ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 505

ਗੂਜਰੀ ਮਹਲਾ ੧ ਘਰੁ ੪    ੴ ਸਤਿਗੁਰ ਪ੍ਰਸਾਦਿ ॥ ਭਗਤਿ ਪ੍ਰੇਮ ਆਰਾਧਿਤੰ ਸਚੁ ਪਿਆਸ ਪਰਮ ਹਿਤੰ ॥ ਬਿਲਲਾਪ ਬਿਲਲ ਬਿਨੰਤੀਆ ਸੁਖ ਭਾਇ ਚਿਤ ਹਿਤੰ ॥੧॥ ਜਪਿ ਮਨ ਨਾਮੁ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥੧॥ ਰਹਾਉ ॥ ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥ ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥੨॥ ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿਤੰ ॥ ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥੩॥ ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥ ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ ॥੪॥ ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥ ਭਜੁ ਸਰਣਿ ਸਤਿਗੁਰ ਊਬਰਹਿ ਹਰਿ ਨਾਮੁ ਰਿਦ ਰਮਣੰ ॥੫॥ ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥ ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ ॥੬॥ ਭੈ ਭਾਇ ਭਗਤਿ ਤਰੁ ਭਵਜਲੁ ਮਨਾ ਚਿਤੁ ਲਾਇ ਹਰਿ ਚਰਣੀ ॥ ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ ਇਹੁ ਸਰੀਰੁ ਤਉ ਸਰਣੀ ॥੭॥ ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥ ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥੮॥੧॥੫॥ {ਪੰਨਾ 505}

ਪਦਅਰਥ: ਆਰਾਧਿਤੰਆਰਾਧਿਆ (ਜਿਨ੍ਹਾਂ ਨੇ। ਸਚੁਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ। ਪਿਆਸਤਾਂਘ। ਪਰਮਸਭ ਤੋਂ ਉੱਚੀ, ਬਹੁਤ ਉੱਚੀ। ਹਿਤੰਪ੍ਰੇਮ। ਭਾਇ ਹਿਤੰਪ੍ਰੇਮਭਾਵ ਵਿਚ।੧।

ਮਨਹੇ ਮਨ! ਤਾਰਿਬੇੜੀ, ਜਹਾਜ਼। ਰਮ ਨਾਮਰਾਮ ਦਾ ਨਾਮ। ਕਰਣੀ— {करणोय} ਕਰਤੱਬ, ਜੀਵਨ ਦਾ ਨਿਸ਼ਾਨਾ।੧।ਰਹਾਉ।

ਹੇ! ਮਿਰਤਮੌਤ, ਵਿਕਾਰਾਂ ਵਲੋਂ ਉਪਰਾਮਤਾ। ਸੁਭ ਚਿੰਤੰਸ਼ੁਭਚਿੰਤਕ, ਸੁਖਦਾਈ। ਰਮਣੰਸਿਮਰਨ। ਤਤੁਜਗਤ ਦਾ ਮੂਲਪ੍ਰਭੂ। ਗਿਆਨੰਜਾਣ-ਪਛਾਣ, ਡੂੰਘੀ ਸਾਂਝ। ਕਲਿਆਣਸੁਖ, ਆਨੰਦ।੨।

ਚਲ ਚਿਤਚਿੱਤ ਨੂੰ ਚੰਚਲ ਕਰਨ ਵਾਲਾ। ਵਿਤਧਨ। ਭ੍ਰਮਾਭ੍ਰਮੰਭਟਕਣਾ। ਮਗਨਮਸਤ। ਗੁਰ ਵਾਕਿਗੁਰੂ ਦੇ ਸ਼ਬਦ ਦੀ ਰਾਹੀਂ। ਦਿੜੰਪੱਕੀ (ਕਰ ਲਈ ਹੈ। ਮਤੀਅਕਲ, ਸਮਝ।੩।

ਭਰਮਾਤਿਭਟਕਦਾ ਹੈ। ਭਰਮੁਭਟਕਣ। ਜਨਮਿਜਨਮ (-ਮਰਨ) ਵਿਚ। ਬਿਆਧਿਰੋਗ। ਖਪੰਖ਼ੁਆਰ ਹੁੰਦਾ ਹੈ। ਨਿਹਕੇਵਲੰਵਾਸਨਾਰਹਿਤ। ਸਤਿਸਦਾ-ਥਿਰ।੪।

ਬਿਆਪਿਤੰਦਬਾਇਆ ਹੋਇਆ, ਦਬਾ ਹੇਠ। ਅਧਿਕਬਹੁਤ। ਊਬਰਹਿਤੂੰ ਬਚੇਂਗਾ।੫।

ਨਿਹਚਲਅਟੱਲ। ਮਨਿਮਨ ਵਿਚ (ਧਾਰਨ ਕਰ। ਮਨੰਮੰਨ ਜਾਇਗਾ, ਗਿੱਝ ਜਾਇਗਾ। ਸਹਜਅਡੋਲ ਆਤਮਕ ਅਵਸਥਾ। ਜਿਤੁਜਿਸ ਵਿਚ। ਸਾਰੰਸ੍ਰੇਸ਼ਟ।੬।

ਭੈ—(ਪਰਮਾਤਮਾ ਦੇ) ਡਰ ਵਿਚ। ਭਾਇ—(ਪਰਮਾਤਮਾ ਦੇ) ਪ੍ਰੇਮ ਵਿਚ। ਤਰੁਪਾਰ ਲੰਘ। ਭਵਜਲੁਸੰਸਾਰਸਮੁੰਦਰ। ਲਾਇਜੋੜ। ਪਾਵਨੁਪਵਿਤ੍ਰ। ਤਉਤੇਰੀ।੭।

ਨਿਵਾਰਣੰਦੂਰ ਕਰਨ ਦੇ ਸਮਰੱਥ। ਰਾਸਿਸਰਮਾਇਆ। ਮਨੰਮਨ ਵਿਚ। ਨਿਰੰਜਨਾਹੇ ਨਿਰੰਜਨ! ਹੇ ਮਾਇਆਰਹਿਤ ਪ੍ਰਭੂ!੮।

ਅਰਥ: ਹੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਓਟ ਫੜ। ਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਮਨੋਰਥ ਬਣਾ। ਇਹ ਨਾਮ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ ਜਹਾਜ਼ ਹੈ।੧।ਰਹਾਉ।

ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਪ੍ਰੇਮ ਨਾਲ ਆਰਾਧਦੇ ਹਨ, ਉਹਨਾਂ ਦੇ ਅੰਦਰ ਪ੍ਰਭੂ-ਪ੍ਰੇਮ ਦੀ ਤੀਬਰ ਖਿੱਚ ਬਣੀ ਰਹਿੰਦੀ ਹੈ, ਉਹ (ਪ੍ਰਭੂ ਦੇ ਦਰ ਤੇ ਹੀ) ਹਾੜੇ-ਤਰਲੇ ਕਰਦੇ ਹਨ ਬੇਨਤੀਆਂ ਕਰਦੇ ਹਨ, ਉਹਨਾਂ ਦੇ ਚਿੱਤ ਪ੍ਰਭੂ ਦੇ ਪ੍ਰੇਮ ਪਿਆਰ ਵਿਚ (ਮਗਨ ਰਹਿੰਦੇ ਹਨ) ਤੇ ਉਹ ਆਤਮਕ ਆਨੰਦ ਮਾਣਦੇ ਹਨ।੧।

ਹੇ ਮਨ! ਗੁਰੂ ਦੇ ਸ਼ਬਦ ਵਿਚ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ, ਤੇ (ਵਿਕਾਰਾਂ ਵਲੋਂ ਉਪਰਾਮ ਹੋ), ਵਿਕਾਰਾਂ ਵਲੋਂ ਮੌਤ (ਜੀਵਨ ਵਾਸਤੇ) ਸੁਖਦਾਈ ਹੈ। ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਮਨ ਵਿਚ ਸਿਮਰਦੇ ਹਨ ਉਹਨਾਂ ਦੀ ਮਤਿ ਜਗਤ-ਮੂਲ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ, ਉਹਨਾਂ ਨੂੰ ਸੁਖਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪੈਂਦਾ ਹੈ।੨।

(ਦੁਨੀਆ ਦਾ) ਧਨ (ਮਨੁੱਖ ਦੇ) ਮਨ ਨੂੰ ਚੰਚਲ ਬਣਾਂਦਾ ਹੈ ਤੇ ਭਟਕਣਾ ਪੈਦਾ ਕਰਦਾ ਹੈ, (ਪਰ) ਜਗਤ (ਇਸ ਧਨ ਦੇ) ਮੋਹ ਵਿਚ ਪ੍ਰੇਮ ਵਿਚ ਮਸਤ ਰਹਿੰਦਾ ਹੈ। ਪਰਮਾਤਮਾ ਦੇ ਭਗਤ (ਆਪਣੀ) ਸਮਝ ਵਿਚ (ਇਹ ਨਿਸਚਾ) ਪੱਕਾ ਕਰ ਲੈਂਦੇ ਹਨ ਕਿ ਪਰਮਾਤਮਾ ਦਾ ਨਾਮ (ਹੀ) ਸਦਾ ਕਾਇਮ ਰਹਿਣ ਵਾਲਾ ਹੈ। ਉਹ ਗੁਰੂ ਦੇ ਸ਼ਬਦ ਵਿਚ ਟਿਕ ਕੇ ਸਿਫ਼ਤਿ-ਸਾਲਾਹ ਵਿਚ ਰੱਤੇ ਰਹਿੰਦੇ ਹਨ।੩।

ਜਗਤ (ਮਾਇਆ ਦੇ ਮੋਹ ਦੇ ਕਾਰਨ) ਜਨਮ ਮਰਨ ਦੇ ਰੋਗ ਵਿਚ ਖ਼ੁਆਰ ਹੁੰਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ, (ਇਸ ਦੀ ਮਾਇਆ ਵਾਲੀ) ਭਟਕਣਾ ਮੁੱਕਦੀ ਨਹੀਂ। ਹੇ ਮਨ! ਪਰਮਾਤਮਾ ਦੀ ਸਰਨ ਹੀ ਐਸਾ ਥਾਂ ਹੈ ਜੋ ਮਾਇਆ ਦੇ ਮੋਹ ਤੋਂ ਉਪਰਾਮ ਕਰਦਾ ਹੈ, ਪਰਮਾਤਮਾ ਦੇ ਨਾਮ ਦਾ ਤਪ ਹੀ ਸਹੀ ਸਮਝ ਹੈ।੪।

ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ, ਇਸ ਵਾਸਤੇ ਇਸ ਨੂੰ ਜਨਮ ਮਰਨ ਦਾ ਬਹੁਤ ਦੁੱਖ ਲੱਗਾ ਰਹਿੰਦਾ ਹੈ। (ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਸਿਮਰ, ਸਤਿਗੁਰੂ ਦੀ ਸਰਨ ਪਉ, (ਤਦੋਂ ਹੀ) ਤੂੰ (ਜਨਮ ਮਰਨ ਦੇ ਗੇੜ ਤੋਂ) ਬਚ ਸਕੇਂਗਾ।੫।

ਜੋ ਮਨੁੱਖ ਆਪਣੇ ਮਨ ਵਿਚ ਗੁਰੂ ਦੀ ਸਿੱਖਿਆ ਪੱਕੇ ਤੌਰ ਤੇ ਧਾਰਨ ਕਰ ਲੈਂਦਾ ਹੈ, ਉਸ ਦਾ ਮਨ ਅਡੋਲ ਆਤਮਕ ਅਵਸਥਾ ਦੀ ਵਿਚਾਰ ਵਿਚ ਗਿੱਝ ਜਾਂਦਾ ਹੈ (ਭਾਵ, ਉਹ ਸਦਾ ਇਹ ਖ਼ਿਆਲ ਰੱਖਦਾ ਹੈ ਕਿ ਮਨ ਮਾਇਆ ਦੀ ਭਟਕਣਾ ਵਲੋਂ ਹਟ ਕੇ ਪ੍ਰਭੂ ਦੇ ਨਾਮ ਦੀ ਇਕਾਗ੍ਰਤਾ ਵਿਚ ਟਿਕਿਆ ਰਹੇ। ਜਿਸ ਮਨ ਵਿਚ ਸਦਾ-ਥਿਰ ਪ੍ਰਭੂ ਟਿਕ ਜਾਏ ਉਹ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦੇ ਅੰਦਰ ਪ੍ਰਭੂ-ਗਿਆਨ ਦਾ ਸ੍ਰੇਸ਼ਟ ਰਤਨ ਮੌਜੂਦ ਰਹਿੰਦਾ ਹੈ।੬।

ਹੇ (ਮੇਰੇ) ਮਨ! ਪਰਮਾਤਮਾ ਦੇ ਡਰ-ਅਦਬ ਵਿਚ ਰਹੁ, ਪ੍ਰਭੂ ਦੇ ਪਿਆਰ ਵਿਚ ਰਹੁ, ਪ੍ਰਭੂ ਦੀ ਭਗਤੀ ਕਰ, ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜ, ਇਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ। (ਹੇ ਭਾਈ!) ਪਰਮਾਤਮਾ ਦਾ ਪਵਿਤ੍ਰ ਨਾਮ ਆਪਣੇ ਹਿਰਦੇ ਵਿਚ (ਰੱਖ ਤੇ ਪ੍ਰਭੂ ਅੱਗੇ ਇਉਂ ਅਰਦਾਸ ਕਰ-ਹੇ ਪ੍ਰਭੂ!) ਮੇਰਾ ਇਹ ਸਰੀਰ ਤੇਰੀ ਸਰਨ ਹੈ (ਭਾਵ, ਮੈਂ ਤੇਰੀ ਸਰਨ ਆਇਆ ਹਾਂ)੭।

ਹੇ ਨਾਨਕ! ਪਰਮਾਤਮਾ ਦਾ ਨਾਮ (ਆਤਮਕ ਜੀਵਨ ਦਾ ਸਰਮਾਇਆ ਹੈ, ਇਸ) ਸਰਮਾਏ ਨੂੰ ਆਪਣੇ ਮਨ ਵਿਚ ਸਾਂਭ ਕੇ ਰੱਖ, ਇਹ ਲੱਬ ਤੇ ਲੋਭ ਦੀਆਂ ਲਹਿਰਾਂ ਨੂੰ ਦੂਰ ਕਰਨ ਦੇ ਸਮਰੱਥ ਹੈ। ਆਪਣੇ ਮਨ ਨੂੰ (ਲਬ ਲੋਭ ਵਲੋਂ) ਕਾਬੂ ਕਰ ਕੇ ਰੱਖ, ਤੇ ਆਖ-ਹੇ ਨਿਰੰਜਨ! ਮੈਂ ਤੇਰੀ ਸਰਨ ਆਇਆ ਹਾਂ।੮।੧।੫।

ਨੋਟ: ਪਹਿਲੀਆਂ ੪ ਅਸ਼ਟਪਦੀਆਂ "ਘਰੁ ੧" ਦੀਆਂ ਸਨ। ਇਹ ਅਸ਼ਟਪਦੀ "ਘਰੁ ੪" ਦੀ ਹੈ। ਅਖ਼ੀਰਲੇ ਅੰਕ ੧ ਦਾ ਇਹੀ ਭਾਵ ਹੈ। ਅੰਕ ੫ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਦੀਆਂ ਕੁੱਲ ਪੰਜ ਅਸ਼ਟਪਦੀਆਂ ਹਨ।

TOP OF PAGE

Sri Guru Granth Darpan, by Professor Sahib Singh