ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 504

ਗੂਜਰੀ ਮਹਲਾ ੧ ॥ ਐ ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਕਾਈ ॥ ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥੧॥ ਭਾਈ ਰੇ ਰਾਮ ਨਾਮਿ ਚਿਤੁ ਲਾਈ ॥ ਗੁਰ ਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥੧॥ ਰਹਾਉ ॥ ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥ ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥੨॥ ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥ ਸਾਚੈ ਸਬਦਿ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ॥੩॥ ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥ ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥੪॥ ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ ॥ ਜੋ ਤਿਸੁ ਭਾਵੈ ਸੋਈ ਕਰਸੀ ਕਿਰਤੁ ਨ ਮੇਟਿਆ ਜਾਈ ॥੫॥ ਐ ਜੀ ਭਾਗਿ ਪਰੇ ਗੁਰ ਸਰਣਿ ਤੁਮ੍ਹ੍ਹਾਰੀ ਮੈ ਅਵਰ ਨ ਦੂਜੀ ਭਾਈ ॥ ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥੬॥ ਐ ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥ ਕਰਿ ਕਿਰਪਾ ਗੁਰ ਦਰਸੁ ਦਿਖਾਵਹੁ ਹਉਮੈ ਸਬਦਿ ਜਲਾਈ ॥੭॥ ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥ ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ॥੮॥੩॥ {ਪੰਨਾ 504}

ਪਦਅਰਥ: ਐ ਜੀਹੇ ਭਾਈ! ਜਨਮਿਜਨਮ ਕੇ। ਜਨਮਿ ਮਰੈ—(ਮੁੜ ਮੁੜ) ਜੰਮਦਾ ਮਰਦਾ ਹੈ। ਫੁਨਿ— {पुनः} ਮੁੜ ਮੁੜ। ਗਤਿਉੱਚੀ ਆਤਮਕ ਅਵਸਥਾ। ਕਾਈ— {काअपि} ਕੋਈ ਭੀ। ਗੁਰਮੁਖਿਗੁਰੂ ਦੀ ਸਰਨ ਪੈ ਕੇ। ਨਾਮੇਨਾਮਿ ਹੀ, ਨਾਮ ਵਿਚ ਹੀ। ਪਤਿਇੱਜ਼ਤ।੧।

ਨਾਮਿਨਾਮਿ ਵਿਚ। ਲਾਈਲਾਇ, ਜੋੜ। ਜਾਚੇਜਾਚਿ, ਮੰਗੀ। ਬਡਾਈਵਡਿਆਈ।੧।ਰਹਾਉ।

ਕਰਹਿਤੂੰ ਕਰਦਾ ਹੈਂ। ਭਿਖਿਆ ਕਉਭਿੱਛਿਆ ਵਾਸਤੇ। ਕੇਤੇਅਨੇਕਾਂ। ਉਦਰੁਪੇਟ। ਕੈ ਤਾਈਦੀ ਖ਼ਾਤਰ। ਪ੍ਰਾਨੀਹੇ ਪ੍ਰਾਣੀ! ਗਰਬੁਅਹੰਕਾਰ। ਨ ਜਾਈਨਹੀਂ ਜਾਂਦਾ।੨।

ਕਾਲੁਮੌਤ, ਮੌਤ ਦਾ ਸਹਮ, ਆਤਮਕ ਮੌਤ। ਠਾਢੇਖਲੋਤਾ ਹੋਇਆ। ਜਨਮਿ ਜਨਮਿਹਰੇਕ ਜਨਮ ਵਿਚ। ਵੈਰਾਈਵੈਰੀ। ਸਾਚੈਸਦਾ-ਥਿਰ ਰਹਿਣ ਵਾਲੇ ਵਿਚ। ਸੇਉਹ ਬੰਦੇ। ਬਾਚੇਬਚੇ ਹਨ। ਬੂਝਸਮਝ।੩।

ਜੋਹਿ ਨ ਸਾਕੈਤੱਕ ਨਹੀਂ ਸਕਦਾ। ਦੂਤਵੈਰੀ। ਅਵਿਗਤ— {अव्यक्त} ਅਦ੍ਰਿਸ਼ਟ। ਨਿਰੰਜਨਿਨਿਰੰਜਨ (ਦੇ ਪਿਆਰਰੰਗ) ਵਿਚ। ਰਾਤੇਰੰਗੇ ਹੋਏ। ਸਿਉਨਾਲ।੪।

ਐ ਜੀਉ—(ਮੇਰੀ) ਜਿੰਦੇ! ਟੇਕ ਟਿਕਾਈਟੇਕ ਟਿਕਾਇ, ਆਸਰਾ ਲੈ ਕੇ। ਅਬ ਤਬਹੁਣ ਭੀ ਤੇ ਤਦੋਂ ਭੀ, ਸਦਾ। ਪੁਕਾਰਉਮੈਂ ਪੁਕਾਰਦਾ ਹਾਂ।੬।

ਐ ਜੀਹੇ ਪ੍ਰਭੂ ਜੀ! ਪੈਜਲਾਜ। ਗੁਰ ਦਰਸੁਗੁਰੂ ਦਾ ਦਰਸਨ। ਜਲਾਈਜਲਾਏ, ਸਾੜਦਾ ਹੈ।੭।

ਮਾਗਉਮੈਂ ਮੰਗਾਂ। ਰਹੈ ਨ ਦੀਸੈਸਦਾ ਰਹਿਣ ਵਾਲਾ ਨਹੀਂ ਦਿੱਸਦਾ। ਕੰਠਿਕੰਠੀ, ਮਾਲਾ। ਬਣਾਈਮੈਂ ਬਣਾ ਲਵਾਂ।੮।

ਅਰਥ: ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ) ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਮਰਦਾ ਹੈ। ਉਸ ਦਾ ਇਹ ਗੇੜ ਬਣਿਆ ਰਹਿੰਦਾ ਹੈ, (ਕਿਉਂਕਿ) ਗੁਰੂ (ਦੀ ਸਰਨ) ਤੋਂ ਬਿਨਾ ਉੱਚੀ ਆਤਮਕ ਅਵਸਥਾ ਨਹੀਂ ਬਣਦੀ। ਜੇਹੜੇ ਪ੍ਰਾਣੀ ਗੁਰੂ ਦੀ ਸਰਨ ਪੈਂਦੇ ਹਨ ਉਹ (ਪਰਮਾਤਮਾ ਦੇ) ਨਾਮ ਵਿਚ ਹੀ ਰੰਗੇ ਰਹਿੰਦੇ ਹਨ, ਤੇ ਨਾਮ ਵਿਚ ਰੰਗੇ ਰਹਿਣ ਕਰਕੇ ਉਹ ਉੱਚੀ ਆਤਮਕ ਅਵਸਥਾ ਤੇ ਇੱਜ਼ਤ ਪ੍ਰਾਪਤ ਕਰ ਲੈਂਦੇ ਹਨ।੧।

ਪਰਮਾਤਮਾ ਦਾ ਨਾਮ ਜਪਣ ਦੀ ਇਹੋ ਜਿਹੀ ਬਰਕਤਿ ਹੁੰਦੀ ਹੈ (ਕਿ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ)ਹੇ ਭਾਈ! ਤੂੰ ਭੀ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ, (ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਨਾਲ (ਭਾਵ, ਗੁਰੂ ਦੀ ਮੇਹਰ ਦਾ ਪਾਤਰ ਬਣ ਕੇ) ਤੂੰ ਹਰੀ ਪ੍ਰਭੂ ਪਾਸੋਂ (ਨਾਮ ਦੀ ਦਾਤਿ ਹੀ) ਮੰਗ।੧।ਰਹਾਉ।

ਹੇ ਭਾਈ! ਤੂੰ ਪ੍ਰਭੂ ਦਾ ਨਾਮ ਵਿਸਰ ਕੇ) ਪੇਟ ਭਰਨ ਦੀ ਖ਼ਾਤਰ (ਦਰ ਦਰ ਤੋਂ) ਭਿੱਛਿਆ ਲੈਣ ਵਾਸਤੇ ਕਈ ਤਰ੍ਹਾਂ ਦੇ (ਧਾਰਮਿਕ) ਭੇਖ ਬਣਾ ਰਿਹਾ ਹੈਂ। ਪਰ, ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ, ਗੁਰੂ ਦੀ ਸਰਨ ਤੋਂ ਬਿਨਾ ਅਹੰਕਾਰ ਦੂਰ ਨਹੀਂ ਹੁੰਦਾ।੨।

ਹੇ ਭਾਈ! (ਸਿਮਰਨ ਤੋਂ ਬਿਨਾ) ਆਤਮਕ ਮੌਤ ਸਦਾ ਤੇਰੇ ਸਿਰ ਉੱਤੇ ਖਲੋਤੀ ਹੋਈ ਹੈ। ਇਹੀ ਹਰੇਕ ਜਨਮ ਵਿਚ ਤੇਰੀ ਵੈਰਨ ਤੁਰੀ ਆ ਰਹੀ ਹੈ। ਜੇਹੜੇ ਮਨੁੱਖ ਗੁਰੂ ਦੇ ਸੱਚੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ (ਇਸ ਆਤਮਕ ਮੌਤ ਤੋਂ) ਬਚ ਜਾਂਦੇ ਹਨ, (ਕਿਉਂਕਿ) ਗੁਰੂ (ਉਹਨਾਂ ਨੂੰ) (ਆਤਮਕ ਜੀਵਨ ਦੀ) ਸਮਝ ਦੇ ਦੇਂਦਾ ਹੈ।੩।

ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਤਮਕ ਮੌਤ ਤੱਕ ਭੀ ਨਹੀਂ ਸਕਦੀ, ਉਹਨਾਂ ਨੂੰ ਸਤਾ ਨਹੀਂ ਸਕਦੀ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਅਦ੍ਰਿਸ਼ਟ ਜਗਤ ਨਾਥ ਨਿਰੰਜਨ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹ ਨਿਰਭਉ ਪਰਮਾਤਮਾ (ਦੇ ਚਰਨਾਂ) ਨਾਲ ਆਪਣੀ ਸੁਰਤਿ ਜੋੜੀ ਰੱਖਦੇ ਹਨ।੪।

ਹੇ (ਮੇਰੀ) ਜਿੰਦੇ! (ਇਹ ਚੇਤੇ ਰੱਖ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ਕਿ (ਜੀਵਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਮਨ ਵਿਚੋਂ ਸਿਮਰਨ ਤੋਂ ਬਿਨਾ) ਮਿਟਾਇਆ ਨਹੀਂ ਜਾ ਸਕਦਾ; (ਇਸ ਵਾਸਤੇ) ਗੁਰੂ ਦਾ ਆਸਰਾ ਲੈ ਕੇ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਪੱਕੀ ਤਰ੍ਹਾਂ ਟਿਕਾ, ਪਰਮਾਤਮਾ ਦੇ ਨਾਮ ਵਿਚ ਹੀ ਆਪਣੀ ਸੁਰਤਿ ਜੋੜੀ ਰੱਖ।੫।

ਹੇ ਸਤਿਗੁਰੂ! ਮੈਂ ਭੱਜ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਕੋਈ ਹੋਰ ਆਸਰਾ ਚੰਗਾ ਨਹੀਂ ਲੱਗਦਾ। ਮੈਂ ਸਦਾ ਇਕੋ ਇਕ ਪਰਮਾਤਮਾ ਦਾ ਨਾਮ ਹੀ ਕੂਕਦਾ ਹਾਂ। ਉਹੀ ਮੁੱਢ ਤੋਂ ਜੁਗਾਂ ਦੇ ਮੁੱਢ ਤੋਂ (ਜੀਵਾਂ ਦਾ) ਸਾਥੀ-ਮਿੱਤਰ ਚਲਿਆ ਆ ਰਿਹਾ ਹੈ।੬।

ਹੇ ਪ੍ਰਭੂ ਜੀ! (ਤੈਨੂੰ ਲੋਕ ਸਰਨ-ਪਾਲ ਆਖਦੇ ਹਨ, ਮੈਂ ਤੇਰੀ ਸਰਨ ਆਇਆ ਹਾਂ) ਆਪਣੇ (ਸਰਨ-ਪਾਲ) ਨਾਮ ਦੀ ਲਾਜ ਪਾਲ, ਮੇਰੀ ਪ੍ਰੀਤ ਸਦਾ ਤੇਰੇ ਨਾਲ ਬਣੀ ਰਹੇ। ਮੇਹਰ ਕਰ ਮੈਨੂੰ ਗੁਰੂ ਦਾ ਦਰਸਨ ਕਰਾ ਤਾਂ ਕਿ ਗੁਰੂ ਆਪਣੇ ਸ਼ਬਦ ਦੀ ਰਾਹੀਂ (ਮੇਰੇ ਅੰਦਰੋਂ) ਹਉਮੈ ਸਾੜ ਦੇਵੇ।੭।

ਹੇ ਪ੍ਰਭੂ ਜੀ! (ਤੇਰੇ ਨਾਮ ਤੋਂ ਬਿਨਾ) ਮੈਂ (ਤੇਰੇ ਪਾਸੋਂ) ਹੋਰ ਕੀਹ ਮੰਗਾਂ? ਮੈਨੂੰ ਕੋਈ ਚੀਜ਼ ਐਸੀ ਨਹੀਂ ਦਿੱਸਦੀ ਜੋ ਸਦਾ ਟਿਕੀ ਰਹਿ ਸਕੇ। ਇਸ ਜਗਤ ਵਿਚ ਜੇਹੜਾ ਭੀ ਆਇਆ ਹੈ, ਉਹ ਨਾਸਵੰਤ ਹੀ ਹੈ। ਮੈਨੂੰ ਨਾਨਕ ਨੂੰ ਆਪਣਾ ਨਾਮ-ਪਦਾਰਥ ਹੀ ਦੇਹ, ਮੈਂ (ਇਸ ਨਾਮ ਨੂੰ) ਆਪਣੇ ਹਿਰਦੇ ਦੀ ਮਾਲਾ ਬਣਾ ਲਵਾਂ।੮।੩।

ਗੂਜਰੀ ਮਹਲਾ ੧ ॥ ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥ ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥ ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥੧॥ ਰਹਾਉ ॥ ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥ ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥੨॥ ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥ ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥੩॥ ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਹ੍ਹ ਗੁਰ ਕੀ ਦਾਤਿ ਨ ਭਾਈ ॥੪॥ ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥ ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥੫॥ ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਭ੍ਰਮਨਿ ਚੁਕਾਈ ॥ ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ ॥੬॥ ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ ॥ ਪੁਨਰਪਿ ਜਨਮੁ ਨਾਹੀ ਜਨ ਸੰਗਤਿ ਜੋਤੀ ਜੋਤਿ ਮਿਲਾਈ ॥੭॥ ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥ ਨਾਨਕ ਨਾਮੁ ਨਿਰੰਜਨ ਦੀਜੈ ਜੁਗਿ ਜੁਗਿ ਸਬਦਿ ਸਲਾਹੀ ॥੮॥੪॥ {ਪੰਨਾ 504-505}

ਪਦਅਰਥ: ਐ ਜੀਹੇ ਭਾਈ! ਉਤਮਉੱਚੀ ਜਾਤਿ ਦੇ। ਨੀਚਨੀਵੀਂ ਜਾਤਿ ਦੇ। ਮਧਿਮਵਿਚਕਾਰਲੀ ਜਾਤਿ ਦੇ। ਹਰਿ ਸਰਣਾਗਤਿਹਰੀ ਦੀ ਸਰਨ ਆਏ ਹੋਏ। ਹਰਿ ਕੇ ਲੋਗਪਰਮਾਤਮਾ ਦੇ ਭਗਤ। ਰਤੇਰੰਗੇ ਹੋਏ। ਬੈਰਾਗੀਨਿਰਮੋਹ। ਸੋਗਚਿੰਤਾ। ਬਿਜੋਗਵਿਛੋੜਾ। ਬਿਸਰਜਿਤਵਿਸਾਰੇ ਹੋਏ।੧।

ਤੇਤੋਂ, ਨਾਲ। ਵਾਕਿਵਾਕ ਦੀ ਰਾਹੀਂ, ਸ਼ਬਦ ਦੀ ਰਾਹੀਂ। ਕਾਣਿਮੁਥਾਜੀ। ਜਮ ਕੀ ਬਾਕੀਅਜੇਹਾ ਬਾਕੀ ਲੇਖਾ ਜਿਸ ਕਰਕੇ ਜਮਰਾਜ ਦਾ ਜ਼ੋਰ ਪੈ ਸਕੇ।੧।ਰਹਾਉ।

ਰਸਨਜੀਭ (ਨਾਲ। ਰਵਹਿਜਪਦੇ ਹਨ। ਪ੍ਰਭ ਸੰਗੇਪ੍ਰਭੂ ਦੀ ਸੰਗਤਿ ਵਿਚ। ਸਹਜਿਸੁਤੇ ਹੀ। ਜਗਿਜਗਤ ਵਿਚ। ਮੇਕਇੱਕ ਭੀ।੨।

ਘਰਿਘਰ ਵਿਚ। ਗਤਿਉੱਚੀ ਆਤਮਕ ਅਵਸਥਾ। ਰੋਸੁਗੁੱਸਾ। ਬਖਸਬਖ਼ਸ਼ਸ਼। ਸਵਾਈਹੋਰ ਵਧੀਕ।੩।

ਠਾਕੁਰਿਠਾਕੁਰ ਨੇ। ਕਾਲੇ ਮੁਖਕਾਲੇ ਮੂੰਹ ਵਾਲੇ। ਨ ਭਾਈਚੰਗੀ ਨਾਹ ਲੱਗੀ।੪।

ਬਖਸਿਬਖ਼ਸ਼ ਕੇ, ਮੇਹਰ ਕਰ ਕੇ। ਬਿਲਮਦੇਰ, ਢਿੱਲ। ਅਧੂਆ ਰਾਈਅੱਧੀ ਰਾਈ, ਰਤਾ ਭਰ ਭੀ। ਆਨਦ ਮੂਲੁਸੁਖਾਂ ਦਾ ਸੋਮਾ। ਸਿਰਿ ਨਾਥਾਨਾਥਾਂ ਦੇ ਸਿਰ ਤੇ। ਮੇਲਿਮੇਲ ਵਿਚ।੫।

ਰਵਿਆਸਿਮਰਿਆ। ਭ੍ਰਮਨਿਭਟਕਣਾ। ਚੁਕਾਈਮੁਕਾ ਦਿੱਤੀ। ਭੇਟਿਛੁਹ ਕੇ, ਮਿਲ ਕੇ। ਵਡਿਆਈਬਰਕਤਿ, ਅਜ਼ਮਤ।੬।

ਮਜਨੁਚੁੱਭੀ, ਇਸ਼ਨਾਨ। ਭਾਈਚੰਗਾ ਲੱਗਾ। ਪੁਨਰਪਿ— {पुनःअपि} ਮੁੜ ਮੁੜ।੭।

ਅਗੰਮਅਪਹੁੰਚ। ਤਰੋਵਰੁਸ੍ਰੇਸ਼ਟ ਰੁੱਖ। ਜੁਗਿ ਜੁਗਿਸਦਾ ਹੀ। ਸਲਾਹੀਮੈਂ ਸਿਫ਼ਤਿ-ਸਾਲਾਹ ਕਰਾਂ।੮।

ਅਰਥ: ਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ। ਜਿਸ ਮਨੁੱਖ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਪਵਿਤ੍ਰ ਨਾਮ ਵਸਾ ਲਿਆ ਹੈ, ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ, ਉਸ ਦੇ ਜ਼ਿੰਮੇ ਪਿਛਲੇ ਕੀਤੇ ਕਰਮਾਂ ਦਾ ਕੋਈ ਅਜੇਹਾ ਬਾਕੀ ਲੇਖਾ ਨਹੀਂ ਰਹਿ ਜਾਂਦਾ ਜਿਸ ਕਰਕੇ ਜਮਰਾਜ ਦਾ ਉਸ ਉਤੇ ਜ਼ੋਰ ਪੈ ਸਕੇ।੧।ਰਹਾਉ।

ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਹ ਇਹ ਮਾਣ ਹੁੰਦਾ ਹੈ ਕਿ ਅਸੀ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ, ਨਾਹ ਇਹ ਸਹਮ ਹੁੰਦਾ ਹੈ ਕਿ ਅਸੀ ਨੀਵੀਂ ਜਾਤਿ ਦੇ ਹਾਂ। ਸਿਰਫ਼ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ) ਨਿਰਮੋਹ ਰਹਿੰਦੇ ਹਨ। ਚਿੰਤਾ, ਵਿਛੋੜਾ, ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ।੧।

(ਪਰਮਾਤਮਾ ਦੇ ਭਗਤ) ਪਰਮਾਤਮਾ ਦੀ ਸੰਗਤਿ ਵਿਚ ਟਿਕ ਕੇ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ (ਉਹ ਇਹੀ ਸਮਝਦੇ ਹਨ ਕਿ) ਸੁਤੇ ਹੀ (ਜਗਤ ਵਿਚ ਉਹੀ ਵਰਤਦਾ ਹੈ) ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਵਿਚ ਜਿਊਣਾ ਉਹਨਾਂ ਨੂੰ ਵਿਅਰਥ ਦਿੱਸਦਾ ਹੈ, ਪਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਨੂੰ ਇੱਕ ਭੀ ਘੜੀ ਨਿਸਫਲ ਜਾਪਦੀ ਹੈ।੨।

ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਭਗਤਾਂ ਵਾਸਤੇ ਆਪਣੇ ਮਨ ਵਿਚ ਖੋਟ ਰੱਖਦਾ ਹੈ ਤੇ ਉਹਨਾਂ ਦੀ ਨਿੰਦਾ ਕਰਦਾ ਹੈ ਉਸ ਨੂੰ ਨਾਹ ਘਰ ਵਿਚ ਨਾਹ ਬਾਹਰ ਕਿਤੇ ਭੀ ਆਤਮਕ ਸ਼ਾਂਤੀ ਦੀ ਥਾਂ ਨਹੀਂ ਮਿਲਦੀ ਕਿਉਂਕਿ ਉਸ ਦੀ ਆਪਣੀ ਆਤਮਕ ਅਵਸਥਾ ਠੀਕ ਨਹੀਂ ਹੈ। (ਪਰਮਾਤਮਾ ਆਪਣੇ ਭਗਤਾਂ ਉਤੇ ਸਦਾ ਬਖ਼ਸ਼ਸ਼ਾਂ ਕਰਦਾ ਹੈ) ਜੇ ਨਿੰਦਕ (ਇਹ ਬਖ਼ਸ਼ਸ਼ਾਂ ਵੇਖ ਕੇ) ਖਿੱਝੇ, ਤਾਂ ਭੀ ਪਰਮਾਤਮਾ ਆਪਣੀ ਬਖ਼ਸ਼ਸ਼ ਬੰਦ ਨਹੀਂ ਕਰਦਾ, ਉਹ ਸਗੋਂ ਸਦਾ ਹੀ ਵਧਦੀ ਹੈ।੩।

ਹੇ ਭਾਈ! (ਪ੍ਰਭੂ ਦੀ ਸਿਫ਼ਤਿ-ਸਾਲਾਹ) ਗੁਰੂ ਦੀ ਦਿੱਤੀ ਹੋਈ ਦਾਤਿ ਹੈ, ਇਸ ਨੂੰ ਕੋਈ ਮਿਟਾ ਨਹੀਂ ਸਕਦਾ; ਠਾਕੁਰ-ਪ੍ਰਭੂ ਨੇ ਆਪ ਹੀ ਇਹ (ਨਾਮ ਦੀ) ਦਾਤਿ ਦਿਵਾਈ ਹੁੰਦੀ ਹੈ। ਜਿਨ੍ਹਾਂ ਨਿੰਦਕਾਂ ਨੂੰ (ਭਗਤ ਜਨਾਂ ਨੂੰ ਦਿੱਤੀ ਹੋਈ) ਗੁਰੂ ਦੀ ਦਾਤਿ ਪਸੰਦ ਨਹੀਂ ਆਉਂਦੀ (ਤੇ ਉਹ ਭਗਤਾਂ ਦੀ ਨਿੰਦਾ ਕਰਦੇ ਹਨ) ਨਿੰਦਾ ਦੇ ਕਾਰਨ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ (ਦਿੱਸਦੇ ਹਨ)੪।

ਹੇ ਭਾਈ! ਜੇਹੜੇ ਮਨੁੱਖ (ਪ੍ਰਭੂ ਦੀ) ਸਰਨ ਪੈਂਦੇ ਹਨ, ਪ੍ਰਭੂ ਮੇਹਰ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ। ਉਹ ਪ੍ਰਭੂ ਆਤਮਕ ਆਨੰਦ ਦਾ ਸੋਮਾ ਹੈ, ਸਭ ਤੋਂ ਵੱਡਾ ਨਾਥ ਹੈ, ਗੁਰੂ (ਸਰਨ ਪਏ ਮਨੁੱਖ ਨੂੰ) ਪਰਮਾਤਮਾ ਦੇ ਮੇਲ ਵਿਚ ਮਿਲਾ ਦੇਂਦਾ ਹੈ।੫।

ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ (ਸਭ ਜੀਵਾਂ ਉਤੇ) ਸਦਾ ਦਇਆ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਨੂੰ ਸਿਮਰਦਾ ਹੈ, ਪ੍ਰਭੂ ਉਸ ਦੀ ਭਟਕਣਾ ਮਿਟਾ ਦੇਂਦਾ ਹੈ,ਜਿਵੇਂ (ਲੋਹਾ ਆਦਿਕ) ਧਾਤ ਪਾਰਸ ਨੂੰ ਛੁਹ ਕੇ ਸੋਨਾ ਬਣ ਜਾਂਦੀ ਹੈ ਤਿਵੇਂ ਸਾਧ ਸੰਗਤਿ ਵਿਚ ਭੀ ਇਹੀ ਬਰਕਤਿ ਹੈ।੬।

ਪਰਮਾਤਮਾ (ਮਾਨੋ) ਪਵਿਤ੍ਰ ਜਲ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦਾ) ਮਨ (ਇਸ ਪਵਿਤ੍ਰ ਜਲ ਵਿਚ) ਇਸ਼ਨਾਨ ਕਰਨ ਜੋਗਾ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਤਿਗੁਰੂ ਪਿਆਰਾ ਲੱਗਦਾ ਹੈ ਉਸ ਦਾ ਮਨ (ਇਸ ਪਵਿਤ੍ਰ ਜਲ ਵਿਚ) ਚੁੱਭੀ ਲਾਂਦਾ ਹੈ। ਸਾਧ ਸੰਗਤਿ ਵਿਚ ਰਹਿ ਕੇ ਉਸ ਨੂੰ ਮੁੜ ਮੁੜ ਜਨਮ ਨਹੀਂ ਹੁੰਦਾ, (ਕਿਉਂਕਿ ਗੁਰੂ) ਉਸ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ।੭।

ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਅਪਹੁੰਚ ਹੈਂ। ਤੂੰ (ਮਾਨੋ) ਇਕ ਸ੍ਰੇਸ਼ਟ ਰੁੱਖ ਹੈਂ ਜਿਸ ਦੇ ਆਸਰੇ ਰਹਿਣ ਵਾਲੇ ਅਸੀ ਸਾਰੇ ਜੀਵ ਪੰਛੀ ਹਾਂ। ਹੇ ਨਿਰੰਜਨ ਪ੍ਰਭੂ! ਮੈਨੂੰ ਨਾਨਕ ਨੂੰ ਆਪਣਾ ਨਾਮ ਬਖ਼ਸ਼, ਤਾ ਕਿ ਮੈਂ ਸਦਾ ਹੀ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।੮।੪।

TOP OF PAGE

Sri Guru Granth Darpan, by Professor Sahib Singh