ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 509

ਪਉੜੀ ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥ {ਪੰਨਾ 509}

ਪਦਅਰਥ: ਉਪਾਇਓਨੁਉਪਾਇਆ ਉਨਿ, ਪੈਦਾ ਕੀਤਾ ਉਸ ਨੇ। ਮਤਾ ਮਸੂਰਤਿਸਾਲਾਹ ਮਸ਼ਵਰਾ। ਤ੍ਰੈ ਲੋਈਤ੍ਰੈ ਲੋਕ। ਓਪਤਿਉਤਪੱਤੀ, ਸ੍ਰਿਸ਼ਟੀ।

ਅਰਥ: ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ, ਸਲਾਹ ਮਸ਼ਵਰਾ ਭੀ ਆਪ ਹੀ ਕਰਦਾ ਸੀ, ਜੋ ਕਰਦਾ ਸੀ ਸੋ ਹੁੰਦਾ ਸੀ। ਉਸ ਵੇਲੇ ਨਾਹ ਆਕਾਸ਼ ਨਾਹ ਪਾਤਾਲ ਤੇ ਨਾਹ ਇਹ ਤ੍ਰੈਵੇ ਲੋਕ ਸਨ, ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ।

ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ।੧।

ਸਲੋਕੁ ਮਃ ੩ ॥ ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥ {ਪੰਨਾ 509}

ਪਦਅਰਥ: ਅਉਹਾਣੀਨਾਸ ਹੋਣ ਵਾਲਾ। ਨਿਹਫਲੁਵਿਅਰਥ। ਚਿਤੁ ਲਾਇਚਿੱਤ ਲਾ ਕੇ। ਏਵਇਸ ਤਰ੍ਹਾਂ (ਅੰਦਾਜ਼ੇ ਲਾਇਆਂ)ਕੇਤੀਕਿਤਨੀ।

ਅਰਥ: ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ 'ਸ਼ਬਦ' ਕਮਾਇਆਂ (ਅੱਖੀਂ) ਦਿੱਸਦਾ ਹੈ, ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ। ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ।

(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ, ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ। ਅਜੇਹੇ ਬੰਦਿਆਂ ਨੂੰ, ਹੇ ਨਾਨਕ! ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਇਸ ਤਰ੍ਹਾਂ (ਅੰਦਾਜ਼ੇ ਲਾਇਆਂ) ਨਹੀਂ ਪਤਾ ਲਗਦੀ।੧।

ਮਃ ੩ ॥ ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥ ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥ {ਪੰਨਾ 509}

ਪਦਅਰਥ: ਸਭੋਹਰ ਥਾਂ। ਸਚੁਸਦਾ-ਥਿਰ ਰਹਿਣ ਵਾਲਾ ਪ੍ਰਭੂ। ਕਥਨੀਗੱਲਾਂ। ਬਦਨੀਬਦਨ (ਮੂੰਹ) ਨਾਲ। ਕਥਨੀ ਬਦਨੀਮੂੰਹ ਦੀਆਂ ਗੱਲਾਂ। ਕਚੁ ਨਿਕਚੁਨਿਰੋਲ ਕੱਚਾ, ਨਿਰੋਲ ਕੱਚੀਆਂ ਗੱਲਾਂ ਕਰਨ ਵਾਲੇ।

ਅਰਥ: ਜੋ ਸਦਾ-ਥਿਰ ਪ੍ਰਭੂ ਹਰ ਥਾਂ ਵੱਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ, ਹੇ ਨਾਨਕ! ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ਤੇ (ਇਹ ਪ੍ਰਭੂ-ਦਰ ਤੇ ਪ੍ਰਵਾਨਗੀ-ਰੂਪ) ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ।

ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦਾ, ਉਹ ਅੰਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ।੨।

ਪਉੜੀ ॥ ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥ ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥ ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥ ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥ {ਪੰਨਾ 509}

ਪਦਅਰਥ: ਸੰਜੋਗੁਮੇਲ। ਵਿਜੋਗੁਵਿਛੋੜਾ। ਉਪਾਇਓਨੁਉਪਾਇਆ ਉਸ ਨੇ। ਮੂਲੁਮੁੱਢ। ਸਾਜੀਅਨੁਸਾਜੀ ਉਸ ਨੇ। ਜੋਤੀ ਜੋਤਿਜੀਵਾਂ ਦੀ ਆਤਮਾ ਵਿਚ ਆਪਣੀ ਆਤਮਾ। ਜੋਤੀ ਹੂੰਜੋਤਿ ਤੋਂ ਹੀ। ਚਾਨਣਾਪ੍ਰਕਾਸ਼। ਸਿਰਿਸਿਰਜ ਕੇ, ਪੈਦਾ ਕਰ ਕੇ। ਰਚਾਇਓਨੁਰਚਾਇਆ ਉਸ ਨੇ। ਤੁਰੀਆਚੌਥੇ ਪਦ ਵਿਚ।

ਅਰਥ: ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ। ਉਸ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ) ਜੋਤਿ ਰਲਾਈ। ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ। ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ।

ਪਰਮਾਤਮਾ ਨੇ (ਸੰਜੋਗ ਵਿਜੋਗ-ਰੂਪ) ਮਾਇਆ ਦਾ ਮੁੱਢ ਰਚ ਦਿੱਤਾ, (ਇਸ ਮਾਇਆ ਵਿਚ ਰਹਿ ਕੇ) ਸੁਖ ਉਸ ਨੇ ਲੱਭਾ ਜੋ ਤੁਰੀਆ ਅਵਸਥਾ ਵਿਚ ਅੱਪੜਿਆ।੨।

ਸਲੋਕੁ ਮਃ ੩ ॥ ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥ ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥ ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥ {ਪੰਨਾ 509}

ਪਦਅਰਥ: ਆਪੁਆਪਾਭਾਵ, ਹਉਮੈ। ਜਿ ਸਤਿਗੁਰ ਭਾਵੈਜੋ ਗੁਰੂ ਨੂੰ ਚੰਗਾ ਲੱਗਦਾ ਹੈ।

ਅਰਥ: ਸਤਿਗੁਰੂ ਨੂੰ ਭਾ ਜਾਣਾ (ਚੰਗਾ ਲੱਗ ਪੈਣਾ)-ਇਹੀ ਜਪ ਹੈ ਇਹੀ ਤਪ ਹੈ; ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ। ਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ।੧।

ਮਃ ੩ ॥ ਗੁਰ ਕੀ ਸਿਖ ਕੋ ਵਿਰਲਾ ਲੇਵੈ ॥ ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥ {ਪੰਨਾ 509}

ਅਰਥ: ਕੋਈ ਵਿਰਲਾ ਬੰਦਾ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ (ਭਾਵ, ਸਿੱਖਿਆ ਤੇ ਤੁਰਦਾ ਹੈ) ਹੇ ਨਾਨਕ! (ਗੁਰ-ਸਿੱਖਿਆ ਤੇ ਤੁਰਨ ਦੀ) ਵਡਿਆਈ ਉਸੇ ਨੂੰ ਮਿਲਦੀ ਹੈ ਜਿਸ ਨੂੰ ਪ੍ਰਭੂ ਆਪ ਦੇਂਦਾ ਹੈ।੨।

ਪਉੜੀ ॥ ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥ ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥ ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥ ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥ {ਪੰਨਾ 509}

ਪਦਅਰਥ: ਬਿਖਮਔਖਾ। ਤਰੀਐ ਤਾਰੀਤਾਰੀ ਤਰੀ ਜਾਏ, ਪਾਰ ਲੰਘਿਆ ਜਾਏ। ਅਨਦਿਨੁਹਰ ਰੋਜ਼। ਰਤਿਆਜੇ ਰੰਗੇ ਜਾਈਏ।

ਅਰਥ: (ਪ੍ਰਭੂ ਦੀ ਰਚੀ ਹੋਈ) ਮਾਇਆ ਦਾ ਮੋਹ ਤੇ ਅਗਿਆਨ (ਰੂਪ ਸਮੁੰਦਰ) ਬੜਾ ਭਾਰਾ ਔਖਾ ਹੈ; ਜੇ ਬੜੇ ਪਾਪਾਂ (ਰੂਪ) ਪੱਥਰਾਂ ਨਾਲ ਲੱਦੇ ਹੋਵੀਏ (ਤਾਂ ਇਸ ਸਮੁੰਦਰ ਵਿਚੋਂ) ਕਿਵੇਂ ਤਰ ਕੇ ਲੰਘ ਸਕੀਦਾ ਹੈ? (ਭਾਵ, ਇਸ ਮੋਹ-ਸਮੁੰਦਰ ਵਿਚੋਂ ਸੁੱਕਾ ਬਚ ਕੇ ਲੰਘ ਨਹੀਂ ਸਕੀਦਾ)

ਪ੍ਰਭੂ ਉਹਨਾਂ ਮਨੁੱਖਾਂ ਨੂੰ ਪਾਰ ਲੰਘਾਂਦਾ ਹੈ ਜੋ ਹਰ ਰੋਜ਼ (ਭਾਵ, ਹਰ ਵੇਲੇ) ਉਸ ਦੀ ਭਗਤੀ ਵਿਚ ਰੰਗੇ ਹੋਏ ਹਨ, ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਵਿਕਾਰ ਨੂੰ ਛੱਡ ਕੇ ਪਵਿੱਤ੍ਰ ਹੋ ਜਾਂਦਾ ਹੈ। (ਸੋ) ਪ੍ਰਭੂ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ (ਇਸ 'ਮਾਇਆ-ਮੋਹ' ਰੂਪ ਸਮੁੰਦਰ ਤੋਂ) ਪਾਰ ਲੰਘਾਂਦਾ ਹੈ।੩।

ਸਲੋਕੁ ॥ ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥ ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥ {ਪੰਨਾ 509}

ਪਦਅਰਥ: ਮੁਕਿਤ—(ਮਾਇਆ ਦੇ ਮੋਹ ਤੋਂ) ਖ਼ਲਾਸੀ। ਸੰਕੁੜਾਸੁੰਗੜਿਆ ਹੋਇਆ। ਦਸਵੈ ਭਾਇਦਸਵਾਂ ਹਿੱਸਾ। ਮੈਗਲੁ—(ਸੰ: ਮਦਕਲ) ਮਸਤ ਹਾਥੀ। ਕਿਉਕਰਿਕਿਵੇਂ। ਤੁਠਾਪ੍ਰਸੰਨ। ਪਸਾਉਪ੍ਰਸਾਦ, ਕਿਰਪਾ। ਸਹਜੇਸਹਜ ਅਵਸਥਾ ਵਿਚ, ਸੌਖੇ ਹੀ। ਤਉਤਾਂ, ਪਰ।

ਅਰਥ: ਹੇ ਕਬੀਰ! (ਮਾਇਆ ਦੇ ਮੋਹ ਤੋਂ) ਖ਼ਲਾਸੀ (ਪਾਣ) ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ; ਪਰ (ਅਸਾਡਾ) ਮਨ (ਹਉਮੈ ਨਾਲ) ਮਸਤ ਹਾਥੀ ਬਣਿਆ ਪਿਆ ਹੈ (ਇਸ ਵਿਚੋਂ) ਕਿਵੇਂ ਲੰਘਿਆ ਜਾ ਸਕੇ? ਜੇ ਕੋਈ ਅਜੇਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ (ਅਸਾਡੇ ਉਤੇ ਕਿਰਪਾ ਕਰੇ, ਤਾਂ ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ।੧।

ਮਃ ੩ ॥ ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹ੍ਹਾ ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥ ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥ ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥ {ਪੰਨਾ 509}

ਪਦਅਰਥ: ਨੀਕਾਨਿੱਕਾ ਜਿਹਾ। ਨਾਨ੍ਹ੍ਹਾਨੰਨ੍ਹਾ, ਬਹੁਤ ਛੋਟਾ। ਸੁਉਹ ਮਨੁੱਖ। ਅਸਥੂਲੁਮੋਟਾ। ਵਿਚੁ ਦੇਵਿਚੋਂ ਦੀ। ਜੋਤਿਪ੍ਰਕਾਸ਼, ਚਾਨਣ। ਮੁਕਤੁਆਜ਼ਾਦ।

ਨੋਟ: ਕਬੀਰ ਜੀ ਨੇ ਲਿਖਿਆ "ਮਨ ਤਉ ਮੈਗਲੁ ਹੋਇ ਰਹਾ"ਗੁਰੂ ਅਮਰਦਾਸ ਜੀ ਨੇ ਇਸ ਦੀ ਵਿਆਖਿਆ ਕੀਤੀ ਹੈ ਕਿ "ਹਉਮੈ ਮਨੁ ਅਸਥੂਲੁ ਹੈ"; 'ਮੈਗਲੁ' ਬਣਨ ਦਾ ਕਾਰਣ ਹੈ 'ਹਉਮੈ'

ਅਰਥ: ਹੇ ਨਾਨਕ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ। ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ?

ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਇਹ ਆਤਮਾ ਸਦਾ (ਮਾਇਆ-ਮੋਹ ਤੋਂ) ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।੨।

TOP OF PAGE

Sri Guru Granth Darpan, by Professor Sahib Singh