਰਥ: ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤੇ (ਉਸ ਵਾਸਤੇ) ਪ੍ਰਭੂ ਦੇ ਸਿਮਰਨ ਤੇ ਭਗਤੀ (ਦੀ ਜੁਗਤਿ) ਬਣਦੀ ਹੈ, ਪ੍ਰਭੂ ਮਨ ਵਿਚ ਆ ਕੇ ਵੱਸਦਾ ਹੈ ਤੇ ਅਡੋਲ ਅਵਸਥਾ ਵਿਚ (ਟਿਕਿਆਂ) ਨਾਮ-ਰਸ ਪੀਵੀਦਾ ਹੈ, (ਆਤਮਾ ਨੂੰ) ਸੁਖ ਮਿਲਦਾ ਹੈ ਤੇ (ਜੀਵ-ਵਪਾਰੀ ਨੂੰ) ਸਦਾ ਨਾਮ-ਰੂਪ ਨਫ਼ਾ ਮਿਲਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦੇ ਹਨ।੧੬।

ਸਲੋਕੁ ਮਃ ੩ ॥ ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ੍ਹ ਕਉ ਆਪੇ ਦੇਇ ਬੁਝਾਇ ॥ ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥ ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ੍ਹ ਕੈ ਸੰਗਿ ਮਿਲਾਇ ॥ ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ੍ਹ ਕਉ ਦੇਉ ॥੧॥ {ਪੰਨਾ 515}

ਅਰਥ: ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ। ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ। ਜੋ ਮਨੁੱਖ ਸਿਫ਼ਤਿ-ਸਾਲਾਹ ਕਰਦੇ ਹਨ ਉਹ (ਵੇਖਣ ਨੂੰ ਭੀ) ਸੋਹਣੇ ਲੱਗਦੇ ਹਨ। ਹੇ ਪ੍ਰਭੂ! ਮੈਨੂੰ ਉਹਨਾਂ ਦੀ ਸੰਗਤਿ ਵਿਚ ਰੱਖ, ਤਾਂ ਜੋ ਮੈਂ ਆਪਣੇ ਹਿਰਦੇ ਵਿਚ ਤੇਰੀ ਸਿਫ਼ਤਿ ਕਰਾਂ ਤੇ ਮੂੰਹੋਂ ਭੀ ਤੇਰੇ ਗੁਣ ਗਾਵਾਂ। ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ।੧।

ਮਃ ੩ ॥ ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥ ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ ॥ ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥ ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥ ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥ ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥੨॥ {ਪੰਨਾ 515}

ਅਰਥ: ਜਿਸ ਮਾਲਕ ਪ੍ਰਭੂ ਦਾ ਨਾਮ (ਜੀਵਾਂ ਨੂੰ) ਆਤਮਕ ਬਲ ਦੇਣ ਵਾਲਾ ਹੈ ਉਸ ਦੀ ਸਿਫ਼ਤਿ-ਸਾਲਾਹ ਉਸੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਰੂਪ ਹੈ। ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਸਿਮਰਿਆ ਹੈ ਉਸ ਉਸ ਨੇ (ਨਾਮ-ਅੰਮ੍ਰਿਤ) ਫਲ ਪ੍ਰਾਪਤ ਕਰ ਲਿਆ ਹੈ, ਮੈਂ ਅਜੇਹੇ ਗੁਰਮੁਖਾਂ ਤੋਂ ਸਦਕੇ ਹਾਂ। ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤਿ ਉਸ ਦਾ ਹੀ ਰੂਪ ਹੈ, ਪ੍ਰਭੂ ਜਿਸ ਨੂੰ ਇਹ ਖ਼ਜ਼ਾਨਾ ਬਖ਼ਸ਼ਦਾ ਹੈ ਉਹ ਇਸ ਨੂੰ ਵਰਤਦਾ ਹੈ। ਸਿਫ਼ਤਿ ਦਾ ਮਾਲਕ ਪ੍ਰਭੂ ਪਾਣੀ ਵਿਚ ਧਰਤੀ ਉਤੇ ਹਰ ਥਾਂ ਵਿਆਪਕ ਹੈ, ਗੁਰੂ ਦੇ ਰਾਹ ਤੇ ਤੁਰਦਿਆਂ ਉਹ ਪ੍ਰਭੂ ਮਿਲਦਾ ਹੈ। ਹੇ ਗੁਰ-ਸਿੱਖੋ! ਸਾਰੇ ਸਦਾ ਪ੍ਰਭੂ ਦੇ ਗੁਣ ਗਾਵੋ, ਪੂਰੇ ਗੁਰੂ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਮਿੱਠੀ ਲੱਗਦੀ ਹੈ। ਹੇ ਨਾਨਕ! ਜੋ ਮਨੁੱਖ ਇਕ-ਮਨ ਹੋ ਕੇ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ।੨।

ਪਉੜੀ ॥ ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥ ਸਤਿਗੁਰ ਤੇ ਸਚੁ ਪਛਾਣੀਐ ਸਚਿ ਸਹਜਿ ਸਮਾਣੀ ॥ ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥ ਗੁਰਮਤੀ ਹਰਿ ਰਸੁ ਚਾਖਿਆ ਸੇ ਪੁੰਨ ਪਰਾਣੀ ॥ ਬਿਨੁ ਗੁਰ ਕਿਨੈ ਨ ਪਾਇਓ ਪਚਿ ਮੁਏ ਅਜਾਣੀ ॥੧੭॥ {ਪੰਨਾ 515}

ਅਰਥ: ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੀ ਬਾਣੀ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਹੈ, ਗੁਰੂ ਦੀ ਰਾਹੀਂ ਉਸ ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ ਤੇ ਸਦਾ-ਥਿਰ ਅਡੋਲ ਅਵਸਥਾ ਵਿਚ ਟਿਕ ਸਕੀਦਾ ਹੈ। ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੇ ਨਾਮ ਦਾ ਰਸ ਚੱਖਿਆ ਹੈ, ਉਹ ਹਰ ਵੇਲੇ ਸੁਚੇਤ ਰਹਿੰਦੇ ਹਨ, (ਮਾਇਆ ਦੇ ਮੋਹ ਵਿਚ) ਨਹੀਂ ਸਉਂਦੇ, ਉਹਨਾਂ ਦੀ ਜ਼ਿੰਦਗੀ-ਰੂਪ ਸਾਰੀ ਰਾਤ ਸੁਚੇਤ ਰਹਿ ਕੇ ਗੁਜ਼ਰਦੀ ਹੈ। ਪਰ, ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ, ਅੰਞਾਣ ਲੋਕ (ਮਾਇਆ ਦੇ ਮੋਹ ਵਿਚ) ਖਪ ਖਪ ਕੇ ਦੁਖੀ ਹੁੰਦੇ ਹਨ।੧੭।

ਸਲੋਕੁ ਮਃ ੩ ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥ ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥ ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥ ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥ {ਪੰਨਾ 515}

ਅਰਥ: ਜੋ ਪ੍ਰਭੂ ਆਕਾਰ-ਰਹਿਤ ਹੈ; ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ; ਜੋ ਅਪਹੁੰਚ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ, ਜਿਸ ਦਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ, ਉਸ ਦੀ ਸਿਫ਼ਤਿ-ਸਾਲਾਹ ਉਸੇ ਦਾ ਰੂਪ ਹੈ। ਉਸ ਦਾ ਨਾਮ ਜੀਵਾਂ ਨੂੰ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਪ੍ਰਾਪਤੀ ਕਿਸੇ ਗੁਰਮੁਖ ਨੂੰ ਹੀ ਹੁੰਦੀ ਹੈ। ਸਿਫ਼ਤਿ-ਸਾਲਾਹ ਦੀ ਦਾਤਿ ਭਾਗਾਂ ਨਾਲ ਹੀ ਮਿਲਦੀ ਹੈ, ਜਿਸ ਨੂੰ ਮੇਹਰ ਕਰ ਕੇ ਆਪ ਪ੍ਰਭੂ ਦੇਂਦਾ ਹੈ, ਹੇ ਨਾਨਕ! ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਉਹ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਹੈ।੧।

TOP OF PAGE

Sri Guru Granth Darpan, by Professor Sahib Singh