ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 502

ਗੂਜਰੀ ਮਹਲਾ ੫ ॥ ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥ ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ ॥੧॥ ਹਰਿ ਹਰਿ ਨਾਮ ਕੀ ਮਨਿ ਪ੍ਰੀਤਿ ॥ ਮਿਲਿ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤਿ ॥੧॥ ਰਹਾਉ ॥ ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ॥ ਕਰਿ ਅਨੁਗ੍ਰਹੁ ਆਪਿ ਰਾਖੇ ਭਏ ਪੂਰਨ ਕਾਮ ॥੨॥ ਸਾਸਿ ਸਾਸਿ ਨ ਬਿਸਰੁ ਕਬਹੂੰ ਬ੍ਰਹਮ ਪ੍ਰਭ ਸਮਰਥ ॥ ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ॥੩॥ ਦੀਨ ਦਰਦ ਨਿਵਾਰਿ ਤਾਰਣ ਦਇਆਲ ਕਿਰਪਾ ਕਰਣ ॥ ਅਟਲ ਪਦਵੀ ਨਾਮ ਸਿਮਰਣ ਦ੍ਰਿੜੁ ਨਾਨਕ ਹਰਿ ਹਰਿ ਸਰਣ ॥੪॥੩॥੨੯॥ {ਪੰਨਾ 502}

ਪਦਅਰਥ: ਪ੍ਰਸਾਦੀਪ੍ਰਸਾਦਿ, ਕਿਰਪਾ ਨਾਲ। ਸੰਕਾਸ਼ੱਕ, ਭਟਕਣਾ। ਨਿਖੂਟਿ ਗਏਮੁੱਕ ਗਏ।੧।

ਮਨਿਮਨ ਵਿਚ। ਸਾਧਗੁਰੂ। ਰੀਤਿਜੀਵਨਜੁਗਤਿ। ਨਿਰਮਲਪਵਿਤ੍ਰ।੧।ਰਹਾਉ।

ਅਨੁਗ੍ਰਹੁਦਇਆ। ਕਰਿਕਰ ਕੇ।੨।

ਸਾਸਿ ਸਾਸਿਹਰੇਕ ਸਾਹ ਦੇ ਨਾਲ। ਰਸਨਾਜੀਭ। ਬਖਾਨੈਦੱਸੇ।੩।

ਨਿਵਾਰਿਦੂਰ ਕਰ ਕੇ। ਪਦਵੀਦਰਜਾ।੪।

ਅਰਥ: ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਜਾਂਦਾ ਹੈ, ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ ਗੁਰੂ ਦੀ ਬਾਣੀ ਦੀ ਰਾਹੀਂ ਗੋਬਿੰਦ ਦਾ ਧਿਆਨ ਧਰਦਾ ਹੈ, ਉਸ ਦੀ ਜੀਵਨ-ਜੁਗਤਿ ਬਹੁਤ ਪਵਿਤ੍ਰ ਹੋ ਜਾਂਦੀ ਹੈ।੧।ਰਹਾਉ।

(ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗਏ, ਉਸ ਦੇ ਸਾਰੇ ਦੁੱਖ, ਉਸ ਦਾ ਮਾਇਆ ਦੇ ਮੋਹ ਦਾ ਹਨੇਰਾ, ਉਸ ਦੇ ਸਾਰੇ ਡਰ ਦੂਰ ਹੋ ਗਏ, ਉਸ ਦੇ ਸਾਰੇ ਪਾਪ ਮੁੱਕ ਗਏ।੧।

(ਹੇ ਭਾਈ! ਜੀਵਨ ਵਿਚ ਸਫਲਤਾ ਦੇਣ ਵਾਲਾ ਹਰਿ-ਨਾਮ ਹੀ ਹੈ) ਜੀਵਨ-ਸਫਲਤਾ ਦੇਣ ਵਾਲਾ ਪ੍ਰਭੂ-ਨਾਮ ਸਿਮਰਦਿਆਂ ਸਾਰੇ ਜਪ ਤਪ ਤੇ ਅਨੇਕਾਂ ਹੀ ਮਿਥੇ ਹੋਏ ਧਾਰਮਿਕ ਕੰਮ ਵਿਚੇ ਹੀ ਆ ਗਏ (ਇਹਨਾਂ ਦੀ ਲੋੜ ਨਹੀਂ ਪੈਂਦੀ। ਸਭਨਾਂ ਤੋਂ ਸ੍ਰੇਸ਼ਟ ਨਾਮ-ਸਿਮਰਨ ਹੀ ਹੈ। ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ (ਆਪਣੇ ਚਰਨਾਂ ਵਿਚ ਟਿਕਾਈ) ਰੱਖਦਾ ਹੈ ਉਹਨਾਂ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।੨।

ਹੇ ਭਾਈ! ਆਪਣੇ ਹਰੇਕ ਸਾਹ ਦੇ ਨਾਲ ਸਮਰੱਥ ਬ੍ਰਹਮ ਪਰਮਾਤਮਾ ਨੂੰ ਯਾਦ ਕਰਦਾ ਰਹੁ, ਉਸ ਨੂੰ ਕਦੇ ਨਾਹ ਵਿਸਾਰ। ਉਸ ਪਰਮਾਤਮਾ ਦੇ ਬੇਅੰਤ ਗੁਣ ਹਨ, ਗਿਣੇ ਨਹੀਂ ਜਾ ਸਕਦੇ, ਮਨੁੱਖ ਦੀ ਜੀਭ ਉਹਨਾਂ ਨੂੰ ਬਿਆਨ ਨਹੀਂ ਕਰ ਸਕਦੀ। ਉਸ ਪਰਮਾਤਮਾ ਦਾ ਸਰੂਪ ਸਦਾ ਹੀ ਬਿਆਨ ਤੋਂ ਪਰੇ ਹੈ।੩।

ਹੇ ਭਾਈ! ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰੱਥ ਹੈ, ਦਇਆ ਦਾ ਘਰ ਹੈ, ਉਹ ਹਰੇਕ ਉੱਤੇ ਕਿਰਪਾ ਕਰਨ ਵਾਲਾ ਹੈ, ਉਸ ਦਾ ਨਾਮ ਸਿਮਰਿਆਂ ਅਟੱਲ ਆਤਮਕ ਜੀਵਨ ਦਾ ਦਰਜਾ ਮਿਲ ਜਾਂਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਟਿਕਾਈ ਰੱਖ, ਪਰਮਾਤਮਾ ਦੀ ਸਰਨ ਪਿਆ ਰਹੁ।੪।੩।੨੯।

ਗੂਜਰੀ ਮਹਲਾ ੫ ॥ ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥ ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ ॥੧॥ ਮਨਿ ਤਨਿ ਬਾਛੀਐ ਜਨ ਧੂਰਿ ॥ ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥੧॥ ਰਹਾਉ ॥ ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ॥੨॥ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ॥ ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ ॥੩॥ ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥ ਜਪਿ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਿ ਜਨ ਸੰਤ ॥੪॥ ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥ ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ ॥੫॥੪॥੩੦॥ {ਪੰਨਾ 502}

ਪਦਅਰਥ: ਅਹੰਬੁਧਿ— {अहंबुद्धि} 'ਮੈਂ ਮੈਂ' ਕਰਨ ਵਾਲੀ ਅਕਲ, ਅਹੰਕਾਰ। ਸਘਨਸੰਘਣੀ। ਦੀਰਘਲੰਮਾ। ਅਉਖਧੁਦਵਾਈ। ਗੁਰਿਗੁਰੂ ਨੇ। ਕਰਣ ਕਾਰਣ ਜੋਗੁਜਗਤ ਦੇ ਮੂਲ ਪ੍ਰਭੂ ਨਾਲ ਮਿਲਾ ਸਕਣ ਵਾਲਾ।੧।

ਮਨਿਮਨ ਵਿਚ। ਤਨਿਹਿਰਦੇ ਵਿਚ। ਬਾਛੀਐਤਾਂਘ ਕਰਨੀ ਚਾਹੀਦੀ ਹੈ। ਲਹਹਿਲਹਿ ਜਾਂਦੇ ਹਨ। ਪਾਤਿਕਪਾਪ। ਗੋਬਿੰਦਹੇ ਗੋਬਿੰਦ! ਲੋਚਾਤਾਂਘ। ਪੂਰਿਪੂਰੀ ਕਰ।੧।ਰਹਾਉ।

ਆਦਿ ਅੰਤੇ ਮਧਿਸਦਾ ਹੀ, ਹਰ ਵੇਲੇ। ਕੂਕਰੀਕੁੱਤੀ। ਬਿਕਰਾਲਡਰਾਉਣੀ। ਕਾਟੀਐਕੱਟ ਲਈਦਾ ਹੈ। ਜਮ ਜਾਲਮੌਤ ਦਾ ਜਾਲ, ਆਤਮਕ ਮੌਤ ਦਾ ਜਾਲ।੨।

ਮੂਠੇਠੱਗੇ ਹੋਏ, ਲੁੱਟੇ ਹੋਏ। ਆਵਾਗਵਣਜਨਮ ਮਰਣ ਦਾ ਗੇੜ। ਭਵਣਭੌਣਾ।੩।

ਕਲਤ੍ਰਇਸਤ੍ਰੀ। ਸੁਰਰਿਦ— {सुहृद} ਮਿੱਤਰ, ਹਾਰਦਿਕ ਸਾਂਝ ਵਾਲੇ। ਤੀਨਿ ਤਾਪ—(ਆਦਿ, ਵਿਆਧਿ, ਉਪਾਧਿਇਹ) ਤਿੰਨ ਤਾਪ।੪।

ਸਰਬ ਬਿਧਿਅਨੇਕਾਂ ਤਰੀਕਿਆਂ ਨਾਲ। ਕਤਹਿਕਿਤੇ ਭੀ। ਛੋਟਿਖ਼ਲਾਸੀ। ਦ੍ਰਿੜੁਪੱਕੀ ਤਰ੍ਹਾਂ। ਗਹੀਫੜੀ।੫।

ਅਰਥ: ਹੇ ਭਾਈ! ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਸੇਵਕਾਂ ਦੀ ਚਰਨ-ਧੂੜ (ਦੀ ਪ੍ਰਾਪਤੀ) ਦੀ ਤਾਂਘ ਕਰਦੇ ਰਹਿਣਾ ਚਾਹੀਦਾ ਹੈ (ਤੇ, ਪ੍ਰਭੂ ਚਰਨਾਂ ਵਿਚ ਅਰਦਾਸ ਕਰਨੀ ਚਾਹੀਦੀ ਹੈ-) ਹੇ ਗੋਬਿੰਦ! (ਮੇਰੀ ਇਹ) ਤਾਂਘ ਪੂਰੀ ਕਰ (ਕਿਉਂਕਿ 'ਜਨ-ਧੂਰਿ' ਦੀ ਬਰਕਤਿ ਨਾਲ) ਕ੍ਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ।੧।ਰਹਾਉ।

ਹੇ ਭਾਈ! ਅਹੰਕਾਰ ਇਕ ਬੜਾ ਲੰਮਾ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬੜਾ ਪੁਰਾਣਾ ਰੋਗ ਹੈ (ਇਸ ਰੋਗ ਤੋਂ ਉਸ ਵਡ-ਭਾਗੀ ਮਨੁੱਖ ਦੀ ਖ਼ਲਾਸੀ ਹੁੰਦੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ-ਦਾਰੂ ਦੇ ਦਿੱਤਾ। (ਹੇ ਭਾਈ!) ਪ੍ਰਭੂ ਦਾ ਨਾਮ ਜਗਤ ਦੇ ਮੂਲ-ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੈ।੧।

ਹੇ ਭਾਈ! (ਮਾਇਕ ਪਦਾਰਥਾਂ ਦੀ) ਆਸਾ (ਇਕ) ਡਰਾਉਣੀ ਕੁੱਤੀ ਹੈ ਜੋ ਹਰ ਵੇਲੇ (ਜੀਵਾਂ ਦੇ ਮਨ ਵਿਚ ਹੋਰ ਹੋਰ ਪਦਾਰਥਾਂ ਲਈ ਭੌਂਕਦੀ ਰਹਿੰਦੀ ਹੈ, ਤੇ, ਜੀਵਾਂ ਵਾਸਤੇ ਆਤਮਕ ਮੌਤ ਦਾ ਜਾਲ ਖਿਲਾਰੀ ਰੱਖਦੀ ਹੈ। ਆਤਮਕ ਮੌਤ ਦਾ (ਇਹ) ਜਾਲ ਗੁਰੂ ਦੇ ਦਿੱਤੇ ਗਿਆਨ (ਆਤਮਕ ਜੀਵਨ ਬਾਰੇ ਸਹੀ ਸੂਝ) ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਨਾਲ ਕੱਟਿਆ ਜਾਂਦਾ ਹੈ।੨।

ਹੇ ਭਾਈ! ਜੇਹੜੇ ਮਨੁੱਖ ਕਾਮ ਕ੍ਰੋਧ ਲੋਭ (ਆਦਿਕ ਚੋਰਾਂ) ਪਾਸੋਂ (ਆਪਣਾ ਆਤਮਕ ਜੀਵਨ) ਲੁਟਾਂਦੇ ਰਹਿੰਦੇ ਹਨ, ਉਹਨਾਂ ਵਾਸਤੇ ਜਨਮ ਮਰਨ ਦਾ ਗੇੜ ਸਦਾ ਬਣਿਆ ਰਹਿੰਦਾ ਹੈ। ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਇਆਂ, ਗੋਪਾਲ ਦੀ ਭਗਤੀ ਕੀਤਿਆਂ, ਹਰਿ-ਨਾਮ ਦਾ ਸਿਮਰਨ ਕੀਤਿਆਂ ਅਨੇਕਾਂ ਜੂਨਾਂ ਵਿਚ ਭਟਕਣਾ ਮੁੱਕ ਜਾਂਦਾ ਹੈ।੩।

ਹੇ ਭਾਈ! ਮਿੱਤਰ, ਪੁੱਤਰ, ਇਸਤ੍ਰੀ ਰਿਸ਼ਤੇਦਾਰ (ਆਦਿਕਾਂ ਦੇ ਮੋਹ ਵਿਚ ਫਸਿਆਂ ਆਧਿ, ਵਿਆਧਿ, ਉਪਾਧਿ) ਤਿੰਨੇ ਤਾਪ ਮਨੁੱਖ (ਦੇ ਆਤਮਕ ਜੀਵਨ) ਨੂੰ ਸਾੜਦੇ ਰਹਿੰਦੇ ਹਨ। ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਨੂੰ ਸੰਤ ਜਨਾਂ ਨੂੰ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਦਾ ਜਪ ਕੇ (ਆਪਣੇ ਸਾਰੇ) ਦੁੱਖ ਦੂਰ ਕਰ ਲੈਂਦਾ ਹੈ।੪।

(ਹੇ ਭਾਈ! "ਬਿਕਰਾਲ ਆਸਾ ਕੂਕਰੀ" ਦੇ ਪੰਜੇ ਵਿਚ ਫਸ ਕੇ ਜੀਵ) ਅਨੇਕਾਂ ਤਰੀਕਿਆਂ ਨਾਲ ਭਟਕਦੇ ਫਿਰਦੇ ਹਨ (ਤੇ, ਦੁੱਖੀ ਹੋ ਕੇ) ਪੁਕਾਰਦੇ ਹਨ, ਕਿਸੇ ਭੀ ਤਰੀਕੇ ਨਾਲ ਉਹਨਾਂ ਦੀ (ਇਸ "ਬਿਕਰਾਲ ਆਸਾ ਕੂਕਰੀ" ਪਾਸੋਂ) ਖ਼ਲਾਸੀ ਨਹੀਂ ਹੁੰਦੀ।

ਹੇ ਨਾਨਕ! (ਆਖ-ਮੈਂ ਇਸ ਤੋਂ ਬਚਣ ਲਈ) ਬੇਅੰਤ ਪ੍ਰਭੂ ਦੇ ਚਰਨਾਂ ਦੀ ਸਰਨ ਚਰਨਾਂ ਦੀ ਓਟ ਪੱਕੀ ਤਰ੍ਹਾਂ ਫੜ ਲਈ ਹੈ।੫।੪।੩੦।

ਗੂਜਰੀ ਮਹਲਾ ੫ ਘਰੁ ੪ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਆਰਾਧਿ ਸ੍ਰੀਧਰ ਸਫਲ ਮੂਰਤਿ ਕਰਣ ਕਾਰਣ ਜੋਗੁ ॥ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ ॥੧॥ ਮਨ ਚਰਣਾਰਬਿੰਦ ਉਪਾਸ ॥ ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥੧॥ ਰਹਾਉ ॥ ਸਤ੍ਰੁ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥ ਕਰਿ ਅਨੁਗ੍ਰਹੁ ਪ੍ਰਭੂ ਮੇਰੇ ਨਾਨਕ ਨਾਮ ਸੁਆਉ ॥੨॥੧॥੩੧॥ {ਪੰਨਾ 502}

ਪਦਅਰਥ: ਸ੍ਰੀਧਰਲੱਛਮੀ ਦਾ ਸਹਾਰਾ, ਪਰਮਾਤਮਾ। ਸਫਲ ਮੂਰਤਿਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰਦਾ ਹੈ। ਕਰਣਸ੍ਰਿਸ਼ਟੀ। ਕਾਰਣਸਬੱਬ, ਮੂਲ। ਜੋਗੁਸਮਰੱਥ। ਕਰਣ ਕਾਰਣ ਜੋਗੁਜਗਤ ਦਾ ਸਮਰੱਥ ਮੂਲ। ਬਿਓਗੁਵਿਛੋੜਾ।੧।

ਮਨਹੇ ਮਨ! ਚਰਣਾਰਬਿੰਦਚਰਣਅਰਬਿੰਦ {ਅਰਬਿੰਦਕਮਲ}, ਚਰਣ ਕਮਲ। ਉਪਾਸਉਪਾਸਨਾ ਕਰ। ਕਲਿਝਗੜੇ। ਸਿਮਰਣਿਸਿਮਰਨ ਨਾਲ। ਫਾਸਫਾਹੀ।੧।ਰਹਾਉ।

ਸਤ੍ਰੁਵੈਰੀ। ਉਪਾਉਇਲਾਜ। ਅਨੁਗ੍ਰਹੁਦਇਆ। ਸੁਆਉਸਆਰਥ, ਜੀਵਨਮਨੋਰਥ।੨।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਉਪਾਸਨਾ ਕਰਦਾ ਰਿਹਾ ਕਰ। (ਹਰਿ-ਨਾਮ-) ਸਿਮਰਨ ਦੀ ਬਰਕਤਿ ਨਾਲ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ (ਸਿਮਰਨ ਨਾਲ) ਤੂੰ ਜਮਦੂਤਾਂ ਦੀਆਂ ਮੋਹ ਦੀਆਂ ਉਹ ਫਾਹੀਆਂ ਕੱਟ ਲੈ (ਜੋ ਆਤਮਕ ਮੌਤ ਲਿਆਉਂਦੀਆਂ ਹਨ)੧।ਰਹਾਉ।

ਹੇ ਮਨ! ਉਸ ਲੱਛਮੀ-ਪਤੀ ਪ੍ਰਭੂ ਦੀ ਆਰਾਧਨਾ ਕਰਿਆ ਕਰ, ਜਿਸ ਦੇ ਸਰੂਪ ਦਾ ਦਰਸਨ ਜੀਵਨ ਨੂੰ ਕਾਮਯਾਬ ਕਰ ਦੇਂਦਾ ਹੈ, ਤੇ, ਜੋ ਜਗਤ ਦਾ ਸਮਰੱਥ ਮੂਲ ਹੈ। ਉਸ ਬੇਅੰਤ ਪਰਮਾਤਮਾ ਦੀ ਵਡਿਆਈ ਤੇ ਗੁਣ ਗਾਵਿਆਂ ਤੇ ਸੁਣਿਆਂ ਮੁੜ ਕਦੇ ਉਸ ਦੇ ਚਰਨਾਂ ਨਾਲੋਂ ਵਿਛੋੜਾ ਨਹੀਂ ਹੁੰਦਾ।੧।

ਹੇ ਮਨ! ਪਰਮਾਤਮਾ ਦਾ ਨਾਮ ਸਿਮਰਨਾ ਹੀ ਕਾਮਾਦਿਕ ਵੈਰੀਆਂ ਨੂੰ ਸਾੜਨ ਲਈ ਵਸੀਲਾ ਹੈ, (ਇਸ ਤੋਂ ਬਿਨਾ ਇਹਨਾਂ ਤੋਂ ਬਚਣ ਲਈ) ਹੋਰ ਕੋਈ ਤਰੀਕਾ ਨਹੀਂ ਹੈ।

ਹੇ ਨਾਨਕ! (ਆਖ-) ਹੇ ਮੇਰੇ ਪ੍ਰਭੂ! ਮੇਹਰ ਕਰ, ਤੇਰਾ ਨਾਮ ਸਿਮਰਨਾ ਹੀ ਮੇਰੇ ਜੀਵਨ ਦਾ ਮਨੋਰਥ ਬਣਿਆ ਰਹੇ।੨।੩੧।

ਗੂਜਰੀ ਮਹਲਾ ੫ ॥ ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥ ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥ ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥ ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥ ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥ ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥ ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥ ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥ ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥ {ਪੰਨਾ 502-503}

ਪਦਅਰਥ: ਕੋਦਾ। ਸਰਨਿ ਕੋ ਦਾਤਾਆਸਰਾ ਦੇਣ ਵਾਲਾ। ਸੁਖਰਾਇਸੁਖਾਂ ਦਾ ਰਾਜਾ, ਸੁਖ ਦੇਣ ਵਾਲਾ। ਜਾਹਿਦੂਰ ਹੋ ਜਾਂਦੇ ਹਨ। ਭੈ—(ਲਫ਼ਜ਼ 'ਭਉ' ਤੋਂ ਬਹੁ-ਵਚਨ}ਪ੍ਰਭਹੇ ਪ੍ਰਭੂ! ਗਾਇਗਾ ਕੇ।੧।

ਗੋਵਿੰਦਹੇ ਗੋਵਿੰਦ! ਠਾਉਥਾਂ, ਆਸਰਾ। ਪਾਰਬ੍ਰਹਮਹੇ ਪਾਰਬ੍ਰਹਮ! ਜਪੀਜਪੀਂ, ਮੈਂ ਜਪਾਂ।੧।ਰਹਾਉ।

ਸੇਵਿਸੇਵਾ ਕਰ ਕੇ, ਸਰਨ ਪੈ ਕੇ। ਭਾਗਿਕਿਸਮਤ ਨਾਲ। ਲਿਵਲਗਨ। ਕਵਲਹਿਰਦਾਕੌਲ। ਸੰਗੇਸੰਗਤਿ ਵਿਚ। ਦੁਰਮਤਿਖੋਟੀ ਮਤਿ ਵਾਲੀ।੨।

ਗਾਵੈਗਾਂਦਾ ਹੈ। ਦੈਆਲਾਦਇਆ ਦਾ ਘਰ। ਉਧਰੈ—(ਸੰਸਾਰਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ। ਜੰਜਾਲਾਬੰਧਨ।੩।

ਅਧਾਰੁਆਸਰਾ। ਓਤਿਉਣੇ ਹੋਏ ਵਿਚ। ਪੋਤਿਪ੍ਰੇਤੇ ਹੋਏ ਵਿਚ। ਓਤਿ ਪੋਤਿਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ। ਪ੍ਰਭੂਮਾਲਕ। ਦੇਦੇ ਕੇ। ਹਰਿਹੇ ਹਰੀ!੪।

ਅਰਥ: ਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ। ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ।੧।ਰਹਾਉ।

ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ। ਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ।੧।

ਹੇ ਭਾਈ! ਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ।੨।

ਹੇ ਭਾਈ! ਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ।੩।

ਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ। ਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ।੪।੩੨।

ਨੋਟ: ਇਹ ੩੨ ਸ਼ਬਦ ਸਿਰਫ਼ ਮ: ੫ ਦੇ ਹਨ।

:---
: ---
: ---
: --- ੩੨
ਕੁੱਲ ਜੋੜ ੪੮ ਬਣਦਾ ਹੈ।

TOP OF PAGE

Sri Guru Granth Darpan, by Professor Sahib Singh