ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 513

ਪਉੜੀ ॥ ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥ ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥ ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥ ਸਫਲੁ ਜਨਮੁ ਜਿਨ੍ਹ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥ ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥ {ਪੰਨਾ 513}

ਪਦਅਰਥ: ਰਹਾਏਟਿਕਾਏ ਹੋਏ। ਪ੍ਰੇਮ ਕਸਾਏਪ੍ਰੇਮ ਦੇ ਖਿੱਚੇ ਹੋਏ। ਦੂਜੈ ਭਾਇ—(ਰੱਬ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਖੁਆਏਖੁੰਝੀ ਹੋਈ। ਦਰਿਦਰ ਤੇ।

ਅਰਥ: ਬੰਦਗੀ ਕਰਨ ਵਾਲੇ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਸੋਭਦੇ ਹਨ, (ਪ੍ਰਭੂ ਦੀ ਹਜ਼ੂਰੀ ਵਿਚ ਉਹ) ਸੱਚੇ ਸ਼ਬਦ ਦੀ ਰਾਹੀਂ ਟਿਕੇ ਰਹਿੰਦੇ ਹਨ, ਉਹਨਾਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ, (ਉਹ) ਪ੍ਰਭੂ ਦੇ ਪਿਆਰ ਦੇ ਖਿੱਚੇ ਹੋਏ (ਹਨ), ਉਹ ਸਦਾ ਪ੍ਰਭੂ ਦੇ ਪਿਆਰ ਵਿਚ ਰਹਿੰਦੇ ਹਨ, ਪ੍ਰਭੂ ਦੇ ਰੰਗ ਵਿਚ ਰੱਤੇ ਰਹਿੰਦੇ ਹਨ ਤੇ ਜੀਭ ਨਾਲ ਪ੍ਰਭੂ ਦਾ ਨਾਮ-ਰਸ ਪੀਂਦੇ ਹਨ। ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਰੱਬ ਨੂੰ ਪਛਾਣਿਆ ਹੈ ਤੇ ਹਿਰਦੇ ਵਿਚ ਵਸਾਇਆ ਹੈ ਉਹਨਾਂ ਦਾ ਜੰਮਣਾ ਮੁਬਾਰਿਕ ਹੈ।

ਗੁਰੂ ਤੋਂ ਬਿਨਾ ਸ੍ਰਿਸ਼ਟੀ ਹੋਰ ਹੋਰ ਪਿਆਰ ਵਿਚ ਖੁੰਝੀ ਹੋਈ ਵਿਲਕਦੀ ਫਿਰਦੀ ਹੈ।੧੧।

ਸਲੋਕੁ ਮਃ ੩ ॥ ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥ ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥ ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥ ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥ ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥ {ਪੰਨਾ 513}

ਪਦਅਰਥ: ਕਲਿਝਗੜੇ, ਕਲੇਸ਼। ਜੁਗਸੰਸਾਰ, ਜੀਵਨ (ਵੇਖੋ, ਸਲੋਕ ੧ ਪਉੜੀ ੧੦ 'ਇਸ ਜੁਗ ਮਹਿ')ਭਗਤੀਭਗਤੀ ਦੀ ਰਾਹੀਂ (ਨੋਟ: 'ਭਗਤਾਂ ਨੇ, ਅਰਥ ਫਬਦਾ ਨਹੀਂ, ਪਹਿਲੀਆਂ ਚਹੁੰਆਂ ਤੁਕਾਂ ਵਿਚ ਕਿਸੇ ਇਕ ਬੰਦੇ ਦਾ ਜ਼ਿਕਰ ਹੈ, ਬਹੁਤਿਆਂ ਦਾ ਨਹੀਂ)ਕੁਲਸਾਰਾ। ਜਣੇਦੀਜੰਮਣ ਵਾਲੀ। ਮਸਤਕਿਮੱਥੇ ਤੇ। ਵਿਟਹੁਤੋਂ। ਭ੍ਰਮਿਭੁਲੇਖੇ ਵਿਚ। ਮਾਰਗਿਰਸਤੇ ਤੇ।

ਅਰਥ: ਇਸ ਝੰਬੇਲਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਖ਼ਜ਼ਾਨਾ ਹੈ, ਜਿਸ ਨੇ ਬੰਦਗੀ ਕਰ ਕੇ (ਇਹ ਖ਼ਜ਼ਾਨਾ) ਖੱਟ ਲਿਆ ਹੈ ਉਸ ਨੇ ਪ੍ਰਭੂ (ਦਾ ਮੇਲ-ਰੂਪ) ਉੱਚਾ ਦਰਜਾ ਪਾ ਲਿਆ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਨੇ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਇਆ ਹੈ ਤੇ ਹਰ ਵੇਲੇ ਨਾਮ ਸਿਮਰਿਆ ਹੈ, ਸਤਿਗੁਰੂ ਦੇ ਬਚਨ ਵਿਚ (ਤੁਰ ਕੇ) ਉਹ ਗ੍ਰਿਹਸਤ ਵਿਚ ਹੀ ਉਦਾਸੀ ਹੈ (ਕਿਉਂਕਿ) ਉਸ ਨੇ ਹਉਮੈ ਤੇ ਮੋਹ ਸਾੜ ਦਿੱਤਾ ਹੈ, ਉਹ (ਇਸ ਝੰਬੇਲਿਆਂ-ਭਰੇ ਸੰਸਾਰ-ਸਮੁੰਦਰ ਤੋਂ) ਆਪ ਲੰਘ ਗਿਆ ਹੈ, ਸਾਰੇ ਜਗਤ ਨੂੰ ਭੀ ਲੰਘਾਂਦਾ ਹੈ, ਧੰਨ ਹੈ ਉਸ ਦੀ ਜੰਮਣ ਵਾਲੀ ਮਾਂ!

ਇਹੋ ਜਿਹਾ ਗੁਰੂ (ਜਿਸ ਨੂੰ ਮਿਲ ਕੇ ਮਨੁੱਖ 'ਆਪਿ ਤਰਿਆ ਕੁਲ ਜਗਤੁ ਤਰਾਇਆ') ਉਸੇ ਬੰਦੇ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਧੁਰੋਂ ਕਰਤਾਰ ਨੇ (ਬੰਦਗੀ ਕਰਨ ਦਾ ਲੇਖ) ਲਿਖ ਕੇ ਰੱਖ ਦਿੱਤਾ ਹੈ। ਹੇ ਦਾਸ ਨਾਨਕ! (ਆਖ-) ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ ਮੈਨੂੰ ਭੁਲੇਖੇ ਵਿਚ ਭੁੱਲੇ ਨੂੰ ਰਾਹੇ ਪਾਇਆ ਹੈ।੧।

ਮਃ ੩ ॥ ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥ ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥ ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥ ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਹ੍ਹਾ ਅਹੰਕਾਰੁ ਬਹੁ ਗਰਬੁ ਵਧਾਇਆ ॥ ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥ ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥ ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥ {ਪੰਨਾ 513}

ਪਦਅਰਥ: ਦੀਪਕਦੀਵੇ ਉਤੇ। ਪਤੰਗਭੰਬਟ। ਦਿਖਾਦੇਖੀਏ। ਕਿਹੁਕੁਝ। ਆਣਿਲਿਆ ਕੇ। ਦੂਜੈ ਭਾਇਮਾਇਆ ਦੇ ਪਿਆਰ ਵਿਚ। ਬਿਖਿਆਮਾਇਆ। ਦਯਿਪਰਮਾਤਮਾ ਨੇ ('ਦਯ' ਨੇ। ਜੰਗਮਸ਼ਿਵ ਦੇ ਉਪਾਸ਼ਕ ਜੋ ਸਿਰ ਤੇ ਮੋਰਾਂ ਦੇ ਖੰਭ ਰੱਖਦੇ ਹਨ ਤੇ ਟੱਲੀਆਂ ਵਜਾਂਦੇ ਮੰਗਦੇ ਫਿਰਦੇ ਹਨ। ਗਰਬੁਅਹੰਕਾਰ। ਛਾਦਨੁਕੱਪੜਾ। ਸਤ ਭਿਖਿਆਸਰਧਾ ਨਾਲ ਦਿੱਤੀ ਭਿੱਛਿਆ। ਨ ਲੈਹੀਨਹੀਂ ਲੈਂਦੇ। ਸਮਧਾਸਮਾਧੀ ਵਾਲਾ, ਟਿਕੇ ਹੋਏ ਮਨ ਵਾਲਾ, ਪੂਰਨ ਅਵਸਥਾ ਵਾਲਾ।

ਅਰਥ: (ਸਾਰੇ ਜੀਵ, ਕੀਹ ਵਿਦਵਾਨ ਤੇ ਕੀਹ ਤਿਆਗੀ) ਤ੍ਰੈਗੁਣੀ ਮਾਇਆ ਨੂੰ ਵੇਖ ਕੇ (ਜੀਵਨ ਦੇ ਸਹੀ ਰਸਤੇ ਤੋਂ) ਖੁੰਝ ਰਹੇ ਹਨ (ਤੇ ਦੁਖੀ ਹੋ ਰਹੇ ਹਨ) ਜਿਵੇਂ ਭੰਬਟ (ਦੀਵੇ ਨੂੰ) ਵੇਖ ਕੇ ਦੀਵੇ ਉਤੇ ਸੜਦੇ ਹਨ; ਪੰਡਿਤ (ਉਂਞ ਤਾਂ ਹੋਰਨਾਂ ਨੂੰ ਕਥਾ ਸੁਣਾਂਦੇ ਹਨ, ਪਰ) ਮੁੜ ਮੁੜ ਖੁੰਝ ਕੇ ਮਾਇਆ ਵਲ ਹੀ ਤੱਕਦੇ ਹਨ ਕਿ ਵੇਖੀਏ ਕਿਸੇ ਨੇ ਕੁਝ ਲਿਆ ਕੇ ਭੇਟਾ ਰੱਖੀ ਹੈ (ਜਾਂ ਨਹੀਂ), ਸੋ ਮਾਇਆ ਦੇ ਪਿਆਰ ਵਿਚ ਉਹ (ਅਸਲ ਵਿਚ) ਸਦਾ ਮਾਇਆ (ਦੀ ਸੰਥਾ ਹੀ) ਪੜ੍ਹਦੇ ਹਨ, ਪਰਮਾਤਮਾ ਨੇ ਉਹਨਾਂ ਨੂੰ (ਆਪਣੇ) ਨਾਮ ਵਲੋਂ ਖੁੰਝਾ ਦਿੱਤਾ ਹੈ।

ਜੋਗੀ ਜੰਗਮ ਤੇ ਸੰਨਿਆਸੀ (ਆਪਣੇ ਵਲੋਂ ਤਿਆਗੀ ਬਣੇ ਹੋਏ ਹਨ, ਪਰ ਇਹ ਭੀ ਜੀਵਨ ਦੇ ਰਾਹ ਤੋਂ) ਖੁੰਝੇ ਹੋਏ ਹਨ (ਕਿਉਂਕਿ ਇਕ ਤਾਂ ਆਪਣੇ 'ਤਿਆਗ' ਦਾ ਹੀ) ਇਹਨਾਂ ਦੇ ਮਾਣ ਨੇ ਅਹੰਕਾਰ ਨੂੰ ਵਧਾਇਆ ਹੋਇਆ ਹੈ, (ਦੂਜੇ, ਗ੍ਰਿਹਸਤੀਆਂ ਪਾਸੋਂ ਆਦਰ ਸਰਧਾ ਨਾਲ ਮਿਲਿਆ ਕੱਪੜਾ ਤੇ ਭੋਜਨ-ਰੂਪ ਭਿੱਛਿਆ ਨਹੀਂ ਲੈਂਦੇ (ਭਾਵ, ਥੋੜੀ ਚੀਜ਼ ਮਿਲਣ ਤੇ ਉਹਨਾਂ ਨੂੰ ਘੂਰਦੇ ਹਨ; ਸੋ, ਇਹਨਾਂ ਭੀ) ਮਨ ਦੇ ਹਠ ਨਾਲ (ਇਸ ਧਾਰੇ ਹੋਏ 'ਤਿਆਗ' ਦੇ ਕਾਰਣ) ਆਪਣੀ ਜ਼ਿੰਦਗੀ ਅਜਾਈਂ ਗਵਾਈ ਹੈ।

ਇਹਨਾਂ ਸਾਰਿਆਂ ਵਿਚੋਂ ਉਹ ਮਨੁੱਖ ਪੂਰਨ ਅਵਸਥਾ ਵਾਲਾ ਹੈ ਜਿਸ ਨੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ। ਪਰ, ਹੇ ਦਾਸ! (ਇਸ ਤ੍ਰੈਗੁਣੀ ਮਾਇਆ ਦੇ ਹੱਥੋਂ) ਹੋਰ ਕਿਸ ਅੱਗੇ ਪੁਕਾਰ ਕਰੀਏ? ਸਾਰੇ ਪ੍ਰਭੂ ਦੇ ਪ੍ਰੁੇਰੇ ਹੋਏ ਹੀ ਕਾਰ ਕਰ ਰਹੇ ਹਨ, (ਸੋ, ਇਸ ਮਾਇਆ ਤੋਂ ਬਚਣ ਲਈ ਪ੍ਰਭੂ ਅੱਗੇ ਹੀ ਕੀਤੀ ਅਰਦਾਸ ਸਹੈਤਾ ਕਰਦੀ ਹੈ)੨।

ਪਉੜੀ ॥ ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥ ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥ ਮਨਮੁਖ ਜਮ ਮਗਿ ਪਾਈਅਨ੍ਹ੍ਹਿ ਜਿਨ੍ਹ੍ਹ ਦੂਜਾ ਭਾਉ ਪਿਆਰਾ ॥ ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥ ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥ {ਪੰਨਾ 513}

ਪਦਅਰਥ: ਪਰੇਤੁਭੂਤ। ਏਹਇਹ ਮੋਹ ਕਾਮ ਕ੍ਰੋਧ ਆਦਿਕ ਸਾਰੇ। ਡੰਡੁਡੰਡਾ। ਕਰਾਰਾਕਰੜਾ। ਮਗਿਰਸਤੇ ਤੇ। ਸਿਰਕਾਰਰਈਅਤ। ਪਾਈਅਨ੍ਹ੍ਹਿਪਾਏ ਜਾਂਦੇ ਹਨ। ਜਮਪੁਰਿਜਮ ਦੇ ਸ਼ਹਿਰ ਵਿਚ। ਮਾਰੀਅਨਿਮਾਰੀਦੇ ਹਨ।

ਅਰਥ: ਮਾਇਆ ਦਾ ਮੋਹ, ਕਾਮ, ਕ੍ਰੋਧ ਤੇ ਅਹੰਕਾਰ (ਇਹ, ਮਾਨੋ) ਭੂਤ ਹਨ; ਇਹ ਸਾਰੇ ਜਮਰਾਜ ਦੀ ਰਈਅਤ ਹਨ, ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ। ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਜਿਨ੍ਹਾਂ ਨੂੰ ਮਾਇਆ ਦਾ ਪਿਆਰ ਮਿੱਠਾ ਲੱਗਦਾ ਹੈ ਜਮਰਾਜ ਦੇ ਰਾਹ ਤੇ ਪਾਏ ਜਾਂਦੇ ਹਨ (ਭਾਵ, ਉਹ ਜਮ ਦੀ ਰਈਅਤ ਕਾਮਾਦਿਕਾਂ ਦੇ ਵੱਸ ਪੈ ਜਾਂਦੇ ਹਨ), ਉਹ ਮਨਮੁਖ ਜਮ-ਪੁਰੀ ਵਿਚ ਬੱਝੇ ਹੋਏ (ਭਾਵ, ਜਮ ਦੀ ਰਈਅਤ ਕਾਮਾਦਿਕਾਂ ਦੇ ਵੱਸ ਵਿਚ ਪਏ ਹੋਏ) ਮਾਰੀਦੇ ਹਨ (ਦੁਖੀ ਹੁੰਦੇ ਹਨ), ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ (ਭਾਵ, ਇਹਨਾਂ ਕਾਮਾਦਿਕਾਂ ਦੇ ਪੰਜੇ ਤੋਂ ਕੋਈ ਉਹਨਾਂ ਨੂੰ ਛੁਡਾ ਨਹੀਂ ਸਕਦਾ)

ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ, ਗੁਰੂ ਦੀ ਰਾਹੀਂ (ਇਹਨਾਂ ਭੂਤਾਂ ਤੋਂ) ਛੁਟਕਾਰਾ ਹੁੰਦਾ ਹੈ।੧੨।

ਸਲੋਕੁ ਮਃ ੩ ॥ ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥ ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥ ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥ {ਪੰਨਾ 513}

ਪਦਅਰਥ: ਮਮਤਾ—(ਮਮਮੇਰੀ। ਮਮਤਾਇਹ ਖ਼ਿਆਲ ਕਿ ਫਲਾਣੀ ਚੀਜ਼ ਮੇਰੀ ਬਣ ਜਾਏ ਜਾਂ ਮੇਰੀ ਹੈ) ਅਪਣੱਤ। ਮੋਹਣੀਮੋਹ ਲੈਣ ਵਾਲੀ, ਠਗਣੀ, ਚੁੜੇਲ। ਲਪਟਾਇਚੰਬੜ ਕੇ। ਪਰਜਾਲੀਐਚੰਗੀ ਤਰ੍ਹਾਂ ਸਾੜੀਦੀ ਹੈ। ਮਾਰਣੁ—(ਸੰਖੀਏ ਆਦਿਕ ਜ਼ਹਿਰ ਨੂੰ) ਕੁਸ਼ਤਾ ਕਰਨ ਵਾਲੀ ਬੂਟੀ।

ਅਰਥ: ਹਉਮੈ ਤੇ ਅਪਣੱਤ (ਸਰੂਪ ਵਾਲੀ ਮਾਇਆ, ਮਾਨੋ) ਚੁੜੇਲ ਹੈ ਜੋ ਆਪ-ਹੁਦਰਿਆਂ ਨੂੰ ਹੜੱਪ ਕਰ ਜਾਂਦੀ ਹੈ, ਜੋ ਮਨੁੱਖ (ਰੱਬ ਨੂੰ ਛੱਡ ਕਿਸੇ) ਹੋਰ ਦੇ ਮੋਹ ਵਿਚ ਚਿੱਤ ਜੋੜਦੇ ਹਨ ਉਹਨਾਂ ਨੂੰ ਚੰਬੜ ਕੇ ਆਪਣੇ ਵੱਸ ਵਿਚ ਕਰ ਲੈਂਦੀ ਹੈ। ਜੇ ਗੁਰੂ ਦੇ ਸ਼ਬਦ ਨਾਲ ਇਸ ਨੂੰ ਚੰਗੀ ਤਰ੍ਹਾਂ ਸਾੜੀਏ (ਜਿਵੇਂ, ਚੰਬੜੇ ਹੋਏ ਭੂਤਾਂ ਚੁੜੇਲਾਂ ਨੂੰ ਮਾਂਦਰੀ ਲੋਕ ਅੱਗ ਨਾਲ ਸਾੜਨ ਦਾ ਡਰਾਵਾ ਦੇਂਦੇ ਸੁਣੀਦੇ ਹਨ) ਤਾਂ ਇਹ ਅੰਦਰੋਂ ਨਿਕਲਦੀ ਹੈ; ਸਰੀਰ ਤੇ ਮਨ ਸੁਅੱਛ ਹੋ ਜਾਂਦਾ ਹੈ; ਪ੍ਰਭੂ ਦਾ ਨਾਮ ਮਨ ਵਿਚ ਆ ਵੱਸਦਾ ਹੈ।

ਹੇ ਨਾਨਕ! ਇਸ ਮਾਇਆ (ਸੰਖੀਏ ਨੂੰ ਕੁਸ਼ਤਾ ਕਰਨ) ਦੀ ਬੂਟੀ ਇੱਕ ਹਰਿ-ਨਾਮ ਹੀ ਹੈ ਜੋ ਗੁਰੂ ਤੋਂ ਹੀ ਮਿਲ ਸਕਦਾ ਹੈ।੧।

ਮਃ ੩ ॥ ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥ ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥ ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥ {ਪੰਨਾ 513}

ਪਦਅਰਥ: ਕੇਤੜਿਆ ਜੁਗਕਈ ਜੁਗ, ਬਹੁਤ ਲੰਮਾ ਅਰਸਾ। ਹਰਿ ਭਾਣਾਪ੍ਰਭੂ ਦੀ ਰਜ਼ਾ ਵਿਚ। ਭਰਮਾਇਅਨੁਭਰਮਾਇਆ ਉਸ (ਪ੍ਰਭੂ) ਨੇ। ਪਰਪੰਚੁਠੱਗਣ ਵਾਲਾ (ਸੰ: ਪ੍ਰਪੰਚ, ਇਹ ਦਿੱਸਦਾ ਜਗਤ ਜੋ ਕਈ ਰੰਗਾਂ ਵਾਲਾ ਹੈ ਤੇ ਭੁਲੇਖੇ ਵਿਚ ਪਾਂਦਾ ਹੈ। ਜਾਇਜੰਮਦਾ ਹੈ।

ਅਰਥ: (ਮਨੁੱਖ ਦਾ) ਇਹ ਮਨ ਕਈ ਜੁਗ ਭਟਕਦਾ ਰਹਿੰਦਾ ਹੈ (ਪਰਮਾਤਮਾ ਵਿਚ) ਟਿਕਦਾ ਨਹੀਂ ਤੇ ਜੰਮਦਾ ਮਰਦਾ ਰਹਿੰਦਾ ਹੈ; ਪਰ ਇਹ ਗੱਲ ਪ੍ਰਭੂ ਨੂੰ (ਏਸੇ ਤਰ੍ਹਾਂ) ਭਾਉਂਦੀ ਹੈ ਕਿ ਉਸ ਨੇ ਇਹ ਠੱਗਣ ਵਾਲੀ (ਜਗਤ-ਖੇਡ ਬਣਾ ਕੇ (ਜੀਵਾਂ ਨੂੰ ਇਸ ਵਿਚ) ਭਰਮਾਇਆ ਹੋਇਆ ਹੈ।

ਜਦੋਂ ਪ੍ਰਭੂ (ਆਪ) ਮਿਹਰ ਕਰਦਾ ਹੈ ਤਾਂ (ਜੀਵ ਨੂੰ) ਗੁਰੂ ਮਿਲਦਾ ਹੈ, (ਫਿਰ) ਇਹ (ਪ੍ਰਭੂ ਵਿਚ) ਜੁੜ ਕੇ ਟਿਕਿਆ ਰਹਿੰਦਾ ਹੈ; (ਇਸ ਤਰ੍ਹਾਂ) ਹੇ ਨਾਨਕ! ਮਨ ਅੰਦਰੋਂ ਹੀ (ਪ੍ਰਭੂ-ਨਾਮ ਵਿਚ) ਪਤੀਜ ਜਾਂਦਾ ਹੈ, ਫਿਰ ਇਸ ਦਾ ਨਾਹ ਕੁਝ ਮਰਦਾ ਹੈ ਨਾਹ ਜੰਮਦਾ ਹੈ।੨।

TOP OF PAGE

Sri Guru Granth Darpan, by Professor Sahib Singh