ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 508

ਗੂਜਰੀ ਮਹਲਾ ੫ ਘਰੁ ੪    ੴ ਸਤਿਗੁਰ ਪ੍ਰਸਾਦਿ ॥ ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ॥ ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥੧॥ ਹਰਿ ਗੋਪਾਲ ਗੁਰ ਗੋਬਿੰਦ ॥ ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥੧॥ ਰਹਾਉ ॥ ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥ ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥੨॥ ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ ॥ ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥੩॥ ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ॥੪॥ ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ॥ ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥੫॥ ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥ ਖਲ ਮੁਗਧ ਮੂੜ ਕਟਾਖ੍ਯ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥੬॥ ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ॥ ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥੭॥ ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ ॥ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥੮॥੧॥੨॥੫॥੧॥੧॥੨॥੫੭॥ {ਪੰਨਾ 508}

ਪਦਅਰਥ: ਨਾਥਹੇ ਜਗਤ ਦੇ ਮਾਲਕ! ਨਰਹਰ— {नरहरि ਨਰਸਿੰਘ} ਹੇ ਪਰਮਾਤਮਾ! ਦੇਵਹੇ ਪ੍ਰਕਾਸ਼ਰੂਪ! ਤ੍ਰਾਸਡਰ, ਸਹਮ। ਭੈ— {ਲਫ਼ਜ਼ 'ਭਉ' ਤੋਂ ਬਹੁ-ਵਚਨ}ਗੁਣ ਨਿਧਿਹੇ ਗੁਣਾਂ ਦੇ ਖ਼ਜ਼ਾਨੇ। ਸਫਲ ਸੇਵਜਿਸ ਦੀ ਸੇਵਾ ਭਗਤੀ ਫਲ ਦੇਣ ਵਾਲੀ ਹੈ।੧।

ਗੁਰਹੇ (ਸਭ ਤੋਂ) ਵੱਡੇ! ਕੇਸਵਹੇ ਸੋਹਣੇ ਲੰਮੇ ਕੇਸਾਂ ਵਾਲੇ ਪਰਮਾਤਮਾ! ਭਵ ਸਿੰਧਸੰਸਾਰਸਮੁੰਦਰ। ਤਾਰਿਪਾਰ ਲੰਘਾ।੧।ਰਹਾਉ।

ਹਰਨਦੂਰ ਕਰਨ ਵਾਲਾ। ਮਦ ਮੋਹ ਦਹਨਹੇ ਮੋਹ ਦੀ ਮਸਤੀ ਸਾੜਨ ਵਾਲੇ! ਮਨ ਮਕਰੰਦਹੇ ਮਨ ਨੂੰ ਸੁਗੰਧੀ ਦੇਣ ਵਾਲੇ! ਧਰਣੀ ਧਰਹੇ ਧਰਤੀ ਦੇ ਸਹਾਰੇ! ਪਤਿਇੱਜ਼ਤ। ਪਰਮਾਨੰਦਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ!੨।

ਜਲਤਸੜ ਰਿਹਾਂ ਨੂੰ। ਤਰੰਗਲਹਿਰਾਂ। ਹਰਿਹੇ ਹਰੀ! ਰਿਦਹਿਰਦੇ ਵਿਚ। ਛੇਦਿਨਾਸ ਕਰ। ਅਹੰਬੁਧਿਹਉਮੇ। ਕਰੁਣਾਤਰਸ! ਕਰੁਣਾ ਮੈਹੇ ਤਰਸਸਰੂਪ ਪ੍ਰਭੂ! ਪੁਰਖ ਅਨੰਤਹੇ ਸਰਬਵਿਆਪਕ ਬੇਅੰਤ ਪ੍ਰਭੂ!੩।

ਪਲ ਮਹੂਰਤਹਰ ਪਲ, ਹਰ ਘੜੀ। ਸਹਜਆਤਮਕ ਅਡੋਲਤਾ। ਜਾਚੀਐਮੰਗਣੀ ਚਾਹੀਦੀ ਹੈ। ਰਜਚਰਨਧੂੜ। ਸਾਧਸੰਤਜਨ।੪।

ਮਿਥਨਝੂਠਾ। ਦੁਰੰਤਭੈੜੇ ਅੰਤ ਵਾਲੀ। ਬਿਦਾਰਿਨਾਸ ਕਰ। ਤੇਤੋਂ। ਨਿਰੰਕਾਰਹੇ ਨਿਰੰਕਾਰ!੫।

ਆਢਿ— {आढय} ਧਨਾਢ, ਧਨੀ। ਨਿਧਿਖ਼ਜ਼ਾਨਾ। ਚੀਰਕੱਪੜਾ। ਖਲਮੂਰਖ। ਮੁਗਧਮੂਰਖ। ਕਟਾਖ੍ਯ੍ਯਨਿਗਾਹ। ਸ੍ਰੀਧਰਲੱਛਮੀਪਤੀ।੬।

ਜੀਵਨ ਮੁਕਤਦੁਨੀਆ ਦੇ ਕਾਰਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਸੁਤੰਤਰ। ਮਨਹੇ ਮਨ! ਪਰਤੀਤਿਸਰਧਾ। ਮਇਆਤਰਸ। ਸਰਬਤ੍ਰ ਰਮਣੰਸਰਬਵਿਆਪਕ। ਪਰਮ ਹੰਸਹ ਰੀਤਿਸਭ ਤੋਂ ਉੱਚੇ ਹੰਸਾਂ ਦੀ ਜੀਵਨਜੁਗਤਿ। ਹੰਸਚੰਗੇ ਮੰਦੇ ਕੰਮ ਦਾ ਨਿਰਨਾ ਕਰ ਸਕਣ ਵਾਲਾ (ਜਿਵੇਂ ਹੰਸ ਦੁੱਧ ਤੇ ਪਾਣੀ ਨੂੰ ਵਖ ਵਖ ਕਰ ਲੈਂਦਾ ਹੈ)੭।

ਦੇਤਦੇਂਦਾ ਹੈ। ਸ੍ਰਵਨਕੰਨ। ਜਸੁਸਿਫ਼ਤਿ-ਸਾਲਾਹ। ਰਸਨਜੀਭ। ਪਰਸਨਛੁਹ।੮।

ਅਰਥ: ਹੇ ਹਰੀ! ਹੇ ਗੋਪਾਲ! ਹੇ ਗੁਰ ਗੋਬਿੰਦ! ਹੇ ਦਇਆਲ! ਹੇ ਕੇਸ਼ਵ। ਆਪਣੇ ਚਰਨਾਂ ਦੀ ਸਰਨ ਵਿਚ ਰੱਖ ਕੇ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।੧।ਰਹਾਉ।

ਹੇ ਜਗਤ ਦੇ ਮਾਲਕ! ਹੇ ਨਰਹਰ! ਹੇ ਦੀਨਾਂ ਦੇ ਸਹਾਈ! ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ! ਹੇ ਚਾਨਣ-ਸਰੂਪ! ਹੇ ਸਾਰੇ ਡਰਾਂ ਸਹਮਾਂ ਦੇ ਨਾਸ ਕਰਨ ਵਾਲੇ! ਹੇ ਕ੍ਰਿਪਾਲ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੁਆਮੀ! ਤੇਰੀ ਸੇਵਾ-ਭਗਤੀ ਜੀਵਨ ਨੂੰ ਕਾਮਯਾਬ ਬਣਾ ਦੇਂਦੀ ਹੈ।੧।

ਹੇ ਕਾਮ ਕ੍ਰੋਧ ਨੂੰ ਦੂਰ ਕਰਨ ਵਾਲੇ! ਹੇ ਮੋਹ ਦੇ ਨਸ਼ੇ ਨੂੰ ਸਾੜਨ ਵਾਲੇ! ਹੇ ਮਨ ਨੂੰ (ਜੀਵਨ-) ਸੁਗੰਧੀ ਦੇਣ ਵਾਲੇ ਮੁਰਾਰੀ-ਪ੍ਰਭੂ! ਹੇ ਧਰਤੀ ਦੇ ਆਸਰੇ! ਹੇ ਸਭ ਤੋਂ ਸ੍ਰੇਸ਼ਟ-ਆਨੰਦ ਦੇ ਮਾਲਕ! (ਜਗਤ ਦੇ ਵਿਕਾਰਾਂ ਵਿਚੋਂ ਮੇਰੀ) ਲਾਜ ਰੱਖ, ਮੇਰਾ ਜਨਮ ਮਰਨ ਦਾ ਗੇੜ ਮੁਕਾ।੨।

ਹੇ ਹਰੀ! ਮਾਇਆ-ਅੱਗ ਦੀਆਂ ਬੇਅੰਤ ਲਹਿਰਾਂ ਵਿਚ ਸੜ ਰਹੇ ਜੀਵਾਂ ਦੇ ਹਿਰਦੇ ਵਿਚ ਗੁਰੂ ਦੇ ਗਿਆਨ ਦਾ ਮੰਤ੍ਰ ਟਿਕਾ। ਹੇ ਤਰਸ-ਸਰੂਪ ਹਰੀ! ਹੇ ਸਰਬ-ਵਿਆਪਕ ਬੇਅੰਤ ਪ੍ਰਭੂ! (ਸਾਡੀ) ਹਉਮੈ ਦੂਰ ਕਰ (ਸਾਡੇ ਹਿਰਦਿਆਂ ਵਿਚੋਂ) ਚਿੰਤਾ ਮਿਟਾ ਦੇ।੩।

ਹੇ ਸਮਰਥ ਪ੍ਰਭੂ! ਹਰ ਪਲ ਹਰ ਘੜੀ (ਤੇਰਾ ਨਾਮ) ਸਿਮਰ ਕੇ ਮੈਂ ਆਪਣੀ ਸੁਰਤਿ ਆਤਮਕ ਅਡੋਲਤਾ ਦੀ ਸਮਾਧੀ ਵਿਚ ਜੋੜੀ ਰੱਖਾਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਖਿੜੇ ਰਹਿਣ ਵਾਲੇ! ਸਰਬ-ਵਿਆਪਕ! (ਤੇਰੇ ਦਰ ਤੋਂ ਤੇਰੇ) ਸੰਤ ਜਨਾਂ ਦੀ ਚਰਨ-ਧੂੜ (ਹੀ ਸਦਾ) ਮੰਗਣੀ ਚਾਹੀਦੀ ਹੈ।੪।

ਹੇ ਹਰੀ! ਹੇ ਨਿਰੰਕਾਰ! ਮੈਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ, ਮੇਰੇ ਮਨ ਤੋਂ ਭਟਕਣਾ ਦੂਰ ਕਰ ਦੇ। ਹੇ ਹਰੀ! ਝੂਠੇ ਮੋਹ ਤੋਂ, ਭੈੜੇ ਅੰਤ ਵਾਲੀ ਆਸਾ ਤੋਂ, ਵਿਕਾਰਾਂ ਦੀਆਂ ਵਾਸ਼ਨਾ ਤੋਂ, ਮੇਰੀ ਲਾਜ ਰੱਖ।੫।

ਹੇ ਹਰੀ! ਜਿਨ੍ਹਾਂ ਪਾਸ (ਤਨ ਢੱਕਣ ਲਈ) ਕੱਪੜੇ ਦੀ ਲੀਰ ਭੀ ਨਹੀਂ ਹੁੰਦੀ, ਉਹ ਤੇਰੇ ਗੁਣਾਂ ਦੇ ਖ਼ਜ਼ਾਨੇ ਪ੍ਰਾਪਤ ਕਰ ਕੇ (ਮਾਨੋ) ਧਨੀਆਂ ਦੇ ਧਨੀ ਬਣ ਜਾਂਦੇ ਹਨ। ਹੇ ਲੱਛਮੀ-ਪਤੀ! ਮਹਾਂ ਮੂਰਖ ਤੇ ਦੁਸ਼ਟ ਤੇਰੀ ਮੇਹਰ ਦੀ ਨਿਗਾਹ ਨਾਲ ਗੁਣਾਂ ਵਾਲੇ, ਉੱਚੀ ਮਤਿ ਵਾਲੇ, ਧੀਰਜ ਵਾਲੇ ਬਣ ਜਾਂਦੇ ਹਨ।੬।

ਹੇ ਮਨ! ਜੀਵਨ-ਮੁਕਤ ਕਰਨ ਵਾਲੇ ਜਗਦੀਸ਼ ਦਾ ਨਾਮ ਜਪ। ਹੇ ਭਾਈ! ਹਿਰਦੇ ਵਿਚ ਉਸ ਵਾਸਤੇ ਸਰਧਾ ਟਿਕਾ, ਸਭ ਜੀਵਾਂ ਨਾਲ ਦਇਆ ਪਿਆਰ ਵਾਲਾ ਸਲੂਕ ਰੱਖ, ਪਰਮਾਤਮਾ ਨੂੰ ਸਰਬ-ਵਿਆਪਕ ਜਾਣ-ਉੱਚੇ ਜੀਵਨ ਵਾਲੇ ਹੰਸ (-ਮਨੁੱਖਾਂ) ਦੀ ਇਹ ਜੀਵਨ-ਜੁਗਤਿ ਹੈ।੭।

ਹੇ ਭਾਈ! ਪਰਮਾਤਮਾ ਆਪ ਹੀ ਆਪਣਾ ਦਰਸਨ ਬਖ਼ਸ਼ਦਾ ਹੈ, ਕੰਨਾਂ ਵਿਚ ਆਪਣੀ ਸਿਫ਼ਤਿ-ਸਾਲਾਹ ਦੇਂਦਾ ਹੈ, ਜੀਭ ਨੂੰ ਆਪਣੇ ਨਾਮ ਦਾ ਉਚਾਰਨ ਦੇਂਦਾ ਹੈ, ਸਦਾ ਅੰਗ-ਸੰਗ ਵੱਸਦਾ ਹੈ।

ਹੇ ਨਾਨਕ! (ਆਖ-) ਹੇ ਹਰੀ! ਹੇ ਭਗਵਾਨ! ਤੇਰੀ ਛੁਹ ਵਿਕਾਰੀਆਂ ਦਾ ਭੀ ਪਾਰ-ਉਤਾਰਾ ਕਰਨ ਵਾਲੀ ਹੈ।੮।੧।੨।੫।੧।੧।੨।੫੭।

ਗੂਜਰੀ ਕੀ ਵਾਰ ਮ: ੩ ॥

ਭਾਵ ਪਉੜੀ ਵਾਰ:

() ਇਕ ਉਹ ਭੀ ਵਕਤ ਸੀ ਜਦੋਂ ਪ੍ਰਭੂ ਆਪ ਹੀ ਆਪ ਸੀ; ਸ੍ਰਿਸ਼ਟੀ ਦਾ ਵਜੂਦ ਨਹੀਂ ਸੀ।

() ਜੰਮਣ ਤੇ ਮਰਨ ਦਾ ਨਿਯਮ ਬਣਾ ਕੇ ਪ੍ਰਭੂ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਰਚੀ, ਆਪਣੀ ਜੋਤਿ ਇਸ ਵਿਚ ਟਿਕਾ ਦਿੱਤੀ; ਤ੍ਰਿਗੁਣੀ ਮਾਇਆ ਰਚ ਕੇ ਜੀਵਾਂ ਨੂੰ ਧੰਧੇ ਵਿਚ ਲਾ ਦਿੱਤਾ।

() ਇਸ ਤ੍ਰਿਗੁਣੀ ਮਾਇਆ ਦਾ ਮੋਹ ਬਹੁਤ ਡਾਢਾ ਹੈ ਤੇ ਪਾਪਾਂ ਦਾ ਮੂਲ ਹੈ। ਜੋ ਮਨੁੱਖ ਗੁਰ-ਸ਼ਬਦ ਦੀ ਰਾਹੀਂ ਭਗਤੀ ਕਰਦਾ ਹੈ ਉਹ ਨਿਰਮਲ ਰਹਿੰਦਾ ਹੈ।

() ਇਹ ਮੋਹ ਤੋਂ ਚਤੁਰਾਈ ਨਾਲ ਬਚਾਉ ਨਹੀਂ ਹੈ। ਜੋ ਗੁਰ-ਸ਼ਬਦ ਦੀ ਰਾਹੀਂ 'ਹਉਮੈ' ਗਵਾਂਦਾ ਹੈ ਉਹ ਪ੍ਰਭੂ ਵਿਚ ਮਿਲ ਜਾਂਦਾ ਹੈ।

() ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਸਿਫ਼ਤਿ-ਸਾਲਾਹ ਕਰਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਅੱਪੜਦਾ ਹੈ।

() ਢੰਗਾਂ ਨਾਲ ਰੱਬ ਨਹੀਂ ਮਿਲਦਾ। ਗੁਰ-ਸ਼ਬਦ ਦੀ ਰਾਹੀਂ ਜੋ ਮਨੁੱਖ ਪ੍ਰਭੂ ਦੇ 'ਨਾਮ' ਰੂਪ 'ਅੰਮ੍ਰਿਤਸਰ' ਵਿਚ ਨ੍ਹਾਉਂਦਾ ਹੈ ਉਸ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ।

() ਜਿਸ ਉਤੇ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ; ਗੁਰੂ ਦੀ ਕਿਰਪਾ ਨਾਲ 'ਨਿਹਚਲੁ ਨਾਮੁ ਧਨੁ' ਮਿਲਦਾ ਹੈ।

() ਪ੍ਰਭੂ ਦੀ ਕਿਰਪਾ ਨਾਲ ਜੇ ਗੁਰੂ ਮਿਲ ਪਏ ਤਾਂ 'ਹਉਮੈ' ਦੂਰ ਹੁੰਦੀ ਹੈ, 'ਤ੍ਰਿਸ਼ਨਾ' ਮਿਟ ਕੇ ਮਨ ਸੁਖੀ ਹੁੰਦਾ ਹੈ।

() ਗੁਰੂ ਦੇ ਸਨਮੁਖ ਹੋਇਆਂ 'ਕਪਟ ਵਿਕਾਰ ਅਗਿਆਨ' ਦੂਰ ਹੋ ਜਾਂਦਾ ਹੈ; ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਅੰਦਰ ਜੋਤਿ ਦਾ ਪ੍ਰਕਾਸ ਹੋ ਕੇ 'ਆਨੰਦ' ਪ੍ਰਾਪਤ ਹੁੰਦਾ ਹੈ।

(੧੦) ਗੁਰੂ ਦੇ ਸਨਮੁਖ ਹੋਇਆਂ 'ਹਉਮੈ' ਮਿਟ ਜਾਂਦੀ ਹੈ, ਰਜ਼ਾ ਵਿਚ ਤੁਰੀਦਾ ਹੈ; ਇਸ ਤਰ੍ਹਾਂ 'ਨਾਮ' ਜਪਿਆਂ 'ਹਰਿ ਕਾ ਮਹਲੁ' ਮਿਲ ਜਾਂਦਾ ਹੈ।

(੧੧) ਜੋ ਮਨੁੱਖ ਗੁਰੂ ਦਾ ਹੋ ਰਹਿੰਦਾ ਹੈ; ਉਸ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੁੰਦਾ ਹੈ; ਉਹ ਸਦਾ ਰੱਬੀ ਪਿਆਰ ਦੀ ਮੌਜ ਵਿਚ ਤੇ ਯਾਦ ਵਿਚ ਮਸਤ ਰਹਿੰਦਾ ਹੈ।

(੧੨) ਦੂਜੇ ਪਾਸੇ, ਆਪਣੇ ਮਨ ਦੇ ਪਿਛੇ ਤੁਰ ਕੇ ਮਨੁੱਖ ਕਾਮਾਦਿਕ ਵਿਕਾਰਾਂ ਵਿਚ ਫਸਦੇ ਹਨ। ਇਹ ਵਿਕਾਰ ਮਾਨੋ, ਜਮਾਂ ਦਾ ਮਾਰਗ ਹੈ, ਇਸ ਰਾਹ ਪੈ ਕੇ ਦੁੱਖੀ ਹੁੰਦੇ ਹਨ।

(੧੩) ਪਰਮਾਤਮਾ ਮਨੁੱਖ ਦੇ ਸਰੀਰ ਵਿਚ ਹੀ ਵੱਸਦਾ ਹੈ, ਪਰ ਜੀਵ ਰਸਾਂ ਦੇ ਭੋਗਣ ਵਿਚ ਲੱਗਾ ਰਹਿੰਦਾ ਹੈ ਤੇ ਪਰਮਾਤਮਾ ਭੋਗਾਂ ਤੋਂ ਨਿਰਲੇਪ ਹੈ; ਇਸ ਵਾਸਤੇ ਇਕੋ ਥਾਂ ਵਸਦਿਆਂ ਭੀ ਜੀਵ ਤੇ ਪ੍ਰਭੂ ਦਾ ਵਿਛੋੜਾ ਬਣਿਆ ਰਹਿੰਦਾ ਹੈ।

(੧੪) ਕੂੜ ਕੁਸੱਤ ਅਭਿਮਾਨ ਆਦਿਕ, ਮਾਨੋ, ਕਾਇਆ-ਰੂਪ ਕਿਲ੍ਹੇ ਨੂੰ ਕਰੜੇ ਕਵਾੜ ਲੱਗੇ ਹੋਏ ਹਨ, ਮਨ ਦੇ ਪਿਛੇ ਤੁਰਨ ਵਾਲੇ ਨੂੰ ਇਹ ਕਵਾੜ ਦਿੱਸਦੇ ਨਹੀਂ; ਇਹਨਾਂ ਨੇ ਇਸ ਦੀ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਹੈ।

(੧੫) ਲੋਭੀ ਮਨ ਲੋਭ ਵਿਚ ਫਸਿਆ ਹੋਇਆ ਮਾਇਆ ਲਈ ਭਟਕਦਾ ਫਿਰਦਾ ਹੈ। ਦੁਨੀਆ ਵਾਲੀ ਇੱਜ਼ਤ ਜਾਂ ਉੱਚੀ ਜਾਤਿ ਤਾਂ ਪਰਲੋਕ ਵਿਚ ਸਹੈਤਾ ਨਹੀਂ ਕਰਦੀ; ਸੋ, ਮਨਮੁਖ ਦੋਹੀਂ ਜਹਾਨੀਂ ਦੁੱਖੀ ਹੁੰਦਾ ਹੈ।

(੧੬) ਜਿਨ੍ਹਾਂ ਉਤੇ ਪ੍ਰਭੂ ਦੀ ਕਿਰਪਾ ਹੋਵੇ ਉਹਨਾਂ ਨੂੰ ਗੁਰੂ ਮਿਲਦਾ ਹੈ, ਉਹ ਬੰਦਗੀ ਕਰਦੇ ਹਨ, ਪ੍ਰਭੂ ਉਹਨਾਂ ਦੇ ਮਨ ਵਿਚ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਸੁਖ-ਰੂਪ 'ਲਾਹਾ' ਮਿਲਦਾ ਹੈ।

(੧੭) ਜੋ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਗ਼ਫ਼ਲਿਤ ਦੀ ਨੀਂਦ ਵਿਚ ਨਹੀਂ ਸੌਂਦੇ, ਪਰਮਾਤਮਾ ਦੇ 'ਨਾਮ' ਦਾ ਰਸ ਚੱਖਦੇ ਹਨ ਤੇ 'ਸਹਜ' ਅਵਸਥਾ ਵਿਚ ਟਿਕੇ ਰਹਿੰਦੇ ਹਨ।

(੧੮) ਗੁਰ-ਸ਼ਬਦ ਦੀ ਰਾਹੀਂ ਜੋ ਮਨੁੱਖ ਮਾਇਆ ਵਲੋਂ ਸੁਚੇਤ ਰਹਿ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ।

(੧੯) 'ਦੂਜਾ ਭਾਵ' ਮਾਇਆ ਦਾ ਮੋਹ ਭੀ ਪ੍ਰਭੂ ਨੇ ਆਪ ਹੀ ਕੀਤਾ ਹੈ: ਵੱਡੇ ਵੱਡੇ ਕਹਾਣ ਵਾਲੇ ਇਸ ਦੂਜੇ ਭਾਵ ਵਿਚ ਹੀ ਫਸੇ ਰਹੇ। ਗੁਰਮੁਖ ਨੂੰ ਸੂਝ ਪੈਂਦੀ ਹੈ ਤੇ ਉਸ ਨੂੰ 'ਸੋਗ ਵਿਜੋਗ' ਨਹੀਂ ਵਿਆਪਦਾ।

(੨੦) ਜਿਸ ਨੇ ਮਾਇਆ ਦਾ ਮੋਹ ਪੈਦਾ ਕੀਤਾ ਹੈ ਜੇ ਉਸੇ ਦੇ ਦਰ ਤੇ ਅਰਦਾਸਿ ਕਰਦੇ ਰਹੀਏ ਤਾਂ ਇਸ ਮੋਹ ਦਾ ਜ਼ੋਰ ਨਹੀਂ ਪੈਂਦਾ ਤੇ ਇਸ ਤੋਂ ਉਪਜਿਆ ਦੁੱਖ ਮਿੱਟ ਜਾਂਦਾ ਹੈ।

(੨੧) ਮਾਇਆ ਦੇ ਮੋਹ ਤੋਂ ਰਾਖੀ ਕਰਨ ਵਾਲਾ ਪ੍ਰਭੂ ਆਪ ਹੀ ਹੈ, ਜੋ ਮਨੁੱਖ ਉਸ ਨੂੰ ਧਿਆਉਂਦੇ ਹਨ ਉਹ ਮਾਇਆ ਵਾਲੀ ਚਿੰਤਾ ਛੱਡ 'ਅਚਿੰਤ' ਰਹਿੰਦੇ ਹਨ।

(੨੨) ਸੰਸਾਰ-ਸਮੁੰਦਰ ਭੀ ਪ੍ਰਭੂ ਹੈ, ਇਸ ਵਿਚੋਂ ਤਾਰਨ ਵਾਲਾ ਜਹਾਜ਼ ਤੇ ਮੱਲਾਹ ਭੀ ਆਪ ਹੀ ਹੈ, ਆਪ ਹੀ ਰਾਹ ਦੱਸਣ ਵਾਲਾ ਹੈ। ਉਸ ਦਾ 'ਨਾਮ' ਸਿਮਰਿਆਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ।

ਸਮੁੱਚਾ ਭਾਵ:

. ਇਹ ਜਗਤ-ਰਚਨਾ ਪ੍ਰਭੂ ਨੇ ਆਪ ਕੀਤੀ ਹੈ, ਇਸ ਵਿਚ ਉਸ ਨੇ ਆਪਣੀ ਜੋਤਿ ਟਿਕਾ ਰੱਖੀ ਹੈ। ਤ੍ਰਿਗੁਣੀ ਮਾਇਆ ਭੀ ਆਪ ਹੀ ਬਨਾਣ ਵਾਲਾ ਹੈ; ਇਸ ਦੇ ਪ੍ਰਭਾਵ ਹੇਠ ਜੀਵਾਂ ਨੂੰ ਧੰਧੇ ਵਿਚ ਉਸੇ ਨੇ ਜੋੜ ਰੱਖਿਆ ਹੈ। ਕਿਸੇ ਤਰ੍ਹਾਂ ਦੀ ਚਤੁਰਾਈ ਇਸ ਮੋਹ ਤੋਂ ਬਚਾ ਨਹੀਂ ਸਕਦੀ। (ਪਉੜੀ ਨੰ: ੧ ਤੋਂ ੪)

. ਜਿਸ ਉਤੇ ਮਿਹਰ ਹੋਵੇ ਉਸ ਨੂੰ ਗੁਰੂ ਮਿਲਦਾ ਹੈ; ਗੁਰੂ ਦੇ ਸਨਮੁਖ ਹੋ ਕੇ ਸਿਫ਼ਤਿ-ਸਾਲਾਹ ਕਰੀਏ, ਨਾਮ-'ਅੰਮ੍ਰਿਤਸਰ' ਵਿਚ ਨ੍ਹਾਈਏ ਤਾਂ ਤ੍ਰਿਸਨਾ-ਅੱਗ ਬੁੱਝ ਜਾਂਦੀ ਹੈ, ਹਉਮੈ ਮਿਟਦੀ ਹੈ, ਕਪਟ ਵਿਕਾਰ ਦੂਰ ਹੁੰਦਾ ਹੈ, ਰਜ਼ਾ ਵਿਚ ਤੁਰਨ ਦੀ ਜਾਚ ਆਉਂਦੀ ਹੈ ਤੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। (ਪਉੜੀ ਨੰ: ੫ ਤੋਂ ੧੧)

. ਪ੍ਰਭੂ-ਕਾਇਆ-ਕਿਲ੍ਹੇ ਦੇ ਅੰਦਰ ਹੀ ਵੱਸਦਾ ਹੈ; ਪਰ ਮਨਮੁਖ ਕਾਮਾਦਿਕ ਵਿਕਾਰਾਂ ਵਿਚ ਫਸੇ ਰਹਿੰਦੇ ਹਨ ਤੇ ਪ੍ਰਭੂ ਤੋਂ ਵਿਛੁੜੇ ਰਹਿੰਦੇ ਹਨ। ਕੂੜ ਕੁਸੱਤ ਦੇ ਕਰੜੇ ਕਵਾੜ ਪ੍ਰਭੂ ਨਾਲੋਂ ਉਹਨਾਂ ਦੀ ਵਿੱਥ ਪਾਈ ਰੱਖਦੇ ਹਨ। ਲੋਭ-ਗ੍ਰਸਿਆ ਸਾਰੀ ਉਮਰ ਨੱਕ-ਨਮੂਜ ਦੀ ਖ਼ਾਤਰ ਭਟਕਦਾ ਹੈ, ਇਹ ਨੱਕ-ਨਮੂਜ ਏਥੇ ਹੀ ਰਹਿ ਜਾਂਦਾ ਹੈ, ਸੋ, ਦੋਹੀਂ ਜਹਾਨੀਂ ਦੁੱਖ ਪਾਂਦਾ ਹੈ। (ਪਉੜੀ ੧੨ ਤੋਂ ੧੫)

. ਜਿਨ੍ਹਾਂ ਉਤੇ ਮਿਹਰ ਹੋਵੇ ਗੁਰੂ-ਸਰਨ ਪੈ ਕੇ ਬੰਦਗੀ ਕਰਦੇ ਹਨ; ਗ਼ਫ਼ਲਿਤ ਦੀ ਨੀਂਦ ਵਿਚ ਨਹੀਂ ਸੌਂਦੇ, ਮਾਇਆ ਵਲੋਂ ਸੁਚੇਤ ਰਹਿ ਕੇ ਸਿਫ਼ਤਿ-ਸਾਲਾਹ ਕਰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ ਹਨ। (ਪਉੜੀ ੧੬ ਤੋਂ ੧੮)

. ਮਾਇਆ ਦਾ ਮੋਹ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ; ਵੱਡੇ ਵੱਡੇ ਕਹਾਣ ਵਾਲੇ ਭੀ ਇਸ ਵਿਚ ਫਸ ਜਾਂਦੇ ਹਨ। ਸੰਸਾਰ-ਸਮੁੰਦਰ ਭੀ ਆਪ ਹੈ ਤੇ ਜਹਾਜ਼ ਤੇ ਮੱਲਾਹ ਭੀ ਆਪ ਹੀ ਹੈ, ਆਪ ਹੀ ਰਾਹ ਦੱਸਣ ਵਾਲਾ ਹੈ। ਜੇ ਉਸ ਦੇ ਦਰ ਤੇ ਅਰਦਾਸਿ ਕਰਦੇ ਰਹੀਏ ਤਾਂ ਇਸ ਤੋਂ ਬਚਾ ਲੈਂਦਾ ਹੈ। (ਪਉੜੀ ੧੯ ਤੋਂ ੨੨)

ਮੁੱਖ ਭਾਵ:

ਪ੍ਰਭੂ ਦੀ ਰਚੀ ਹੋਈ ਇਸ ਜਗਤ-ਮਾਇਆ ਦੇ ਮੋਹ ਤੋਂ ਸਿਰਫ਼ ਉਹੀ ਮਨੁੱਖ ਬਚਦਾ ਹੈ ਜਿਸ ਨੂੰ ਪ੍ਰਭੂ ਦੀ ਆਪਣੀ ਮੇਹਰ ਨਾਲ ਗੁਰੂ ਮਿਲੇ, ਤੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰ ਕੇ ਉਹ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹੇ।

ਵਾਰ ਦੀ ਬਣਤਰ:

ਇਹ 'ਵਾਰ' ਗੁਰੂ ਅਮਰਦਾਸ ਜੀ ਦੀ ਰਚਨਾ ਹੈ, ਇਸ ਵਿਚ ੨੨ ਪਉੜੀਆਂ ਹਨ, ਹਰੇਕ ਪਉੜੀ ਵਿਚ ਪੰਜ ਪੰਜ ਤੁਕਾਂ ਹਨ। ਹਰੇਕ ਪਉੜੀ ਦੇ ਨਾਲ ਦੋ ਦੋ ਸ਼ਲੋਕ ਹਨ; ਪਉੜੀ ਨੰ: ੪ ਦੇ ਨਾਲ ਪਹਿਲਾ ਸ਼ਲੋਕ ਕਬੀਰ ਜੀ ਦਾ ਹੈ, ਬਾਕੀ ਦੇ ਸਾਰੇ ਸ਼ਲੋਕ ਗੁਰੂ ਅਮਰਦਾਸ ਜੀ ਦੇ ਹਨ।

ਕਬੀਰ ਜੀ ਦਾ ਇੱਕ ਸ਼ਲੋਕ ਹੋਣਾ ਭੀ ਦੱਸਦਾ ਹੈ ਕਿ 'ਵਾਰ' ਤੇ 'ਸ਼ਲੋਕ' ਇੱਕੋ ਵਕਤ ਨਹੀਂ ਲਿਖੇ ਗਏ ਕਿਉਂਕਿ 'ਵਾਰ' ਦੇ ਸ਼ਲੋਕਾਂ ਦੀ ਬਣਤਰ ਵਿਚ ਇਕ-ਸੁਰਤਾ ਨਹੀਂ ਰਹਿ ਗਈ। ਜੇ ਇਹਨਾਂ ਦੇ ਲਿਖਣ ਦਾ ਵਕਤ ਇੱਕ ਹੀ ਹੁੰਦਾ ਤਾਂ ਪਉੜੀ ਨੰ: ੪ ਦੇ ਨਾਲ ਸਿਰਫ਼ ਇੱਕੋ ਸਲੋਕ ਨਾਹ ਲਿਖਦੇ। ਇਸ ਪਉੜੀ ਦੇ ਸ਼ਲੋਕਾਂ ਨੂੰ ਪੜ੍ਹ ਕੇ ਵੇਖੋ; ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਉਚਾਰਿਆ ਭੀ ਕਬੀਰ ਜੀ ਦੇ ਸ਼ਲੋਕ ਦੇ ਪਰਥਾਇ ਹੀ ਹੈ (ਵੇਖੋ, ਸਲੋਕ ਕਬੀਰ ਜੀ ਨੰ: ੫੮। ਸੋ, ਇਹ ਦੋਵੇਂ ਸ਼ਲੋਕ ਗੁਰੂ ਅਰਜਨ ਸਾਹਿਬ ਨੇ ਇਸ ਪਉੜੀ ਦੇ ਭਾਵ ਨਾਲ ਮਿਲਦੇ ਵੇਖ ਕੇ ਦਰਜ ਕੀਤੇ ਹਨ ਪਰ ਇਹ ਨਹੀਂ ਸੀ ਹੋ ਸਕਦਾ ਕਿ ਜੇ ਗੁਰੂ ਅਮਰਦਾਸ ਜੀ ਸਾਰੇ ਸ਼ਲੋਕ ਭੀ ਨਾਲ ਹੀ ਉਚਾਰਦੇ ਤਾਂ ਇਸ ਪਉੜੀ ਨੰ: ੪ ਨੂੰ ਖ਼ਾਲੀ ਛੱਡ ਦੇਂਦੇ, ਸੋ, ਸਾਰੇ ਹੀ ਸ਼ਲੋਕ ਬੀੜ ਤਿਆਰ ਕਰਨ ਵੇਲੇ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ।

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ   . ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ {ਪੰਨਾ 508}

ਸਿਕੰਦਰ ਤੇ ਇਬਰਾਹੀਮ ਇਕੋ ਕੁਲ ਵਿਚੋਂ ਸਨ ਤੇ ਤੁਰਨੇ-ਸਿਰ ਸਨ। ਇਬਰਾਹੀਮ ਮੰਦ-ਕਰਮੀ ਸੀ। ਇਸ ਨੇ ਇਕ ਵਾਰੀ ਇਕ ਨੌ-ਜਵਾਨ ਬ੍ਰਾਹਮਣ ਦੀ ਨਵੀਂ ਵਿਆਹੀ ਵਹੁਟੀ ਤੇ ਮਾੜੀ ਨਜ਼ਰ ਕਰਨੀ ਸ਼ੁਰੂ ਕੀਤੀ, ਬ੍ਰਾਹਮਣ ਨੇ ਸਿਕੰਦਰ ਪਾਸ ਫ਼ਰਿਆਦ ਕੀਤੀ। ਸਿਕੰਦਰ ਤੇ ਇਬਰਾਹੀਮ ਦੋਹਾਂ ਵਿਚ ਟਾਕਰਾ ਹੋਇਆ, ਇਬਰਾਹੀਮ ਫੜਿਆ ਗਿਆ, ਪਰ ਜਦੋਂ ਉਹ ਆਪਣੇ ਕੀਤੇ ਤੇ ਪਛਤਾਇਆ ਤਾਂ ਸਿਕੰਦਰ ਨੇ ਉਸ ਨੂੰ ਛੱਡ ਦਿੱਤਾ। ਇਹ ਸਾਕਾ ਢਾਢੀਆਂ ਨੇ 'ਵਾਰ' ਵਿਚ ਗਾਂਵਿਆ। ਉਸੇ ਹੀ ਸੁਰ ਤੇ ਗੁਰੂ ਅਮਰਦਾਸ ਜੀ ਦੀ ਇਹ ਵਾਰ ਗਾਉਣ ਲਈ ਆਗਿਆ ਹੈ।

ਉਸ ਵਾਰ ਦਾ ਨਮੂਨਾ-

ਪਾਪੀ ਖਾਨ ਬਿਰਾਹਮ ਪਰ ਚੜਿਆ ਸੇਕੰਦਰ।

ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ।

ਪਦਅਰਥ: ਮਮਮੇਰਾ। ਮਮਤਾ—(ਹਰੇਕ ਚੀਜ਼ ਨੂੰ) 'ਮੇਰੀ' ਬਨਾਣ ਦਾ ਖ਼ਿਆਲ। ਬਿਧਿਜਾਚ। ਪਦਵੀਦਰਜਾ। ਸਹਜਿਸਹਜ ਅਵਸਥਾ ਵਿਚ, ਅਡੋਲਤਾ ਵਿਚ, ਉਹ ਅਵਸਥਾ ਜਿਥੇ ਦੁਨੀਆ ਦੇ ਲਾਲਚ ਵਿਚ ਹਰੇਕ ਪਦਾਰਥ ਨੂੰ ਆਪਣਾ ਬਨਾਣ ਦੀ ਚਾਹ ਨਾਹ ਕੁੱਦੇ। ਨਦਰੀਮਿਹਰ ਕਰਨ ਵਾਲਾ ਪ੍ਰਭੂ।

ਅਰਥ: ਇਹ ਜਗਤ (ਭਾਵ, ਹਰੇਕ ਜੀਵ) (ਇਹ ਚੀਜ਼ 'ਮੇਰੀ' ਬਣ ਜਾਏ, ਇਹ ਚੀਜ਼ 'ਮੇਰੀ' ਹੋ ਜਾਏ-ਇਸ) ਅਣਪੱਤ ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜੋ ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ, ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ, (ਕਿਉਂਕਿ) ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖਿ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ।੧।

ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥ {ਪੰਨਾ 508}

ਪਦਅਰਥ: ਸਹਸਾਤੌਖਲਾ। ਆਪੈਆਪ ਹੀ। ਧੰਧੈ ਮਾਰਧੰਧਿਆਂ ਦੀ ਮਾਰ। ਆਚਾਰੁਰਹਣੀ, ਵਰਤੋਂ।

ਅਰਥ: ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ, ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਉਹਨਾਂ ਨੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ। ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ)੨।

TOP OF PAGE

Sri Guru Granth Darpan, by Professor Sahib Singh